ਰੁਜ਼ਗਾਰ ਦੇ ਮੌਕੇ ਪੈਦਾ ਕਰਨ ਲਈ ਕੈਪਟਨ ਅਮਰਿੰਦਰ ਵੱਲੋਂ ‘ਬਾਈਕ ਟੈਕਸੀ’ ਨੂੰ ਹਰੀ ਝੰਡੀ

ss1

ਰੁਜ਼ਗਾਰ ਦੇ ਮੌਕੇ ਪੈਦਾ ਕਰਨ ਲਈ ਕੈਪਟਨ ਅਮਰਿੰਦਰ ਵੱਲੋਂ ‘ਬਾਈਕ ਟੈਕਸੀ’ ਨੂੰ ਹਰੀ ਝੰਡੀ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਦੇ ਚੋਣ ਮੈਨੀਫੈਸਟੋ ਵਿੱਚ ਨੌਜਵਾਨਾਂ ਲਈ ਰੁਜ਼ਗਾਰ ਪੈਦਾ ਕਰਨ ਦੇ ਕੀਤੇ ਇਕ ਹੋਰ ਚੋਣ ਵਾਅਦੇ ਨੂੰ ਪੂਰਾ ਕਰਨ ਲਈ ਉਨ੍ਹਾਂ ਦੀ ਸਰਕਾਰ ਵੱਲੋਂ ‘ਬਾਈਕ ਟੈਕਸੀ’ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ।
ਇਹ ਪ੍ਰਗਟਾਵਾ ਕਰਦਿਆਂ ਮੁੱਖ ਮੰਤਰੀ ਦਫ਼ਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਇਸ ਪਹਿਲਕਦਮੀ ਨੂੰ ਸਿਧਾਂਤਕ ਪ੍ਰਵਾਨਗੀ ਦੇ ਦਿੱਤੀ ਹੈ ਜਿਸ ਨੂੰ ‘ਆਪਣੀ ਗੱਡੀ, ਆਪਣਾ ਰੁਜ਼ਗਾਰ’ ਸਕੀਮ ਦੇ ਹੇਠ ਸ਼ੁਰੂ ਕੀਤਾ ਜਾਵੇਗਾ। ਇਸ ਦਾ ਕਾਂਗਰਸ ਨੇ ਆਪਣੇ ਮੈਨੀਫੈਸਟੋ ਵਿੱਚ ਵਾਅਦਾ ਕੀਤਾ ਸੀ।
ਬੁਲਾਰੇ ਅਨੁਸਾਰ ਕੈਪਟਨ ਅਮਰਿੰਦਰ ਸਿੰਘ ਸਰਕਾਰ ਰੁਜ਼ਗਾਰ ਪੈਦਾ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਇਹ ਸਕੀਮ ਨਾ ਸਿਰਫ ਰੁਜ਼ਗਾਰ ਪੈਦਾ ਕਰੇਗੀ ਸਗੋਂ ਨੌਜਵਾਨਾਂ ਨੂੰ ਆਪਣੇ ਉੱਦਮ ਸ਼ੁਰੂ ਕਰਨ ਲਈ ਉਤਸ਼ਾਹਤ ਵੀ ਪੈਦਾ ਕਰੇਗੀ। ਇਸ ਦੇ ਨਾਲ ਯਾਤਰੀਆਂ ਦਾ ਉਨ੍ਹਾਂ ਇਲਾਕਿਆਂ ਨਾਲ ਵੀ ਸੰਪਰਕ ਪੈਦਾ ਹੋ ਜਾਵੇਗਾ ਜਿੱਥੇ ਚਾਰ ਪਹੀਆ ਟੈਕਸੀਆਂ ਨਿਯਮਤ ਤੌਰ ‘ਤੇ ਪਹੁੰਚ ਤੋਂ ਬਾਹਰ ਹਨ। ਉਬੇਰ ਤੇ ਓਲਾ ਨੇ ਇਸ ਸਕੀਮ ਵਿੱਚ ਦਿਲਚਸਪੀ ਵਿਖਾਈ ਹੈ ਜਿਸ ਦੇ ਵਾਸਤੇ ਸਰਕਾਰ ਛੇਤੀ ਹੀ ਨੋਟੀਫਿਕੇਸ਼ਨ ਜਾਰੀ ਕਰੇਗੀ।
ਬੁਲਾਰੇ ਨੇ ਅੱਗੇ ਦੱਸਿਆ ਕਿ ਇਸ ਨੀਤੀ ਦੇ ਹੇਠ ਟਰਾਂਸਪੋਰਟ ਵਿਭਾਗ ਵੱਲੋਂ ਇਸ ਨੂੰ ਅੰਤਮ ਰੂਪ ਦਿੱਤੇ ਜਾਣ ਦੀ ਪ੍ਰਕ੍ਰਿਆ ਚੱਲ ਰਹੀ ਹੈ। ਮੌਜੂਦਾ ਅਤੇ ਨਵੇਂ ਮੋਟਰਸਾਈਕਲ ਮਾਲਕ ਦੋ ਪਹੀਆ ਨੂੰ ‘ਬਾਈਕ ਟੈਕਸੀ’ ਦੇ ਰੂਪ ਵਿੱਚ ਚਲਾਉਣ ਲਈ ਵਪਾਰਕ ਪਰਮਿਟ ਤੇ ਲਾਇਸੈਂਸ ਹਾਸਲ ਕਰ ਸਕਣਗੇ। ਘੱਟ ਤੋਂ ਘੱਟ ਲੋੜੀਂਦੇ ਨਿਵੇਸ਼ ਲਈ ਇਸ ਸਕੀਮ ਵਾਸਤੇ ਬੇਰੁਜ਼ਗਾਰ ਨੌਜਵਾਨਾਂ ਨੂੰ ਆਪਣੇ ਮੌਕੇ ਸ਼ੁਰੂ ਕਰਨ ਦੀ ਸੰਭਾਵਨਾ ਹੈ ਜੋ ਆਪਣਾ ਵਪਾਰ ਸ਼ੁਰੂ ਕਰ ਸਕਣਗੇ।
ਬੁਲਾਰੇ ਅਨੁਸਾਰ ਇਹ ਸਕੀਮ ਰਾਜਸਥਾਨ, ਗੁਜਰਾਤ, ਕਰਨਾਟਕ, ਪੱਛਮੀ ਬੰਗਾਲ ਅਤੇ ਹਰਿਆਣਾ ਵਰਗੇ ਕੁਝ ਹੋਰ ਸੂਬਿਆਂ ਵਿੱਚ ਪਹਿਲਾਂ ਹੀ ਸਫਲਤਾਪੂਰਵਕ ਚੱਲ ਰਹੀ ਹੈ। ਇਸ ਦਾ ਇਕ ਹੋਰ ਫਾਇਦਾ ਇਹ ਹੋਵੇਗਾ ਕਿ ਇਸ ਨਾਲ ਸੜਕਾਂ ‘ਤੇ ਭੀੜ-ਭੜੱਕਾ ਘਟਣ ਤੋਂ ਇਲਾਵਾ ਪ੍ਰਦੂਸ਼ਣ ਨੂੰ ਨਿਯੰਤਰਨ ਵਿੱਚ ਰੱਖਣ ਵਿੱਚ ਵੀ ਮਦਦ ਮਿਲੇਗੀ।
ਕਾਂਗਰਸ ਦੇ ਚੋਣ ਮੈਨੀਫੈਸਟੋ ਵਿੱਚ ਪ੍ਰਸਾਤਵਿਤ ‘ਆਪਣੀ ਗੱਡੀ, ਆਪਣਾ ਰੁਜ਼ਗਾਰ’ ਸਕੀਮ ਦੇ ਹੇਠ ਇਕ ਲੱਖ ਵਪਾਰਕ ਐਲ.ਸੀ.ਵੀ. ਅਤੇ ਹੋਰ ਵਾਹਨ ਹਰੇਕ ਸਾਲ ਸਬਸਿਡੀ ਦਰਾਂ ‘ਤੇ ਬੇਰੁਜ਼ਗਾਰ ਨੌਜਵਾਨਾਂ ਨੂੰ ਮੁਹੱਈਆ ਕਰਵਾਏ ਜਾਣਗੇ। ਇਹ ਵਾਹਨ ਬਿਨਾਂ ਕਿਸੇ ਜ਼ਮਾਨਤ ‘ਤੇ ਸਰਕਾਰੀ ਗਾਰੰਟੀ ‘ਤੇ ਮੁਹੱਈਆ ਕਰਵਾਏ ਜਾਣਗੇ। ਸਰਕਾਰ ਦਾ ਓਲਾ ਤੇ ਉਬੇਰ ਵਰਗੇ ਪ੍ਰਮੁੱਖ ਟੈਕਸੀ ਅਪਰੇਟਰਾਂ ਨਾਲ ਸਮਝੌਤਾ ਕਰਨ ਦਾ ਪ੍ਰਸਤਾਵ ਹੈ ਤਾਂ ਜੋ ਇਸ ਸਕੀਮ ਨੂੰ ਸਫਲ ਬਣਾਇਆ ਜਾ ਸਕੇ। ਇਸ ਦੇ ਹੇਠ ਨੌਜਵਾਨਾਂ ਵੱਲੋਂ ਪੰਜ ਸਾਲਾਂ ਵਿੱਚ ਕਰਜ਼ੇ ਦਾ ਭੁਗਤਾਨ ਕੀਤਾ ਜਾਵੇਗਾ।
ਬੁਲਾਰੇ ਅਨੁਸਾਰ ਸਰਕਾਰ ਵੱਲੋਂ ਯੋਜਨਾਬੱਧ ਕੀਤੀ ਜਾ ਰਹੀ ਇਹ ਸਿਰਫ ਇਕੋ ਹੀ ਸਕੀਮ ਹੈ ਜੋ ਨੌਜਵਾਨਾਂ ਨੂੰ ਆਪਣੇ ਉੱਦਮ ਸ਼ੁਰੂ ਕਰਨ ਲਈ ਮੌਕੇ ਪ੍ਰਦਾਨ ਕਰੇਗੀ। ਇਸ ਤੋਂ ਇਲਾਵਾ ‘ਯਾਰੀ ਇੰਟਰਪ੍ਰਾਈਜਜ਼’ ਅਤੇ ‘ਹਰਾ ਟਰੈਕਟਰ’ ਵਰਗੀਆਂ ਸਕੀਮ ‘ਤੇ ਵੀ ਸਰਕਾਰ ਵੱਲੋਂ ਕਾਰਜ ਕੀਤਾ ਜਾ ਰਿਹਾ ਹੈ।
‘ਹਰਾ ਟਰੈਕਟਰ’ ਸਕੀਮ ਦੇ ਹੇਠ ਘੱਟੋ-ਘੱਟ 25 ਹਜ਼ਾਰ ਟਰੈਕਟਰ ਅਤੇ ਖੇਤੀਬਾੜੀ ਸੰਦ ਬੇਰੁਜ਼ਗਾਰ ਨੌਜਵਾਨਾਂ ਨੂੰ ਸਬਸਿਡੀ ਦਰਾਂ ‘ਤੇ ਦਿੱਤੇ ਜਾਣਗੇ ਤਾਂ ਜੋ ਉਹ ਖੇਤੀ ਖੇਤਰ ਵਿੱਚ ਆਪਣੇ ਉੱਦਮ ਸ਼ੁਰੂ ਕਰ ਸਕਣ। ਇਸੇ ਤਰ੍ਹਾਂ ਹੀ ‘ਆਪਣੀ ਗੱਡੀ’ ਸਕੀਮ ਹੇਠ ਸੂਬਾ ਸਰਕਾਰ ਵੱਲੋਂ ਹੀ ਇਸ ਵਾਸਤੇ ਗਾਰੰਟੀ ਦਿੱਤੀ ਜਾਵੇਗੀ ਅਤੇ ਇਸ ਵਾਸਤੇ ਕਿਸੇ ਵੀ ਜ਼ਮਾਨਤ ਦੀ ਲੋੜ ਨਹੀਂ ਹੋਵੇਗੀ। ਇਹ ਕਰਜ਼ਾ ਪੰਜ ਸਾਲਾਂ ਵਿੱਚ ਕਿਸ਼ਤਾਂ ਰਾਹੀਂ ਭੁਗਤਾਨ ਕਰਨ ਯੋਗ ਹੋਵੇਗਾ।
‘ਯਾਰੀ ਇੰਟਰਪ੍ਰਾਈਜਜ਼’ ਦਾ ਉਦੇਸ਼ ਛੋਟੇ ਉੱਦਮ ਸ਼ੁਰੂ ਕਰਨਾ ਹੈ ਜੋ 2 ਜਾਂ ਇਸ ਤੋਂ ਵੱਧ ਲੋਕ ਸ਼ੁਰੂ ਕਰ ਸਕਦੇ ਹਨ। ਇਸ ਦੇ ਵਾਸਤੇ ਵੱਧ ਤੋਂ ਵੱਧ ਪੰਜ ਲੱਖ ਰੁਪਏ ਦੇ ਨਿਵੇਸ਼ ਲਈ 30 ਫੀਸਦੀ ਸਬਸਿਡੀ ਦਿੱਤੀ ਜਾਵੇਗੀ। ਇਸ ਸਕੀਮ ਦੇ ਹੇਠ ਸਾਲ 2017 ਤੋਂ 2022 ਤੱਕ ਹਰੇਕ ਸਾਲ ਇਕ ਲੱਖ ਉੱਦਮ ਸ਼ੁਰੂ ਕੀਤੇ ਜਾਣਗੇ।

Share Button

Leave a Reply

Your email address will not be published. Required fields are marked *