ਰੁਕ-ਰੁਕ ਦੇ ਚੱਲ ਰਿਹਾ ਸੀਵਰੇਜ ਦਾ ਕੰਮ ਲੋਕਾਂ ਲਈ ਬਣਿਆ ਮੁਸ਼ਕਿਲ ਦਾ ਸਬੱਬ

ss1

ਰੁਕ-ਰੁਕ ਦੇ ਚੱਲ ਰਿਹਾ ਸੀਵਰੇਜ ਦਾ ਕੰਮ ਲੋਕਾਂ ਲਈ ਬਣਿਆ ਮੁਸ਼ਕਿਲ ਦਾ ਸਬੱਬ
ਮਹੱਲਾ ਨਿਵਾਸੀਆਂ ਨੇ ਜੰਮ ਕੇ ਕੀਤੀ ਨਾਅਰੇਬਾਜ਼ੀ, ਤਿੱਖੇ ਸੰਘਰਸ਼ ਦੀ ਦਿੱਤੀ ਚੇਤਵਾਨੀ
ਸੀਵਰੇਜ ਬੋਰਡ ਦੇ ਜੇ.ਈ. ਅਤੇ ਠੇਕੇਦਾਰ ਨੇ ਨਹੀਂ ਚੁੱਕਿਆ ਫੋਨ

vikrant-bansalਭਦੌੜ 21 ਨਵੰਬਰ (ਵਿਕਰਾਂਤ ਬਾਂਸਲ) ਸ਼ਹਿਰ ਦੇ ਮਹੱਲਾ ਗਰੇਵਾਲ ‘ਚ ਰੁਕ-ਰੁਕ ਕੇ ਚੱਲ ਰਹੇ ਸੀਵਰੇਜ ਦੇ ਕੰਮ ਕਾਰਨ ਮਹੱਲਾ ਨਿਵਾਸੀਆਂ ਦਾ ਜੀਣਾ ਅਤੇ ਲੰਘਣਾ ਮੁਹਾਲ ਹੋਇਆ ਪਿਆ ਹੈ ਅੱਜ ਪਿਛਲੇ ਲੰਬੇ ਸਮੇਂ ਤੋਂ ਲਮਕੇ ਸੀਵਰੇਜ ਅਤੇ ਪਾਣੀ ਦੀਆਂ ਪਾਇਪਾਂ ਪਾਉਣ ਦੇ ਕੰਮ ਨੂੰ ਲੈ ਕੇ ਮਹੱਲਾ ਨਿਵਾਸੀਆਂ ਨੇ ਸੀਵਰੇਜ ਬੋਰਡ ਅਤੇ ਠੇਕੇਦਾਰ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਹੱਲਾ ਨਿਵਾਸੀ ਜਸਵਿੰਦਰ ਸਿੰਘ, ਸੀਬੂ ਸਿੰਘ, ਅਖ਼ਤਰ ਅਲੀ, ਪਾਲ ਸਿੰਘ, ਦਰਸ਼ਨ ਸਿੰਘ, ਜਸਦੇਵ ਸਿੰਘ ਨੇ ਦੱਸਿਆ ਕਿ ਸਾਡੇ ਮਹੱਲੇ ਵਿੱਚ 2016 ਅਪ੍ਰੈਲ ਮਹੀਨੇ ਦਾ ਸੀਵਰੇਜ ਪਾਉਣ ਦਾ ਕੰਮ ਚੱਲ ਰਿਹਾ ਹੈ, ਇੱਕ ਵਾਰ ਤਾਂ ਠੇਕੇਦਾਰ ਵੱਲੋਂ ਸੀਵਰੇਜ ਬੋਰਡ ਨਾਲ ਮਿਲੀਭੁਗਤ ਤਹਿਤ ਤੁੱਥ-ਮੁੱਥ ਕਰਕੇ ਤੇਜ਼ੀ ਨਾਲ ਸੀਵਰੇਜ ਪਾ ਦਿੱਤਾ ਗਿਆ ਸੀ ਪ੍ਰੰਤੂ ਜਦੋਂ ਅਸੀਂ ਇਸ ਤੋਂ ਬਾਅਦ ਆਰ.ਟੀ.ਆਈ. ਰਾਹੀਂ ਸਪੈਸ਼ੀਫਿਕੇਸ਼ਨ ਦੀ ਕਾਪੀ ਮੰਗਵਾਈ ਅਤੇ ਪਾਇਆ ਕਿ ਉਕਤ ਠੇਕੇਦਾਰ ਅਤੇ ਸੀਵਰੇਜ ਬੋਰਡ ਦੇ ਅਧਿਕਾਰੀਆਂ ਵੱਲੋਂ ਵੱਡੀ ਪੱਧਰ ‘ਤੇ ਧਾਂਦਲੀ ਕਰਕੇ ਉਕਤ ਸੀਵਰੇਜ ਪਾਉਣ ਦਾ ਬੁੱਤਾ ਹੀ ਸਾਰਿਆ ਗਿਆ ਹੈ ਤਾਂ ਸਾਡੇ ਵੱਲੋਂ ਹੰਗਾਮਾ ਕਰਨ ‘ਤੇ ਉਕਤ ਠੇਕੇਦਾਰ ਵੱਲੋਂ ਲਗਭਗ ਡੇਢ ਮਹੀਨਾ ਖੱਜਲ-ਖੁਆਰ ਕਰਨ ਤੋਂ ਬਾਅਦ ਫ਼ਿਰ ਤੋਂ ਸੀਵਰੇਜ ਪੁੱਟ ਕੇ ਦੁਬਾਰਾ ਸਹੀ ਢੰਗ ਨਾਲ ਪਾਇਆ ਗਿਆ। ਇਸ ਉਪਰੰਤ ਠੇਕੇਦਾਰ ਵੱਲੋਂ ਹੀ ਲੋਕਾਂ ਨੂੰ ਪਾਣੀ ਦੇ ਕੁਨੈਕਸ਼ਨ ਦਿੱਤੇ ਜਾਣੇ ਸੀ ਪ੍ਰੰਤੂ ਲਗਭਗ 1 ਹਫ਼ਤਾ ਪਹਿਲਾਂ ਇਹਨਾਂ ਨੇ ਮਹੱਲੇ ਵਿੱਚ ਟੋਏ ਤਾਂ ਪੁੱਟ ਦਿੱਤੇ ਅਤੇ 1 ਗਲੀ ਵਿੱਚ ਕੁਨੈਕਸ਼ਨ ਕਰਕੇ ਚਲੇ ਗਏ ਇਸ ਤੋਂ ਬਾਅਦ ਇਹ ਦੁਬਾਰਾ ਮਹੱਲੇ ਵਿੱਚ ਨਹੀਂ ਆਏ। ਉਹਨਾਂ ਅੱਗੇ ਕਿਹਾ ਕਿ ਇਹ ਜਾਣ ਬੁੱਝ ਕੇ ਸਾਡੇ ਮਹੱਲੇ ਦਾ ਕੰਮ ਲਮਕਾ ਰਹੇ ਹਨ ਅਤੇ ਸਾਨੂੰ ਖੱਜਲ-ਖੁਆਰ ਕਰ ਰਹੇ ਹਨ ਕਿਉਂਕਿ ਅਸੀਂ ਸਾਰੇ ਮਹੱਲਾ ਨਿਵਾਸੀ ਇਹਨਾਂ ਤੋਂ ਸਹੀ ਹਦਾਇਤਾਂ ਮੁਤਾਬਕ ਕੰਮ ਕਰਵਾਉਣ ਉਪਰ ਅੜੇ ਹੋਏ ਹਨ। ਉਹਨਾਂ ਕਿਹਾ ਕਿ ਅਸੀਂ ਇਸ ਸਬੰਧੀ ਸੀਵਰੇਜ ਬੋਰਡ ਦੇ ਜੇ.ਈ. ਤਰੁਣ ਕੁਮਾਰ ਨਾਲ ਇਸ ਸਬੰਧੀ ਕਈ ਵਾਰੀ ਰਾਬਤਾ ਕਾਇਮ ਕੀਤਾ ਹੈ ਪ੍ਰੰਤੂ ਜ਼ਿਆਦਾਤਰ ਸਮਾਂ ਤਾਂ ਜੇ.ਈ. ਸਾਹਿਬ ਫੋਨ ਚੁੱਕਣਾ ਹੀ ਜ਼ਰੂਰੀ ਨਹੀਂ ਸਮਝਦੇ ਅਤੇ ਜੇਕਰ ਕਦੇ ਭੁੱਲ ਭੁਲੇਖੇ ਫੋਨ ਚੁੱਕ ਵੀ ਲੈਂਦੇ ਹਨ ਤਾਂ ਲਾਰਾ ਲਗਾ ਕੇ ਹੀ ਸਾਰ ਦਿੰਦੇ ਹਨ। ਉਹਨਾਂ ਅੱਗੇ ਕਿਹਾ ਕਿ ਇਸ ਸਬੰਧੀ ਅਸੀਂ ਹਲਕਾ ਇੰਚਾਰਜ ਦਰਬਾਰਾ ਸਿੰਘ ਗੁਰੂ ਨੂੰ ਵੀ ਕਈ ਵਾਰ ਸੰਪਰਕ ਕੀਤਾ ਹੈ ਅਤੇ ਉਹਨਾਂ ਨੇ ਵੀ ਇਹਨਾਂ ਨੂੰ ਕੰਮ ਜਲਦੀ ਪੂਰਾ ਕਰਨ ਦੀ ਕਈ ਵਾਰ ਹਦਾਇਤ ਕੀਤੀ ਹੈ ਪ੍ਰੰਤੂ ਫ਼ਿਰ ਵੀ ਪਰਨਾਲਾ ਉੱਥੇ ਦਾ ਉਥੇ ਹੀ ਹੈ। ਉਹਨਾਂ ਅੱਗੇ ਕਿਹਾ ਕਿ ਇਸ ਤੋਂ ਇਲਾਵਾ ਇਸ ਸਬੰਧੀ ਜਦੋਂ ਨਗਰ ਕੌਂਸਲ ਭਦੌੜ ਨਾਲ ਸੰਪਰਕ ਕੀਤਾ ਜਾਂਦਾ ਹੈ ਤਾਂ ਇਹ ਕਹਿ ਕੇ ਆਪਣਾ ਪੱਲਾ ਝਾੜ ਲੈਂਦੇ ਹਨ ਕਿ ਇਹ ਕੰਮ ਸੀਵਰੇਜ ਬੋਰਡ ਹੇਠ ਹੈ, ਸਾਡਾ ਇਸ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਗਲੀ ਵਿੱਚ ਟੋਏ ਪੁੱਟੇ ਹੋਣ ਕਰਕੇ ਵਾਹਨਾਂ ਦਾ ਲਾਂਘਾ ਬੰਦ ਹੈ ਅਤੇ ਮਹੱਲਾ ਨਿਵਾਸੀਆਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਮੌਕੇ ਮਹੱਲਾ ਨਿਵਾਸੀ ਮਰਦ ਅਤੇ ਔਰਤਾਂ ਨੇ ਵੱਡੀ ਗਿਣਤੀ ਵਿੱਚ ਇਕੱਠੇ ਹੋ ਕੇ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ ਜੇਕਰ ਮਹੱਲੇ ਦਾ ਕੰਮ ਆਉਂਦੇ ਕੁੱਝ ਦਿਨਾਂ ਵਿੱਚ ਸਹੀ ਢੰਗ ਨਾਲ ਪੂਰਾ ਨਹੀਂ ਕੀਤਾ ਜਾਂਦਾ ਤਾਂ ਉਹ ਤਿੱਖਾ ਸੰਘਰਸ਼ ਵਿੱਢਣ ਲਈ ਮਜ਼ਬੂਰ ਹੋਣਗੇ।
ਸੀਵਰੇਜ ਬੋਰਡ ਜੇ.ਈ. ਅਤੇ ਠੇਕੇਦਾਰ ਨੇ ਨਹੀਂ ਚੁੱਕਿਆ ਫੋਨ !!
ਇਸ ਸਬੰਧੀ ਜਦੋਂ ਸੀਵਰੇਜ ਬੋਰਡ ਦੇ ਜੇ.ਈ. ਤਰੁਣ ਕੁਮਾਰ ਦੇ ਮੋਬਾਇਲ ਨੰ: 94657-51453 ਅਤੇ ਠੇਕੇਦਾਰ ਦੇ ਮੋਬਾਇਲ ਨੰ: 94173-35072 ‘ਤੇ ਵਾਰ-ਵਾਰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਨੇ ਫੋਨ ਚੁੱਕਣ ਦੀ ਜ਼ਰੂਰਤ ਹੀ ਨਹੀਂ ਸਮਝੀ।

Share Button

Leave a Reply

Your email address will not be published. Required fields are marked *