ਰਿਸ਼ਤਿਆਂ ਦੀਆਂ ਤੰਦਾਂ ਨੂੰ ਮਜ਼ਬੂਤ ਕਰੇਗੀ-ਅਸੀਸ

ਰਿਸ਼ਤਿਆਂ ਦੀਆਂ ਤੰਦਾਂ ਨੂੰ ਮਜ਼ਬੂਤ ਕਰੇਗੀ-ਅਸੀਸ
ਸੋਚ ਨੂੰ ਚੰਗੇਰੀ ਬਣਾਉਣ ਦੇ ਨਿਮਾਣੇ ਯਤਨ ਵਜੋਂ ਸਾਹਮਣੇ ਆਵੇਗੀ ਇਹ ਪੰਜਾਬੀ ਫਿਲਮ-ਲਵਪ੍ਰੀਤ ਸੰਧੂ ਲੱਕੀ

ਅਰਦਾਸ ਅਤੇ ਰੱਬ ਦਾ ਰੇਡੀਓ ਜਿਹੀਆਂ ਬਿਹਤਰੀਨ ਫਿਲਮਾਂ ਨੇ ਪੰਜਾਬੀ ਸਿਨਮੇ ਦੇ ਮੁਹਾਂਦਰੇ ਨੂੰ ਚਾਰ ਚੰਨ ਲਾਉਣ ਅਤੇ ਅਰਥ ਭਰਪੂਰ ਬਣਾਉਣ ‘ਚ ਅਹਿਮ ਭੂਮਿਕਾ ਨਿਭਾਈ ਹੈ। ਪੰਜਾਬੀ ਫਿਲਮ ਇੰਡਸਟਰੀ ਦੇ ਹਵਾ ਦੇ ਤਾਜ਼ੇ ਬੁੱਲੇ ਵਾਂਗ ਰਹੀਆਂ ਇਨ੍ਹਾਂ ਫਿਲਮਾਂ ਦੀ ਲੜੀ ਨੂੰ ਹੋਰ ਅੱਗੇ ਵਧਾਉਣ ਜਾ ਰਹੀ ਹੈ ਅਸੀਸ, ਜਿਸ ਦਾ ਨਿਰਮਾਣ ਨਵਰੋਜ਼-ਗੁਰਬਾਜ ਇੰਟਰਟੇਨਮੈਂਟ, ਜ਼ਿੰਦਗੀ ਜ਼ਿੰਦਾਬਾਦ ਅਤੇ ਬਸੰਤ ਫਿਲਮ ਪ੍ਰੋਡਕਸ਼ਨ ਵੱਲੋਂ ਸਾਂਝੇ ਤੌਰ ਤੇ ਕੀਤਾ ਜਾ ਰਿਹਾ ਹੈ। ਪੰਜਾਬ ਅਤੇ ਪੰਜਾਬੀਅਤ ਦਾ ਰੁਤਬਾ ਹੋਰ ਬੁਲੰਦ ਕਰਨ ਜਾ ਰਹੀ ਇਸ ਫਿਲਮ ਦੁਆਰਾ ਉੱਘੇ ਕਾਮੇਡੀਅਨ ਅਤੇ ਲੇਖਕ ਰਾਣਾ ਰਣਬੀਰ ਆਪਣੇ ਨਿਰਦੇਸ਼ਨ ਸਫਰ ਦੀ ਸ਼ੁਰੂਆਤ ਕਰਨ ਜਾ ਰਹੇ ਹਨ।
ਪੰਜਾਬੀ ਫਿਲਮ ਸਨਅਤ ਵਿਚ ਨਵੀਆਂ ਆਸਾਂ-ਉਮੀਦਾਂ ਜਗਾਉਣ ਦਾ ਸਬੱਬ ਬਣਨ ਜਾ ਰਹੀ ਇਸ ਫਿਲਮ ਦੇ ਥੀਮ ਸਬੰਧੀ ਫਿਲਮ ਨਿਰਮਾਤਾ ਲੱਕੀ ਸੰਧੂ ਨੇ ਦੱਸਿਆ ਕਿ ਚੰਗੇਰੇ ਮਾਪਦੰਡ ਅਤੇ ਚੰਗੀ ਸੋਚ ਅਪਨਾਉਣ ਪ੍ਰਤੀ ਉਤਸ਼ਾਹਿਤ ਕਰਦੀ ਇਸ ਫਿਲਮ ਦਾ ਨਿਰਮਾਣ ਉਨ੍ਹਾਂ ਤੋਂ ਇਲਾਵਾ ਰਾਣਾ ਰਣਬੀਰ ਅਤੇ ਬਲਦੇਵ ਸਿੰਘ ਬਾਠ ਵੱਲੋਂ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਵਿਸਰਦੇ, ਤਿੜਕਦੇ ਜਾ ਰਹੇ ਆਪਸੀ ਰਿਸ਼ਤਿਆਂ ਨੂੰ ਮੁੜ ਮਜ਼ਬੂਤੀ ਦੇਣ ਦੇ ਉਦੇਸ਼ ਅਧੀਨ ਬਣਾਈ ਜਾ ਰਹੀ ਇਸ ਫਿਲਮ ਦਾ ਪਲੱਸ ਪੁਆਇੰਟ ਰਾਣਾ ਰਣਬੀਰ ਦੀ ਲਿਖੀ ਕਹਾਣੀ ਅਤੇ ਸਕਰੀਨ ਪਲੇਅ ਵੀ ਹੋਵੇਗਾ, ਇਸ ਨੂੰ ਉਨ੍ਹਾਂ ਦੇ ਲਿਖੇ ਭਾਵਪੂਰਨ ਡਾਇਲਾਗ ਹੋਰ ਪ੍ਰਭਾਵਸ਼ਾਲੀ ਰੂਪ ਦੇਣਗੇ। ਉਨ੍ਹਾਂ ਦੱਸਿਆ ਕਿ ਅਰਦਾਸ ਤੋਂ ਬਾਅਦ ਰਾਣਾ ਰਣਬੀਰ ਦੀ ਬਿਹਤਰੀਨ ਲੇਖਣੀ ਦਾ ਇਕ ਵਾਰ ਫਿਰ ਅਹਿਸਾਸ ਕਰਵਾਉਂਦੀ ਇਹ ਫਿਲਮ ਦਸੰਬਰ ‘ਚ ਫਲੋਰ ਤੇ ਜਾਵੇਗੀ। ਇਸ ਦੇ ਪ੍ਰੀ-ਪ੍ਰੋਡਕਸ਼ਨ ਕਾਰਜ ਇਹਨੀਂ ਦਿਨੀਂ ਤੇਜ਼ੀ ਨਾਲ ਸੰਪੂਰਨ ਕੀਤੇ ਜਾ ਰਹੇ ਹਨ। ਪੰਜਾਬੀ ਫਿਲਮ ਇੰਡਸਟਰੀ ਵਿਚ ਕੁਝ ਵਿਲੱਖਣ ਅਤੇ ਸੰਦੇਸ਼ਮਕ ਕਰਨ ਦੀ ਚਾਹ ਰਖਦੇ ਨੌਜਵਾਨ ਨਿਰਮਾਤਾ ਲੱਕੀ ਸੰਧੂ ਅਨੁਸਾਰ ਉਲਝਦੇ ਸਮਾਜਿਕ ਤਾਣ-ਬਾਣੇ ‘ਚ ਬੁਣੀ ਗਈ ਇਹ ਫਿਲਮ ਨੌਜਵਾਨ ਪੀੜ੍ਹੀ ਨੂੰ ਉਸਾਰੂ ਸੇਧ ਦੇਣ ਵਿਚ ਯੋਗਦਾਨ ਪਾਵੇਗੀ। ਉਨ੍ਹਾਂ ਅੱਗੇ ਦੱਸਿਆ ਕਿ ਤੇਜਵੰਤ ਕੱਟੂ ਦੇ ਸੰਗੀਤ ਨਾਲ ਸਜੀ ਇਸ ਫਿਲਮ ਦੇ ਗੀਤ ਗਿੱਲ ਰਾਉਤੇ ਵਾਲਾ, ਰਾਣਾ ਰਣਬੀਰ ਅਤੇ ਅਮਰ ਕਵੀ ਨੇ ਲਿਖੇ ਹਨ ਜਦੋਂ ਕਿ ਫਿਲਮ ਦੇ ਕੈਮਰਾਮੈਨ ਵਜੋਂ ਸਾਊਥ ਦੇ ਪ੍ਰਸਿੱਧ ਸਿਨੇਮਾਫੋਗ੍ਰਾਫਰ ਰੰਗਾਨਾਥਨ ਜਿੰਮੇਵਾਰੀ ਨਿਭਾਉਣਗੇ।

ਪਰਮਜੀਤ ਫਰੀਦਕੋਟ, ਮੁੰਬਈ
9855820713

Share Button

Leave a Reply

Your email address will not be published. Required fields are marked *

%d bloggers like this: