ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ

ਰਾਜ ਪੰਛੀ ਬਾਜ਼

ਰਾਜ ਪੰਛੀ ਬਾਜ਼

ਬਾਜ਼ ਪ੍ਰਾਚੀਨ ਕਾਲ ਤੋਂ ਇਸ ਧਰਤੀ ਦੇ ਜਾਇਆਂ ਦਾ ਮਹਿਬੂਬ ਪੰਛੀ ਰਿਹਾ ਹੈ। ਸ਼ਿਕਾਰੀ ਨੂੰ ਆਪਣਾ ਪਾਲਤੂ ਬਣਾਉਣਾ ਪੰਜਾਬੀਆਂ ਦੇ ਬਾਹੂਬਲ ਦਾ ਪ੍ਰਤੀਕ ਹੈ। ਪੁਰਾਣੇ ਸਮਿਆਂ ਤੋਂ ਹੀ ਅਮੀਰ ਲੋਕ, ਰਾਜੇ ਮਹਾਰਾਜੇ ਬਾਜ਼ ਨੂੰ ਆਪਣੇ ਹੱਥ `ਤੇ ਰੱਖਦੇ ਅਤੇ ਸ਼ਿਕਾਰ ਖੇਡਦੇ ਸਨ। ਰੋਮਨ ਸਾਮਰਾਜ ਸਮੇਂ ਬਾਜ਼ ਫੌਜਾਂ ਦਾ ਚਿੰਨ੍ਹ ਹੁੰਦਾ ਸੀ। ਉੱਡਦਾ ਹੋਇਆ ਉਕਾਬ ਯੂਨਾਨੀਆਂ ਦਾ ਨਿਸ਼ਾਨ ਸੀ। ਹਿਟਲਰ ਦੀ ਥਰਡ ਰੀਚ ਦਾ ਨਿਸ਼ਾਨ ਉੱਡਦਾ ਹੋਇਆ ਬਾਜ਼ ਸੀ। ਅਮਰੀਕਾ ਵਿੱਚ ਬਾਜ਼ ਸਰਕਾਰੀ ਸ਼ਕਤੀ ਦਾ ਪ੍ਰਤੀਕ ਹੈ। ਬਾਜ਼ ਯੂ.ਏ.ਈ. ਦਾ ਰਾਸ਼ਟਰੀ ਪੰਛੀ ਹੈ।ਇਸਨੂੰ ਸ਼ਿਕਾਗੋ ਦਾ ਵੀ ਸਿਟੀ ਬਰਡ ਘੋਸ਼ਿਤ ਕੀਤਾ ਗਿਆ ਹੈ। ਸਿੱਖ ਧਰਮ ਵਿੱਚ ਵੀ ਬਾਜ਼ ਸ਼ਿਕਾਰੀ ਪੰਛੀ ਤੋਂ ਵੱਧ, ਸ਼ਕਤੀ ਦਾ ਪ੍ਰਤੀਕ ਬਣ ਗਿਆ ਹੈ।

ਬਾਜ਼ ਉਰਦੂ ਦਾ ਸ਼ਬਦ ਹੈ ਤੇ ਇਹ ਮਾਦਾ ਪੰਛੀ ਨੂੰ ਦਰਸਾਉਂਦਾ ਹੈ। ਨਰ ਪੰਛੀ ਨੂੰ ਯੁਰਾ ਕਿਹਾ ਜਾਂਦਾ ਹੈ। ਬਾਜ਼ (ਮਾਦਾ ਪੰਛੀ) ਨੂੰ ਹੀ ਬਤੌਰ ਸ਼ਿਕਾਰੀ ਪੰਛੀ ਵਰਤਿਆ ਜਾਂਦਾ ਹੈ। ਮਾਦਾ ਆਕਾਰ ਵਿੱਚ ਨਰ ਨਾਲੋਂ ਵੱਡੀ ਹੁੰਦੀ ਹੈ।

ਬਾਜ਼ ਫਾਲਕਨ ਵੰਸ਼ ਦਾ ਸ਼ਿਕਾਰੀ ਪੰਛੀ ਹੈ । ਫਾਲਕਨ ਵੰਸ਼ ਦੀਆਂ ਲਗਭਗ ਚਾਲੀ ਪ੍ਰਜਾਤੀਆਂ ਪਈਆਂ ਜਾਂਦੀਆਂ ਹਨ । ਬਾਜ਼ ਸ਼ਿਕਾਰੀ ਪੰਛੀ ਹੋਣ ਕਾਰਨ ਉੱਚੀਆਂ ਥਾਵਾਂ `ਤੇ ਬੈਠਣ ਦਾ ਆਦੀ ਹੈ । ਜਿਥੋਂ ਇਹ ਆਪਣੇ ਸ਼ਿਕਾਰ ਨੂੰ ਨੀਝ ਨਾਲ ਵੇਖ ਸਕੇ। ਸਾਰੇ ਸ਼ਿਕਾਰੀ ਪੰਛੀਆਂ ਦੀ ਤਰ੍ਹਾਂ ਇੱਕ ਤਾਂ ਬਾਜ਼ ਦੀ ਨਜ਼ਰ ਬਹੁਤ ਤੇਜ਼ ਹੁੰਦੀ ਹੈ । ਦੂਜਾ, ਇਸ ਨੂੰ ਵਸਤੂਆਂ ਆਕਾਰ ਨਾਲੋਂ ਵੱਡੀਆਂ ਨਜ਼ਰ ਆਉਂਦੀਆਂ ਹਨ। ਇਸਲਈ ਇਹ ਬਹੁਤ ਦੂਰੋਂ, ਛੋਟੀ ਤੋਂ ਛੋਟੀ ਚੀਜ਼ ਨੂੰ ਵੀ ਬਹੁਤ ਸਾਫ ਤੌਰ ‘ਤੇ ਵੇਖ ਸਕਦਾ ਹੈ। ਅਪਣੇ ਸ਼ਿਕਾਰ ਨੂੰ ਅਤੇ ਦੁਸ਼ਮਨ ਨੂੰ ਕਈ ਕੋਹਾਂ ਤੋਂ ਉਹ ਵੇਖ ਲੈਂਦਾ ਹੈ। ਉਹ ਅਪਣੇ ਸ਼ਿਕਾਰ ਨੂੰ ਅਪਣੀ ਦੂਰ ਦ੍ਰਿਸ਼ਟੀ ਨਾਲ ਫੌਰਨ ਹੀ ਪਹਿਚਾਨ ਲੈਂਦਾ ਹੈ, ਅਤੇ ਉਸ ਉਤੇ ਲਗਾਤਾਰ ਨਿਗਾਹ ਬਣਾਈ ਰਖਦਾ ਹੈ। ਇਹ ਅਪਣੇ ਤੋਂ 10 ਗੁਣਾ ਭਾਰੇ ਦਾ ਸ਼ਿਕਾਰ ਕਰ ਲੈਂਦਾ ਹੈ । ਇਹ ਪੰਛੀ ਦੇ ਪੰਜੇ ਬਹੁਤ ਮਜਬੂਤ ਹੁੰਦੇ ਹਨ ਇਸ ਦੀ ਚੁੰਝ ਸ਼ਿਕਾਰ ਕਾਰਨ ਲਈ ਥੋੜੀ ਜਿਹੀ ਹੁੱਕ ਵਾਂਗ ਮੁੜੀ ਹੋਈ ਹੁੰਦੀ ਹੈ ਜੋ ਕਾਬੂ ਆਏ ਸ਼ਿਕਾਰ ਨੂੰ ਪਲਾਂ ਵਿੱਚ ਹੀ ਦਬੋਚ ਕੇ ਚੀਰ ਸੁੱਟਦੀ ਹੈ । ਇਸ ਦੀ ਪਕੜ ਵਿੱਚ ਇਤਨੀ ਤਾਕਤ ਹੁੰਦੀ ਹੈ ਕਿ ਉਹ ਅਪਣੇ ਨਾਲੋਂ ਕਈ ਗੁਣਾਂ ਵੱਡੇ ਜਾਨਵਰ, ਹਿਰਨ ਆਦਿਕ ਨੂੰ ਵੀ ਪਕੜ ਕੇ ਮਾਰ ਸਕਦਾ ਹੈ। ਇਸ ਦਾ ਸ਼ਿਕਾਰ ਉਸ ਦੀ ਮਜਬੂਤ ਪਕੜ ਤੋਂ ਛੁਟ ਨਹੀਂ ਸਕਦਾ। ਇਹ ਅਪਣਾ ਸ਼ਿਕਾਰ ਖੁਦ ਕਰ ਕੇ ਅਪਣਾ ਢਿੱਡ ਭਰਦਾ ਹੈ। ਦੂਜੇ ਦਾ ਜੂਠਾ ਜਾਂ ਮਾਰਿਆ ਮੁਰਦਾ ਸ਼ਿਕਾਰ ਉਹ ਨਹੀਂ ਖਾਂਦਾ, ਭਾਂਵੇਂ ਇਸ ਨੂੰ ਭੁਖਾ ਹੀ ਕਿਉਂ ਨਾ ਰਹਿਣਾ ਪਵੇ।

ਇਹ ਅਕਾਸ਼ ਵਿੱਚ ਉੱਡਦਾ ਹੋਇਆ ਇੱਕੋ ਸਮੇਂ ਵਿੱਚ ਦੋ ਥਾਵਾਂ ਤੇ ਫੋਕਸ ਕਰ ਸਕਦਾ ਹੈ। ਬਾਜ਼ਾਂ ਨੂੰ ਚੂਹੇ, ਕਿਰਲੀਆਂ ਦਾ ਸ਼ਿਕਾਰ ਕਰਨਾ ਪਸੰਦ ਹੈ। ਸੱਪ ਵੀ ਇਨ੍ਹਾਂ ਦੇ ਭੋਜਨ ਵਿੱਚ ਸ਼ਾਮਲ ਹਨ। ਬਾਜ਼ ਦੀ ਇਹ ਖੂਬੀ ਹੈ ਕਿ ਉਹ ਹਮੇਸ਼ਾ ਹਵਾ ਦੀ ਦਿਸ਼ਾ ਤੋਂ ਉਲਟ ਦਿਸ਼ਾ ਵੱਲ ਉੱਡਦਾ ਹੈ । ਜੇਕਰ ਇਹਨਾਂ ਪੰਛੀਆਂ ਦੇ ਨਿਵਾਸ ਦੀ ਗੱਲ ਕਰੀਏ ਤਾਂ ਇਹ ਅੰਟਾਰਕਟਿਕਾ ਅਤੇ ਪ੍ਰਸ਼ਾਂਤ ਟਾਪੂਆਂ ਨੂੰ ਛੱਡ ਕੇ ਸਾਰੇ ਮਹਾਂਦੀਪਾਂ ਵਿੱਚ ਰਹਿੰਦੇ ਹਨ। ਇਹ ਪੰਛੀ ਖੁੱਲ੍ਹੀਆਂ ਥਾਵਾਂ ਨੂੰ ਤਰਜੀਹ ਦਿੰਦੇ ਹਨ, ਇਹ ਟੁੰਡਰਾ ਤੋਂ ਰੇਗਿਸਤਾਨ ਤੱਕ ਹਰ ਜਗ੍ਹਾ ਮਿਲ ਸਕਦੇ ਹਨ ।

ਇਹ ਪੰਛੀ ਦੋ ਤੋਂ ਤਿੰਨ ਸਾਲ ਦੀ ਉਮਰ ਦੇ ਅੰਤਰਾਲ ਵਿੱਚ ਜਾ ਕੇ ਪ੍ਰਜਨਣ ਕਰਦੇ ਹਨ । ਮਾਦਾ ਕਿਸੇ ਦੂਰ ਦੁਰਾਡੇ ਸਥਾਨ ਤੇ ਜਾ ਕੇ ਜਾਂ ਕਿਸੇ ਉੱਚੀ ਚੱਟਾਨ, ਕਿਸੇ ਉੱਚੀ ਇਮਾਰਤ ਤੇ ਜਾ ਕੇ ਆਮ ਕਰਕੇ 3 ਤੋਂ 5 ਅੰਡੇ ਦਿੰਦੀ ਹੈ । ਅੰਡੇ ਗੁਲਾਬੀ ਤੋਂ ਭੂਰੇ ਰੰਗ ਦੇ ਹੁੰਦੇ ਹਨ ਅਤੇ ਲਗਭਗ 2 ਇੰਚ ਲੰਬੇ ਹੁੰਦੇ ਹਨ । ਲਗਭਗ ਇੱਕ ਮਹੀਨੇ ਵਿੱਚ,ਆਂਡਿਆਂ ਵਿਚੋਂ ਬੱਚੇ ਬਾਹਰ ਆ ਜਾਂਦੇ ਹਨ। ਬਾਜ਼ ਦੇ ਨਵਜੰਮੇ ਬੱਚਿਆਂ ਦਾ ਭਾਰ ਲਗਭਗ 1.5 ਔਂਸ ਹੁੰਦਾ ਹੈ, ਸਿਰਫ ਛੇ ਦਿਨਾਂ ਵਿੱਚ ਇਹ ਆਪਣਾ ਭਾਰ ਦੁੱਗਣਾ ਕਰ ਲੈਂਦੇ ਹਨ , ਤਿੰਨ ਹਫ਼ਤਿਆਂ ਵਿੱਚ ਭਾਰ ਦਸ ਗੁਣਾ ਵੱਧ ਜਾਂਦਾ ਹੈ। ਨੰਨ੍ਹੇ ਬਾਜਾਂ ਨੂੰ ਖੰਭ ਉੱਗਣ ਅਤੇ ਉੱਡਣਾ ਸਿਖਣਾ ਲਈ ਹੋਰ ਮਹੀਨਾ ਲੱਗਦਾ ਹੈ,ਜਦੋਂ ਉਹ ਬਾਲਗ ਦੇ ਆਕਾਰ ਤੇ ਪਹੁੰਚ ਜਾਂਦੇ ਹਨ । ਪਰ ਉਹ ਆਪਣੇ ਮਾਪਿਆਂ ਨੂੰ ਉਦੋਂ ਤੱਕ ਨਹੀਂ ਛੱਡਦੇ ਜਦੋਂ ਤੱਕ ਉਹ ਆਪਣੇ ਖੁਦ ਸ਼ਿਕਾਰ ਕਰਨ ਲਈ ਤਿਆਰ ਨਹੀਂ ਹੁੰਦੇ । ਉਹ ਲਗਭਗ 60 ਤੋਂ 80 ਦਿਨਾਂ ਤੱਕ ਸ਼ਿਕਾਰ ਕਰਨਾ ਸ਼ੁਰੂ ਕਰਦੇ ਹਨ।

ਬਾਜ਼ ਦੇ ਬੱਚੇ ਦੀ ਉੱਡਣ ਸਿਖਲਾਈ ਇੰਨੀ ਆਸਾਨ ਨਹੀਂ ਹੁੰਦੀ । ਬਾਕੀ ਪੰਛੀਆਂ ਨਾਲੋਂ ਬਾਜ਼ ਦੇ ਬੱਚੇ ਨੂੰ ਉੱਡਣਾ ਸਿਖਾਉਣ ਦੀ ਸਿਖਲਾਈ ਕਾਫੀ ਵੱਖਰੀ ਅਤੇ ਸਖ਼ਤ ਹੁੰਦੀ ਹੈ । ਅਜਿਹਾ ਕਰਨ ਲਈ ਮਾਦਾ ਬਾਜ਼ ਅਪਣੇ ਨੰਨੇ ਬੱਚੇ ਨੂੰ ਪੰਜਿਆਂ ਵਿਚ ਫੜ ਕੇ ਬਹੁਤ ਉਚਾਈ ਤੇ ਉਡੱ ਜਾਂਦੀ ਹੈ, ਲਗਭੱਗ 12 ਕਿਲੋਮੀਟਰ ਦੀ ਉਚਾਈ ਤੇ । ਇੰਨੀ ਉਚਾਈ ਤੇ ਪਹੁੰਚ ਕੇ ਮਾਦਾ ਬਾਜ਼ ਉਸਨੂੰ ਪੰਜਿਆਂ ਵਿਚੋਂ ਛੱਡ ਦਿੰਦੀ ਹੈ। ਉਪਰ ਤੋਂ ਥੱਲੇ ਧਰਤੀ ਵੱਲ ਆਉਂਦੇ ਸਮੇਂ ਲਗਭੱਗ 2 ਕਿਲੋਮੀਟਰ ਤੱਕ ਉਸ ਨੰਨ੍ਹੇ ਬੱਚੇ ਨੂੰ ਕੋਈ ਸਮਝ ਨਹੀਂ ਆਉਂਦੀ ਕਿ ਉਸ ਨਾਲ ਕੀ ਹੋ ਰਿਹਾ ਹੈ। ਕਾਫੀ ਥੱਲੇ ਆ ਜਾਣ ਤੋਂ ਬਾਅਦ ਉਸ ਨੰਨ੍ਹੇ ਬੱਚੇ ਦੇ ਖੰਭ ਜੋ ਕਜਾਇਨ ਨਾਲ ਚਿਪਕੇ ਹੁੰਦੇ ਹਨ ਖੁੱਲਣ ਲਗਦੇ ਹਨ ।

ਧਰਤੀ ਦੇ ਨੇੜੇ ਪਹੁੰਚ ਕੇ ਲਗਭਗ 3 ਕਿਲੋਮੀਟਰ ਦੀ ਉਚਾਈ ਤੇ ਪਹੁੰਚ ਕੇ ਨੰਨ੍ਹਾ ਬਾਜ਼ ਖੰਭ ਫੜ ਫੜਾਉਂਦਾ ਹੈ। ਪਰੰਤੂ ਉਸਦੇ ਖੰਭ ਇਨੇ ਮਜ਼ਬੂਤ ਨਹੀਂ ਹੋਏ ਕਿ ਉਹ ਉੱਡ ਸਕੇ ।ਫਿਰ ਮਾਦਾ ਬਾਜ਼ ਜੋ ਉਸਨੂੰ ਸਿਖਲਾਈ ਦੇ ਰਹੀ ਹੁੰਦੀ ਆ ਕੇ ਉਸਨੂੰ ਆਪਣੇ ਪੰਜਿਆਂ ਵਿੱਚ ਲੈ ਲੈਂਦੀ ਹੈ । ਅਜਿਹਾ ਵਾਰ ਵਾਰ ਹੁੰਦਾ ਹੈ । ਇਹ ਸਿਖਲਾਈ ਲਗਾਤਾਰ ਚਲਦੀ ਰਹਿੰਦੀ ਹੈ, ਜਦੋਂ ਤੱਕ ਇਹ ਉੱਡਣਾ ਸਿੱਖ ਨਹੀਂ ਲੈਂਦਾ। ਇਸ ਤਰਾਂ ਨੰਨ੍ਹਾ ਬਾਜ਼ ਆਗਾਜ ਕਰਦਾ ਹੈ, ਆਪਣੀ ਉਡਾਣ ਦਾ , ਦੂਰ ਅਸਮਾਨਾਂ ਵਿੱਚ ਸਫਰ ਦਾ, ਇੱਕ ਆਜ਼ਾਦ ਅਤੇ ਨਿਡਰ ਪੰਛੀ ਦੇ ਰੂਪ ਵਿੱਚ ।

ਜੇਕਰ ਇਸਦੇ ਜੀਵਨ ਕਾਲ ਦੀ ਗੱਲ ਕਰੀਏ ਤਾਂ ਬਾਜ ਦਾ ਜੀਵਨ ਕਾਲ ਲਗਭਗ 70 ਸਾਲ ਹੁੰਦਾ ਹੈ । ਆਪਣੇ ਜੀਵਨ ਦੇ 40 ਵੇਂ ਸਾਲ ਵਿੱਚ ਆਉਂਦੇ-ਆਉਂਦੇ ਇਸਦੇ ਸ਼ਰੀਰ ਵਿੱਚ ਬਦਲਾਵ ਆਉਣ ਲੱਗਦਾ ਹੈ। ਇਸ ਅਵਸਥਾ ਵਿੱਚ ਉਹ ਇੱਕ ਮਹੱਤਵਪੂਰਣ ਨਿਰਨਾ ਲੈਣ ਦੇ ਕਿਨਾਰੇ ਆ ਖੜਦਾ ਹੈ । ਉਸ ਹਾਲਤ ਵਿੱਚ ਉਸਦੇ ਸਰੀਰ ਦੇ 3 ਪ੍ਰਮੁੱਖ ਅੰਗ ਨਿਸ਼ਪ੍ਰਭਾਵੀ ਹੋਣ ਲੱਗਦੇ ਹਨ । ਇਸਦੇ ਪੰਜੇ ਲੰਮੇ ਅਤੇ ਲਚੀਲੇ ਹੋ ਜਾਂਦੇ ਹਨ ਜੋ ਸ਼ਿਕਾਰ ਤੇ ਪਕੜ ਬਣਾਉਣ ਵਿੱਚ ਨਕਾਰਾ ਹੋਣ ਲੱਗਦੇ ਹਨ । ਚੁੰਝ ਅੱਗੇ ਵੱਲ ਮੁੜ ਜਾਂਦੀ ਹੈਂ ਅਤੇ ਜੋ ਸ਼ਿਕਾਰ ਕਰਨ ਵਿੱਚ ਅੜਿੱਕਾ ਖੜਾ ਕਰਨ ਲੱਗਦੀ ਹੈਂ । ਇਸ ਪੜਾਵ ਵਿੱਚ ਪਹੁੰਚ ਕੇ ਇਸਦੇ ਖੰਭ ਭਾਰੀ ਹੋ ਜਾਂਦੇ ਹਨ ਅਤੇ ਸੀਨੇ ਨਾਲ ਚਿਪਕਣ ਕਰਕੇ ਪੂਰੀ ਤਰ੍ਹਾਂ ਨਾਲ ਖੁੱਲ੍ਹ ਨਹੀਂ ਸਕਦੇ ਜਿਸ ਨਾਲ ਇਸਦੀ ਉਡਾਨ ਸੀਮਤ ਹੋ ਜਾਂਦੀ ਹੈ । ਇਨ੍ਹਾਂ ਪਰਿਵਰਤਨਾਂ ਕਾਰਨ ਇਸਨੂੰ ਸ਼ਿਕਾਰ ਖੋਜਣ ,ਸ਼ਿਕਾਰ ਤੇ ਪਕੜ ਬਣਾਉਣ ਅਤੇ ਸ਼ਿਕਾਰ ਕੀਤਾ ਭੋਜਨ ਖਾਣ ਵਿੱਚ ਕਾਫੀ ਦਿੱਕਤ ਆਉਂਦੀ ਹੈ ।

ਇਹ ਤਿੰਨੇ ਪ੍ਰਕਿਰਿਆਵਾਂ ਆਪਣੀ ਧਾਰ ਗਵਾਚ ਲੈਂਦੀਆਂ ਹਨ । ਫਿਰ ਸ਼ੁਰੂ ਹੁੰਦਾ ਹੈ ਪੁਨਰ ਸਥਾਪਨ ਦਾ ਸਫ਼ਰ ਜੋ ਕਿ ਇਕ ਪ੍ਰਕਾਰ ਬਾਜ਼ ਦਾ ਪੁਨਰ ਜਨਮ ਹੀ ਹੁੰਦਾ ਹੈ। ਉਮਰ ਦੇ ਇਸ ਪੜਾਵ ਤੇ ਪਹੁੰਚ ਕੇ ਉਸਦੇ ਕੋਲ ਤਿੰਨ ਹੀ ਵਿਕਲਪ ਬਚਦੇ ਹਨ -ਦੇਹ ਤਿਆਗਣਾ , ਆਪਣੀ ਰੁਚੀ ਅਤੇ ਪ੍ਰਵਿਰਤੀ ਛੱਡ ਕੇ ਇੱਲ ਵਾਂਗ ਦੂਜਿਆਂ ਦੇ ਬਚੇ ਹੋਏ ਭੋਜਨ ਤੇ ਗੁਜਰ ਵਸਰ ਕਰੇ ਜਾਂ ਫਿਰ ਖ਼ੁਦ ਨੂੰ ਪੁਨਰਸਥਾਪਿਤ ਕਰੇ, ਅਸਮਾਨ ਦੇ ਨਿਰਦਵੰਦ ਏਕਾਧਿਪਤੀ ਦੇ ਰੂਪ ਵਿੱਚ । ਆਪਣੀ ਜੁਝਾਰੂ ਅਤੇ ਸਵੈਮਾਣ ਵਾਲੀ ਬਿਰਤੀ ਕਾਰਨ ਬਾਜ਼ ਪਹਿਲਾਂ ਦੋ ਵਿਕਲਪ ਜੋ ਭਾਵੇਂ ਸਰਲ ਅਤੇ ਤੇਜ਼ ਹਨ ,ਨੂੰ ਛੱਡ ਕੇ ਤੀਜਾ ਵਿਕਲਪ ਚੁਣਦਾ ਹੈ ਅਤੇ ਖ਼ੁਦ ਨੂੰ ਪੁਨਰਸਥਾਪਿਤ ਕਰਦਾ ਹੈਂ । ਇਹ ਅਤਿਅੰਤ ਪੀੜਾਦਾਈ ਹੁੰਦਾ ਹੈ । ਉਹ ਕਿਸੀ ਊਂਚੇ ਪਹਾੜ ਤੇ ਚਲਾ ਜਾਂਦਾ ਹੈਂ , ਇਕਾਂਤ ਵਿੱਚ ਅਪਣਾ ਆਲ੍ਹਣਾ ਬਣਾਉਂਦਾ ਹੈਂ ਅਤੇ ਖ਼ੁਦ ਨੂੰ ਪੁਨਰਸਥਾਪਿਤ ਕਰਨ ਦੀ ਪ੍ਰਕਿਰਿਆ ਆਰੰਭ ਕਰਦਾ ਹੈਂ । ਸਭ ਤੋਂ ਪਹਿਲਾਂ ਉਹ ਆਪਣੀ ਚੁੰਝ ਚੱਟਾਨ ਨਾਲ ਮਾਰ ਮਾਰ ਕੇ ਭੰਨ ਦਿੰਦਾ ਹੈਂ ਜੋ ਕਿ ਬਾਜ਼ ਲਈ ਬਹੁਤ ਕਸ਼ਟਦਾਇਕ ਹੁੰਦਾ ਹੈ ਅਤੇ ਉਹ ਉਡੀਕ ਕਰਦਾ ਹੈਂ ਚੁੰਝ ਦੇ ਮੁੜ ਉੱਗ ਆਉਣ ਤੱਕ । ਉਸਦੇ ਬਾਦ ਉਹ ਆਪਣਿਆਂ ਪੰਜੇ ਵੀ ਉਸੀ ਪ੍ਰਕਾਰ ਤੋੜ ਦਿੰਦਾ ਹੈਂ ਅਤੇ ਉਡੀਕ ਕਰਦਾ ਹੈਂ ਪੰਜਿਆਂ ਦਾ ਮੁੜ ਉੱਗ ਆਉਣ ਦਾ |

ਨਵੀਂ ਚੁੰਝ ਅਤੇ ਪੰਜੇ ਉੱਗ ਆ ਜਾਣ ਦੇ ਬਾਦ ਉਹ ਆਪਣਿਆਂ ਭਾਰੀ ਖੰਭਾਂ ਨੂੰ ਇੱਕ-ਇੱਕ ਕਰ ਨੋਂਚ ਕੇ ਕੱਢਦਾ ਹੈਂ ਅਤੇ ਖੰਭਾਂ ਦੇ ਮੁੜ ਉੱਗ ਆਉਣ ਦੀ ਉਡੀਕ ਕਰਦਾ ਹੈਂ । ਲਗਭਗ 150 ਦਿਨ ਦੀ ਪੀੜਾ ਅਤੇ ਉਡੀਕ ਦੇ ਬਾਦ ਮਿਲਦੀ ਹੈਂ ਉਹੀ ਸ਼ਾਨਦਾਰ ਅਤੇ ਊਚੀ ਉਡਾਨ , ਪਹਿਲਾਂ ਵਰਗੀ । ਇਸ ਪੁਨਰਸਥਾਪਨਾ ਦੇ ਬਾਦ ਉਹ 30 ਸਾਲ ਹੋਰ ਜਿਉਂਦਾ ਹੈਂ ,ਇੱਕ ਨਵੀਂ ਊਰਜਾ ,ਨਵੇਂ ਉਤਸਾਹ ਸਨਮਾਨ ਅਤੇ ਦ੍ਰਿੜਤਾ ਦੇ ਨਾਲ ।

ਇਤਿਹਾਸ, ਸਭਿਆਚਾਰ ਅਤੇ ਪੌਰਾਣਿਕ ਕਥਾਵਾਂ ਮੁਤਾਬਿਕ ਇਹ ਹਮੇਸ਼ਾਂ ਪ੍ਰਮੁੱਖਤਾ, ਚੜ੍ਹਦੀ ਕਲਾ, ਜੋਸ਼, ਅਤੇ ਆਜ਼ਾਦੀ ਦਾ ਪ੍ਰਤੀਕ ਹੈ।

ਜੇਕਰ ਇਤਿਹਾਸ ਵਿੱਚ ਨਜ਼ਰ ਮਾਰੀਏ ਤਾਂ ਪਤਾ ਚਲਦਾ ਹੈ ਕਿ ਸਿੱਖਾਂ ਵੱਲੋਂ ਮੁਗ਼ਲਾਂ ਖਿਲਾਫ਼ ਲੜੀ ਗਈ ਪਹਿਲੀ ਲੜਾਈ ਦਾ ਸਬੱਬ ਵੀ ਬਾਜ਼ ਹੀ ਬਣਿਆ ਉਨ੍ਹਾਂ ਦਿਨਾਂ ਸ਼ਿਕਾਰ ਖੇਡਣਾ ਸਿਰਫ਼ ਰਾਜਿਆਂ ਤਕ ਹੀ ਸੀਮਤ ਸੀ। ਪਰ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਨੇ ਆਪਣੇ ਸਾਰੇ ਸਿੱਖਾਂ ਨੂੰ ਹੁਕਮ ਦਿੱਤਾ ਸੀ ਕਿ ਉਹ ਸ਼ਿਕਾਰ ਖੇਡਣ ਅਤੇ ਵਧੀਆ ਨਿਸ਼ਾਨੇਬਾਜ਼ ਬਣਨ ਤਾਂ ਜੋ ਦੁਸ਼ਮਣ ਦਾ ਡਟ ਕੇ ਮੁਕਾਬਲਾ ਕੀਤਾ ਜਾ ਸਕੇ ਤੇ ਨਾਲ ਹੀ ਸਿੱਖ ਬਹਾਦਰ ਤੇ ਨਿਡਰ ਯੋਧੇ ਬਣ ਸਕਣ।

ਇੱਕ ਵਾਰੀ ਸ਼ਿਕਾਰ ਖੇਡਦੇ ਹੋਏ ਗ਼ੈਰ ਸਰਕਾਰੀ ਗੁਮਟਾਲਾ ਦੇ ਜੰਗਲ ਵਿੱਚ ਮੁਗ਼ਲ ਬਾਦਸ਼ਾਹ ਦੀ ਟੋਲੀ ਦਾ ਸ਼ਾਹੀ ਚਿੱਟਾ ਬਾਜ਼, ਜੋ ਈਰਾਨ ਦੇ ਸੁਲਤਾਨ ਵੱਲੋਂ ਬਾਦਸ਼ਾਹ ਜਹਾਂਗੀਰ ਨੂੰ ਤੋਹਫ਼ੇ ਵਜੋਂ ਭੇਟ ਕੀਤਾ ਗਿਆ ਸੀ, ਸਿੱਖਾਂ ਦੇ ਹੱਥ ਆ ਗਿਆ। ਜਦੋਂ ਮੁਗ਼ਲਾਂ ਨੇ ਇਹ ਵਾਪਸ ਮੰਗਿਆ ਤਾਂ ਸਿੱਖਾਂ ਨੇ ਬਾਜ਼ ਦੇਣ ਤੋਂ ਇਨਕਾਰ ਕਰ ਦਿੱਤਾ। ਮੁਗ਼ਲਾਂ ਨੇ ਇਸ ਬਾਰੇ ਲਾਹੌਰ ਦੇ ਗਵਰਨਰ ਕੋਲ ਸ਼ਿਕਾਇਤ ਕੀਤੀ। ਲਾਹੌਰ ਦੇ ਗਵਰਨਰ ਨੇ ਬਾਜ਼ ਵਾਪਸ ਨਾ ਕਰਨ ਦੀ ਸੂਰਤ ਵਿੱਚ ਸਿੱਖਾਂ ਨੂੰ ਮਾੜੇ ਨਤੀਜੇ ਭੁਗਤਣ ਦੀ ਚਿਤਾਵਨੀ ਦਿੱਤੀ। ਸਿੱਖਾਂ ਨੇ ਕਿਹਾ ਕਿ ਸਾਨੂੰ ਕਿਸੇ ਦੀ ਪਰਵਾਹ ਨਹੀਂ ਜੋ ਤੁਸੀਂ ਕਰਨਾ ਹੈ ਕਰ ਲਵੋ।

ਮੁਗ਼ਲਾਂ ਦੀ ਸ਼ਾਹੀ ਟੋਲੀ ਦੇ ਦੁਬਾਰਾ ਖਾਲੀ ਹੱਥ ਜਾਣ ’ਤੇ ਲਾਹੌਰ ਦੇ ਗਵਰਨਰ ਕੁਲੀਜ ਖ਼ਾਨ ਨੇ ਗੁੱਸੇ ਵਿੱਚ ਆ ਕੇ ਕਿਹਾ ਕਿ ਜੇ ਅੱਜ ਸਿੱਖਾਂ ਨੇ ਸਾਡੇ ਬਾਜ਼ ਨੂੰ ਹੱਥ ਪਾ ਲਿਆ ਹੈ ਤਾਂ ਕੱਲ੍ਹ ਸਾਡੇ ਤਾਜ ਵੀ ਹੱਥ ਪਾਉਣਗੇ। ਸੋ ਉਸ ਨੇ 7,000 ਮੁਗ਼ਲਾਂ ਦੀ ਫ਼ੌਜ ਦੇ ਕੇ ਕਮਾਂਡਰ ਮੁਖਲਿਸ ਖ਼ਾਨ ਨੂੰ ਸਿੱਖਾਂ ’ਤੇ ਹਮਲਾ ਬੋਲਣ ਦੇ ਹੁਕਮ ਦਿੰਦਿਆਂ ਸਭ ਨੂੰ ਖ਼ਤਮ ਕਰਨ ਲਈ ਕਿਹਾ। ਜਦੋਂ ਗੁਰੂ ਹਰਗੋਬਿੰਦ ਸਾਹਿਬ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਨੇ ਸਿੱਖਾਂ ਨੂੰ ਤਿਆਰ ਰਹਿਣ ਦੇ ਹੁਕਮ ਦਿੱਤੇ।

ਗੁਰੂ ਜੀ ਦੀ ਪੁੱਤਰੀ ਬੀਬੀ ਵੀਰੋ ਦਾ ਵਿਆਹ ਦੋ ਦਿਨ ਬਾਅਦ ਹੋਣਾ ਨਿਯਤ ਸੀ। ਉਸ ਵੇਲੇ ਬਾਜ਼ ਕਾਰਨ ਮੁਗ਼ਲਾਂ ਤੇ ਸਿੱਖਾਂ ਵਿਚਕਾਰ ਜੰਗ ਹੋਈ। ਇਸ ਵਿੱਚ 700 ਸਿੱਖਾਂ ਦਾ 7,000 ਮੁਗ਼ਲਾਂ ਨਾਲ ਮੁਕਾਬਲਾ ਹੋਇਆ। ਭਾਈ ਮਨੀ ਸਿੰਘ ਦੇ ਬਾਬੇ ਬੱਲੂ ਨੇ ਪੰਚਮ ਗੁਰੂ ਨੂੰ ਸ਼ਹੀਦ ਕਰਨ ਵਾਲੇ ਬਖ਼ਸ਼ੀ ਮੁਰਤਜ਼ਾ ਖਾਂ ਨੂੰ ਥਾਏਂ ਢੇਰੀ ਕਰ ਦਿੱਤਾ ਤੇ ਫਿਰ ਰਣ-ਤੱਤੇ ਵਿੱਚ ਜੂਝਦਾ ਹੋਇਆ ਖ਼ੁਦ ਸ਼ਹੀਦ ਹੋ ਗਿਆ। ਇਸ ਜੰਗ ਵਿੱਚ ਮੁਖਲਿਸ ਖ਼ਾਨ ਗੁਰੂ ਜੀ ਹੱਥੋਂ ਮਾਰਿਆ ਗਿਆ । 15 ਅਪਰੈਲ 1634 ਨੂੰ ਵਾਪਰੀ ਇਸ ਘਟਨਾ ਤੋਂ ‘ਮੀਰੀ-ਪੀਰੀ’ ਅਤੇ ‘ਸੰਤ-ਸਿਪਾਹੀ’ ਦੇ ਸੰਕਲਪ ਦਾ ਮਹਾਤਮ ਉਜਾਗਰ ਹੁੰਦਾ ਹੈ।

ਪੰਜਾਬ ਵਿੱਚ ਬਾਜ਼ ਅਤੇ ਤਾਜ ਖਾਤਰ ਲੜਾਈ ਸਦੀਆਂ ਪੁਰਾਣੀ ਹੈ। ਗੁਰੂ ਗੋਬਿੰਦ ਸਿੰਘ ਜੀ ਹਮੇਸ਼ਾਂ ਬਾਜ਼ ਨੂੰ ਆਪਣੇ ਕੋਲ ਰੱਖਦੇ ਸਨ। ਗੁਰੂ ਗੋਬਿੰਦ ਸਿੰਘ ਜੀ ਨੂੰ ਬਾਜ਼ਾਂ ਵਾਲਾ ਵੀ ਕਿਹਾ ਜਾਂਦਾ ਹੈ। ਉਨ੍ਹਾਂ ਨੇ ਸਦਾ ਨਿਤਾਣਿਆਂ ਵਿੱਚ ਤਾਣ ਭਰਨ ਖਾਤਰ ‘ਚਿੜੀਆਂ ਤੋਂ ਬਾਜ਼ ਤੁੜਾਉਣ’ ਲਈ ਪਹਿਰਾ ਦਿੱਤਾ। ਮਜ਼ਲੂਮਾਂ ਵਿੱਚ ਨਵੀਂ ਰੂਹ ਫੂਕ ਕੇ ਉਨ੍ਹਾਂ ਨੇ ਸਮੇਂ ਦੀ ਹਕੂਮਤ ਨੂੰ ਵੰਗਾਰਿਆ।

ਚਿੜੀਓਂ ਸੇ ਮੇਂ ਬਾਜ ਤੁੜਾਊਂ
ਸਵਾ ਲਾਖ ਸੇ ਏਕ ਲੜਾਊਂ
ਤਬੈ ਗੋਬਿੰਦ ਸਿੰਘ ਨਾਮ ਕਹਾਊਂ

ਪੰਜਾਬੀ ਵਿੱਚ ਬਾਜ਼ ਦਾ ਸਭ ਤੋਂ ਪਹਿਲਾਂ ਜ਼ਿਕਰ ਸਾਡੇ ਆਦਿ-ਕਵੀ ਬਾਬਾ ਫ਼ਰੀਦ ਨੇ ਕੀਤਾ ਹੈ:
ਫਰੀਦਾ ਦਰੀਆਵੈ ਕੰਨ੍ਹ੍ਹੈ ਬਗਲਾ ਬੈਠਾ ਕੇਲ ਕਰੇ ॥

ਕੇਲ ਕਰੇਦੇ ਹੰਝ ਨੋ ਅਚਿੰਤੇ ਬਾਜ ਪਏ ॥

ਬਾਜ ਪਏ ਤਿਸੁ ਰਬ ਦੇ ਕੇਲਾਂ ਵਿਸਰੀਆਂ ॥

ਜੋ ਮਨਿ ਚਿਤਿ ਨ ਚੇਤੇ ਸਨਿ ਸੋ ਗਾਲੀ ਰਬ ਕੀਆਂ ॥੯੯॥ (ਪੰਨਾ 1383)

ਬਾਜ਼ ਨੂੰ 1989 ਵਿੱਚ ਪੰਜਾਬ ਸਰਕਾਰ ਵੱਲੋਂ ਪੰਜਾਬ ਦਾ ਰਾਜ ਪੰਛੀ ਐਲਾਨਿਆ ਗਿਆ।

ਸ਼ੰਕਰ ਮਹਿਰਾ
ਕ੍ਰਿਸ਼ਨਾ ਨਗਰ, ਖੰਨਾ ( ਜਿਲ੍ਹਾ ਲੁਧਿਆਣਾ ) -141401
ਸੰਪਰਕ : 9988898227
Email: mehrashankar777@gmail.com

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

%d bloggers like this: