ਰਿਸ਼ਵਤ ਤੋਂ ਲੋਕ ਬੇਹੱਦ ਪ੍ਰੇਸ਼ਾਨ ਸੀ,ਚੋਣਾਂ ਵਿੱਚ ਤਿੰਨ ਮੁੱਦੇ ਜੋਰਾਂ ਤੇ ਸਨ

ss1

ਰਿਸ਼ਵਤ ਤੋਂ ਲੋਕ ਬੇਹੱਦ ਪ੍ਰੇਸ਼ਾਨ ਸੀ,ਚੋਣਾਂ ਵਿੱਚ ਤਿੰਨ ਮੁੱਦੇ ਜੋਰਾਂ ਤੇ ਸਨ

ਨਸ਼ਾ, ਰਿਸ਼ਵਤ ਤੇ ਭ੍ਰਿਸ਼ਟਾਚਾਰ।ਲੋਕਾਂ ਨੂੰ ਇੰਜ ਲਗਦਾ ਸੀ ਕਿ ਇੰਨਾ ਰੌਲਾ ਪਿਆ, ਠੱਲ ਪਾਵੇਗੀ ਸਰਕਾਰ ਪਰ ਸਾਹ ਸੌਖਾ ਨਹੀਂ ਹੋਇਆ।ਸੀਬੀਆਈ।ਵੱਲੋਂ ਮਿੰਨੀ ਸਕੱਤਰੇਤ ਵਿੱਚ ਛਾਪਾ ਮਾਰਕੇ ਰਿਸ਼ਵਤ ਲੈਂਦੇ ਸੁਪਰਡੈਂਟ ਤੇ ਕਲਰਕ ਨੂੰ ਗ੍ਰਿਫਤਾਰ ਕੀਤਾ, ਦੁੱਖ ਤੇ ਹੈਰਾਨੀ ਏਹ ਕਿ ਮੁਅਤਲ ਹੋਏ ਦੀ ਜਾਂਚ ਸੁਪਰਡੈਂਟ ਦੇ ਜੁੰਮੇ ਸੀ।ਉਹ ਗਲਤ ਸੀ ਜਾਂ ਠੀਕ ਸੀ ਦੀ ਗੱਲ ਅਲੱਗ ਹੈ,ਏਹ ਤਾਂ ਸਾਫ਼ ਹੋ ਗਿਆ ਕਿ “ਦੀਵੇ ਥੱਲੇ ਅੰਧੇਰਾ”।ਕਿੰਨੇ ਲੋਕ ਸੀਬੀਆਈ ਕੋਲ ਜਾਣਗੇ।ਏਹ ਕੋਹੜ ਕਿਵੇਂ ਲੋਕਾਂ ਦੀ ਜਾਨ ਛੱਡੇਗਾ,ਗੱਲ ਤਾਂ ਏਹ ਸੋਚਣ ਵਾਲੀ ਹੈ।ਹਰ ਦਫ਼ਤਰ ਵਿੱਚ ਕੰਮ ਇਸ ਹੱਦ ਤੱਕ ਲਟਕਾ ਦਿੱਤਾ ਜਾਂਦਾ ਹੈ ਕਿ ਬੰਦਾ ਸਿਰਫ਼ ਦੁਹਥੜੇ ਮਾਰਕੇ ਰੋਂਦਾ ਨਹੀਂ,ਕਿਉਂਕਿ ਅੱਗੇ ਵੀ ਸੁਣਨ ਵਾਲਾ ਕੋਈ ਨਹੀਂ।ਕੋਈ ਏਹ ਸੋਚਦਾ ਹੀ ਨਹੀਂ ਤੇ ਸੋਚਣ ਲਈ ਤਿਆਰ ਹੀ ਨਹੀਂ ਕਿ ਅਸੀਂ ਆਪਣੀਆਂ ਜੜ੍ਹਾਂ ਵਿੱਚ ਤਾਂ ਤੇਲ ਪਾ ਹੀ ਰਹੇ ਹਾਂ ਅਸੀਂ ਆਪਣੇ ਬੱਚਿਆਂ ਦਾ ਭਵਿੱਖ ਖਤਮ ਕਰ ਦਿੱਤਾ ਹੈ,ਉਨ੍ਹਾਂ ਨੂੰ ਵਿਰਾਸਤ ਵਿੱਚ ਗੰਦਗੀ ਤੇ ਬਾਰੂਦ ਦੇ ਢੇਰ ਉਪਰ ਬੈਠਾ ਕੇ ਜਾ ਰਹੇ ਹਾਂ।ਕਿੰਨੇ ਬਦਕਿਸਮਤ ਹਾਂ ਅਸੀਂ ਤੇ ਸਾਡੇ ਬੱਚੇ ਕਿ ਅਸੀਂ ਬੱਚਿਆਂ ਨੂੰ ਵਿਦੇਸ਼ਾਂ ਵਿੱਚ ਭੇਜ ਰਹੇ ਹਾਂ।ਬੱਚੇ ਵੀ ਇਕੱਲਤਾ ਭੋਗ ਰਹੇ ਨੇ ਤੇ ਅਸੀਂ ਵੀ।ਜਦੋਂ ਗਲਤ ਨੂੰ ਠੀਕ ਤੇ ਠੀਕ ਨੂੰ ਗਲਤ,ਪੈਸੇ ਲੈਕੇ ਹੋਵੇ ਤਾਂ ਹਾਲਾਤ ਇਵੇਂ ਦੇ ਹੀ ਹੋਣੇ ਨੇ।ਲਾਹਣਤ ਹੈ ਸਾਨੂੰ ਜਿੰਨਾ ਨੇ ਬੱਚਿਆਂ ਲਈ ਦੇਸ਼ ਵਿੱਚ ਰਹਿ ਕੇ ਕੁਝ ਕਰਨ ਜੋਗਾ ਨਾ ਛੱਡਿਆ ਤੇ ਨਾ ਬਣਾਇਆ।ਰਿਸ਼ਵਤ ਦਾ ਪੈਸਾ ਜਦੋਂ ਕਿਸੇ ਮਜ਼ਬੂਰ ਕੋਲੋਂ ਲੈਂਦੇ ਹੋ ਤਾਂ ਅਣਗਿਣਤ ਬਦੁਆਵਾਂ ਨਾਲ ਆਉਂਦੀਆਂ ਹਨ ਤੇ ਜਦੋਂ ਕੁਰਸੀਆਂ ਤੇ ਔਹਦਿਆਂ ਦੀ ਗਲਤ ਵਰਤੋਂ ਕਰਦੇ ਹੋ ਪੈਸੇ ਲੈਕੇ ਤਾਂ ਜ਼ਮੀਰ ਮਰ ਜਾਂਦੀ ਹੈ।ਬਹੁਤ ਮਹੀਣ ਪੀਸਦੀ ਹੈ ਰੱਬ ਦੀ ਚੱਕੀ,ਪਿਸਦਾ ਹੌਲੀ ਹੈ।ਇੰਨਾ ਨੂੰ ਤਨਖਾਹਾਂ ਮਿਲਦੀਆਂ ਨੇ,ਫੇਰ ਵੀ ਚਾਹ ਪਾਣੀ ਮੰਗਦੇ ਨੇ।ਮੁਆਫ਼ ਕਰਨਾ ਸਰਕਾਰ ਚੁਰਾਹੇ ਤੇ ਮੰਗਣ ਵਾਲੇ ਤੇ ਰੋਕ ਲਗਾਉਣ ਦੀ ਗੱਲ ਕਰਦੀ ਹੈ,ਕਰਨੀ ਵੀ ਚਾਹੀਦੀ ਹੈ, ਉਹ ਤਾਂ ਸ਼ਾਇਦ ਮਜ਼ਬੂਰੀ ਵਸ ਮੰਗਦੇ ਨੇ,ਏਹ ਏ ਸੀ ਦਫਤਰਾਂ ਵਿੱਚ ਬੈਠਕੇ ਚਾਹ ਪਾਣੀ ਮੰਗਣ ਵਾਲਿਆਂ ਦੀ ਕੀ ਮਜ਼ਬੂਰੀ ਹੈ।ਹੋ ਸਕਦਾ ਹੈ ਕਿ ਇੰਨਾ ਦੀਆਂ ਚਾਹਾਂ ਨੇ ਹੀ ਸਾਰੇ ਸਿਸਟਮ ਨੂੰ ਖਰਾਬ ਕਰ ਦਿੱਤਾ ਹੈ।
ਏਹ ਪਹਿਲੀ ਤੇ ਆਖਰੀ ਘਟਨਾ ਨਹੀਂ ਹੈ।ਸਾਹ ਘੁੱਟਦਾ ਹੈ ਲੋਕਾਂ ਦਾ,ਹਰ ਵਿਭਾਗ ਚਾਹ ਪਾਣੀ ਤੇ ਲੱਗਾ ਹੋਇਆ ਹੈ।ਇੱਕ ਘਟਨਾ ਜ਼ਿਕਰ ਕਰਨੀ ਚਾਹਾਂਗੀ,ਦਫਤਰਾਂ ਵਿੱਚ ਹੌਂਸਲੇ ਇੰਨੇ ਵਧੇ ਨੇ ਕਿ ਠੋਕਕੇ ਜਵਾਬ ਦਿੰਦੇ ਨੇ ਕਿ ਮੈਂ ਏਹ ਕੰਮ ਨਹੀਂ ਕਰਨਾ, ਜਿਥੇ ਮਰਜ਼ੀ ਸ਼ਕਾਇਤ ਕਰ ਦਿਉ।ਕਿਸੇ ਇੱਕ ਸਰਕਾਰ ਨੂੰ ਇਸ ਦਾ ਦੋਸ਼ੀ ਨਹੀਂ ਮੰਨਿਆ ਜਾ ਸਕਦਾ, ਸੱਭ ਨੇ ਬੜੇ ਜੋਸ਼ ਨਾਲ ਇਸ ਭ੍ਰਿਸ਼ਟਾਚਾਰ ਨੂੰ ਪ੍ਰਫੁਲਤ ਕਰਨ ਵਿੱਚ ਯੋਗਦਾਨ ਪਾਇਆ ਹੈ।ਨਾ ਲਵੋ ਤੋਹਫ਼ੇ ਚੋਣਾਂ ਵਿੱਚ, ਖੁਦ ਤੋਂ ਸ਼ੁਰੂ ਕਰੋ ਸੁਧਾਰ।ਅਸੀਂ ਆਜ਼ਾਦ ਹੋਕੇ ਫੇਰ ਦੂਸਰੇ ਮੁਲਕਾਂ ਵਿੱਚ ਭੱਜੇ ਜਾ ਰਹੇ ਹਾਂ ਜਾਂ ਬੱਚਿਆਂ ਨੂੰ ਭੇਜ ਰਹੇ ਹਾਂ।ਜਦੋਂ ਰਿਸ਼ਵਤ ਤੇ ਭ੍ਰਿਸ਼ਟਾਚਾਰ ਖੁੱਲੇਆਮ ਹੋਣ ਲੱਗ ਜਾਏ ਤਾਂ ਨਤੀਜੇ ਭਿਅੰਕਰ ਨਿਕਲਣੇ ਪੱਕੇ ਹਨ।ਹਰ ਦਫ਼ਤਰ ਵਿੱਚ ਬੈਠਾ ਰਿਸ਼ਵਤ ਲੈਕੇ ਆਪਣੇ ਬੱਚੇ ਨੂੰ ਬਾਰੂਦ ਦੇ ਢੇਰ ਤੇ ਬਿਠਾ ਰਿਹਾ ਹੈ।ਸ਼ਾਇਦ ਚੰਗੇ ਅਧਿਕਾਰੀ ਜਾਂ ਸਰਕਾਰੀ ਮੁਲਾਜ਼ਮ ਤਾਂ ਨਹੀਂ ਬਣੇ ਪਰ ਸੱਭ ਤੋਂ ਸ਼ਰਮ ਤੇ ਦਰਦ ਵਾਲੀ ਗੱਲ ਏਹ ਹੈ ਕਿ ਅਸੀਂ ਚੰਗੇ ਮਾਪੇ ਵੀ ਨਹੀਂ ਬਣੇ।ਮੁਆਫ਼ ਕਰਨਾ ਏਹ ਹਕੀਕਤ ਹੈ ਜੇਕਰ ਮੰਨ ਲਈਏ ਤਾਂ ਨਾਮੋਸ਼ੀ ਨਹੀਂ ਹੋਏਗੀ।
ਪ੍ਰਭਜੋਤ ਕੌਰ ਢਿੱਲੋਂ, ਮੁਹਾਲੀ
9815030221
Share Button

Leave a Reply

Your email address will not be published. Required fields are marked *