“ਰਿਜਰਵੇਸ਼ਨ ਨਹੀਂ, ਗਰੀਬਾਂ ਨੂੰ ਚੰਗੀ ਸਕੋਲਰਸ਼ਿਪ ਦਿਓ”

ss1

“ਰਿਜਰਵੇਸ਼ਨ ਨਹੀਂ, ਗਰੀਬਾਂ ਨੂੰ ਚੰਗੀ ਸਕੋਲਰਸ਼ਿਪ ਦਿਓ”

ਨਾ ਕੋਈ ਜਨਰਲ,
ਨਾ ਕੋਈ ਐੱਸ ਸੀ,
ਨਾ ਕੋਈ ਬੀ ਸੀ,
ਨਾ ਕੋਈ ਸਿੱਖ, ਨਾ ਕੋਈ ਇਸਾਈ,
ਨਾ ਕੋਈ ਹਿੰਦੂ ਨਾ ਕੋਈ ਮੁਸਲਮਾਨ,
ਅਸੀਂ ਸਾਰੇ ਹਾਂ ਇਕ ਸਮਾਨ।

ਰਿਜ਼ਰਵੇਸ਼ਨ ਇਕ ਵਾਕਯ ਹੀ ਬਹੁਤ ਗੰਭੀਰ ਮੁੱਦਾ ਹੈ। ਇਸ ਬਾਰੇ ਬਹੁਤ ਗੰਭੀਰਤਾ ਨਾਲ ਸੋਚਣ ਦੀ ਅਤੇ ਹੱਲ ਕਰਨ ਦੀ ਲੋੜ ਹੈ। ਇਕ ਪਾਸੇ ਇਕ ਵਿਦਿਆਰਥੀ ਨੂੰ ਪਹਿਲਾਂ ਸਕੂਲਾਂ ਕਾਲਜਾਂ ਵਿੱਚ ਵੱਧ ਫੀਸ ਭਰਨੀ ਪੈਂਦੀ ਹੈ ਅਤੇ ਦੂਜੇ ਪਾਸੇ ਠੀਕ ਉਹੋ ਜਿਹੇ ਹੀ ਵਿਦਿਆਰਥੀ ਉਹਨਾਂ ਤੋਂ ਅੱਧੀ ਫੀਸ ਭਰ ਕੇ ਉਹੀ ਵਿਦਿਆ ਹਾਸਲ ਕਰ ਲੈਂਦੇ ਹਨ। ਪਰ ਗੱਲ ਸਿਰਫ ਇਥੋਂ ਤਕ ਨਹੀਂ ਹੈ। ਫਿਰ ਸਿਰਫ ਕੁਝ ਖਾਸ ਜਾਤੀਆਂ ਵਾਲੇ ਹੀ ਸਕੋਲਰਸ਼ਿਪ ਲੈ ਸਕਦੇ ਹਨ ਅਤੇ ਬਾਕੀ ਨਹੀਂ। ਫਿਰ ਕੋਈ ਵੀ ਨੌਕਰੀ ਵਾਲਾ ਟੈਸਟ ਪਾਸ ਕਰਨ ਵਾਸਤੇ ਵੀ ਇਹਨਾਂ ਲਈ ਕਾਫੀ ਨੰਬਰਾਂ ਦੀ ਛੋਟੀ ਹੁੰਦੀ ਹੈ। ਉਦਾਹਰਣ ਦੇ ਤੌਰ ਤੇ ਜਨਰਲ ਕੈਟਾਗਰੀ ਵਾਸਤੇ 90 ਨੰਬਰ ਚਾਹੀਦੇ ਹਨ ਅਧਿਆਪਕ ਯੋਗਤਾ ਟੈਸਟ ਪਾਸ ਕਰਨ ਲਈ ਅਤੇ ਐੱਸ ਸੀ ਲਈ ਸਿਰਫ 82 ਨੰਬਰ। ਅਤੇ ਨੌਕਰੀ ਵਾਲੇ ਟੈਸਟਾਂ ਵਿਚ 8 ਨੰਬਰ ਦਾ ਫਰਕ ਬਹੁਤ ਹੀ ਵੱਡਾ ਫਰਕ ਹੁੰਦਾ ਹੈ। ਫਿਰ ਗੱਲ ਇਥੇ ਹੀ ਨਹੀਂ ਮੁਕਦੀ। ਫਿਰ ਜਦੋਂ ਨੌਕਰੀਆਂ ਵਾਸਤੇ ਮੈਰਿਟ ਲਿਸਟ ਬਣਦੀ ਹੈ ਤਾਂ ਉਦੋਂ ਵੀ ਐੱਸ ਸੀ, ਬੀ ਸੀ ਲਈ ਅਲੱਗ ਅਲੱਗ ਮੈਰਿਟ ਲਿਸਟ ਬਣਾਈ ਜਾਂਦੀ ਹੈ। ਫਿਰ ਗੱਲ ਇਥੇ ਵੀ ਨਹੀਂ ਮੁਕਦੀ, ਨੌਕਰੀ ਵਿਚ ਆਉਣ ਤੋਂ ਬਾਅਦ ਵੀ ਪ੍ਰੋਮੋਸ਼ਨਾਂ ਵਿਚ ਵੀ ਇਹਨਾਂ ਜਾਤੀਆਂ ਨੂੰ ਪਹਿਲ ਮਿਲਦੀ ਹੈ। ਫਿਰ ਇਹਨਾਂ ਜਾਤੀਆਂ ਲਈ ਬਿਜਲੀ ਦੇ ਬਿੱਲਾਂ ਵਿਚ ਵੀ ਕਾਫੀ ਛੋਟ ਹੁੰਦੀ ਹੈ ਅਤੇ ਹੋਰ ਵੀ ਛੋੱਟੇ ਮੋਟੇ ਬਹੁਤ ਲਾਭ ਹੁੰਦੇ ਹਨ। ਹੁਣ ਤਾਂ ਜਨਰਲ ਕੈਟਾਗਰੀ ਵਾਲੇ ਵੀ ਐੱਸ ਸੀ ਦਾ ਸਰਟੀਫਿਕੇਟ ਬਣਾਉਣ ਨੂੰ ਫਿਰਦੇ ਹਨ ਪਰ ਅੱਜੇ ਕਨੂੰਨ ਇਜਾਜ਼ਤ ਨਹੀਂ ਦੇ ਰਿਹਾ। ਇਹ ਕੋਈ ਨਿਆਏ ਨਹੀਂ ਹੈ। ਆਪ ਸਾਰਿਆਂ ਨੂੰ ਅੱਜ ਦੇ ਜ਼ਮਾਨੇ ਵਿਚ ਪਤਾ ਹੈ ਕਿ ਹਰ ਇਨਸਾਨ ਇਕ ਬਰਾਬਰ ਹੈ, ਕੋਈ ਵੀ ਜਾਤ ਪਾਤ ਮਾਇਨੇ ਨਹੀਂ ਰੱਖਦੀ, ਪਰ ਫਿਰ ਵੀ ਇਹ ਰਿਜ਼ਰਵੇਸ਼ਨ ਪਤਾ ਨਹੀਂ ਕਿਉਂ ਲਾਗੂ ਹੈ। ਠੀਕ ਹੈ ਕਿ ਹਰ ਗਰੀਬ ਦੀ ਮੱਦਦ ਕਰਨੀ ਚਾਹੀਦੀ ਹੈ। ਪਰ ਸਿਰਫ ਜਾਤ ਪਾਤ ਇਹ ਨਹੀਂ ਦੱਸ ਸਕਦੀ ਕਿ ਕੌਣ ਗਰੀਬ ਹੈ ਅਤੇ ਕੌਣ ਅਮੀਰ। ਐੱਸ ਸੀ, ਬੀ ਸੀ ਸ਼੍ਰੇਣੀ ਵਾਲੇ ਅਮੀਰ ਵੀ ਹੋ ਸਕਦੇ ਹਨ, ਕੋਈ ਜਨਰਲ ਸ਼੍ਰੇਣੀ ਵਾਲੇ ਗਰੀਬ ਵੀ ਹੋ ਸਕਦੇ ਹਨ। ਕਈ ਲੋਕ ਕਹਿੰਦੇ ਹਨ ਕਿ ਜਾਤ ਪਾਤ ਦੇਖਕੇ ਨਹੀਂ, ਗ਼ਰੀਬੀ ਨੂੰ ਦੇਖ ਕੇ ਰਿਜ਼ਰਵੇਸ਼ਨ ਕੀਤਾ ਜਾਣਾ ਚਾਹੀਦਾ ਹੈ, ਪਰ ਇਹ ਵੀ ਚੰਗੀ ਚੀਜ਼ ਨਹੀਂ ਹੈ, ਇਹ ਵੀ ਇਕ ਬਹੁਤ ਵੱਡਾ ਗਲਤ ਕਦਮ ਹੋਵੇਗਾ। ਰਿਜ਼ਰਵੇਸ਼ਨ ਕਿਸੇ ਵੀ ਪ੍ਰਕਾਰ ਦੀ ਹੋਣੀ ਹੀ ਨਹੀਂ ਚਾਹੀਦੀ। ਜੇ ਕੋਈ ਗਰੀਬ ਹੈ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਉਸਨੂੰ ਡੀ ਸੀ ਲਾ ਦਿਓ। ਜੇ ਉਹ ਡੀ ਸੀ ਬਣ ਗਿਆ ਤਾਂ ਬੇੜਾ ਗਰਕ ਹੀ ਹੋਵੇਗਾ। ਕੋਈ ਵੀ ਸਰਕਾਰੀ ਪਦਵੀ ਚਾਹੇ ਉਹ ਵੱਡੀ ਹੋਵੇ ਚਾਹੇ ਛੋਟੀ, ਸਿਰਫ ਅਤੇ ਸਿਰਫ ਕਾਬਲੀਅਤ ਦੇ ਅਧਾਰ ਤੇ ਹੀ ਮਿਲਣੀ ਚਾਹੀਦੀ ਹੈ। ਗਰੀਬ ਆਦਮੀਆਂ ਲਈ ਸਕੋਲਰਸ਼ਿਪਾਂ ਦੀ ਵਿਵਸਥਾ ਕੀਤੀ ਜਾਣੀ ਚਾਹੀਦੀ ਹੈ, ਤਾਂ ਜੋ ਉਹਨਾਂ ਨੂੰ ਲੋੜੀਂਦੇ ਪੈਸੇ ਮਿਲਦੇ ਰਹਿਣ, ਤਾਂ ਜੋ ਨੌਕਰੀਆਂ ਵੇਲੇ ਮੁਕਾਬਲਾ ਬਰਾਬਰੀ ਦਾ ਹੋ ਸਕੇ। ਸਕੋਲਰਸ਼ਿਪਾਂ ਦਾ ਪੈਸਾ ਵਧਾਇਆ ਜਾ ਸਕਦਾ ਹੈ, ਪਰ ਨੌਕਰੀਆਂ ਖਾਸ ਸ਼੍ਰੇਣੀਆਂ ਲਈ ਹੀ ਰੱਖਣੀਆਂ, ਇਹ ਗੱਲ ਜਾਇਜ਼ ਨਹੀਂ। ਬਹੁਤ ਸਾਰੇ ਤਰਕ ਹਨ ਰਿਜ਼ਰਵੇਸ਼ਨ ਨੂੰ ਸਹੀ ਠਹਿਰਾਉਣ ਲਈ ਜੋ ਕਈ ਲੋਕ ਕਹਿੰਦੇ ਹਨ। ਪਹਿਲਾ ਤਰਕ ਇਹ ਹੈ ਕਿ ਅੱਜ ਵੀ ਵੱਡੀਆਂ ਪੋਸਟਾਂ ਤੇ ਜਨਰਲ ਕੈਟਾਗਰੀ ਵਾਲੇ ਹੀ ਲੋਕ ਹੀ ਬੈਠੇ ਹਨ ਇਸ ਲਈ ਰਿਜ਼ਰਵੇਸ਼ਨ ਹੋਣਾ ਜ਼ਰੂਰੀ ਹੈ। ਇਹ ਤਰਕ ਵਿਚ ਬਹੁਤਾ ਦਮ ਨਹੀਂ, ਕਿਉਂਕਿ ਜਿਸ ਤਰਾਂ ਰਿਜ਼ਰਵੇਸ਼ਨ ਚਲ ਰਹੀ ਹੈ, ਆਉਣ ਵਾਲੇ ਸਮੇਂ ਵਿੱਚ ਵੱਡੀਆਂ ਪੋਸਟਾਂ ਤੇ ਸਿਰਫ ਐੱਸ ਸੀ, ਬੀ ਸੀ ਸ਼੍ਰੇਣੀ ਵਾਲੇ ਹੀ ਦਿਖਾਈ ਦੇਣਗੇ, ਕੀ ਫਿਰ ਉਸ ਸਮੇਂ ਜਨਰਲ ਸ਼੍ਰੇਣੀ ਦੀਆਂ ਸੀਟਾਂ ਰਿਜ਼ਰਵ ਰੱਖੀਆਂ ਜਾਣਗੀਆਂ? ਕੀ ਜੇ ਬਾਣੀਏ ਵੱਡੀਆਂ ਪੋਸਟਾਂ ਤੇ ਚਲੇ ਜਾਣ ਤਾਂ ਕੀ ਮਹਾਜਨਾਂ ਨੂੰ ਵੀ ਇਤਰਾਜ਼ ਕਰਨਾ ਚਾਹੀਦਾ ਹੈ ਕਿ ਹੁਣ ਬਾਣੀਏ ਤਾਂ ਅੱਗੇ ਨਿਕਲ ਗਏ ਇਸ ਲਈ ਸਾਡੀਆਂ ਸੀਟਾਂ ਰਿਜ਼ਰਵ ਕਰੋ? ਇੰਝ ਤਾਂ ਸਾਰਾ ਸਮਾਜ ਹੀ ਆਪਸ ਵਿੱਚ ਲੜਨ ਲਗ ਜਾਵੇਗਾ। ਦੂਜਾ ਤਰਕ ਇਹ ਹੈ ਕਿ ਅੱਜ ਵੀ ਐੱਸ ਸੀ, ਬੀ ਸੀ ਸ਼੍ਰੇਣੀਆਂ ਵਾਲੇ ਲੋਕ ਬਹੁਤ ਗਰੀਬ ਹਨ ਅਤੇ ਬਹੁਤ ਪਿੱਛੇ ਹਨ। ਪਹਿਲੀ ਗੱਲ ਹਰ ਐੱਸ ਸੀ, ਬੀ ਸੀ ਸ਼੍ਰੇਣੀ ਵਾਲਾ ਗਰੀਬ ਨਹੀਂ ਹੈ। ਦੂਜੀ ਗੱਲ ਜੋ ਗਰੀਬ ਹਨ ਉਹਨਾਂ ਦਾ ਹੱਲ ਚੰਗੀ ਸਕੋਲਰਸ਼ਿਪ ਹੋ ਸਕਦੀ ਹੈ। ਤੀਜਾ ਤਰਕ ਇਹ ਹੈ ਕਿ ਕੁਝ ਲੋਕ ਕਹਿੰਦੇ ਹਨ ਕਿ ਪਹਿਲਾਂ ਸਮਾਜ ਵਿਚੋਂ ਜਾਤਾਂ ਪਾਤਾਂ ਮਿਟਾ ਦੇਵੋ ਅਸੀਂ ਰਿਜ਼ਰਵੇਸ਼ਨ ਦੀ ਮੰਗ ਛੱਡ ਦੇਵਾਂਗੇ। ਪਰ ਸਚਾਈ ਇਹ ਹੈ ਕਿ ਜਿਸ ਦਿਨ ਰਿਜ਼ਰਵੇਸ਼ਨ ਖਤਮ ਹੋ ਗਈ ਜਾਤਾਂ ਪਾਤਾਂ ਵੈਸੇ ਹੀ ਖਤਮ ਹੋ ਜਾਣਗੀਆਂ। ਜੇ ਸਰਕਾਰ ਪੜਾਈ ਦੇ ਫਾਰਮਾਂ ਵਿਚੋਂ, ਨੌਕਰੀ ਦੇ ਫਾਰਮਾਂ ਵਿਚੋਂ ਜਾਤ ਪਾਤ ਦਾ ਖਾਨਾ ਹੀ ਖ਼ਤਮ ਕਰ ਦੇਵੇ ਤਾਂ ਇਹ ਇਕ ਬਹੁਤ ਵੱਡਾ ਕਦਮ ਹੋਵੇਗਾ ਜਾਤ ਪਾਤ ਖ਼ਤਮ ਕਰਨ ਲਈ। ਅੱਜ ਦੇ ਸਮੇਂ ਵਿੱਚ ਕਿਸੇ ਨੂੰ ਕਦੋਂ ਪਤਾ ਲਗਦਾ ਹੈ ਕਿ ਫਲਾਣਾ ਐੱਸ ਸੀ ਹੈ, ਬੀ ਸੀ ਹੈ ਯਾ ਜਨਰਲ ਹੈ, ਇਹ ਉਦੋਂ ਹੀ ਪਤਾ ਲਗਦਾ ਹੈ ਜਦੋਂ ਕੋਈ ਕਿਸੇ ਦਾ ਭਰਿਆ ਫਾਰਮ ਪੜਦਾ ਹੈ, ਚਾਹੇ ਨੌਕਰੀ ਵਾਲਾ ਹੋਵੇ ਚਾਹੇ ਪੜਾਈ ਵਾਲਾ। ਕਿਸੇ ਦੇ ਮੂੰਹ ਤੇ ਤਾਂ ਲਿਖਿਆ ਨਹੀਂ ਹੁੰਦਾ ਕਿ ਉਹ ਕੌਣ ਹੈ। ਫਾਰਮਾਂ ਦੇ ਖਾਨਿਆਂ ਤੋਂ ਸ਼ੁਰੂ ਹੁੰਦੀ ਹੈ ਜਾਤ ਪਾਤ ਅਤੇ ਨੌਕਰੀਆਂ ਦੌਰਾਨ ਵਿਤਕਰੇ ਤੋਂ ਬੀਜੇ ਜਾਂਦੇ ਹਨ ਨਫਰਤ ਦੇ ਬੀਜ। ਸੋ ਫਾਰਮਾਂ ਤੇ ਜਾਤ ਪਾਤ ਦੇ ਖਾਨੇ ਹੀ ਖਤਮ ਕਰ ਦਿੱਤੇ ਜਾਣੇ ਚਾਹੀਦੇ ਹਨ। ਇਹੋ ਹੀ ਫਜ਼ੂਲ ਖਾਨੇ ਹੀ ਤਾਂ ਹਨ ਜੋ ਆਪਾਂ ਸਾਰੇ ਭਰਾਵਾਂ ਨੂੰ ਆਪਸ ਵਿੱਚ ਤੋੜੀ ਬੈਠੇ ਹਨ। ਬਸ ਕੁਝ ਚਲਾਕ ਲੋਕ ਹਨ ਜੋ ਇਹਨਾਂ ਗੱਲਾਂ ਵਿੱਚ ਆਪਾਂ ਨੂੰ ਫਸਾ ਕੇ ਆਪਣਾ ਉੱਲੂ ਸਿੱਧਾ ਕਰ ਰਹੇ ਹਨ। ਨਹੀਂ ਤਾਂ ਕਿਸੇ ਵੀ ਸ਼੍ਰੇਣੀ ਦਾ ਕੋਈ ਵੀ ਆਦਮੀ ਦਿਲੋਂ ਅਜਿਹਾ ਨਹੀਂ ਜੋ ਖੁਦ ਨਾਜਾਇਜ਼ ਫਾਇਦਾ ਲੈਣਾ ਚਾਹੇਗਾ ਅਤੇ ਕਿਸੇ ਦਾ ਨੁਕਸਾਨ ਕਰਨਾ ਚਾਹੇਗਾ। ਅਮੀਰ ਐੱਸ ਸੀ, ਬੀ ਸੀ ਦੇ ਬੱਚੇ ਫਿਰ ਕੋਟੇ ਦਾ ਫਾਇਦਾ ਲਾਇ ਜਾਂਦੇ ਹਨ, ਅਤੇ ਗਰੀਬ ਐੱਸ ਸੀ , ਬੀ ਸੀ ਫਿਰ ਰਹਿ ਜਾਂਦੇ ਹਨ। ਗਰੀਬ ਜਨਰਲ ਕੈਟਾਗਰੀ ਵਾਲੇ ਤਾਂ ਜਮਾਂ ਹੀ ਮਰੇ ਪਏ ਹਨ। ਹੁਣ ਇਹਨਾਂ ਗਰੀਬਾਂ ਬਾਰੇ ਹੋਰ ਕਿਸੇ ਨੇ ਨਹੀਂ ਸੋਚਣਾ, ਇਸ ਦਾ ਹੱਲ ਤਾਂ ਆਪਾਂ ਸਾਰੇ ਭਰਾਵਾਂ ਨੂੰ ਰੱਲ ਕੇ, ਸਾਰੇ ਭੇਦ ਭਾਵ ਮਿਟਾ ਕੇ, ਇਮਾਨਦਾਰ ਸੋਚ ਰੱਖਕੇ ਹੀ ਕੱਢਣਾ ਪੈਣਾ ਹੈ।

ਸਕਰਿਪਟ ਰਾਈਟਰ ਅਮਨਪ੍ਰੀਤ ਸਿੰਘ
apsamaanbatra@gmail.com

Share Button

Leave a Reply

Your email address will not be published. Required fields are marked *