ਰਾਮ ਰਹੀਮ ਦੇ ਡੇਰੇ ਦਾ ਆਈਟੀ ਹੈੱਡ ਤੇ ਡਰਾਇਵਰ ਗ੍ਰਿਫ਼ਤਾਰ ਅਤੇ ਬਰਾਮਦ ਹੋਈ ਇਹ ਖ਼ਾਸ ਚੀਜ਼

ss1

ਰਾਮ ਰਹੀਮ ਦੇ ਡੇਰੇ ਦਾ ਆਈਟੀ ਹੈੱਡ ਤੇ ਡਰਾਇਵਰ ਗ੍ਰਿਫ਼ਤਾਰ ਅਤੇ ਬਰਾਮਦ ਹੋਈ ਇਹ ਖ਼ਾਸ ਚੀਜ਼

ਸਿਰਸਾ : ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਸਾਧਵੀਆਂ ਨਾਲ ਰੇਪ ਦੇ ਜ਼ੁਰਮ ਵਿਚ 20 ਸਾਲ ਦੀ ਸਜ਼ਾ ਹੋਣ ਤੋਂ ਬਾਅਦ ਸਾਹਮਣੇ ਆ ਰਹੇ ਉਸ ਦੇ ਗੁਨਾਹਾਂ ਦੀ ਲਿਸਟ ਹੋਰ ਲੰਬੀ ਹੁੰਦੀ ਜਾ ਰਹੀ ਹੈ। ਗ੍ਰਿਫ਼ਤਾਰ ਹੋਣ ਤੋਂ ਪਹਿਲਾਂ ਰਾਮ ਰਹੀਮ ਦਾ ਖ਼ੌਫ਼ ਇੰਨਾ ਸੀ ਕਿ ਪਹਿਲਾਂ ਉਸ ਦੇ ਖਿ਼ਲਾਫ਼ ਆਵਾਜ਼ ਬੁਲੰਦ ਕਰਨ ਦੀ ਕੋਈ ਹਿੰਮਤ ਨਹੀਂ ਕਰ ਸਕਦਾ ਸੀ ਪਰ ਜਿਵੇਂ ਹੀ ਉਹ ਜੇਲ੍ਹ ਦੀਆਂ ਸਲਾਖਾਂ ਪਿੱਛੇ ਪਹੁੰਚਿਆ, ਉਸ ਦੇ ਜ਼ੁਲਮਾਂ ਦਾ ਸ਼ਿਕਾਰ ਹੋਏ ਲੋਕ ਵੀ ਇੱਕ-ਇੱਕ ਕਰਕੇ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ।
ਰਾਮ ਰਹੀਮ ਦੇ ਜੇਲ੍ਹ ਜਾਣ ਤੋਂ ਬਾਅਦ ਪੁਲਿਸ ਫੋਰਸ ਨੇ ਤਿੰਨ ਦਿਨਾਂ ਵਿਚ ਉਸ ਦੇ ਸਾਰੇ ਡੇਰੇ ਦੀ ਤਲਾਸ਼ੀ ਲਈ। ਇਸ ਤਲਾਸ਼ੀ ਦੌਰਾਨ ਡੇਰੇ ਬਹੁਤ ਹੀ ਹੈਰਾਨ ਕਰਨ ਵਾਲੀਆਂ ਵਸਤਾਂ ਬਰਾਮਦ ਹੋਈਆਂ, ਜਿਨ੍ਹਾਂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ। ਹੁਣ ਪੁਲਿਸ ਨੇ ਰਾਮ ਰਹੀਮ ਦੇ ਡੇਰੇ ਦੇ ਆਈਟੀ ਹੈੱਡ ਨੂੰ ਗ੍ਰਿਫ਼ਤਾਰ ਕੀਤਾ ਹੈ। ਵਿਨੀਤ ਪੁੱਤਰ ਸੁਭਾਸ਼ ਫਰੀਦਾਬਾਦ ਦਾ ਰਹਿਣ ਵਾਲਾ ਹੈ। ਇਸ ਤੋਂ ਇਲਾਵਾ ਡੇਰੇ ਦਾ ਡਰਾਇਵਰ ਹਰਮੇਲ ਸਿੰਘ ਨੂੰ ਵੀ ਗ੍ਰਿ਼ਫ਼ਤਾਰ ਕੀਤਾ ਗਿਆ ਹੈ।
ਤਲਾਸ਼ੀ ਅਭਿਆਨ ਦੌਰਾਨ ਡੇਰੇ ਵਿੱਚ ਲੱਗੇ 5 ਹਜ਼ਾਰ ਸੀਸੀਟੀਵੀ ਕੈਮਰਿਆਂ ਦੇ ਰਿਕਾਰਡ ਵਾਲੀ ਹਾਰਡ ਡਿਸਕ ਵੀ ਬਰਾਮਦ ਹੋਈ ਹੈ, ਜਿਸ ਵਿਚ ਰਾਮ ਰਹੀਮ ਦੇ ਜੇਲ੍ਹ ਤੋਂ ਪਹਿਲਾਂ ਤੱਕ ਦਾ ਸਾਰਾ ਰਿਕਾਰਡ ਜਮ੍ਹਾਂ ਹੈ। ਡੇਰੇ ਵਿਚ ਚੱਪੇ ‘ਤੇ ਕੈਮਰੇ ਲਗਾਏ ਹੋਏ ਸਨ। ਉਮੀਦ ਹੈ ਕਿ ਇਸ ਹਾਰਡ ਡਿਸਕ ਨੂੰ ਖੰਘਾਲਣ ਤੋਂ ਬਾਅਦ ਬਹੁਤ ਕੁਝ ਅਜਿਹਾ ਮਿਲੇਗਾ ਜੋ ਰਾਮ ਰਹੀਮ ਦੀਆਂ ਮੁਸ਼ਕਲਾਂ ਨੂੰ ਹੋਰ ਵਧਾਏਗਾ।
5 ਹਜ਼ਾਰ ਸੀਸੀਟੀਵੀ ਕੈਮਰਿਆਂ ਦੇ ਰਿਕਾਰਡ ਵਾਲੀ ਇਹ ਹਾਰਡ ਡਿਸਕ ਮੁੱਖ ਡੇਰੇ ਤੋਂ ਦੂਰ ਖੇਤਾਂ ਵਿਚ ਬਣੇ ਟਾਇਲਟ ਤੋਂ ਬਰਾਮਦ ਹੋਈ ਹੈ। ਲਗਭਗ 800 ਏਕੜ ਵਿਚ ਫੈਲੇ ਡੇਰੇ ਅਤੇ 91 ਏਕੜ ਵਿਚ ਬਣੇ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੇ ਮਹਿਲ ਦੀ ਸੀਸੀਟੀਵੀ ਰਿਕਾਰਡਿੰਗ ਵੀ ਇਸੇ ਹਾਰਡ ਡਿਸਕ ਵਿਚ ਕੈਦ ਹੈ।
ਦੱਸਿਆ ਜਾ ਰਿਹਾ ਹੈ ਕਿ ਗ੍ਰਿਫ਼ਤਾਰ ਕੀਤਾ ਗਿਆ ਹੈ ਆਈਟੀ ਹੈੱਡ ਵਿਨੀਤ ਹਿੰਸਾ ਦੌਰਾਨ ਮਿਲਕ ਪਲਾਂਟ ਅਤੇ ਸ਼ਾਹਪੁਰ ਬਿਜਲੀ ਘਰ ਵਿਚ ਅੱਗ ਲਗਾਉਣ ਵਾਲਿਆਂ ਵਿਚ ਵੀ ਸ਼ਾਮਲ ਸੀ। ਪੁਲਸ ਦਾ ਮੰਨਣਾ ਹੈ ਕਿ ਵਿਨੀਤ ਦੀ ਗ੍ਰਿਫ਼ਤਾਰੀ ਨਾਲ ਕਈ ਵੱਡੇ ਰਾਜ਼ਾਂ ਤੋਂ ਪਰਦਾ ਉੱਠੇਗਾ।
ਦੱਸ ਦੇਈਏ ਕਿ ਡੇਰੇ ਦੀ ਤਲਾਸ਼ੀ ਦੌਰਾਨ ਸਰਚ ਟੀਮ ਨੂੰ 1200 ਨਵੇਂ ਅਤੇ 7000 ਪੁਰਾਣੇ ਨੋਟ ਮਿਲੇ। ਪਲਾਸਟਿਕ ਦੀ ਕਰੰਸੀ, ਜਿਸ ਦੀ ਵਰਤੋਂ ਡੇਰੇ ਦੇ ਅੰਦਰ ਹੋਣ ਵਾਲੇ ਸਮਾਨਾਂ ਦੀ ਖ਼ਰੀਦੋ ਫਰੋਖ਼ਤ ਵਿਚ ਹੁੰਦਾ ਹੈ। ਟੈਲੀਵਿਜ਼ਨ ਪ੍ਰਸਾਰਣ ਵਿਚ ਵਰਤੋਂ ਹੋਣ ਵਾਲੀ ਓਬੀ ਵੈਨ ਵੀ ਮਿਲੀ ਹੈ। ਬਿਨਾਂ ਨੰਬਰ ਵਾਲੀ ਕਾਲੇ ਰੰਗ ਦੀ ਲੈਕਸਸ ਲਗਜ਼ਰੀ ਕਾਰ ਮਿਲੀ।
ਕੰਪਿਊਟਰ, ਲੈਪਟਾਪ, ਹਾਰਡ ਡਿਸਕ ਤੋਂ ਇਲਾਵਾ ਬਿਨਾਂ ਲੇਵਲ ਵਾਲੀਆਂ ਦਵਾਈਆਂ ਮਿਲੀਆਂ ਹਨ। ਇਸ ਦੇ ਨਾਲ ਹੀ ਸੈਂਕੜੇ ਜੋੜੇ ਜੁੱਤੀਆਂ, ਡਿਜ਼ਾਇਨਰ ਕੱਪੜੇ ਅਤੇ ਟੋਪੀਆਂ ਮਿਲੀਆਂ, ਉਪਰਲੀ ਗੁਫ਼ਾ ਤੋਂ ਏਕੇ-47 ਦੇ ਮੈਗਜ਼ੀਨ ਦਾ ਕਵਰ ਵੀ ਬਰਾਮਦ ਹੋਇਆ। ਡੇਰੇ ਵਿਚ ਗਰਭਪਾਤ ਕਲੀਨਿਕ ਦਾ ਪਤਾ ਚੱਲਿਆ ਜੋ ਗ਼ੈਰਕਾਨੂੰਨੀ ਹੈ।

Share Button

Leave a Reply

Your email address will not be published. Required fields are marked *