Fri. Aug 23rd, 2019

ਰੁੜ੍ਹ ਚੱਲਿਆ ਢਾਈਆਬਾ !!

ਰੁੜ੍ਹ ਚੱਲਿਆ ਢਾਈਆਬਾ !!

 

ਢਾਈਆਬ ਅੱਜ ਜਿਸ ਤਰਾਂ ਦੀਆ ਗੰਭੀਰ ਸਮੱਸਿਆਵਾ ਵਿੱਚ ਘਿਰ ਚੁੱਕਾ ਹੈ, ਉਸ ਤੋਂ ਇੰਜ ਲਗਦਾ ਹੈ ਕਿ ਢਾਈਆਬ ਹੁਣ ਹੋਰ ਬਹੁਤੀ ਦੇਰ ਤੱਕ ਅਬਾਦ ਰਹਿਣ ਵਾਲਾ ਨਹੀਂ । ਜਮੀਨਦੋਜ ਪਾਣੀ ਚੰਦ ਕੁ ਸਾਲਾਂ ਚ ਖਤਮ ਹੋ ਜਾਵੇਗਾ, ਧਰਤੀ ਉਪਰਲਾ ਪਾਣੀ ਰਸਾਇਣਿਕ ਜ਼ਹਿਰਾਂ ਪਾ ਕੇ ਏਨਾ  ਕੁ ਜ਼ਹਿਰੀਲਾ ਕਰ ਦਿੱਤਾ ਹੈ ਕਿ ਦੁਨੀਆ ਦਾ ਕੋਈ ਵੀ ਆਹਲਾ ਤਕਨੀਕ ਨਾਲ ਬਣਿਆਂ ਫ਼ਿਲਟਰ ਇਸ ਨੂੰ ਪੁਣਕੇ ਸਾਫ ਨਹੀਂ ਕਰ ਸਕਦਾ । ਇਸ ਢਾਈਆਬੇ  ਦਾ ਸਾਫ ਪਾਣੀ ਜ਼ਬਰਦਸਤੀ ਨਾਲ ਬਿਨਾ ਕਿਸੇ ਮੁਆਵਜ਼ੇ ਦੇ ਇਵਜ਼ ਦੂਸਰੇ ਰਾਜਾਂ ਨੂੰ ਦਿੱਤਾ ਜਾ ਰਿਹਾ ਹੈ ।

ਵਾਤਾਵਰਨ ਵਿੱਚ ਜ਼ਹਿਰਾਂ ਏਨੀਆਂ ਕੁ ਘੋਲ ਦਿੱਤੀਆਂ ਗਈਆਂ ਹਨ ਕਿ ਹਰ ਵੇਲੇ ਠੰਢੀ ਤੇ ਤਾਜ਼ੀ ਹਵੇ ਦੇ ਬੁੱਲੇ ਰੁਮਕਣ ਵਾਲੇ ਇਸ ਖੇਤਰ ਚ ਹੁਣ ਜਹਿਰੀ ਨਾਗ ਫਰਾਟੇ ਮਾਰ ਰਿਹਾ ਹੈ । ਹਰ ਪਾਸੇ ਜਾਨਲੇਵਾ ਬੀਮਾਰੀਆਂ ਤੇ ਮੌਤ ਦਾ ਮੰਜਰ ਹੈ । ਸੜਕਾਂ ‘ਤੇ ਯਾਤਾਯਾਤ ਬੇਲਗਾਮ ਹੈ, ਕਈ ਵਾਰ ਤਾਂ ਇੰਜ ਲਗਦਾ ਹੈ ਕਿ ਬਹੁਤੇ ਲੋਕ ਸੜਕਾਂ ਉੱਤੇ ਸੁਰੱਖਿਅਤ ਡ੍ਰਾਈਵਿੰਗ ਵਾਸਤੇ ਨਹੀਂ ਸਗੋਂ ਮਰਨ ਤੇ ਮਾਰਨ ਵਾਸਤੇ ਨਿਕਲਦੇ ਹਨ, ਨਤੀਜੇ ਵਜੇ ਹਰ ਰੋਜ਼ ਹਾਦਸੇ ਵਾਪਰਦੇ ਹਨ, ਕੀਮਤੀ ਜਾਨਾਂ ਭੰਗ ਦੇ ਭਾੜੇ ਜਾ ਰਹੀਆਂ ਹਨ ।

60 ਲੱਖ ਪੜ੍ਹਿਆ ਲਿਖਿਆ ਨੌਜਵਾਨ ਵਰਗ ਬੇਰੁਜ਼ਗਾਰ ਫਿਰ ਰਿਹਾ ਹੈ । ਲੱਖਾਂ ਰੁਪਏ ਖਰਚਕੇ ਉਚ ਡਿਗਰੀਆਂ ਪ੍ਰਾਪਤ ਕਰਨ ਦੇ ਬਾਵਜੂਦ ਵੀ ਨੌਕਰੀਆਂ ਦੀ ਕੋਈ ਵਿਵਸਥਾ ਨਹੀਂ ਜਿਸ ਕਰਕੇ ਨੌਜਵਾਨ ਆਇਲਟਸ ਕਰਕੇ ਵਿਦੇਸ਼ਾਂ ਵੱਲ ਭੱਜ ਰਹੇ ਨੇ ਤੇ ਅਜਿਹੇ ਕਰਦੇ ਸਮੇਂ ਜਾਹਲੀ ਏਜੰਟਾਂ ਦੇ ਚਕਰ ਚ ਫਸਕੇ ਜਾਨੀ ਤੇ ਮਾਲੀ ਨੁਕਸਾਨ ਦਾ ਸ਼ਿਕਾਰ ਹੋ ਰਹੇ ਨੇ । ਸਿਆਸੀ ਤੇ ਸਰਕਾਰੀ ਤੰਤਰ ਬੁਰੀ ਤਰਾਂ ਫ਼ੇਲ੍ਹ ਹੈ । ਕੁਦਰਤੀ ਸੋਮਿਆ ਦੀ ਰੱਜਕੇ ਲੁੱਟ ਸਰਕਾਰੀ ਤੇ ਸਿਆਸੀ ਪੁਸਤਪਨਾਹੀ ਚ ਕੀਤੀ ਜਾ ਰਹੀ ਹੈ । ਆਮ ਲੋਕਾਂ ਦਾ ਬੁਰਾ ਹਾਲ ਹੈ । ਲੋਕ-ਤੰਤਰ ਦੇ ਨਾਮ ਕੇ ਲੋਕਾਂ ਨਾਲ ਜੋਕਤੰਤਰ ਦਾ ਮਜ਼ਾਕ ਹੋ ਰਿਹਾ । ਹਰ ਪਾਸੇ ਲੱਠਮਾਰੀ ਦੀ ਵਿਵਸਥਾ ਨਜ਼ਰ ਆ ਰਹੀ ਹੈ। ਦਫ਼ਤਰਾਂ ਤੇ ਪੁਲਿਸ ਠਾਣਿਆ ਚ ਭਿ੍ਸਟਾਚਾਰ ਪੂਰੀ ਚਰਮ ਸੀਮਾ ‘ਤੇ ਹੈ ।

ਪੌਣੇ ਤਿੰਨ ਕਰੋੜ ਦੀ ਅਬਾਦੀ ਵਾਲਾ ਢਾਈਆਬ ਹਰ ਪਾਸਿਓਂ ਗੰਭੀਰ ਸੰਕਟ ਚ ਹੈ । ਅਰਬਾਂ ਰੁਪਏ ਦੇ ਕਰਜ਼ੇ ਹੇਠ ਦੱਬੇ ਇਸ ਛੋਟੇ ਜਿਹੇ ਰਾਜ ਸਿਰ ਰੋਜ਼ਾਨਾ ਲੱਖਾਂ ਕਰੋੜਾਂ ਦਾ ਵਿਆਜ ਪੈ ਰਿਹਾ ਹੈ । ਇਕ ਮੋਟੇ ਅੰਦਾਜ਼ੇ ਮੁਤਾਬਿਕ ਢਾਈਆਬੇ ਚ ਜੰਮਣ ਵਾਲਾ ਹਰ ਬੱਚਾ ਜਨਮ ਦੇ ਪਹਿਲੇ ਪਲ ਤੋਂ ਹੀ ਇਕ ਲੱਖ ਰੁਪਏ ਦਾ ਕਰਜਈ ਹੋ ਕੇ ਜੰਮਦਾ ਹੈ । ਲੋਕਾਂ ਚ ਮਾਨਸਿਕ ਖੜੋਤ ਕਾਰਨ ਸਹੀ ਸਮੇਂ ‘ਤੇ ਸਹੀ ਫੈਸਲਾ ਲੈਣ ਦੀ ਸਮਰੱਥਾ ਨਹੀਂ ਹੈ । ਅਨਪੜਤਾ ਕਾਰਨ ਅੰਧਵਿਸ਼ਵਾਸ ਦੀ ਹਨੇਰੀ ਝੁੱਲ ਰਹੀ ਹੈ ਜਿਸ ਦੇ ਲਾਭ ਦੀ ਫਸਲ  ਢੌਂਗੀ ਬਾਬੇ ਤੇ ਡੇਰਾਵਾਦੀ ਕੱਟ ਰਹੇ ਹਨ । ਸਮਾਜ ਚ ਅਨਾਚਾਰ ਸਿਖਰਾਂ ‘ਤੇ ਹੈ, ਕੰਨਿਆ ਭਰੂਣ ਹੱਤਿਆਵਾਂ, ਲੜਕੀਆ ਨਾਲ ਬਲਾਤਕਾਰਾਂ ਚ ਵਾਧਾ ਤੇ ਲੁੱਟ ਖੋਹ ਦੀਆ ਵਾਰਦਾਤਾਂ ਆਮ ਹਨ ।

ਢਾਈਆਬੇ ਨੂੰ ਬਚਾਉਣ ਲਈ ਵਿਦੇਸ਼ਾਂ ਚ ਵਸਣ ਵਾਲੇ ਪੰਜਾਬੀ ਬੇਸ਼ੱਕ ਬਹੁਤ ਚਿੰਤਤ ਹਨ ਪਰ ਨਾ ਹੀ ਢਾਈਆਬੇ ਦੇ ਵਸਨੀਕ ਤੇ ਨਾ ਹੀ ਉੱਥੋਂ ਦੀ ਸਰਕਾਰ ਉਹਨਾਂ ਨੂੰ ਸਹਿਯੋਗ ਦੇ ਰਹੇ  ਹਨ । ਪਰ ਫੇਰ ਵਿਦੇਸ਼ੀ ਪੰਜਾਬੀ ਨਿੱਜੀ ਪੱਧਰ ‘ਤੇ ਸਿਹਤ, ਖੇਡ ਤੇ ਸੱਭਿਆਚਾਰਕ ਖੇਤਰਾਂ ਚ ਬਣਦੀ ਸਰਦੀ ਭੂਮਿਕਾ ਗਾਹੇ ਵਗਾਹੇ ਨਿਭਾਉਂਦੇ ਰਹਿੰਦੇ ਹਨ ਤੇ ਇਸ ਦੇ ਨਾਲ ਹੀ ਹੋਰ ਸਮਾਜਿਕ ਖੇਤਰਾਂ ਵਿੱਚ ਵੀ ਸਹਾਇਤਾ ਕਰਦੇ ਰਹਿੰਦੇ ਹਨ ।

ਢਾਈਆਬੇ ਦੇ ਹਾਲਾਤ ਇਰ ਬਣ ਚੁੱਕੇ ਹਨ ਕਿ ਕਿਸੇ ਪਾਸਿਓਂ ਵੀ ਕੋਈ ਆਸ ਦੀ ਕਿਰਨ ਨਜ਼ਰ ਨਹੀਂ ਆ ਰਾਹੀਂ । ਹਰ ਪਾਸਿਓਂ ਢਾਈਆਬਾ ਪਲ ਪਲ ਗਰਕਣ ਵੱਲ ਰੁੜ੍ਹਦਾ ਜਾ ਰਿਹਾ ਹੈ । ਢਾਈਆਬੇ  ਨੂੰ  ਗਰਕਣ ਤੋਂ ਬਚਾਉਣ  ਦੀ ਅੱਜ ਸਖ਼ਤ ਜ਼ਰੂਰਤ ਹੈ । ਵੇਲਾਂ ਵਿਹਾ ਕੇ ਕੀਤੀਆਂ ਸਮੂਹ ਕਾਰਵਾਈਆਂ ਬੇਅਰਥ ਤੇ ਬੇਅਸਰ ਹੋਣਗੀਆਂ । ਰੱਬ ਭਲੀ ਕਰੇ ।

 

 

ਪ੍ਰੋ ਸ਼ਿੰਗਾਰਾ ਸਿੰਘ ਢਿੱਲੋਂ

+44 7806 945964

 

Leave a Reply

Your email address will not be published. Required fields are marked *

%d bloggers like this: