‘ਰਿਦਮ ਬੁਆਏਜ਼ ਐਂਟਰਟੇਨਮੈਂਟ’ ਨੇ ‘ਗੋਲਕ ਬੁਗਨੀ…’ ਨਾਲ ਦੁਹਰਾਈ ਪੁਰਾਣੀ ਸਫਲਤਾ

ss1

‘ਰਿਦਮ ਬੁਆਏਜ਼ ਐਂਟਰਟੇਨਮੈਂਟ’ ਨੇ ‘ਗੋਲਕ ਬੁਗਨੀ…’ ਨਾਲ ਦੁਹਰਾਈ ਪੁਰਾਣੀ ਸਫਲਤਾ

ਹਰ ਵਾਰ ਪੰਜਾਬੀ ਸਿਨੇਮੇ ਨੂੰ ਕੁੱਝ ਨਵਾਂ ਦੇਣ ਵਾਲੇ ‘ਰਿਦਮ ਬੁਆਏਜ਼ ਐਂਟਰਟੇਨਮੈਂਟ’ ਨੇ ਸਫ਼ਲਤਾ ਦੇ ਝੰਡੇ ਗੱਡਣ ਦਾ ਸਿਲਸਿਲਾ ਜਾਰੀ ਰੱਖਦਿਆਂ ‘ਗੋਲਕ, ਬੁਗਨੀ, ਬੈਂਕ ਤੇ ਬਟੂਆ’ ਵਰਗੀ ਸਫ਼ਲ ਫ਼ਿਲਮ ਦੇ ਕੇ ਆਪਣੇ ਕੱਦ ਨੂੰ ਹੋਰ ਉੱਚਾ ਕਰ ਲਿਆ ਹੈ। ਇਸ ਫ਼ਿਲਮ ਨੂੰ ਚਾਲੂ ਸਾਲ ਦੀਆਂ ਸਭ ਤੋਂ ਸਫ਼ਲ ਫ਼ਿਲਮਾਂ ‘ਚੋਂ ਇਕ ਕਿਹਾ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ ‘ਰਿਦਮ ਬੁਆਏਜ਼ ਐਂਟਰਟੇਨਮੈਂਟ’ ਬੈਨਰ ਨੇ ਪੰਜਾਬੀ ਗੀਤ ਸੰਗੀਤ ‘ਚ ਵੀ ਚੋਖਾ ਯੋਗਦਾਨ ਪਾਇਆ ਹੈ। ਇਸ ਬੈਨਰ ਵੱਲੋਂ ਤਿਆਰ ਪਹਿਲੀ ਫ਼ਿਲਮ ‘ਅੰਗਰੇਜ਼’ ਨੂੰ ਦੁਨੀਆ ਭਰ ‘ਚ ਵਸਦੇ ਪੰਜਾਬੀਆਂ ਵੱਲੋਂ ਜਿਹੜੀ ਮੁਹੱਬਤ ਦਿੱਤੀ ਗਈ, ਉਸ ਬਾਰੇ ਬੱਚਾ-ਬੱਚਾ ਜਾਣਦਾ ਹੈ। ਉਸ ਤੋਂ ਬਾਅਦ ‘ਲਵ ਪੰਜਾਬ’, ‘ਲਾਹੌਰੀਏ’, ‘ਬੰਬੂਕਾਟ’, ‘ਵੇਖ ਬਰਾਤਾਂ ਚੱਲੀਆਂ’ ਵਰਗੀਆਂ ਸਫ਼ਲ ਫ਼ਿਲਮਾਂ ਦਰਸ਼ਕਾਂ ਦੀਆਂ ਝੋਲੀ ਪਾਈਆਂ। ਹੋਰ ਵੱਡੀ ਗੱਲ ਇਹ ਹੈ ਕਿ ਇਸ ਬੈਨਰ ਦੀ ਕੋਈ ਫ਼ਿਲਮ ਹਾਲੇ ਤੱਕ ਅਸਫ਼ਲ ਨਹੀਂ ਹੋਈ।
ਅੱਜ ਜਦੋਂ ਫ਼ਿਲਮ ਬੈਨਰਾਂ ਦਾ ਆਉਣ-ਜਾਣ ਲੱਗਾ ਰਹਿੰਦਾ ਹੈ ਅਤੇ ਕਈ ਵੱਡੇ ਬੈਨਰ ਕੌੜੇ ਤਜਰਬੇ ਲੈ ਕੇ ਰੁਖਸਤ ਹੋਏ, ਉਸ ਵਕਤ ‘ਰਿਦਮ ਬੁਆਏਜ਼’ ਨੇ ਇਹ ਧਾਰਨਾ ਬਦਲਣ ‘ਚ ਸਫ਼ਲਤਾ ਹਾਸਲ ਕੀਤੀ ਹੈ ਕਿ ਫ਼ਿਲਮਾਂ ਲਈ ਵੱਡੇ ਕਲਾਕਾਰਾਂ ਦੀ ਨਹੀਂ, ਸਗੋਂ ਚੰਗੀ ਸਕਰਿਪਟ, ਚੰਗਾ ਨਿਰਦੇਸ਼ਨ, ਚੰਗਾ ਟਰੇਲਰ ਅਤੇ ਚੰਗਾ ਪ੍ਰਚਾਰ ਜ਼ਰੂਰੀ ਹੈ। ਜੇ ਇਨ੍ਹਾਂ ‘ਚੋਂ ਕੋਈ ਇਕ ਕੜੀ ਕਮਜ਼ੋਰ ਹੋਵੇ ਤਾਂ ਵੱਡਾ ਕਲਾਕਾਰ ਵੀ ਫਿਲਮ ਨੂੰ ਸਫ਼ਲ ਨਹੀਂ ਕਰ ਸਕਦਾ।
‘ਰਿਦਮ ਬੁਆਏਜ਼’ ਦੇ ਨਿਰਮਾਤਾ ਕਾਰਜ ਗਿੱਲ ਦੀ ਅਲਹਿਦੀ ਸੋਚ ਦਾ ਹੀ ਕਮਾਲ ਹੈ ਕਿ ਜਦੋਂ ਮਹਿੰਗੀਆਂ ਲੋਕੇਸ਼ਨਾਂ ਅਤੇ ਬੇਹੱਦ ਵੱਡੇ ਬਜਟ ਦੀਆਂ ਫ਼ਿਲਮਾਂ ਆ ਰਹੀਆਂ ਹੁੰਦੀਆਂ ਹਨ ਤਾਂ ਉਨ੍ਹਾਂ ਵੱਲੋਂ ਪੰਜਾਬ ਦੇ ਪੇਂਡੂ ਧਰਾਤਲ ਦੀ ਪੇਸ਼ਕਾਰੀ ਕਰਨ ਵਾਲੀ ਫ਼ਿਲਮ ਦੀ ਪੇਸ਼ਕਾਰੀ ਕੀਤੀ ਜਾਂਦੀ ਹੈ। ‘ਗੋਲਕ, ਬੁਗਨੀ, ਬੈਂਕ ਤੇ ਬਟੂਆ’ ਰਾਹੀਂ ਹਰੀਸ਼ ਵਰਮਾ ਨੂੰ ਮੁੱਖ ਕਿਰਦਾਰ ‘ਚ ਪੇਸ਼ ਕੀਤਾ ਗਿਆ ਤੇ ਇਹ ਫ਼ਿਲਮ ਸਫਲ ਹੋ ਨਿਕਲੀ। ਇਸ ਬੈਨਰ ਵੱਲੋਂ ਹੀ ਸਿਮੀ ਚਾਹਲ ਨੂੰ ਵੱਡੇ ਪਰਦੇ ‘ਤੇ ਲਿਆਂਦਾ ਗਿਆ। ਇਸੇ ਬੈਨਰ ਵੱਲੋਂ ਐਮੀ ਵਿਰਕ ਨੂੰ ‘ਅੰਗਰੇਜ਼’ ਫ਼ਿਲਮ ਰਾਹੀਂ ਦਰਸ਼ਕਾਂ ਸਨਮੁਖ ਕੀਤਾ ਗਿਆ ਹੈ ਤੇ ਸਰਗੁਣ ਮਹਿਤਾ ਨੂੰ ਪੰਜਾਬੀ ਸਿਨੇਮੇ ‘ਚ ਪੱਕੇ ਪੈਰੀਂ ਵੀ ਇਸੇ ਬੈਨਰ ਵੱਲੋਂ ਕੀਤਾ ਗਿਆ। ‘ਰਿਦਮ ਬੁਆਏਜ਼’ ਦੀ ਸਮੁੱਚੀ ਟੀਮ ਦਾ ਕਹਿਣਾ ਹੈ ਕਿ ਫ਼ਿਲਮਾਂ ਦੀ ਸਫ਼ਲਤਾ ਦਾ ਸਿਹਰਾ ਸਾਡੇ ਸਿਰ ਨਹੀਂ, ਸਗੋਂ ਪੰਜਾਬੀ ਦਰਸ਼ਕਾਂ ਦੇ ਸਿਰ ਬੱਝਦਾ ਹੈ, ਜਿਹੜੇ ਸਾਡੇ ਬੈਨਰ ਦੀਆਂ ਫ਼ਿਲਮਾਂ ‘ਤੇ ਇੰਨਾ ਯਕੀਨ ਕਰਦੇ ਹਨ।

Share Button

Leave a Reply

Your email address will not be published. Required fields are marked *