ਰੀਤੀ ਰਿਵਾਜ਼ ਤੇ ਪਰਿਵਾਰ

ਰੀਤੀ ਰਿਵਾਜ਼ ਤੇ ਪਰਿਵਾਰ

ਹਰ ਸਮਾਜ,ਪਰਿਵਾਰਾਂ ਦੇ ਮੇਲ ਮਿਲਾਪ ਨਾਲ ਬਣਦਾ ਹੈ।ਬੜੀ ਸਿੱਧੀ ਜਿਹੀ ਗੱਲ ਹੈ ਜਿਵੇਂ ਦੇ ਪਰਿਵਾਰ ਹੋਣਗੇ ਉਵੇਂ ਦਾ ਹੀ ਸਮਾਜ ਹੋਵੇਗਾ।ਇਸ ਕਰਦੇ ਪਰਿਵਾਰਾਂ ਦੀ ਰੂਪ ਰੇਖਾ ਤੇ ਉਸ ਵੱਲ ਧਿਆਨ ਦੇਣਾ ਬੇਹੱਦ ਜ਼ਰੂਰੀ ਹੈ।ਹਕੀਕਤ ਏਹ ਹੈ ਕਿ ਅਸੀਂ ਇਸ ਪੱਖੋਂ ਅਵੇਸਲੇ ਹੋ ਗਏ ਹਾਂ।ਏਹ ਰਾਤੋ ਰਾਤ ਤਬਦੀਲੀ ਨਹੀਂ ਆਈ,ਇਸ ਨੂੰ ਵਿਕਾਸ, ਅਗਾਂਹਵਧੂ ਸੋਚ,ਸ਼ਹਿਰੀ ਕਰਨ ਆਦਿ ਬਹੁਤ ਸਾਰੇ ਕਾਰਨ ਤੇ ਵਜ੍ਹਾ ਵਿੱਚ ਘੁਮਾਇਆ ਜਾ ਸਕਦਾ ਹੈ।ਪਰ ਆਪਾਂ ਇਸ ਸੱਭ ਵਿੱਚ ਪਰਿਵਾਰਾਂ ਦੇ ਰੀਤੀ ਰਿਵਾਜ਼ ਜੋ ਪਹਿਲਾਂ ਸਨ ਤੇ ਜੋ ਹੁਣ ਬਣ ਗਏ ਜਾਂ ਅਸੀਂ ਬਣਾ ਲਏ ਜਾਂ ਬਦਲਵਾ ਰੂਪ ਹੋ ਗਏ ਬਾਰੇ ਗੱਲ ਕਰਾਂਗੇ ਤੇ ਵਿਚਾਰਾਂਗੇ,ਅਸੀਂ ਕੀ ਖੋਇਆ ਤੇ ਕੀ ਪਾਇਆ ਤੇ ਵੀ ਝਾਤ ਮਾਰਾਂਗੇ।ਇਸ ਵਕਤ ਕੁੜੀਆਂ ਨੂੰ ਜਨਮ ਤੋਂ ਪਹਿਲਾਂ ਮਾਰਨ ਦੀ ਹੋੜ ਲੱਗੀ ਹੋਈ ਹੈ।ਕੁੜੀਆਂ ਪਹਿਲਾਂ ਵੀ ਮਾਰੀਆਂ ਜਾਂਦੀਆਂ ਸਨ।ਫੇਰ ਪੜ੍ਹਨ ਲਿਖਣ ਤੇ ਅਗਾਂਹਵਧੂ ਵਿਚਾਰਾਂ ਦੀ ਗੱਲ ਤਾਂ ਕੋਈ ਕੰਮ ਨਾ ਆਈ।ਅਸੀਂ ਸੋਚ ਤੋਂ ਤਾਂ ਉਥੇ ਹੀ ਖੜੇ ਹਾਂ।ਦਹੇਜ ਪ੍ਰਥਾ ਮੁੱਢ ਤੋਂ ਹੀ ਚਲੀ ਆ ਰਹੀ ਹੈ,ਧੀਆਂ ਨੂੰ ਪਹਿਲੇ ਫੇਰੇ ਤੇ ਦੇਣਾ,ਤੀਜ ਤਿਉਹਾਰ ਦੇਣੇ, ਲੋਹੜੀ ਦੇਣੀ,ਪਹਿਲੇ ਬੱਚੇ ਦੇ ਜਨਮ ਤੇ ਧੀ ਭੈਣ ਨੂੰ ਪੇਕਿਆਂ ਵਾਲੇ ਪੇਕੇ ਘਰ ਲੈ ਆਉਂਦੇ ਸੀ।ਬੱਚੇ ਦੇ ਪੈਦਾ ਹੋਣ ਤੋਂ ਬਾਦ ਚਾਲੀ ਦਿਨਾਂ ਤੱਕ ਤਾਂ ਬਹੁਤ ਪ੍ਰਹੇਜ਼ ਕੀਤਾ ਜਾਂਦਾ ਸੀ।ਉਸ ਤੋਂ ਬਾਦ ਹੀ ਧੀ ਭੈਣ ਨੂੰ ਸੁਹਰੇ ਘਰ ਭੇਜਿਆ ਜਾਂਦਾ ਸੀ।ਏਹ ਵਕਤ ਦੋਨਾਂ ਪਰਿਵਾਰਾਂ ਵਾਸਤੇ ਖੁਸ਼ੀ ਦਾ ਹੁੰਦਾ ਸੀ।ਲੜਕੀ ਦੇ ਮਾਪੇ ਟੂੰਬ ਛੱਲਾ ਬਣਾਉਂਦੇ, ਧੀ ਜਵਾਈ ਦੇ ਕਪੜੇ ਬਣਾਉਂਦੇ, ਬਾਕੀ ਪਰਿਵਾਰ ਵਾਸਤੇ ਵੀ ਕੱਪੜੇ ਲੱਤੇ ਦਿੱਤੇ ਜਾਂਦੇ, ਕਈ ਮਾਪੇ ਮੱਝ ਵੀ ਦਿੰਦੇ, ਗੱਲ ਕੀ ਧੀ ਨੂੰ ਉਸ ਦੀਆਂ ਜ਼ਰੂਰਤਾਂ ਮੁਤਾਬਿਕ ਸਮਾਨ ਦਿੱਤਾ ਜਾਂਦਾ।ਜੋ ਪੇਕਿਆਂ ਘਰ ਵੀ ਸ਼ਰੀਕੇ ਭਾਈਚਾਰੇ ਵਿੱਚ ਵਿਖਾਇਆ ਜਾਂਦਾ ਤੇ ਕੁੜੀ ਦੇ ਸੁਹਰੇ ਪਰਿਵਾਰ ਵਿੱਚ ਵੀ ਵਿਖਾਇਆ ਜਾਂਦਾ।ਇਹ ਇੱਕ ਭਾਈਚਾਰਕ ਸਾਂਝ ਦਾ ਪ੍ਰਤੀਕ ਸੀ।ਵਕਤ ਬਦਲਿਆ, ਹਾਲਤ ਬਦਲੇ, ਲੋੜਾਂ ਤੇ ਜ਼ਰੂਰਤਾਂ ਵੀ ਬਦਲ ਗਈਆਂ।ਹੁਣ ਮੱਝਾਂ ਗਾਈਆਂ ਦਾ ਜ਼ਮਾਨਾ ਨਹੀਂ ਰਿਹਾ ਸਕੂਟਰ,ਮੋਟਰਸਾਈਕਲ ਤੇ ਕਾਰਾਂ ਦੀ ਗੱਲ ਹੁੰਦੀ ਹੈ।ਕਿਉਂਕਿ ਹਰ ਲੜਕੀ ਵੀ ਆਪਣੀ ਆਜ਼ਾਦ ਜ਼ਿੰਦਗੀ ਜਿਉਣਾ ਚਾਹੁੰਦੀ ਹੈ।ਇਵੇਂ ਹੀ ਤੀਆਂ ਵਿੱਚ ਤੇ ਲੋਹੜੀ ਤੇ ਵੀ ਮਾਪੇ ਧੀਆਂ ਨੂੰ ਕਪੜੇ ਲੀੜੇ ਤੇ ਬਿਸਕੁਟ ਘਰਦੇ ਬਣਾ ਕੇ ਦਿੰਦੇ।ਹੌਲੀ ਹੌਲੀ ਜਿਵੇਂ ਬਾਕੀ ਸੱਭ ਵਿੱਚ ਤਬਦੀਲੀ ਆਈ ਰਿਸ਼ਤਿਆਂ ਵਿੱਚ ਤੇ ਲੈਣ ਦੇਣ ਵਿੱਚ ਵੀ ਤਬਦੀਲੀ ਆ ਗਈ।ਕੁੜੀਆਂ ਦੇ ਵਿਆਹ ਦੇ ਖਰਚੇ ਦੀ ਗੱਲ ਹੁੰਦੀ ਹੈ ਪਰ ਏਸ ਵਕਤ ਜਿੰਨਾ ਪੈਸਾ ਵਿਆਹ ਤੇ ਖਰਚ ਕੀਤਾ ਜਾਂਦਾ ਹੈ,ਦੋਨਾਂ ਪਰਿਵਾਰਾਂ ਦੇ ਖਰਚੇ ਵਿੱਚ ਬਹੁਤ ਫਰਕ ਨਹੀਂ ਰਹਿ ਗਿਆ।ਮੁਆਫ ਕਰਨਾ, ਦਹੇਜ ਦੀ ਦੁਹਾਈ ਹਰ ਕੋਈ ਪਾਉਂਦਾ ਹੈ,ਮੁੰਡੇ ਦੇ ਮਾਪਿਆਂ ਨੂੰ ਸੱਭ ਬੁਰ ਭਲਾ ਕਹਿੰਦੇ ਹਨ ਪਰ ਹਰ ਕੋਈ ਠੰਡੇ ਦਿਮਾਗ਼ ਨਾਲ ਸੋਚੇ ਕਿ ਅਸੀਂ ਧੀਆਂ ਨੂੰ ਪੁੱਤਾਂ ਬਰਾਬਰ ਹਿੱਸਾ ਕਿਉਂ ਨਹੀਂ ਦਿੰਦੇ?ਕੀ ਧੀਆਂ ਦੀਆਂ ਖਾਹਿਸ਼ਾ ਸੁਹਰੇ ਪਰਿਵਾਰ ਲਈ ਜੀਅ ਦਾ ਜੰਜਾਲ ਤਾਂ ਨਹੀਂ ਬਣ ਰਹੀਆਂ?ਮਹਿੰਗਾਈ ਦਾ ਵਕਤ ਹੈ ਸਾਰੇ ਘਰਾਂ ਵਿੱਚ ਖਰਚੇ ਉਵੇਂ ਹੀ ਹੁੰਦੇ ਹਨ।ਪਰ ਹਰ ਧੀ ਨੂੰ ਮਾਪਿਆਂ ਦਾ ਕੀਤ ਖਰਚਾ ਵਿਖਾਈ ਦਿੰਦਾ ਹੈ ਪਰ ਸੁਹਰੇ ਪਰਿਵਾਰ ਦੀ ਤਕਲੀਫ਼ ਸਮਝ ਨਹੀਂ ਆਉਂਦੀ।ਮਾਪਿਆਂ ਦੀ ਕਾਰ ਦੇਣ ਦੀ ਗੱਲ ਹਰ ਕੋਈ ਕਰਦਾ ਹੈ ਪਰ ਸੁਹਰੇ ਪਰਿਵਾਰ ਵਿੱਚ ਕਈ ਕੁੜੀਆਂ ਅਲਗ ਕਾਰ ਦੀ ਮੰਗ ਰੱਖਦੀਆਂ ਹਨ ਤੇ ਕਾਟੋ ਕਲੇਸ਼ ਪਾਉਂਦੀਆਂ ਹਨ,ਉਸਦੀ ਗੱਲ ਕੋਈ ਨਹੀਂ ਕਰਦਾ।ਕੁੜੀਆਂ ਪੜ੍ਹੀਆਂ ਲਿਖੀਆਂ ਹਨ,ਸੁਹਰਿਆਂ ਦੀ ਜਾਇਦਾਦ ਵਿੱਚੋਂ ਹਿੱਸਾ ਮੰਗਦੀਆਂ ਹਨ ਤਾਂ ਮਾਪੇ ਤੇ ਭਰਾ ਖੁਸ਼ ਹੁੰਦੇ ਹਨ,ਉਹੀ ਕੁੜੀ ਭਰਾਵਾਂ ਕੋਲੋਂ ਹਿੱਸਾ ਮੰਗਦੀ ਹੈ ਤਾਂ ਲਾਲਚੀ ਤੇ ਭੁੱਖੀ ਹੋ ਜਾਂਦੀ ਹੈ।ਏਹ ਹੈ ਮਾਪਿਆਂ ਦੀ ਸੋਚ ਦੇ ਦੋਹਰੇ ਮਾਪ ਦੰਡ।ਪਹਿਲਾਂ ਧੀਆਂ ਨੂੰ ਜੋ ਦਿੱਤਾ ਜਾਂਦਾ ਸੀ ਉਹ ਸਮੇਂ ਤੇ ਉਸ ਸਮੇਂ ਦੀਆਂ ਲੋੜਾਂ ਮੁਤਾਬਿਕ ਸੀ,ਹੁਣ ਲੋੜਾਂ ਬਦਲ ਚੁੱਕੀਆਂ ਹਨ।ਭਰਾਵਾਂ ਕੋਲੋਂ ਜਾਇਦਾਦ ਲੈਣ ਤੇ ਭਰਾ ਅੱਗੋਂ ਨਾ ਮਿਲਨ ਦੀ ਭੈਣ ਨੂੰ ਧਮਕੀ ਦਿੰਦੇ ਹਨ ਪਰ ਹੈਰਾਨੀ ਹੁੰਦੀ ਹੈ ਕਿ ਭੈਣ ਏਹ ਧਮਕੀ ਭਰਾ ਨੂੰ ਕਿਉਂ ਨਹੀਂ ਦੇ ਸਕਦੀ?ਗੱਲ ਤਾਂ ਹੱਕਾਂ ਦੀ ਹੈ,ਪੜ੍ਹੀਆਂ ਲਿਖੀਆਂ ਧੀਆਂ ਦੀ ਹੈ।ਕਈ ਵਾਰ ਤਾਂ ਭੈਣਾਂ ਨਾਲ ਵਰਤਦੇ ਨੇ,ਕਈ ਜਾਇਦਾਦ ਦੇ ਪੇਪਰਾਂ ਤੇ ਦਸਤਖਤ ਕਰਵਾਉਣ ਤੱਕ ਖਾਨਾ ਪੂਰਤੀ ਕਰਦੇ ਰਹਿੰਦੇ ਨੇ।ਧੀ ਜਦ ਵੀ ਪੇਕੇ ਜਾਂਦੀ ਹੈ ਤਾਂ ਭਰਾ ਭਰਜਾਈ ਦਸਤਖ਼ਤ ਦੀ ਗੱਲ ਆਨੇ ਬਹਾਨੇ ਛੋਹ ਹੀ ਲੈਂਦੇ ਨੇ।ਕਿਸੇ ਕੋਲ ਵਕਤ ਨਹੀਂ ਰਿਵਾਜ਼ਾਂ ਤੇ ਭੈਣਾਂ ਦੇ ਤਿਉਹਾਰ ਪੂਰਨ ਦਾ।ਜੇ ਭੈਣ ਕੋਲੋਂ ਜ਼ਮੀਨ ਨਾ ਮਿਲਨ ਤੇ ਜਾਂ ਜ਼ਮੀਨ ਲੈਣ ਤੋਂ ਬਾਦ ਰਿਵਾਜ਼ਾ ਨੂੰ ਏਹ ਕਹਿ ਕੇ ਭੰਡਦੇ ਹੋ ਕਿ ਉਸਦੇ ਸੁਹਰੇ ਝਾਕਦੇ ਹਨ ਕਿ ਅਸੀਂ ਕੁਝ ਦਈਏ, ਮੇਰਾ ਖਿਆਲ ਹੈ ਭਰਾ ਉਸ ਤੋਂ ਵੱਧ ਨਿਕੰਮੇ ਨੇ।ਕਦੇ ਸੋਚਕੇ ਵੇਖਣਾ ਕਿ ਮੁੰਡੇ ਵਾਲੇ, ਇਸ ਤੋਂ ਪਹਿਲਾਂ ਨੰਗੇ ਫਿਰਦੇ ਸੀ,ਉਨ੍ਹਾਂ ਨੇ ਕਦੇ ਬਿਸਕੁੱਟ ਤੇ ਲੱਡੂ ਨਹੀਂ ਖਾਧੇ ਸੀ।ਰਿਸ਼ਤੇ ਵੀ ਵਕਤ ਦੇ ਨਾਲ ਬਦਲ ਗਏ ਨੇ।ਧੀਆਂ ਸਾਰੀ ਉਮਰ ਮਾਪਿਆਂ ਕਰਕੇ ਸੁਹਰੇ ਪਰਿਵਾਰ ਨਾਲ ਵੀ ਝਗੜਦੀਆਂ ਹਨ।ਮਾਪਿਆਂ ਦਾ ਦੁੱਖ ਬਹੁਤ ਦੁੱਖੀ ਕਰਦਾ ਹੈ ਤੇ ਸੱਸ ਸੁਹਰਾ ਭਾਵੇਂ ਜਿੰਨੇ ਮਰਜ਼ੀ ਬੀਮਾਰ ਹੋਣ,ਨਾ ਖੁਦ ਪੁੱਛਣਾ ਹੁੰਦਾ ਹੈ ਤੇ ਨਾ ਉਨਾਂ ਦੇ ਪੁੱਤ ਨੂੰ ਪੁੱਛਣ ਦੇਣਾ।ਜਾਇਦਾਦਾਂ ਦੀ ਕੀਮਤ ਅਸਮਾਨੀ ਛੂ ਰਹੀ ਹੈ।ਸੱਭ ਦੇ ਰਹਿਣ ਸਹਿਣ ਵਿੱਚ ਵੀ ਤਬਦੀਲੀ ਆਈ ਹੈ।ਵਿਆਹ ਸ਼ਾਦੀਆਂ ਦਾ ਮਾਹੌਲ ਵੱਖਰਾ ਹੈ।ਪਹਿਲਾਂ ਨਾਨਕੀ ਸ਼ੱਕ ਵਿੱਚ ਵਿਆਹ ਦਾ ਕਾਫੀ ਖਰਚਾ ਨਾਨਕੇ ਕਰਦੇ, ਇੱਕ ਰੋਟੀ ਮਾਮੇ ਕਰਦੇ।ਪਰ ਹੁਣ ਮਾਮੇ ਉਸ ਵਕਤ ਬਹੁਤੀ ਵਾਰ ਤਾਂ ਹੱਥ ਖਿੱਚਦੇ ਨੇ।ਜੇਕਰ ਸਮਾਜ ਬਦਲਣ ਦੀ ਗੱਲ ਹੈ ਤਾਂ ਦਹੇਜ ਦੀ ਗਾਥਾ ਨਾ ਗਾਉ।ਜਿਸ ਤਰ੍ਹਾਂ ਦੇ ਕੁੜੀਆਂ ਦੇ ਸ਼ੌਕ ਨੇ ਮਾਪਿਆਂ ਨੂੰ ਪਤਾ ਹੈ।ਧੀਆਂ ਪੁੱਤ ਬਰਾਬਰ ਦੀ ਕਹਾਣੀ ਫ਼ਖਰ ਨਾਲ ਸੁਣਾਉਂਦੇ ਹੋ ਤਾਂ ਧੀਆਂ ਨੂੰ ਬਿਲਕੁੱਲ ਪੁੱਤਾਂ ਦੇ ਬਰਾਬਰ ਜਾਇਦਾਦ ਦਿਉ।ਬਹੁਤ ਵਾਰ ਜਾਇਦਾਦ ਲੈਕੇ, ਕੁਚੱਜੇ ਭਰਾ ਕਿਹੜੇ ਰਿਵਾਜ਼ ਪੂਰੇ ਕਰਦੇ ਹਨ।ਮਾਪੇ ਵੀ ਧੀਆਂ ਨੂੰ ਤਕਲੀਫਾਂ ਤਾਂ ਦੱਸਣਗੇ,ਪਰ ਪੱਖ ਪੁੱਤ ਦਾ ਪੂਰਨਗੇ।ਸੁਲੱਖਣ ਸਰਹੱਦੀ ਨੇ ਲਿਖਿਆ ਹੈ,”ਧੀਆਂ ਦੇ ਹਿੱਸੇ ਚ ਆਏ ,ਬੁੱਢੜੇ ਮਾਂ ਪਿਉ ਦੇ ਹੀ ਗਮ।ਪੁੱਤਾਂ ਨੇ ਖੇਤਾਂ ਦਾ,ਘਰ ਦਾ ਵੰਡ ਵੰਡਾਈਆ ਕਰ ਲਿਆ”।

ਵੱਲੋਂ:
ਪ੍ਰਭਜੋਤ ਕੌਰ ਢਿੱਲੋਂ
ਮੋਬਾ. 9815030221

Share Button

Leave a Reply

Your email address will not be published. Required fields are marked *