ਰਾਜਸਥਾਨ ਦੇ ਲਾਈਵ ਮਰਡਰ ਦੇ ਸ਼ਿਕਾਰ ਮੁਹੰਮਦ ਅਫ਼ਜ਼ਲ ਲਈ ਦਮਦਮੀ ਟਕਸਾਲ ਨੇ ਮਾਰਿਆ ਹਾਅ ਦਾ ਨਾਅਰਾ

ਰਾਜਸਥਾਨ ਦੇ ਲਾਈਵ ਮਰਡਰ ਦੇ ਸ਼ਿਕਾਰ ਮੁਹੰਮਦ ਅਫ਼ਜ਼ਲ ਲਈ ਦਮਦਮੀ ਟਕਸਾਲ ਨੇ ਮਾਰਿਆ ਹਾਅ ਦਾ ਨਾਅਰਾ
ਘਟ ਗਿਣਤੀ ਭਾਈ ਚਾਰਿਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਠੋਸ ਕਦਮ ਚੁੱਕੇ ਕੇਂਦਰ ਅਤੇ ਰਾਜ ਸਰਕਾਰਾਂ : ਬਾਬਾ ਹਰਨਾਮ ਸਿੰਘ ਖ਼ਾਲਸਾ
ਇਨਸਾਨੀਅਤ ਨੂੰ ਇਕ ਵਾਰ ਫਿਰ ਕੀਤਾ ਸ਼ਰਮਸਾਰ, ਵਹਿਸ਼ੀਪੁਣੇ ਨੇ ਨਵੰਬਰ ’84 ਦੇ ਸਿੱਖ ਨਸਲਕੁਸ਼ੀ ਦੀ ਯਾਦ ਤਾਜ਼ਾ ਕਰਾਈ
ਮੁਸਲਮਾਨ ਭਾਈਚਾਰੇ ਨੂੰ ਸੰਜਮ ਤੋਂ ਕੰਮ ਲੈਣ ਅਤੇ ਕਿਸੇ ਵੀ ਭੜਕਾਹਟ ‘ਚ ਨਾ ਆਉਣ ਦੀ ਕੀਤੀ ਅਪੀਲ

ਅੰਮ੍ਰਿਤਸਰ 8 ਦਸੰਬਰ (ਨਿਰਪੱਖ ਆਵਾਜ਼ ਬਿਊਰੋ) ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਰਾਜਸਥਾਨ ਦੇ ਰਾਜਸਮੰਦ ਦੇ ਲਾਈਵ ਮਰਡਰ ਨੂੰ ਗੰਭੀਰ ਮਾਮਲਾ ਕਰਾਰ ਦਿੰਦਿਆਂ ਇਸ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਅਤੇ ਕੇਂਦਰ ਅਤੇ ਰਾਜ ਸਰਕਾਰਾਂ ਤੋਂ ਘੱਟਗਿਣਤੀ ਭਾਈ ਚਾਰਿਆਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਮੰਗ ਕੀਤੀ ਹੈ। ਉਹਨਾਂ ਕਿਹਾ ਕਿ ਫਿਰਕਾਪ੍ਰਸਤੀ ਹੇਠ ਦੋਸ਼ੀ ਸ਼ੰਭੂਲਾਲ ਰੈਗਰ ਵੱਲੋਂ ਇੱਕ ਬੇਕਸੂਰ ਨਿਹੱਥੇ ਅਤੇ ਜਾਨ ਦੀ ਸਲਾਮਤੀ ਲਈ ਤਰਲੇ ਲੈ ਰਹੇ ਮਜ਼ਦੂਰ ਮੁਹੰਮਦ ਅਫ਼ਜ਼ਲ ਨੂੰ ਤੇਜ਼ਧਾਰ ਹਥਿਆਰਾਂ ਨਾਲ ਕੋਹ ਕੋਹ ਕੇ ਮਾਰਨ ਉਪਰੰਤ ਮ੍ਰਿਤਕ ਸਰੀਰ ਨੂੰ ਪੈਟਰੋਲ ਪਾ ਕੇ ਅੱਗ ਲਾਉਣ ਦੀ ਹੌਲਨਾਕ ਵਾਰਦਾਤ ਨੇ ਇਨਸਾਨੀਅਤ ਨੂੰ ਇਕ ਵਾਰ ਫਿਰ ਸ਼ਰਮਸਾਰ ਕਰਦਿਤਾ ਹੈ ਅਤੇ ਇਸ ਵਹਿਸ਼ੀਪੁਣੇ ਨੇ ਨਵੰਬਰ ’84 ਦੌਰਾਨ ਦਿੱਲੀ ਸਮੇਤ ਹੋਰਨਾਂ ਸ਼ਹਿਰਾਂ ਵਿੱਚ ਸਿੱਖਾਂ ਦੀ ਕੀਤੀ ਗਈ ਨਸਲਕੁਸ਼ੀ ਦੀ ਯਾਦ ਤਾਜ਼ਾ ਕਰਾ ਦਿੱਤੀ ਹੈ। ਉਹਨਾਂ ਕਿਹਾ ਕਿ ਦੋਸ਼ੀ ਵੱਲੋਂ ਕਤਲ ਦੀ ਵੀਡੀਉ ਬਣਾ ਕੇ ਲਾਈਵ ਕਰਦਿਆਂ ਘਟ ਗਿਣਤੀ ਭਾਈ ਚਾਰਿਆਂ ‘ਚ ਦਹਿਸ਼ਤ ਪੈਦਾ ਕਰਨ ਦੀ ਵੀ ਕੋਸ਼ਿਸ਼ ਕੀਤੀ ਗਈ । ਉਹਨਾਂ ਕਿਹਾ ਕਿ ਉਕਤ ਜ਼ਾਲਮਾਨਾ ਵਾਰਦਾਤ ਨੂੰ ਕਿਸੇ ਇਕੱਲੇ ਵੱਲੋਂ ਅੰਜਾਮ ਦਿੱਤਾ ਗਿਆ ਨਹੀਂ ਹੋ ਸਕਦਾ ਉਸ ਪਿੱਛੇ ਛੁਪੀਆਂ ਤਾਕਤਾਂ ਦਾ ਪਰਦਾਫਾਸ਼ ਕਰਨਾ ਜ਼ਰੂਰੀ ਹੈ। ਉਹਨਾਂ ਕਿਹਾ ਕਿ ਉਕਤ ਵਹਿਸ਼ੀ ਅਤੇ ਬੁਚੜਪੁਣੇ ਨੇ ਦੁਨੀਆ ਭਰ ‘ਚ ਭਾਰਤ ਦਾ ਸਿਰ ਨੀਵਾਂ ਅਤੇ ਬਦਨਾਮ ਕਰਕੇ ਰਖ ਦਿੱਤਾ ਹੈ। ਉਹਨਾਂ ਮ੍ਰਿਤਕ ਮਜ਼ਦੂਰ ਮੁਹੰਮਦ ਅਫ਼ਜ਼ਲ ਲਈ ਹਾਅ ਦਾ ਨਾਅਰਾ ਮਾਰਦਿਆਂ ਮੁਸਲਮਾਨ ਭਾਈਚਾਰੇ ਨੂੰ ਵੀ ਸੰਜਮ ਤੋਂ ਕੰਮ ਲੈਣ ਅਤੇ ਕਿਸੇ ਵੀ ਭੜਕਾਹਟ ‘ਚ ਨਾ ਆਉਣ ਦੀ ਅਪੀਲ ਕੀਤੀ। ਉਹਨਾਂ ਕਿਹਾ ਕਿ ਕੁੱਝ ਫਿਰਕਾਪ੍ਰਸਤ ਲੋਕ ਦੇਸ਼ ਵਿੱਚ ਭਾਈਚਾਰਕ ਸਾਂਝ ਨੂੰ ਤਾਰਪੀਡੋ ਕਰਦਿਆਂ ਅਰਾਜਕਤਾ ਫੈਲਾਉਣ ਦੀ ਤਾਕ ਵਿੱਚ ਹਨ ਜਿਸ ਨੂੰ ਕਿਸੇ ਵੀ ਹਾਲਤ ਵਿੱਚ ਸਹਿਣ ਨਹੀਂ ਕੀਤਾ ਜਾ ਸਕਦਾ। ਉਹਨਾਂ ਕਿਹਾ ਕਿ ਘਟ ਗਿਣਤੀ ਭਾਈ ਚਾਰਿਆਂ ਦੀ ਜਾਨ ਮਾਨ ਦੀ ਰਾਖੀ ਯਕੀਨੀ ਬਣਾਉਣ ਅਤੇ ਸ਼ੰਭੂਲਾਲ ਵਰਗੇ ਫਿਰਕਾਪ੍ਰਸਤਾਂ ਨੂੰ ਨੱਠ ਪਾਉਣ ਲਈ ਸਖ਼ਤ ਕਦਮ ਚੁੱਕੇ ਜਾਣ ਲਈ ਕਿਹਾ।ਉਹਨਾਂ ਮ੍ਰਿਤਕ ਦੇ ਪਰਿਵਾਰਕ ਮੈਂਬਰ ਨੂੰ ਸਰਕਾਰੀ ਨੌਕਰੀ ਅਤੇ ਸੋਗ ਮੁਆਵਜ਼ਾ ਦੇਣ ਦੀ ਮੰਗ ਦੇ ਨਾਲ ਦੋਸ਼ੀਆਂ ਪ੍ਰਤੀ ਸਖ਼ਤ ਕਾਰਵਾਈ ਕਰਦਿਆਂ ਫਾਂਸੀ ਦੀ ਸਜਾ ਦੇਣ ਦੀ ਮੰਗ ਵੀ ਕੀਤੀ। ਉਹਨਾਂ ਕਿਹਾ ਕਿ ਦੋਸ਼ੀਆਂ ਨੂੰ ਮਿਸਾਲੀ ਸਜਾ ਦਿੱਤੀ ਜਾਣਾ ਚਾਹੀਦੀ ਹੈ ਤਾਂ ਕਿ ਭਵਿੱਖ ਦੌਰਾਨ ਕੋਈ ਵੀ ਫਿਰਕਾਪ੍ਰਸਤ ਕਿਸੇ ਮਜ਼ਲੂਮ ਨੂੰ ਨਿਸ਼ਾਨਾ ਨਾ ਬਣਾ ਸਕੇ।

Share Button

Leave a Reply

Your email address will not be published. Required fields are marked *

%d bloggers like this: