ਰਾਹੁਲ ਦੇ ਜਿੱਥੇ ਵੀ ਪੈਰ ਪਏ, ਉੱਥੇ ਹੀ ਕਾਂਗਰਸ ਹਾਰੀ : ਯੋਗੀ

ss1

ਰਾਹੁਲ ਦੇ ਜਿੱਥੇ ਵੀ ਪੈਰ ਪਏ, ਉੱਥੇ ਹੀ ਕਾਂਗਰਸ ਹਾਰੀ : ਯੋਗੀ

ਯੂ.ਪੀ. ਦੇ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਨੇ ਰਾਹੁਲ ਗਾਂਧੀ ਵੱਲੋਂ ਦੇਸ਼ ਦੇ ਪ੍ਰਧਾਨ ਮੰਤਰੀ ਬਣਨ ਹਿੱਤ ਆਰੰਭੀਆਂ ਸਿਆਸੀ ਸਰਗਰਮੀਆਂ ਸਬੰਧੀ ਕਿਹਾ ਹੈ ਕਿ ਰਾਹੁਲ ਗਾਂਧੀ ਜਿੱਥੇ ਜਿੱਥੇ ਵੀ ਗਏ ਹਨ, ਉੱਥੇ-ਉੱਥੇ ਹੀ ਕਾਂਗਰਸ ਹਾਰਦੀ ਗਈ ਹੈ। ਯੋਗੀ ਨੇ ਕਿਹਾ ਕਿ ਰਾਹੁਲ ਗਾਂਧੀ ਇਸ ਸਮੇਂ ਗੁਜਰਾਤ ਵਿੱਚ Îਘੁੰਮ ਰਹੇ ਹਨ। ਉਨ੍ਹਾਂ ਦੇ ਕਾਰਨ ਉੱਥੇ ਵੀ ਕਾਂਗਰਸ ਦੀ ਹਾਰ ਤੈਅ ਹੈ ਅਤੇ ਭਾਜਪਾ ਦੀ ਬੰਪਰ ਜਿੱਤ ਯਕੀਨੀ ਹੈ। ਯੋਗੀ ਅਦਿਤਿਆਨਾਥ ਨੇ ਕਿਹਾ ਕਿ ਦੇਸ਼ ਦੇ ਕਈ ਸੀਨੀਅਰ ਨੇਤਾ ਅਤੇ ਪੱਤਰਕਾਰ ਕਹਿ ਰਹੇ ਹਨ ਕਿ ਜਿੰਨਾ ਚਿਰ ਰਾਹੁਲ ਗਾਂਧੀ ਕਾਂਗਰਸ ਉੱਪਰ ਅਮਰਵੇਲ ਦੀ ਤਰ੍ਹਾਂ ਛਾਏ ਰਹਿਣਗੇ, ਓਨਾ ਚਿਰ ਭਾਜਪਾ ਅਤੇ ਨਰਿੰਦਰ ਮੋਦੀ ਨੂੰ ਆਪਣੀਆਂ ਜਿੱਤਾਂ ਸਬੰਧੀ ਵਧੇਰੇ ਚਿੰਤਾ ਕਰਨ ਦੀ ਲੋੜ ਨਹੀਂ। ਰਾਹੁਲ ਗਾਂਧੀ ਵੱਲੋਂ ਗੁਜਰਾਤ ਦੇ ਮੰਦਰਾਂ ਵਿੱਚ ਜਾਣ ਬਾਰੇ ਯੋਗੀ ਨੇ ਟਿੱਪਣੀ ਕੀਤੀ ਕਿ ”ਨੌਂ ਸੌ ਚੂਹੇ ਖਾ ਕੇ ਬਿੱਲੀ ਹੱਜ ਕਰਕੇ ਪਵਿੱਤਰ ਨਹੀਂ ਹੋ ਜਾਂਦੀ”। ਉਨ੍ਹਾਂ ਇਹ ਵੀ  ਕਿਹਾ ਕਿ ਰਾਹੁਲ ਗਾਂਧੀ ਨੂੰ ਤਾਂ ਇਹ ਵੀ ਨਹੀਂ ਪਤਾ ਕਿ ਮੰਦਰਾਂ ਵਿੱਚ ਬੈਠਣਾ ਕਿਵੇਂ ਹੁੰਦਾ ਹੈ? ਯੋਗੀ ਨੇ ਕਿਹਾ ਕਿ ਵਿਧਾਨ ਸਭਾ  ਚੋਣਾਂ ਦੌਰਾਨ ਵਾਰਾਣਸੀ ਦੇ ਬਾਬਾ ਵਿਸ਼ਵਨਾਥ ਮੰਦਰ ਵਿੱਚ ਰਾਹੁਲ ਦੇ ਬੈਠਣ ਦੇ ਤਰੀਕੇ ਤੋਂ ਪੁਜਾਰੀ ਨੇ ਗੁੱਸੇ ਵਿੱਚ ਆ ਕੇ ਕਿਹਾ ਸੀ ਕਿ ਤੁਸੀਂ ਮੰਦਰ ਵਿੱਚ ਆਏ ਹੋ ਮਸਜਿਦ ਵਿੱਚ ਨਮਾਜ ਅਦਾ ਕਰਨ ਨਹੀਂ। ਯੋਗੀ ਨੇ ਕਿਹਾ ਕਿ ਪੁਜਾਰੀ ਦੀਆਂ ਝਿੜਕਾਂ ਖਾ ਕੇ ਰਾਹੁਲ ਠੀਕ ਤਰੀਕੇ ਨਾਲ ਮੰਦਰ ਵਿੱਚ ਬੈਠੇ ਸਨ।
ਇੱਥੇ ਗੋਰਖਨਾਥ ਮੰਦਰ ਦੇ ਦਰਸ਼ਨ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਯੋਗੀ ਅਦਿਤਿਆਨਾਥ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਘਰ ਪਰਿਵਾਰ ਦਾ ਮੋਹ ਛੱਡ ਕੇ ਦੇਸ਼ ਦੇ ਲੋਕਾਂ ਦੀ ਜ਼ਿੰਦਗੀ ਸੰਵਾਰਨ ਦੇ ਕਾਰਜ ਵਿੱਚ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ ਕੇਂਦਰ ਨੇ ਆਰਥਿਕ ਪੱਧਰ ‘ਤੇ ਜੋ ਵੀ ਫੈਸਲੇ ਲਏ, ਸਮੁੱਚੀ ਦੁਨੀਆਂ ਨੇ ਉਨ੍ਹਾਂ ਦੀ ਪ੍ਰਸ਼ੰਸਾ ਕੀਤੀ, ਪਰ ਭਾਰਤ ਵਿੱਚ ਸਿਰਫ ਕਾਂਗਰਸ ਅਤੇ ਉਸ ਦੀਆਂ ਹਮਖਿਆਲੀ ਸਿਆਸੀ ਪਾਰਟੀਆਂ ਨੂੰ ਹੀ ਇਸ ਵਿੱਚ ਨੁਕਸ ਵਿਖਾਈ ਦਿੱਤੇ ਹਨ।
ਯੋਗੀ ਨੇ ਕਿਹਾ ਕਿ ਇਨ੍ਹਾਂ ਦੇ ਵਿਰੋਧ ਦੇ ਬਾਵਜੂਦ ਦੇਸ਼ ਦੇ ਲੋਕਾਂ ਨੇ ਆਰਥਿਕ ਸੁਧਾਰ ਪਸੰਦ ਕੀਤੇ ਹਨ। ਇਸੇ ਲਈ ਦੇਸ਼ ਵਿੱਚ ਜਿੰਨੀਆਂ ਵੀ ਚੋਣਾਂ ਹੋਈਆਂ ਹਨ, ਉਨ੍ਹਾਂ ਸਭ ਵਿੱਚ ਭਾਜਪਾ ਨੇ ਰਿਕਾਰਡਤੋੜ ਜਿੱਤ ਹਾਸਲ ਕੀਤੀ ਹੈ। ਅਯੁੱਧਿਆ ਮੰਦਰ ਸਬੰਧੀ ਉਨ੍ਹਾਂ ਕਿਹਾ ਕਿ ਮਾਮਲਾ ਅਦਾਲਤ ਦੇ ਵਿਚਾਰ ਅਧੀਨ ਹੈ। ਇਸ ਲਈ ਇਸ ਬਾਰੇ ਕੋਈ ਵੀ ਟਿੱਪਣੀ ਕਰਨੀ ਉਚਿਤ ਨਹੀਂ ਹੈ। ਬੀ.ਆਰ.ਡੀ. ਮੈਡੀਕਲ ਕਾਲਜ ਵਿੱਚ ਸੈਂਕੜੇ ਬੱਚਿਆਂ ਦੀਆਂ ਮੌਤਾਂ ਹੋਣ ਸਬੰਧੀ ਯੋਗੀ ਨੇ ਕਿਹਾ ਕਿ ਇਸ ਤਰ੍ਹਾਂ ਮਹਾਮਾਰੀ ਨਾਲ ਯੂ.ਪੀ. ਵਿੱਚ ਇਹ ਮੌਤਾਂ ਪਿਛਲੇ 40 ਸਾਲ ਤੋਂ ਹੁੰਦੀਆਂ ਆ ਰਹੀਆਂ ਹਨ। ਉਨ੍ਹਾਂ ਕਿਹਾ ਕਿ ਮੈਂ ਬੱਚਿਆਂ ਦੀਆਂ ਜਾਨਾਂ ਬਚਾਉਣ ਲਈ ਸੰਸਦ ਤੋਂ ਸੜਕ ਤੱਕ ਲਗਾਤਾਰ ਲੜਾਈ ਲੜਦਾ ਆ ਰਿਹਾ ਹਾਂ, ਜੋ ਕਾਂਗਰਸ ਪਿਛਲੇ 40 ਸਾਲ ਤੋਂ ਇਹ ਮੌਤਾਂ ਹੁੰਦੀਆਂ ਦੇਖ ਕੇ ਚੁੱਪ ਬੈਠੀ ਰਹੀ, ਅੱਜ ਉਸ ਨੂੰ ਇਨ੍ਹਾਂ ਬੱਚਿਆਂ ਦਾ ਖਿਆਲ ਆਇਆ ਹੈ। ਯੋਗੀ ਨੇ ਕਿਹਾ ਕਿ ਕਾਂਗਰਸ ਨੂੰ ਇਸ ਮਾਮਲੇ ‘ਤੇ ਬੋਲਣ ਦਾ ਕੋਈ ਹੱਕ ਨਹੀਂ ਹੈ।

Share Button

Leave a Reply

Your email address will not be published. Required fields are marked *