Fri. Aug 23rd, 2019

ਰਾਜਨੀਤੀ ਨੇ ਦਿੱਲੀ ਕਮੇਟੀ ਦੀ ਛੱਬੀ ਤੇ ਸਾਖ ‘ਤੇ ਮਾਰੀ ਸੱਟ?

ਰਾਜਨੀਤੀ ਨੇ ਦਿੱਲੀ ਕਮੇਟੀ ਦੀ ਛੱਬੀ ਤੇ ਸਾਖ ‘ਤੇ ਮਾਰੀ ਸੱਟ?

-ਜਸਵੰਤ ਸਿੰਘ ‘ਅਜੀਤ’

ਬੀਤੇ ਦਿਨੀਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖੀਆਂ ਵਲੋਂ ਗੁਰਦੁਆਰਾ ਪ੍ਰਬੰਧ ਵਿੱਚ ਸੁਧਾਰ ਅਤੇ ਉਸਦੇ ਕੰਮ-ਕਾਜ ਵਿੱਚ ਪਾਰਦਰਸ਼ਤਾ ਲਿਆਉਣ ਦੇ ਉਦੇਸ਼ ਨੂੰ ਮੁੱਖ ਰਖਦਿਆਂ ਦਿੱਲੀ ਦੇ ਪਤਵੰਤੇ ਸਿੱਖਾਂ ਨਾਲ ਉਚ-ਪੱਧਰੀ ਵਿਚਾਰ-ਵਟਾਂਦਰਾ ਕਰਨ ਲਈ ਇੱਕ ਬੈਠਕ ਦਾ ਅਯੋਜਨ ਕੀਤਾ ਗਿਆ। ਦਸਿਆ ਗਿਐ ਕਿ ਇਸ ਬੈਠਕ ਵਿੱਚ ਫੈਸਲਾ ਲਿਆ ਗਿਆ ਹੈ ਕਿ ਗੁਰਦੁਆਰਾ ਕਮੇਟੀ ਨਾਲ ਸੰਬੰਧਤ ਸਾਰੀਆਂ (ਵੱਖ-ਵੱਖ) ਸੇਵਾਵਾਂ ਲਈ ਕੌਂਸਲਾਂ ਦਾ ਗਠਨ ਕੀਤਾ ਜਾਏ ਅਤੇ ਇਨ੍ਹਾਂ ਕੌਂਸਲਾਂ ਵਿੱਚ ਗੁਰਦੁਆਰਾ ਕਮੇਟੀ ਦੇ ਮੈਂਬਰਾਂ ਦੇ ਨਾਲ-ਨਾਲ ਗੈਰ-ਮੈਂਬਰ ਸਿੱਖ ਮੁੱਖੀਆਂ ਨੂੰ ਵੀ ਪ੍ਰਤੀਨਿਧਤਾ ਦਿੱਤੀ ਜਾਏ। ਇਸਦੇ ਨਾਲ ਹੀ ਇਹ ਵੀ ਫੈਸਲਾ ਕੀਤਾ ਗਿਆ ਕਿ ਕੌਂਸਲਾਂ ਵਿੱਵ ਸ਼ਾਮਲ ਗੈਰ-ਮੈਂਬਰ ਸਿੱਖ ਮੁੱਖੀਆਂ ਨੂੰ ਗੁਰਦੁਆਰਾ ਕਮੇਟੀ ਦੇ ਮੈਂਬਰਾਂ ਨਾਲੋਂ ਵੱਧੇਰੇ ਅਧਿਕਾਰ ਦਿੱਤੇ ਜਾਣ। ਜਿਥੋਂ ਤਕ ਇਹ ਬੈਠਕ ਅਯੋਜਿਤ ਕੀਤੇ ਜਾਣ ਅਤੇ ਇਸ ਵਿੱਚ ਲਏ ਗਏ ਫੈਸਲਿਆਂ ਦਾ ਸੰਬੰਧ ਹੈ, ਇਸ ਗਲ ਵਿੱਚ ਕਿਸੇ ਤਰ੍ਹਾਂ ਦੀ ਸ਼ੰਕਾ ਹੋਣ ਦੀ ਕੋਈ ਸੰਭਾਵਨਾ ਵਿਖਾਈ ਨਹੀਂ ਦਿੰਦੀ ਕਿ ਗੁਰਦੁਆਰਾ ਕਮੇਟੀ ਦੇ ਮੁੱਖੀ ਕਮੇਟੀ ਦੀ ਲਗਾਤਾਰ ਵਿਗੜ ਰਹੀ ਛੱਬੀ ਅਤੇ ਉਸਦੀ ਡਿਗਦੀ ਜਾ ਰਹੀ ਸਾਖ ਤੋਂ ਬਹੁਤ ਚਿੰਤਤ ਹਨ ਅਤੇ ਉਸ ਵਿੱਚ ਸੁਧਾਰ ਲਿਆਉਣ ਪ੍ਰਤੀ ਗੰਭੀਰ ਅਤੇ ਈਮਾਨਦਾਰ ਹਨ।
ਪ੍ਰਤੀਕ੍ਰਿਆ : ਇਸ ਬੈਠਕ ਵਿੱਚ ਸ਼ਾਮਲ ਗੁਰਦੁਆਰਾ ਕਮੇਟੀ ਦੇ ਇੱਕ ਸਾਬਕਾ ਮੈਂਬਰ, ਜੋ ਗੁਰਦੁਆਰਾ ਪ੍ਰਬੰਧ ਨਾਲ ਲੰਮੇ ਸਮੇਂ ਤਕ ਜੁੜੇ ਰਹੇ, ਨੇ ਨਿਜੀ ਗਲਬਾਤ ਵਿੱਚ ਦਸਿਆ ਕਿ ਜਿਸ ਉਦੇਸ਼ ਨੂੰ ਲੈ ਕੇ, ਇਸ ਬੈਠਕ ਦਾ ਅਯੋਜਨ ਕੀਤਾ ਗਿਆ ਦਸਿਆ ਜਾ ਰਿਹਾ ਹੈ, ਉਹ ਇੱਕ ਵਿਖਾਵਾ ਮਾਤ੍ਰ ਹੈ। ਉਨ੍ਹਾਂ ਨੇ ਕੁਝ ਹੋਰ ਕਹਿਣ ਤੋਂ ਪਹਿਲਾਂ ਪੁਛਿਆ ਕਿ ਇਸਤੋਂ ਪਹਿਲਾਂ ਵੀ ਤਾਂ ਗੁਰਦੁਆਰਾ ਕਮੇਟੀ ਦੇ ਪ੍ਰਬੰਧਕਾਂ ਵਲੋਂ ਵੱਡੇ-ਵੱਡੇ ਦਾਅਵਿਆਂ ਦੇ ਨਾਲ ਕਮੇਟੀ ਦੀਆਂ ਵਿਦਿਅਕ ਸੰਸਥਾਵਾਂ ਨੂੰ ਵਰਤਮਾਨ ਸੰਕਟ ਵਿਚੋਂ ਉਭਾਰਨ ਅਤੇ ਗੁਰਦੁਆਰਾ ਬਾਲਾ ਸਾਹਿਬ ਵਿੱਖੇ 500 ਬਿਸਤਰਿਆਂ ਦੇ ਹਸਪਤਾਲ ਨੂੰ ਆਧੁਨਿਕ ਸਹੂਲਤਾਂ ਨਾਲ ਲੈਸ ਕਰ, ਚਲਾਏ ਜਾਣ ਦੇ ਮੁਦਿਆਂ ਨੂੰ ਲੈ ਕੇ ਦਿੱਲੀ ਦੇ ਪਤਵੰਤੇ ਸਿੱਖਾਂ ਨਾਲ ਸਲਾਹ-ਮਸ਼ਵਰਾ ਕਰਨ ਲਈ ਬੈਠਕਾਂ ਕੀਤੀਆਂ ਗਈਆਂ ਸਨ ਅਤੇ ਉਨ੍ਹਾਂ ਬੈਠਕਾਂ ਦੀ ਸਫਲਤਾ ਨੂੰ ਲੈ ਕੇ ਬਗਲਾਂ ਵੀ ਵਜਾਈਆਂ ਗਈਆਂ। ਇਤਨਾ ਹੀ ਨਹੀਂ ਉਨ੍ਹਾਂ ਬੈਠਕਾਂ ਵਿੱਚ ਲਏ ਗਏ ਫੈਸਲਿਆਂ ਪੁਰ ਜਲਦੀ-ਤੋਂ-ਜਲਦੀ ਅਮਲ ਕੀਤੇ ਜਾਣ ਦੇ ਦਾਅਵੇ ਵੀ ਕੀਤੇ ਗਏ ਸਨ। ਪਰ ਹੋਇਆ ਕੀ? ‘ਖੋਤੀ ਬੋਹੜ ਥਲੇ ਹੀ’ ਰਹੀ’!
ਮੁੱਖ ਸੁਆਲ : ਮੰਨਿਆ ਜਾਂਦਾ ਹੈ ਕਿ ਇਸ ਸਮੇਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਹਮਣੇ ਮੁਖ ਸੁਆਲ ਇਹ ਨਹੀਂ ਕਿ ਗੁਰਦੁਆਰਾ ਕਮੇਟੀ ਦੀ ਲਗਾਤਾਰ ਵਿਗੜ ਰਹੀ ਛੱਬੀ ਅਤੇ ਡਿਗਦੀ ਚਲੀ ਜਾ ਰਹੀ ਸਾਖ ਨੂੰ ਕਿਵੇਂ ਸੰਭਾਲਿਆ ਜਾਏ? ਸਗੋਂ ਉਸਦੇ ਸਾਹਮਣੇ ਸੋਚਣ-ਸਮਝਣ ਅਤੇ ਵਿਚਾਰਨ ਦਾ ਸਭ ਤੋਂ ਵੱਡਾ ਅਤੇ ਮੁੱਖ ਸੁਆਲ ਇਹ ਹੈ ਕਿ ਆਖਿਰ ਉਹ ਕਿਹੜੇ ਕਾਰਣ ਹਨ, ਜਿਨ੍ਹਾਂ ਦੇ ਚਲਦਿਆਂ ਗੁਰਦੁਆਰਾ ਕਮੇਟੀ ਨੂੰ ਵਰਤਮਾਨ ਸੰਕਟਪੂਰਣ ਹਾਲਾਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਨ੍ਹਾਂ ਦੇ ਚਲਦਿਆਂ ਨਾ ਤਾਂ ਪ੍ਰਬੰਧ ਵਿੱਚ ਸੁਧਾਰ ਆ ਰਿਹਾ ਹੈ ਤੇ ਨਾ ਹੀ ਲੀਹੋਂ ਲੱਥੇ ਹਾਲਾਤ ਕਾਬੂ ਵਿੱਚ ਆ ਰਹੇ ਹਨ। ਜਿਸ ਕਾਰਣ ਉਸਦੀ ਛੱਬੀ ਲਗਾਤਾਰ ਵਿਗੜਦੀ ਅਤੇ ਸਾਖ ਡਿਗਦੀ ਚਲੀ ਜਾ ਰਹੀ ਹੈ? ਪ੍ਰਬੰਧਕਾਂ ਵਲੋਂ ਇਹ ਸੁਆਲ ਸ਼ਾਇਦ ਇਸ ਕਰਕੇ ਵਿਚਾਰ-ਅਧੀਨ ਨਹੀਂ ਲਿਆਂਦਾ ਜਾਂਦਾ, ਉਨ੍ਹਾਂ ਨੂੰ ਪਤਾ ਹੈ ਕਿ ਜੇ ਇਸ ਮੁੱਦੇ ਨੂੰ ਵਿਚਾਰ-ਅਧੀਨ ਲਿਆਂਦਾ ਤਾਂ ਉਹ ਆਪ ਹੀ ਨੰਗੇ ਹੋ ਜਾਣਗੇ! ਕਿਉਂਕਿ ਉਹ ਜਾਣਦੇ ਹਨ ਕਿ ਉਨ੍ਹਾਂ ਗੁਰਦੁਆਰਾ ਪ੍ਰਬੰਧ ਅਤੇ ਗੁਰਦੁਆਰਿਆਂ ਦੀ ਮਰਿਆਦਾ ਨੂੰ ਕਾਇਮ ਰਖਣ ਦੀ ਬਜਾਏ ਆਪਣਾ ਸਾਰਾ ਧਿਆਨ ਆਪਣੀ ਅਤੇ ਆਪਣੇ ਆਕਾਵਾਂ ਦੀ ਰਾਜਸੀ ਛੱਬੀ ਨੂੰ ਸੁਧਾਰਣ ਵਿੱਚ ਲਗਾ ਰਹਿੰਦਾ ਹੈ, ਜਿਸਦੇ ਫਲਸਰੂਪ ਗੁਰਦੁਆਰਾ ਕਮੇਟੀ ਦੇ ਪ੍ਰਬੰਧ ਅਤੇ ਉਸਦੀ ਸਾਖ ਪੁਰ ਬੁਰਾ ਪ੍ਰਭਾਵ ਪੈ ਰਿਹਾ ਹੈ। ਇਸਲਈ ਉਹ ਨਹੀਂ ਚਾਹੁੰਦੇ ਕਿ ਉਨ੍ਹਾਂ ਦੇ ਆਪਣੇ ‘ਗੁਨਾਹਾਂ’ ਤੋਂ ਪਰਦਾ ਉਠੇ ਤੇ ਉਨ੍ਹਾਂ ਦੇ ਜਗ-ਜਾਹਿਰ ਹੋ ਜਾਣ ਨਾਲ ਉਨ੍ਹਾਂ ਨੂੰ ਦਿੱਲੀ ਦੀਆਂ ਸੰਗਤਾਂ ਸਾਹਮਣੇ ਸ਼ਰਮਸਾਰ ਹੋਣਾ ਪੈ ਜਾਏ। ਇਹੀ ਕਾਰਣ ਹੈ ਕਿ ਉਹ ਇਧਰ-ਉਧਰ ਦੀਆਂ ਗਲਾਂ ਵਿੱਚ ਭਟਕਾ, ਸੱਚਾਈ ਨੂੰ ਛੁਪਾਈ ਰਖਣਾ ਚਾਹੁੰਦੇ ਹਨ।
ਲੋਕੀ ਪੁਛਦੇ ਹਨ : ਕੀ ਸੱਚਮੁਚ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖੀਆਂ ਨੂੰ ਇਹ ਨਹੀਂ ਪਤਾ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਛੱਬੀ ਪ੍ਰਭਾਵਤ ਹੋਣ ਦਾ ਇੱਕ ਮੁੱਖ ਕਾਰਣ ਉਨ੍ਹਾਂ ਦੇ ਪ੍ਰਬੰਧ-ਅਧੀਨ ਚਲਣ ਵਾਲੀਆਂ ਵਿਦਿਅਕ ਸੰਸਥਾਵਾਂ ਦੇ ਸਟਾਫ ਨੂੰ ਤਿੰਨ-ਤਿੰਨ ਮਹੀਨੇ ਤਨਖਾਹ ਦਾ ਨਾ ਮਿਲਣਾ ਵੀ ਹੈ, ਜਿਸਦੇ ਚਲਦਿਆਂ ਉਨ੍ਹਾਂ ਨੂੰ ਪ੍ਰੇਸ਼ਾਨ ਅਤੇ ਦੁਖੀ ਹੋ ਪ੍ਰਬੰਧਕਾਂ ਵਿਰੁਧ ਸੜਕਾਂ ਪੁਰ ਉਤਰ ਪ੍ਰਦਰਸ਼ਨ ਕਰਨ ਅਤੇ ਆਪਣੀ ਤਨਖਾਹ ਵਸੂਲਣ ਲਈ ਅਦਾਲਤਾਂ ਦਾ ਦਰਵਾਜ਼ਾ ਖਟਖਟਾਣ ਤੇ ਮਜਬੂਰ ਹੋਣਾ ਪੈ ਰਿਹਾ ਹੈ। ਮੰਨਿਆ ਜਾਂਦਾ ਹੈ ਕਿ ਸੱਚਾਈ ਤਾਂ ਇਹ ਹੈ ਕਿ ਗੁਰਦੁਆਰਾ ਕਮੇਟੀ ਦੇ ਮੁੱਖੀਆਂ ਨੇ ਗੁਰਦੁਆਰਾ ਕਮੇਟੀ ਨੂੰ ਆਪਣੀ ਰਾਜਸੀ ਲਾਲਸਾ ਨੂੰ ਪੂਰਿਆਂ ਕਰਨ ਦਾ ਸਾਧਨ ਬਣਾ ਰਖਿਆ ਹੈ। ਜਿਸ ਕਾਰਣ ਉਹ ਗੁਰਦੁਆਰਾ ਪ੍ਰਬੰਧ ਨੂੰ ਧਾਰਮਕ ਸਿੱਖ ਮਾਨਤਾਵਾਂ, ਮਰਿਆਦਾਵਾਂ ਅਤੇ ਪਰੰਪਰਾਵਾਂ ਦੇ ਅਧਾਰ ਪੁਰ ਚਲਾਣ ਦੀ ਬਜਾਏ, ਉਸਨੂੰ ਨਿਜੀ ਰਾਜਸੀ ਸਵਾਰਥ ਨੂੰ ਪੂਰਿਆਂ ਕਰਨ ਦੇ ਉਦੇਸ਼ ਨੂੰ ਮੁੱਖ ਰਖ ਕੇ ਚਲਾ ਰਹੇ ਹਨ। ਇਸੇ ਕਾਰਣ ਇਹ ਵੀ ਮੰਨਿਆ ਜਾਂਦਾ ਹੈ ਕਿ ਗੁਰਦੁਆਰਾ ਕਮੇਟੀ ਵਿੱਚ ਪ੍ਰਬੰਧ-ਹੀਨਤਾ ਹੋਣ ਦੇ ਨਾਲ ਹੀ ਭ੍ਰਿਸ਼ਟਾਚਾਰ ਦਾ ਵੀ ਬੋਲਬਾਲਾ ਹੈ। ਇਹੀ ਕਾਰਣ ਹੈ ਕਿ ਆਮ ਸਿੱਖਾਂ ਵਲੋਂ ਇਹ ਸਵਾਲ ਉਠਾਇਆ ਜਾ ਰਿਹਾ ਹੈ ਕਿ ਸਰਬ-ਸਾਂਝੀਵਾਲਤਾ ਦੀ ਪ੍ਰਤੀਕ ਧਾਰਮਕ ਸਿੱਖ ਸੰਸਥਾ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਧਨਾਂ ਦੀ ਲੋਕਸਭਾ ਚੋਣਾਂ ਵਿੱਚ ਕਿਸੇ ਪਾਰਟੀ ਵਿਸ਼ੇਸ਼ ਦੇ ਉਮੀਦਵਾਰਾਂ ਦੇ ਹਕ ਵਿੱਚ ਵਰਤੋਂ ਕੀਤੇ ਜਾਣ ਦਾ ਕੀ ਮਤਲਬ ਹੈ? ਜਿਸਦੇ ਚਲਦਿਆਂ ਕਮੇਟੀ ਦੇ ਸਾਧਨਾਂ ਨਾਲ ਉਸਦੇ ਮੈਂਬਰ ਅਤੇ ਸਟਾਫ-ਮੈਂਬਰ ਲਗਾਤਾਰ ਕਈ ਦਿਨ ਪੰਜਾਬ ਵਿੱਚ ਡੇਰਾ ਪਾਈ ਬੈਠੇ ਰਹੇ? ਸੁਆਲ ਉਠਦਾ ਹੈ ਕਿ ਇਸਤਰ੍ਹਾਂ ਪੰਜਾਬ ਚੋਣਾਂ ਵਿੱਚ ਦਿੱਲੀ ਦੇ ਗੁਰਦੁਆਰਿਆਂ ਦੀ ਜੋ ਗੋਲਕ ਖਰਚ ਕੀਤੀ ਗਈ ਹੈ, ਕੀ ਉਹ ਸੰਬੰਧਤ ਉਮੀਦਵਾਰਾਂ ਦੇ ਚੋਣ-ਖਰਚ ਵਿੱਚ ਜੋੜੀ ਜਾਇਗੀ ਅਤੇ ਇਸਦੇ ਵੇਰਵੇ ਚੋਣ ਕਮਿਸ਼ਨ ਨੂੰ ਦਿੱਤੇ ਜਾਣਗੇ? ਗੁਰਦੁਆਰਾ ਪ੍ਰਬੰਧ ਨਾਲ ਜੁੜੇ ਚਲੇ ਆ ਰਹੇ ਸਿੱਖ ਮੁੱਖੀਆਂ ਦੀ ਮਾਨਤਾ ਹੈ ਕਿ ਜੇ ਦਿੱਲੀ ਗੁਰਦੁਆਰਾ ਕਮੇਟੀ ਦੀ ਛੱਬੀ ਵਿੱਚ ਸੁਧਾਰ ਲਿਆਉਣ ਅਤੇ ਡਿਗ ਰਹੀ ਸਾਖ ਨੂੰ ਉਭਾਰਨ ਪ੍ਰਤੀ ਈਮਾਨਦਾਰੀ ਅਤੇ ਗੰਭੀਰਤਾ ਹੈ ਤਾਂ ਉਸਨੂੰ ਰਾਜਸੀ ਪ੍ਰਭਾਵ ਤੋਂ ਮੁਕਤ ਕਰਨਾ ਹੋਵੇਗਾ। ਜੇ ਅਜਿਹਾ ਕਰਨ ਪ੍ਰਤੀ ਕੋਈ ਈਮਾਨਦਾਰੀ ਨਹੀਂ ਤਾਂ ਸੁਧਾਰ ਦੇ ਨਾਂ ਪੁਰ ਬੈਠਕਾਂ ਕਰਨ ਦਾ ਢੌਂਗ ਬੰਦ ਹੋਣਾ ਚਾਹੀਦਾ ਹੈ।
ਦਿੱਲੀ ਕਮੇਟੀ 550 ਸਿੱਖ ਵਿਦਿਆਰਥੀਆਂ ਨੂੰ ਗੋਦ ਲਏਗੀ? : ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਮਨਜਿੰਦਰ ਸਿੰਘ ਸਿਰਸਾ ਨੇ ਐਲਾਨ ਕੀਤਾ ਹੈ ਕਿ ਗੁਰਦੁਆਰਾ ਕਮੇਟੀ ਵਲੋਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਮੌਕੇ ਤੇ ਲੋੜਵੰਦ ਅੰਮ੍ਰਿਤਧਾਰੀ ਸਿੱਖ ਪਰਿਵਾਰਾਂ ਦੇ 550 ਬਚਿਆਂ ਨੂੰ ਅਪਣਾਇਆ ਜਾਇਗਾ, ਜਿਨ੍ਹਾਂ ਦੀ ਪੜ੍ਹਾਈ ਦੀ ਸਾਰੀ ਜ਼ਿਮੇਂਦਾਰੀ ਉਸ ਵਲੋਂ ਉਠਾਈ ਜਾਇਗੀ। ਉਨ੍ਹਾਂ ਇਹ ਵੀ ਦਸਿਆ ਕਿ ਅਜਿਹੇ ਬਚਿਆਂ ਦੀ ਚੋਣ ਗੁਰਦੁਆਰਾ ਕਮੇਟੀ ਦੀ ਐਜੂਕੇਸ਼ਨ ਕਮੇਟੀ ਵਲੋਂ ਕੁੁਝ ਨਿਸ਼ਚਿਤ ਸ਼ਰਤਾਂ ਦੇ ਅਧਾਰ ਤੇ ਕੀਤੀ ਜਾਇਗੀ। ਭਾਵੇਂ ਦਿੱਲੀ ਗੁਰਦੁਆਰਾ ਕਮੇਟੀ ਦਾ ਇਹ ਫੈਸਲਾ ਬਹੁਤ ਹੀ ਪ੍ਰਸ਼ੰਸਾਯੋਗ ਹੈ। ਪਰ ਸੁਆਲ ਉਠਦਾ ਹੈ ਕਿ ਜੋ ਕਮੇਟੀ ਆਪਣੇ ਪ੍ਰਬੰਧ ਅਧੀਨ ਚਲ ਰਹੀਆਂ ਵਿਦਿਅਕ ਸੰਸਥਾਵਾਂ ਦੇ ਸਟਾਫ ਨੂੰ ਤਿੰਨ-ਤਿੰਨ ਮਹੀਨੇ ਤਨਖਾਹ ਨਹੀਂ ਦੇ ਪਾ ਰਹੀ, ਕੀ ਉਹ 550 ਬਚਿਆਂ ਦੀ ਪੜ੍ਹਾਈ ਦਾ ਖਰਚ ਚੁਕਣ ਦੇ ਸਮਰਥ ਹੋਵੇਗੀ?
…ਅਤੇ ਅੰਤ ਵਿੱਚ : ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਸਕਤੱਰ ਜਨਰਲ ਸ. ਹਰਵਿੰਦਰ ਸਿੰਘ ਸਰਨਾ ਨੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖੀਆਂ ਪੁਰ ਦੋਸ਼ ਲਾਇਆ ਹੈ ਕਿ ਉਨ੍ਹਾਂ ਨੇ ਰਾਜਸੀ ਸੁਆਰਥ ਨੂੰ ਪੂਰਿਆਂ ਕਰਨ ਲਈ ਗੁਰਦੁਆਰਾ ਕਮੇਟੀ ਦੀ ਗੋਲਕ ਨੂੰ ਨਾ ਕੇਵਲ ਆਪ ਦੋਹਾਂ ਹੱਥਾਂ ਨਾਲ ਲੁਟਿਐ, ਸਗੋਂ ਉਸਨੂੰ ਦੂਸਰਿਆਂ ਨੂੰ ਲੁਟਾਇਆ ਵੀ ਹੈ। ਉਨ੍ਹਾਂ ਦਸਿਆ ਕਿ ਜਦੋਂ ਸੰਨ-2013 ਵਿੱਚ ਗੁਰਦੁਆਰਾ ਕਮੇਟੀ ਦੇ ਪ੍ਰਬੰਧ ਵਿੱਚ ਤਬਦੀਲੀ ਆਈ, ਤਾਂ ਉਸ ਸਮੇਂ ਪ੍ਰਬੰਧ ਤੋਂ ਵਿਦਾਇਗੀ ਲੈਂਦਿਆਂ ਗੁਰਦੁਆਰਾ ਕਮੇਟੀ ਦੇ ਉਸ ਸਮੇਂ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਕਮੇਟੀ ਦੇ ਖਾਤਿਆਂ ਵਿੱਚ ਲਗਭਗ 123 ਕਰੋੜ ਰੁਪਏ ਛੱਡੇ ਸਨ। ਉਨ੍ਹਾਂ ਦਸਿਆ ਕਿ ਗੁਰਦੁਆਰਾ ਕਮੇਟੀ ਦੇ ਇੱਕ ਵਰਤਮਾਨ ਅਹੁਦੇਦਾਰ ਨੇ ਬੀਤੇ ਦਿਨੀਂ ਦਾਅਵਾ ਕੀਤਾ ਕਿ ਉਨ੍ਹਾਂ ਇੱਕ ਸਾਧਾਰਣ ਮਹੀਨੇ ਵਿੱਚ ਕਮੇਟੀ ਦੇ ਸਾਰੇ ਆਮ ਖਰਚ ਪੂਰੇ ਕਰਦਿਆਂ ਦੋ ਕਰੋੜ ਰੁਪਏ ਦੀ ਮਿਆਦੀ ਜਮ੍ਹਾਂ ਕਰਵਾਈ ਹੈ। ਜੇ ਉਨ੍ਹਾਂ ਦੇ ਇਸ ਦਾਅਵੇ ਨੂੰ ਸਵੀਕਾਰ ਕਰ ਲਿਆ ਜਾਏ ਤਾਂ ਉਨ੍ਹਾਂ ਦੇ ਸਤਾ-ਕਾਲ ਦੇ ਪਿਛਲੇ 6 ਵਰ੍ਹਿਆਂ ਵਿੱਚ ਡੇਢ ਸੌ ਕਰੋੜ ਤੋਂ ਵੱਧ ਦੀ ਬਚਤ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਹੈਰਾਨੀ ਇਸ ਗਲ ਦੀ ਹੈ ਕਿ ਇਤਨੀ ਬਚਤ ਹੋਣ ਦਾ ਦਾਅਵਾ ਕਰਨ ਵਾਲੇ ਗੁਰਦੁਆਰਾ ਕਮੇਟੀ ਦੇ ਮੁੱਖੀ ਆਪਣੇ ਪ੍ਰਬੰਧ ਹੇਠਲੇ ਸਕੂਲਾਂ ਦੇ ਸਟਾਫ ਨੂੰ ਤਿੰਨ-ਤਿੰਨ ਮਹੀਨਿਆ ਦੀ ਤਨਖਾਹ ਤਕ ਨਹੀਂ ਦੇ ਪਾ ਰਹੇ? ਉਨ੍ਹਾਂ ਨੇ ਸ਼ੰਕਾ ਪ੍ਰਗਟ ਕੀਤੀ ਕਿ ਕਿਧਰੇ ਦਿੱਲੀ ਦੇ ਗੁਰਦੁਆਰਿਆਂ ਦੀ ਗੋਲਕ ਉਨ੍ਹਾਂ ਵਲੋਂ ਪੰਜਾਬ ਵਿਚਲੇ ਆਪਣੇ ਅਕਾਲੀ ਆਕਾਵਾਂ (ਨੇਤਾਵਾਂ) ਦੀ ਛੱਬੀ ਨੂੰ ਉਭਾਰਨ ਲਈ ਤਾਂ ਨਹੀਂ ਲੁਟਾਈ ਜਾ ਰਹੀ

ਜਸਵੰਤ ਸਿੰਘ ਅਜੀਤ
ਰੋਹਿਨੀ
ਦਿੱਲੀ
+91 95 82 71 98 90

Leave a Reply

Your email address will not be published. Required fields are marked *

%d bloggers like this: