ਰਿਸ਼ਵਤ ਤੇ ਭ੍ਰਿਸ਼ਟਾਚਾਰ ਨੇ ਵਿਗਾੜਿਆ ਦਫ਼ਤਰੀ ਢਾਂਚਾ

ss1

ਰਿਸ਼ਵਤ ਤੇ ਭ੍ਰਿਸ਼ਟਾਚਾਰ ਨੇ ਵਿਗਾੜਿਆ ਦਫ਼ਤਰੀ ਢਾਂਚਾ

ਰਿਸ਼ਵਤ ਤੇ ਭ੍ਰਿਸ਼ਟਾਚਾਰ ਨੇ ਤਕਰੀਬਨ ਸਾਰੇ ਦਫ਼ਤਰਾਂ ਦਾ ਢਾਂਚਾ ਹਿਲਾਇਆ ਹੋਇਆ ਹੈ।ਕਿਰੂੰ ਕਿਰੂੰ ਤੇ ਖੇਰੂੰ ਖੇਰੂੰ ਹੋ ਰਹੀ ਹੈ ਦਫ਼ਤਰੀ ਵਿਵਸਥਾ।ਇਸ ਵਿੱਚ ਕੋਈ ਇੱਕ ਬੰਦਾ ਗੁਨਾਹਗਾਰ ਨਹੀਂ।ਕਿਧਰੇ ਨਾ ਕਿਧਰੇ ਸਿੱਧੇ ਅਸਿੱਧੇ ਢੰਗ ਨਾਲ ਹਰ ਕੋਈ ਇਸ ਵਿੱਚ ਲਿਪਤ ਹੈ।ਆਪਾਂ ਕੋਸ਼ਿਸ਼ ਕਰਾਂਗੇ ਕਝ ਘਟਨਾਵਾਂ ਨੂੰ ਲੈਕੇ, ਕੁਝ ਆਪ ਬੀਤੀਆਂ ਦੱਸਕੇ ਤੇ ਕੁਝ ਜੋ ਆਪਾਂ ਸਾਰੇ ਹਰ ਰੋਜ਼ ਹੰਡਾਉਂਦੇ ਹਾਂ।ਆਪਾਂ ਪਹਿਲਾਂ ਆਪਣੀਆਂ ਗਲਤੀਆਂ ਵੇਖੀਏ ਆਪਾਂ ਕਿਵੇਂ ਗਲਤ ਹਾਂ।ਚੋਣਾਂ ਸਮੇਂ ਨੇਤਾਵਾਂ ਕੋਲੋਂ ਲੋਕ, ਸ਼ਰਾਬ, ਪੈਸੇ, ਨਸ਼ਾ,ਮਹਿੰਗੇ ਤੋਹਫੇ ਲੈਕੇ ਵੋਟ ਪਾਉਂਦੇ ਹਨ।ਏਹ ਪਹਿਲਾ ਕਦਮ ਹੈ ਰਿਸ਼ਵਤ ਦਾ,ਲੋਕਾਂ ਵੱਲੋਂ ਉਨ੍ਹਾਂ ਨੂੰ ਖੁੱਲ ਦੇ ਦਿੱਤੀ ਕਿ ਤੁਸੀਂ ਵੀ ਇੰਜ ਪੈਸੇ ਲੈ ਸਕਦੇ ਹੋ।ਜੋ ਲੋਕ ਚੋਣਾਂ ਵਿੱਚ ਕਿਸੇ ਪਾਰਟੀ ਵੱਲੋਂ ਖੜੇ ਹੁੰਦੇ ਨੇ,ਜੋ ਵੀ ਖਰਚਾ ਉਹ ਕਰਨਗੇ, ਉਨ੍ਹਾਂ ਨੇ ਫੇਰ ਲੋਕਾਂ ਕੋਲੋਂ ਲੈਕੇ ਪੂਰਾ ਕਰਨਾ ਹੈ ਤੇ ਹੋ ਸਕਦਾ ਹੈ ਅਗਲੀ ਚੋਣ ਵਾਸਤੇ ਵੀ ਉਹ ਪ੍ਰਬੰਧ ਕਰੇ।ਇਥੇ ਲੋਕਾਂ ਦੀ ਸ਼ਮੂਲੀਅਤ ਨੂੰ ਨਿਕਾਰਿਆ ਨਹੀਂ ਜਾ ਸਕਦਾ।ਹਰ ਪਾਰਟੀ ਚੋਣਾਂ ਵੇਲੇ ਫੰਡ ਦੇ ਰੂਪ ਵਿੱਚ ਵਿਉਪਾਰੀਆਂ,ਉਦਯੋਗਪਤੀਆਂ ਤੇ ਕੁਝ ਸਰਦੇ ਪੁੱਜਦੇ ਲੋਕਾਂ ਕੋਲੋਂ ਪੈਸੇ ਲੈਂਦੀ ਹੈ,ਏਹ ਵੀ ਰਿਸ਼ਵਤ ਜਾ ਭ੍ਰਿਸ਼ਟਾਚਾਰ ਦੀ ਹੀ ਇਕ ਵੰਨਗੀ ਹੈ।ਏਹ ਇੰਜ ਹੈ ਕਿ ਚੋਣਾਂ ਤੋਂ ਬਾਦ ਜੋ ਵੀ ਪਾਰਟੀ ਆਈ,ਆਪਣੇ ਕੰਮ ਕਰਵਾਉਣ ਵਾਸਤੇ ਇੰਨਾ ਨੂੰ ਕਹਿ ਕੇ ਕੰਮ ਕਰਵਾਏ ਜਾਣਗੇ।ਇਥੇ ਆਪਾਂ ਏਹ ਕਹਿ ਸਕਦੇ ਹਾਂ ਕਿ ਇੱਕ ਹੱਥ ਦੇ ਤੇ ਦੂਜੇ ਹੱਥ ਲੈ।ਕੁਝ ਦਹਾਕੇ ਪਹਿਲਾਂ ਤੱਕ ਰਿਸ਼ਵਤ ਮੇਜ਼ ਦੇ ਹੇਠਾਂ ਦੀ ਲਈ ਜਾਂਦੀ ਸੀ।
ਬਹੁਤ ਬੁਰਾ ਮੰਨਿਆ ਜਾਂਦਾ ਸੀ,ਜੋ ਰਿਸ਼ਵਤ ਲੈਕੇ ਕੰਮ ਕਰਦਾ ਸੀ ਉਸਨੂੰ ਇੱਜ਼ਤ ਦੀ ਨਜ਼ਰ ਨਾਲ ਨਹੀਂ ਸੀ ਵੇਖਿਆ ਜਾਂਦਾ।ਪਰ ਮਾਹੌਲ ਇੰਨਾ ਬਦਲ ਗਿਆ ਕਿ ਖੁੱਲਕੇ ਪੈਸੇ ਲਏ ਜਾਂਦੇ ਹਨ,ਕਿਸੇ ਨੂੰ ਸ਼ਰਮ ਨਹੀਂ ਆਉਂਦੀ, ਕੋਈ ਬੁਰਾ ਨਹੀਂ ਮਨਾਉਂਦਾ ਤੇ ਹੱਕ ਨਾਲ ਏਹ ਰਿਸ਼ਵਤ ਮੰਗੀ ਜਾਂਦੀ ਹੈ।ਅਗਰ ਆਪਾਂ ਏਹ ਕਹਿ ਲਈਏ ਕਿ ਕਿਸੇ ਦੇਸ਼ ਤੇ ਕੌਮ ਨੂੰ ਬਰਬਾਦ ਕਰਨਾ ਹੋਵੇ ਤਾਂ ਉਸਨੂੰ ਨਸ਼ੇ ਤੇ ਭ੍ਰਿਸ਼ਟਾਚਾਰ ਦੀ ਭੱਠੀ ਵਿੱਚ ਪਾ ਦਿਉ ਤਾਂ ਏਹ ਗਲਤ ਨਹੀਂ ਹੋਵੇਗਾ।ਏਸ ਵਕਤ ਏਹ ਦੋਨੋਂ ਹਕੀਕਤ ਵਿੱਚ ਸੱਭ ਹੱਦਾਂ ਪਾਰ ਕਰ ਚੁੱਕੇ ਨੇ।
ਨਸ਼ਾ ਪੈਸੇ ਦਾ,ਹੋਰ ਪੈਸੇ ਇਕੱਠੇ ਕਰਨ ਦਾ,ਆਪਣੇ ਆਪ ਨੂੰ ਅਮੀਰ ਵਿਖਾਉਣ ਦਾ ਤੇ ਹਾਂ ਇਸ ਦੇ ਨਾਲ ਸ਼ਰਾਬ ਦਾ ਨਸ਼ਾ ਤੇ ਹੋਰ ਨਸ਼ੇ ਵੀ ਹਨ।ਜਦੋਂ ਤੁਸੀਂ ਕਿਸੇ ਚੀਜ਼ ਨੂੰ ਲੈਣ ਦੇ ਆਦੀ ਹੋ ਜਾਂਦੇ ਹੋ ਤਾਂ ਉਹ ਨਸ਼ਾ ਹੀ ਹੈ।ਰਿਸ਼ਵਤ ਲੈਣ ਵਾਲਾ ਵੀ ਨਸ਼ਈ ਹੈ।ਅਖਬਾਰ ਵਿੱਚ ਖਬਰ ਪੜ੍ਹੀ ਕਿ ਇੱਕ ਪਟਵਾਰੀ ਰਿਸ਼ਵਤ ਲੈਂਦਾ ਫੜਿਆ ਗਿਆ।ਬਾਪ ਦੀ ਮੌਤ ਤੋਂ ਬਾਦ ਜ਼ਮੀਨ ਮਾਂ ਦੇ ਤੇ ਮੁੰਡਿਆਂ ਨੇ ਆਪਣੇ ਨਾਮ ਲਗਾਉਣੀ ਸੀ।ਨੌਕਰੀ ਸਰਕਾਰ ਨੇ ਦਿੱਤੀ, ਤਨਖਾਹ ਮਿਲ ਰਹੀ ਹੈ ਕਿ ਲੋਕਾਂ ਦੇ ਕੰਮ ਕਰਨੇ ਨੇ ਤੇ ਰਿਕਾਰਡ ਸੰਭਾਲਣਾ ਹੈ।ਹਾਲਾਤ ਏਹ ਨੇ ਕਿ ਦਾੜ੍ਹੀ ਨਾਲੋਂ ਮੁੱਛਾਂ ਵੱਡੀਆਂ ਹੋ ਗਈਆਂ ਨੇ।ਤਨਖਾਹ ਨਾਲੋਂ ਕਈ ਗੁਣਾਂ ਜ਼ਿਆਦਾ ਰਿਸ਼ਵਤ ਦੀ ਕਮਾਈ ਹੈ।ਸਵਾਲ ਏਹ ਉੱਠਦਾ ਹੈ ਕਿ ਇਸ ਨੇ ਏਹ ਰਿਸ਼ਵਤ ਕਿਉਂ ਲਈ?ਰਿਸ਼ਵਤ ਲੈਂਦੇ ਨੂੰ ਰੰਗੇ ਹੱਥ ਫੜਿਆ ਵਿਖਾਉਂਦੇ ਹਨ ਤੇ ਉਹ ਕਹੇਗਾ ਮੈਨੂੰ ਸਾਜਿਸ਼ ਤਹਿਤ ਫਸਾਇਆ ਗਿਆ ਹੈ।ਫੇਰ ਲੋਕਾਂ ਕੋਲੋਂ ਰਿਸ਼ਵਤ ਲੈਂਦਾ ਕੌਣ ਹੈ?ਏਸ ਦਾ ਜਵਾਬ ਕੌਣ ਦੇਵੇਗਾ।ਏਹ ਇੱਕ ਪਟਵਾਰੀ ਫੜਕੇ ਮਸਲਾ ਹੱਲ ਨਹੀਂ ਹੋਣਾ ਤੇ ਸ਼ਾਇਦ ਕੋਈ ਕਰਨਾ ਵੀ ਨਾ ਚਾਹੇ।ਜੋ ਵੀ ਰਿਸ਼ਵਤ ਲੈਂਦਾ ਫੜਿਆ ਜਾਂਦਾ ਹੈ ਉਸਨੂੰ ਅਜਿਹੀ ਸਜ਼ਾ ਹੋਵੇ ਕਿ ਦੂਸਰਾ ਰਿਸ਼ਵਤ ਲੈਣ ਤੋਂ ਪਹਿਲਾਂ ਸੋਚੇ।ਜੇਕਰ ਅਜਿਹਾ ਨਹੀਂ ਹੁੰਦਾ ਤਾਂ ਸਾਰਾ ਕੁਝ ਲੀਰੋ ਲੀਰ ਹੋ ਜਾਏਗਾ।ਜਦੋਂ ਦਫ਼ਤਰਾਂ ਵਿੱਚ ਅਫ਼ਸਰ ਤੇ ਬਾਕੀ ਅਮਲਾ ਤੁਹਾਡੇ ਚੱਕਰ ਲਗਵਾਉਣ ਲੱਗ ਜਾਏ ਤਾਂ ਸਮਝੋ ਹੁਣ ਰਿਸ਼ਵਤ ਵਾਲੀ ਸੂਈ ਘੁੰਮਣ ਲੱਗ ਗਈ ਹੈ।ਬੁਰਾ ਤਾਂ ਉਦੋਂ ਲੱਗਦਾ ਹੈ,ਦੁੱਖ ਤਾਂ ਉਦੋਂ ਹੁੰਦਾ ਹੈ ਜਦੋਂ ਤੁਹਾਨੂੰ ਠੀਕ ਹੁੰਦਿਆਂ ਗਲਤ ਸਾਬਤ ਕੀਤਾ ਜਾਂਦਾ ਹੈ।ਮੈਨੂੰ ਬਹੁਤ ਸਾਲ ਪੁਰਾਣੀ ਗੱਲ ਯਾਦ ਆ ਗਈ।ਇੱਕ ਦਫ਼ਤਰ ਵਿੱਚ ਸਾਡਾ ਕੋਈ ਕੰਮ ਸੀ,ਮੈਂ ਕੋਈ ਦਸ ਕੁ ਦਿਨਾਂ ਬਾਦ ਪਤਾ ਕਰਨ ਗਈ ਤਾਂ ਜਵਾਬ ਮਿਲਿਆ ਮੇਰੇ ਕੋਲ ਫਾਈਲ ਨਹੀਂ ਆਈ।ਮੈਂ ਪੁੱਛਿਆ ਕਿ ਕਿਥੋਂ ਆਉਣੀ ਸੀ ਤਾਂ ਮੇਰੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਜੋ ਉਸਨੇ ਦੱਸਿਆ।ਨਾਲ ਦੇ ਮੇਜ਼ ਤੋਂ ਆਉਣੀ ਸੀ।ਦੋਨਾਂ ਦੇ ਮੇਜ਼ਾਂ ਤੇ ਫਾਇਲਾਂ ਬੰਦ ਪਈਆਂ ਸਨ।ਜਿਸ ਹਾਲਾਤ ਵਿੱਚ ਸੱਭ ਸੀ ਵੇਖਕੇ ਸਮਝ ਆ ਰਹੀ ਸੀ ਕਿ ਇਥੇ ਇਹ ਫਾਇਲਾਂ ਭਾਵੇਂ ਦੋ ਮਹੀਨੇ ਪਈਆਂ ਰਹਿਣ ਕਿਸੇ ਨੂੰ ਪ੍ਰਵਾਹ ਨਹੀਂ ਤੇ ਕਿਸੇ ਨੂੰ ਆਪਣੀ ਜ਼ੁਮੇਵਾਰੀ ਦਾ ਅਹਿਸਾਸ ਨਹੀਂ।ਤੁਸੀਂ ਕਿਸੇ ਵਿਭਾਗ ਤੋਂ “ਨੋ ਡਿਉ”ਸਰਟੀਫਿਕੇਟ ਲੈਣ ਚਲੇ ਜਾਉ,ਤੁਹਾਡੀਆਂ ਲਕੀਰਾਂ ਕਢਾ ਦੇਣਗੇ।ਤੁਸੀਂ ਕਿਸੇ ਇੱਕ ਵਿਭਾਗ ਨੂੰ ਭ੍ਰਿਸ਼ਟ ਨਹੀਂ ਕਹਿ ਸਕਦੇ।ਆਵਾ ਹੀ ਊਤਿਆ ਹੋਇਆ ਹੈ।ਗੁਰੂ ਨਾਨਕ ਦੇਵ ਜੀ ਦੇ ਕਹੇ ਵਚਨ ਕਿੰਨੇ ਢੁੱਕਦੇ ਨੇ,”ਸਰਮ ਧਰਮ ਦੋਇ ਛਪ ਖਲੋਏ,ਕੂੜ ਫਿਰੈ ਪ੍ਰਧਾਨ ਵੇ ਲਾਲੋ”।ਵੱਡੇ ਤੋਂ ਵੱਡਾ ਭ੍ਰਿਸ਼ਟਾਚਾਰੀ,ਭ੍ਰਿਸ਼ਟਾਚਾਰ ਕਰਨਾ ਆਪਣੀ ਅਕਲ ਦੀ ਕਰਾਮਾਤ ਸਮਝਦਾ ਹੈ।ਸ਼ਰਮ ਆਉਂਦੀ ਹੈ ਜਦੋਂ ਇਮਾਨਦਾਰ ਬੰਦੇ ਦਾ ਮਜ਼ਾਕ ਉਡਾਇਆ ਜਾਂਦਾ ਹੈ ਤੇ ਉਸ ਲਈ ਅਪਸ਼ਬਦ ਵਰਤੇ ਜਾਂਦੇ ਹਨ।ਇੱਕ ਦਿਨ ਕੋਈ ਗੱਲ ਸੁਣਾ ਰਿਹਾ ਸੀ ਕਿ ਇਕ ਫੌਜੀ ਦਫ਼ਤਰ ਵਿੱਚ ਕਰਾਉਣ ਆਇਆ,ਉਸਨੂੰ ਚੱਕਰ ਲਵਾਈ ਜਾਣ,ਉਸਦੀ ਛੁੱਟੀ ਖਤਮ ਹੋਣ ਵਾਲੀ ਹੋ ਗਈ।ਅਖੀਰ ਵਿੱਚ ਕਿਸੇ ਨੇ ਕਿਹਾ ਕਿ ਪੈਸੇ ਦੇਕੇ ਕੰਮ ਕਰਵਾ ਲਵੋ ਤੇ ਇੱਕ ਹੋਰ ਬੋਲਿਆ ਇਥੇ ਇਵੇਂ ਹੀ ਕੰਮ ਹੁੰਦੇ ਹਨ।ਮਰਦਾ ਕੀ ਨਾ ਕਰਦਾ ਵਾਲੀ ਸਥਿਤੀ ਬਣਾ ਦਿੰਦੇ ਹਨ।ਜਦੋਂ ਬੰਦਾ ਦੂਸਰੇ ਦੀ ਹੱਕ ਦੀ ਕਮਾਈ ਖਾਣ ਲੱਗ ਜਾਏ ਤਾਂ ਨਾ ਉਸ ਵਿੱਚ ਇਨਸਾਨੀਅਤ ਰਹਿੰਦੀ ਹੈ ਤੇ ਨਾ ਉਸਦੀ ਜ਼ਮੀਰ।ਆਪਣੀ ਤਨਖਾਹ ਵਿੱਚ ਰਹਿਣ ਦੀ ਆਦਤ ਹੋਏ ਤਾਂ ਹੀ ਦੂਸਰੇ ਦੀ ਤਕਲੀਫ਼ ਸਮਝ ਆਉਂਦੀ ਹੈ।ਆਮ ਲੋਕਾਂ ਦਾ ਲਹੂ ਚੂਸਿਆ ਜਾ ਰਿਹਾ ਹੈ।ਬਲਰਾਜ ਸਾਹਨੀ ਨੇ ਲਿਖਿਆ ਹੈ,”ਚੰਦ ਲੋਕਾਂ ਦੀਆਂ ਜੇਬਾਂ ਭਰਨ ਲਈ ਬਹੁਗਿਣਤੀ ਦੀਆਂ ਜੇਬਾਂ ਖ਼ਾਲੀ ਕੀਤੀਆਂ ਜਾਂਦੀਆਂ ਹਨ।”ਹੇਰਾਫੇਰੀਆਂ ਹੋ ਰਹੀਆਂ ਨੇ,ਵਧੀਕੀਆਂ ਹੋ ਰਹੀਆਂ ਹਨ ਇਸ ਦਾ ਅਸਰ ਆਮ ਲੋਕਾਂ ਤੇ ਹੋ ਰਿਹਾ ਹੈ।ਕਾਨੂੰਨ ਬਣਾ ਦੇਣਾ ਕਿਸੇ ਮਸਲੇ ਦਾ ਹੱਲ ਨਹੀਂ,ਉਸਨੂੰ ਸਖਤੀ ਨਾਲ ਲਾਗੂ ਕਰਨਾਂ ਤੇ ਕਰਵਾਉਣਾ ਵਧੇਰੇ ਜ਼ਰੂਰੀ ਹੈ।
ਅਗਿਆਤ ਨੇ ਲਿਖਿਆ ਹੈ,”ਕਾਨੂੰਨ ਪਾਸ ਕਰਨ ਨਾਲ ਹੀ ਸਰਕਾਰ ਦਾ ਕੰਮ ਖ਼ਤਮ ਨਹੀਂ ਹੋ ਜਾਂਦਾ ਸਗੋਂ ਇਸਦੇ ਨਤੀਜਿਆਂ ਬਾਰੇ ਵੀ ਸੋਚਣਾ ਚਾਹੀਦਾ ਹੈ।”ਸ਼ਹਿਰਾਂ ਵਿੱਚ ਲੋਕਾਂ ਨੂੰ ਕਈ ਵਿਭਾਗਾਂ ਨਾਲ ਕੰਮ ਪੈਂਦਾ ਹੈ,ਹਰ ਵਿਭਾਗ ਦੂਸਰੇ ਦੇ ਪਾਲੇ ਵਿੱਚ ਗੇਂਦ ਸੁੱਟ ਦਿੰਦਾ ਹੈ।ਘਰਾਂ ਦਾ ਮਸਲਾ ਹੋਵੇ ਤਾਂ ਮਾਸਟਰ ਪਲੈਨ ਬਣਾਏ ਪੁੱਡਾ/ਗੁਮਾਡਾ ਨੇ,ਸੈਕਟਰ ਤੇ ਕਲੋਨੀਆਂ ਡਿਵੈਲਪ ਕਰਨ ਨੂੰ ਦੇ ਦਿੱਤੀਆਂ ਪ੍ਰਾਇਵੇਟ ਬਿਲਡਰਾਂ ਨੂੰ, ਕੁਝ ਕਾਰਪੋਰੇਸ਼ਨ ਦੇ ਹੇਠ ਆ ਗਏ ਤੇ ਕੁਝ ਨਗਰ ਕੌਂਸਲਾਂ ਦੇ,ਲੋਕਾਂ ਨੂੰ ਮੁਢਲੀਆਂ ਸਹੂਲਤਾਂ ਹੀ ਨਹੀਂ ਮਿਲੀਆਂ, ਨਕਸ਼ਿਆਂ ਦੇ ਮੁਤਾਬਿਕ ਕਈ ਥਾਵਾਂ ਤੇ ਸੜਕਾਂ ਨਹੀਂ ਬਣੀਆਂ, ਸਕੂਲ ਨਹੀਂ ਬਣੇ,ਕਮਿਉਨਟੀ ਸੈਂਟਰ ਨਹੀਂ ਬਣੇ,ਸੀਵਰੇਜ ਟਰੀਟਮੈਂਟ ਪਲਾਂਟ ਸਿਰਫ ਚਿੱਟੇ ਹਾਥੀ ਨੇ ਬਹੁਤੀਆਂ ਥਾਵਾਂ ਤੇ,ਸੀਵਰੇਜ ਦੇ ਪਾਣੀ ਖਾਲੀ ਪਲਾਟਾਂ ਵਿੱਚ ਭਰਿਆ ਹੋਇਆ ਹੈ।ਹੈਰਾਨੀ ਹੁੰਦੀ ਹੈ ਕਿ ਇੱਕ ਕਲੋਨੀ ਨਗਰ ਕੌਂਸਲ ਬਿਲਡਰ ਕੋਲੋਂ ਲੈ ਲਵੇ ਤੇ ਉਸ ਕਲੋਨੀ ਦੀ ਸੜਕ ਵਿੱਕ ਜਾਏ,ਨਗਰ ਕੌਂਸਲ ਅੱਖਾਂ ਬੰਦ ਕਰੀ ਬੈਠੀ ਰਹੇ।ਜੇਕਰ ਬਿਲਡਰ ਨੇ ਸੜਕ ਹੈਂਡ ਉਵਰ ਤੋਂ ਬਾਦ ਤੋੜੀ ਹੈ ਤਾਂ ਜ਼ੁਮੇਵਾਰੀ ਨਗਰ ਕੌਂਸਲ ਦੀ ਸੀ ਕਿਉਂਕਿ ਉਸਨੇ ਸੜਕਾਂ ਪੁੱਡਾ/ਗਮਾਂਡਾ ਦੀਆਂ ਹਦਾਇਤਾਂ ਮੁਤਾਬਿਕ ਲੈਣੀਆਂ ਸੀ।ਲੜਾਈ ਲੋਕ ਲੜ ਰਹੇ ਨੇ ਧੱਕੇ ਦਫ਼ਤਰਾਂ ਦੇ ਕਲੋਨੀ ਨਿਵਾਸੀ ਖਾ ਰਹੇ ਨੇ।ਜਿਥੇ ਜਿਸ ਦਾ ਵਾਅ ਪੈਂਦਾ ਹੈ ਉਥੇ ਹੀ ਲੋਕ ਕੰਨਾਂ ਨੂੰ ਹੱਥ ਲਗਾਉਂਦੇ ਨੇ।ਜਦੋਂ ਬੇਤਰਤੀਬੀ ਜ਼ਰੂਰਤ ਤੋਂ ਜ਼ਿਆਦਾ ਵੱਧ ਜਾਏ ਤਾਂ ਸੱਭ ਦਾ ਨੁਕਸਾਨ ਤਹਿ ਹੈ।ਅਰਚੀਲੀ ਮੂਰ ਅਨੁਸਾਰ,”ਜਦੋਂ ਬੇਨਿਯਮੀਆਂ ਦਾ ਸਹਾਰਾ ਲੈਂਦੇ ਹਾਂ ਤਾਂ ਅਸੀਂ ਦੇਸ਼ ਨੂੰ ਖਾਨਾ ਜੰਗੀ ਤੇ ਖੂਨ ਖਰਾਬੇ ਵੱਲ ਧੱਕਦੇ ਹਾਂ ਜੋ ਸਾਰੇ ਸੁਪਨਿਆਂ ਨੂੰ ਖਤਮ ਕਰਦਾ ਹੈ”ਏਸ ਵਕਤ ਸੱਭ ਕੁਝ ਬੇਤਰਤੀਬੀ ਵਿੱਚ ਧੱਸ ਚੁੱਕਾ ਹੈ।ਬਿਲਕੁੱਲ, ਰਿਸ਼ਵਤ ਤੇ ਭ੍ਰਿਸ਼ਟਾਚਾਰ ਨੇ ਵਿਗਾੜਿਆ ਹੋਇਆ ਹੈ ਦਫ਼ਤਰੀ ਢਾਂਚਾ।
Prabhjot Kaur Dhillon
Contact No. 9815030221

Share Button

Leave a Reply

Your email address will not be published. Required fields are marked *