Sun. Aug 18th, 2019

ਰਾਜਨੀਤੀ, ਜੋ ਸਿੱਖੀ ਦੇ ਪਤਨ ਦਾ ਕਾਰਣ ਬਣ ਰਹੀ ਹੈ?

ਰਾਜਨੀਤੀ, ਜੋ ਸਿੱਖੀ ਦੇ ਪਤਨ ਦਾ ਕਾਰਣ ਬਣ ਰਹੀ ਹੈ?

-ਜਸਵੰਤ ਸਿੰਘ ‘ਅਜੀਤ’

ਇਕ ਸੱਚਾਈ, ਜੋ ਬਹੁਤ ਹੀ ਕੌੜੀ ਹੈ, ਉਹ ਇਹ ਹੈ ਕਿ ਸਤਿਗੁਰਾਂ ਦੀ ਵਰੋਸਾਈ ਧਰਤੀ, ਪੰਜਾਬ, ਜਿਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਤ ਕਈ ਹੋਰ ਧਾਰਮਕ ਸੰਸਥਾਵਾਂ ਸਿੱਖੀ ਦਾ ਪ੍ਰਚਾਰ ਕਰਨ ਅਤੇ ਉਸ ਪੁਰ ਹਰ ਸਾਲ ਲੱਖਾਂ ਹੀ ਨਹੀਂ, ਸਗੋਂ ਕਰੋੜਾਂ ਰੁਪਏ ਖਰਚ ਕਰਨ ਦਾ ਦਾਅਵਾ ਕਰਦੀਆਂ ਚਲੀਆਂ ਆ ਰਹੀਆਂ ਹਨ, ਉਥੇ ਸਿੱਖੀ ਦੀ ਹਾਲਤ ਵੇਖ-ਸੁਣ ਕੇ ਖੂਨ ਦੇ ਅਥਰੂ ਵਹਾਣ ਨੂੰ ਜੀਅ ਕਰਦਾ ਹੈ। ਪਤੱਤਪੁਣਾ ਲਗਾਤਾਰ ਵਧਦਾ ਜਾ ਰਿਹਾ ਹੈ। ਸਿੱਖੀ ਵਿਰਸੇ ਨਾਲ ਜੁੜਨ ਜਾਂ ਜੁੜੇ ਰਹਿਣ ਦੀ ਭਾਵਨਾ ਕਿਧਰੇ ਵੀ ਵਿਖਾਈ ਨਹੀਂ ਦੇ ਰਹੀ। ਇਸ ਵਿੱਚ ਕੋਈ ਸ਼ਕ ਨਹੀਂ ਕਿ ਗੁਰਧਾਮਾਂ ਦੇ ਦਰਸ਼ਨਾਂ ਲਈ ਆਉਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ, ਜਿਸਦੇ ਫਲਸਰੂਪ ਗੁਰਦੁਆਰਿਆਂ ਦੀ ਆਮਦਨ ਵਿੱਚ ਵੀ ਅੰਤਾਂ ਦਾ ਵਾਧਾ ਹੋ ਰਿਹਾ ਹੈ, ਪਰ ਸਿੱਖੀ-ਸਰੂਪ ਲਗਾਤਾਰ ਘਟਦਾ ਜਾ ਰਿਹਾ ਹੈ। ਸਿੱਖੀ ਦੇ ਸ਼ੁਭ-ਚਿੰਤਕਾਂ ਦੇ ਸ਼ਬਦਾਂ ਵਿੱਚ ‘ਜਦੋਂ ਗੁਰਦੁਆਰਿਆਂ ਦੀਆਂ ਇਮਾਰਤਾਂ ਕਚੀਆਂ ਹੁੰਦੀਆਂ ਸਨ ਤਾਂ ਸਿੱਖੀ ਮਜ਼ਬੂਤ ਹੁੰਦੀ ਸੀ, ਪਰ ਅਜ ਉਨ੍ਹਾਂ (ਗੁਰਦੁਆਰਿਆਂ) ਦੀਆਂ ਇਮਾਰਤਾਂ ਜਿਤਨੀਆਂ ਪੱਕੀਆਂ ਅਤੇ ਸੁੰਦਰ ਹੁੰਦੀਆਂ ਜਾ ਰਹੀਆਂ ਹਨ, ਸਿੱਖੀ ਉਤਨੀ ਹੀ ਕੱਚੀ ਹੁੰਦੀ ਜਾ ਰਹੀ ਹੈ। ਗੁਰਦੁਆਰਿਆਂ ਦੇ ਗੁੰਬਦਾਂ ਅਤੇ ਦਰਵਾਜ਼ਿਆਂ ਆਦਿ ਤੇ ਤਾਂ ਸੋਨਾ ਚੜ੍ਹਦਾ ਜਾ ਰਿਹਾ ਹੈ, ਪਰ ਉਨ੍ਹਾਂ ਦੇ ਅੰਦਰੋਂ ਸਿੱਖੀ ਗ਼ਾਇਬ ਹੁੰਦੀ ਜਾ ਰਹੀ ਹੈ’।
ਜਿਨ੍ਹਾਂ ਸੰਸਥਾਵਾਂ ਨੇ ਸਿੱਖੀ ਪ੍ਰਚਾਰ ਦਾ ਬੀੜਾ ਚੁਕਿਆ ਹੈ, ਉਨ੍ਹਾਂ ਵਿਚੋਂ ਬਹੁਤੀਆਂ ਸੰਸਥਾਵਾਂ ਤਾਂ ਦੁਕਾਨਾਂ ਹੀ ਬਣ ਕੇ ਰਹਿ ਗਈਆਂ ਹਨ। ਕੁਝ ਇੱਕ ਨੇ ਤਾਂ ਧਰਮ ਪ੍ਰਚਾਰ ਨੂੰ ਲੋਕਾਂ ਪਾਸੋਂ ਪੈਸਾ ਬਟੋਰਨ ਦਾ ਧੰਦਾ ਬਣਾ ਲਿਆ ਹੈ ਤੇ ਕੁਝ ਵਲੋਂ ਪ੍ਰਚਾਰ ਦੇ ਨਾਂ ਤੇ ਅਜਿਹਾ ਸਾਹਿਤ ਪ੍ਰਕਾਸ਼ਤ ਅਤੇ ਪ੍ਰਚਾਰਤ ਕੀਤਾ ਜਾ ਰਿਹਾ ਹੈ, ਜੋ ਸਿੱਖੀ ਦਾ ਪ੍ਰਚਾਰ ਕਰਨ ਅਤੇ ਉਸ ਪ੍ਰਤੀ ਸ਼ਰਧਾ-ਪੂਰਣ ਵਿਸ਼ਵਾਸ ਦ੍ਰਿੜ੍ਹ ਕਰਵਾਉਣ ਦੀ ਬਜਾਏ, ਵਿਵਾਦ ਪੈਦਾ ਕਰ, ਉਨ੍ਹਾਂ ਨੂੰ ਵਧਾਉਣ ਵਿੱਚ ਹੀ ਮਦਦਗਾਰ ਸਾਬਤ ਹੋ ਰਿਹਾ ਹੈ।
ਗੁਰਧਾਮ, ਜੋ ਕਿਸੇ ਸਮੇਂ ਸਿੱਖੀ ਪ੍ਰਚਾਰ ਦੇ ਸੋਮੇ ਸਵੀਕਾਰੇ ਜਾਂਦੇ ਸਨ। ਅਜ ਉਨ੍ਹਾਂ ਵਿਚਲੇ ਪ੍ਰਚਾਰ ਦੇ ਸੋਮੇਂ ਸੁਕਦੇ ਜਾ ਰਹੇ ਹਨ। ਇਥੋਂ ਤਕ ਕਿ ਸਿੱਖੀ ਦੇ ਸਰਵੁਚ ਧਾਰਮਕ ਅਸਥਾਨਾਂ ਦੇ ਸਨਮਾਨਤ ਅਹੁਦਿਆਂ ਪੁਰ ਬਿਰਾਜਮਾਨ ਸ਼ਖਸੀਅਤਾਂ ਵੀ ਆਪਣੇ ਅਹੁਦੇ ਦੇ ਸਨਮਾਨ, ਸਤਿਕਾਰ ਅਤੇ ਵਕਾਰ ਨੂੰ ਬਣਾਈ ਰੱਖਣ ਅਤੇ ਆਪਣੇ ਅਹੁਦੇ ਦੀਆਂ ਜ਼ਿਮੇਂਦਾਰੀਆਂ ਈਮਾਨਦਾਰੀ ਨਾਲ ਨਿਭਾਉਣ ਪ੍ਰਤੀ ਸਮਰਪਤ ਹੋਣ ਦੀ ਬਜਾਏ, ਉਸ ਨਾਲ ਚਿਮੜੇ ਰਹਿਣ ਲਈ ਜਾਂ ਤਾਂ ਆਪ ਰਾਜਨੀਤੀ ਕਰਨ ਲਗ ਪਈਆਂ ਹਨ ਜਾਂ ਫਿਰ ਰਾਜਸੀ ਵਿਅਕਤੀਆਂ ਦੀ ਕਠਪੁਤਲੀ ਬਣ, ਉਨ੍ਹਾਂ ਦੇ ਇਸ਼ਾਰਿਆਂ ਤੇ ਨੱਚਣ ਲਗੀਆਂ ਹਨ।
ਅਜ ਜੋ ਸਥਿਤੀ ਬਣ ਗਈ ਹੋਈ ਹੈ, ਉਸਦੇ ਲਈ ਕਿਸੇ ਇਕ ਵਿਅਕਤੀ ਨੂੰ ਹੀ ਦੋਸ਼ੀ ਨਹੀਂ ਗਰਦਾਨਿਆ ਜਾ ਸਕਦਾ, ਅਸਲ ਵਿੱਚ ਵਿਗੜਿਆ ਹੋਇਆ ਸਾਰਾ ਸਿਸਟਮ ਹੀ ਇਸਦੇ ਲਈ ਜ਼ਿਮੇਂਦਾਰ ਹੈ। ਅਜ ਹਾਲਾਤ ਅਜਿਹੇ ਬਣ ਗਏ ਹੋਏ ਹਨ ਜਾਂ ਬਣਾ ਦਿਤੇ ਗਏ ਹਨ, ਜਿਨ੍ਹਾਂ ਨੇ ਧਰਮ ਅਤੇ ਰਾਜਨੀਤੀ ਨੂੰ ਆਪੋ ਵਿੱਚ ਇਉਂ ਰਲਗੱਡ ਕਰ ਦਿਤਾ ਹੈ, ਕਿ ਇਨ੍ਹਾਂ ਨੂੰ ਇਕ-ਦੂਜੇ ਤੋਂ ਵੱਖ ਕਰਨਾ ਜੇ ਨਾਮੁਮਕਿਨ ਨਹੀਂ ਤਾਂ ਮੁਸ਼ਕਲ ਜ਼ਰੂਰ ਹੋ ਗਿਆ ਹੋਇਆ ਹੈ। ਜੇ ਕੋਈ ਇਸ ਮੁਸ਼ਕਲ ਨੂੰ ਹਲ ਕਰਨ ਲਈ ਆਵਾਜ਼ ਉਠਾਂਦਾ ਹੈ, ਜਾਂ ਹੰਭਲਾ ਮਾਰਦਾ ਹੈ ਤਾਂ ਧਰਮ ਤੇ ਰਾਜਨੀਤੀ ਪੁਰ ਕੁੰਡਲ ਮਾਰੀ ਬੈਠੇ ਕੌਮ ਦੇ ਠੇਕੇਦਾਰ ਉਸਦਾ ਜੀਣਾ ਹਰਾਮ ਕਰ ਦਿੰਦੇ ਹਨ। ਉਸਦੇ ਵਿਰੁਧ ਫਤਵਾ ਜਾਰੀ ਕਰ ਦਿਤਾ ਜਾਂਦਾ ਹੈ ਕਿ ਉਹ ਗੁਰੂ ਸਾਹਿਬਾਨ ਵਲੋਂ ਸਥਾਪਤ ਕੀਤੀਆਂ ਗਈਆਂ ਸਿੱਖੀ ਦੀਆਂ ਮਰਿਆਦਾਵਾਂ ਅਤੇ ਪਰੰਪਰਾਵਾਂ ਪੁਰ ਕੁਹਾੜਾ ਮਾਰ ਰਿਹਾ ਹੈ।
ਅਜ ਹਾਲਤ ਇਥੋਂ ਤਕ ਵਿਗੜ ਗਈ ਹੋਈ ਹੈ ਕਿ ਜੇ ਰਾਜਸੱਤਾ ਚਾਹੀਦੀ ਹੈ ਤਾਂ ਉਸ ਪੁਰ ਪੁਜਣ ਲਈ ਕੌਮ ਦੀਆਂ ਧਾਰਮਕ ਭਾਵਨਾਵਾਂ ਦਾ ਸ਼ੌਸ਼ਣ ਕਰਨਾ ਸ਼ੁਰੂ ਕਰ ਦਿਉ! ਜਦੋਂ ਧਾਰਮਕ ਸੰਸਥਾਵਾਂ ਨੂੰ ਆਪਣੇ ਰਾਜਸੀ ਸੁਆਰਥ ਲਈ ਵਰਤਣ ਦੀ ਲੋੜ ਹੋਵੇ ਤਾਂ ਉਨ੍ਹਾਂ ਪੁਰ ਕਬਜ਼ਾ ਕਰਨ ਲਈ ਕਿਸੇ ਵੀ ਤਰ੍ਹਾਂ ਦੇ ਹਥਕੰਡੇ ਵਰਤਣ ਤੋਂ ਨਾ ਤਾਂ ਕੋਈ ਸੰਕੋਚ ਕਰੋ ਅਤੇ ਨਾ ਹੀ ਕਿਸੇ ਤਰ੍ਹਾਂ ਦੀ ਸ਼ਰਮ ਮਹਿਸੂਸ ਕਰੋ, ਮਤਲਬ ਇਹ ਕਿ ਹਰ ਤਰ੍ਹਾਂ ਦਾ ਜਾਇਜ਼-ਨਾਜਾਇਜ਼ ਹਥਕੰਡਾ ਵਰਤ ਲਉ। ਫਿਰ ਆਪਣੇ ਸੁਆਰਥ ਨੂੰ ਪੁਰਿਆਂ ਕਰਨ ਦੇ ਉਦੇਸ਼ ਨਾਲ ਉਨ੍ਹਾਂ ਦੀ ਵਰਤੋਂ ਕਰਨ ਲਈ, ਉਨ੍ਹਾਂ ਵਿੱਚ ਪ੍ਰਚਲਤ ਅਤੇ ਸਥਾਪਤ ਮਰਿਆਦਾਵਾਂ ਅਤੇ ਪਰੰਪਰਾਵਾਂ ਦਾ ਵੀ ਘਾਣ ਕਰਨਾ ਸ਼ੁਰੂ ਕਰ ਦਿਉ ਅਤੇ ਇਸ ਬਦਲਾਉ ਨੂੰ ਠੀਕ ਸਾਬਤ ਕਰਨ ਲਈ, ਉਨ੍ਹਾਂ ਦੀ ਪ੍ਰੀਭਾਸ਼ਾ ਨੂੰ ਵੀ ਆਪਣੀ ਇੱਛਾ ਅਨੁਸਾਰ ਢਾਲ ਲਉ।
ਮਤਲਬ ਇਹ ਕਿ ਵਰਤਮਾਨ ਸਮੇਂ ਵਿੱਚ ਰਾਜਸੱਤਾ ਲਈ ਧਰਮ ਅਤੇ ਧਾਰਮਕ ਸੰਸਥਾਵਾਂ ਦੀ ਵਰਤੋਂ ਕਰਨ ਅਤੇ ਧਾਰਮਕ ਖੇਤ੍ਰ ਵਿੱਚ ਆਪਣੇ ਪ੍ਰਭਾਵ ਨੂੰ ਸਥਾਪਤ ਕਰਨ ਲਈ ਹਰ ਤਰ੍ਹਾਂ ਦੇ ਹੱਥਕੰਡਿਆਂ ਦੀ ਵਰਤੋਂ ਕਰਨਾ ਆਮ ਗਲ ਹੋ ਗਈ ਹੈ। ਫਲਸਰੂਪ ਅਜ ਨਾ ਤਾਂ ਧਰਮ ਨੂੰ ਧਰਮ ਅਤੇ ਨਾ ਹੀ ਰਾਜਨੀਤੀ ਨੂੰ ਰਾਜਨੀਤੀ ਰਹਿਣ ਦਿਤਾ ਗਿਆ ਹੈ।
ਫਿਰ ਹਨੇਰ ਸਾਈਂ ਦਾ, ਜਿਹੜੇ ਲੋਕੀ ਅਜਿਹਾ ਕਰ ਰਹੇ ਹਨ ਅਤੇ ਜਿਨ੍ਹਾਂ ਨੇ ਅਜਿਹਾ ਕੀਤਾ ਹੈ, ਉਹ ਆਪਣੇ ਗੁਨਾਹ ਨੂੰ ਸਵੀਕਾਰ ਕਰਨ ਦੀ ਬਜਾਏ, ਆਪਣੇ ਆਪਨੂੰ ਬੇਗੁਨਾਹ ਸਾਬਤ ਕਰਨ ਲਈ, ਗੁਰੂ ਸਾਹਿਬ ਦੇ ਨਾਂ ਦੀ ਵਰਤੋਂ ਕਰਦਿਆਂ, ਇਹ ਆਖਣਾ ਸ਼ੁਰੂ ਕਰ ਦਿੰਦੇ ਹਨ ਕਿ ਗੁਰੂ ਸਾਹਿਬ ਨੇ ਹੀ ਤਾਂ ਧਰਮ ਅਤੇ ਰਾਜਨੀਤੀ ਨੂੰ ਇਕਠਿਆਂ ਕੀਤਾ ਹੈ। ਉਹ ਇਹ ਸਵੀਕਾਰ ਕਰਨ ਲਈ ਤਿਆਰ ਹੀ ਨਹੀਂ ਹੁੰਦੇ ਕਿ ਗੁਰੂ ਸਾਹਿਬ ਨੇ ਧਰਮ ਤੇ ਰਾਜਨੀਤੀ ਨੂੰ ਇਕਠਿਆਂ ਨਹੀਂ ਕੀਤਾ, ਸਗੋਂ ਭਗਤੀ ਅਤੇ ਸ਼ਕਤੀ ਨੂੰ ਇਕ-ਦੂਜੇ ਦੇ ਪੂਰਕ ਵਜੋਂ ਸਥਾਪਤ ਕੀਤਾ ਹੈ। ਇਸਦੀ ਪ੍ਰਤੱਖ ਉਦਾਹਰਣ ਖ਼ਾਲਸੇ ਦੀ ਸਿਰਜਨਾ ਹੈ, ਜੋ ਰਾਜੇ ਜਾਂ ਮਹਾਰਾਜੇ ਦਾ ਸਰੂਪ ਨਹੀਂ, ਸਗੋਂ ਸੰਤ-ਸਿਪਾਹੀ ਦਾ ਸਰੂਪ ਹੈ।
ਗੁਰੂ ਸਾਹਿਬ ਦਾ ਸਿਰਜਿਆ ਸੰਤ-ਸਿਪਾਹੀ ਖਾਲਸਾ, ਸੱਤਾਧਾਰੀ ਜਾਂ ਨਿਰੰਕੁਸ਼ ਮਹਾਰਾਜਾ ਜਾਂ ਬਾਦਸ਼ਾਹ ਨਹੀਂ, ਸਗੋਂ ਅਕਾਲ ਪੁਰਖ ਦੀ ਫੌਜ (ਸੰਤ-ਸਿਪਾਹੀ) ਹੈ, ਜਿਸਦੀ ਜ਼ਿਮੇਂਦਾਰੀ ਨਾਮ-ਸਿਮਰਨ ਕਰਦਿਆਂ, ਅਨਿਆਇ ਤੇ ਅਤਿਆਚਾਰ ਵਿਰੁਧ ਜੂਝਣਾ ਅਤੇ ਇਨਸਾਫ ਤੇ ਗਰੀਬ-ਮਜ਼ਲੂਮ ਦੀ ਰਖਿਆ ਕਰਨਾ ਹੈ। ਉਹ ਕਿਸੇ ਦੁਨਿਆਵੀ ਸ਼ਕਤੀ ਦੇ ਸਾਹਮਣੇ ਨਹੀਂ, ਸਿਰਫ ਅਕਾਲ ਪੁਰਖ ਦੇ ਸਾਹਮਣੇ ਜਵਾਬਦੇਹ ਹੈ। ਉਸਨੇ ਆਪਣੇ ਆਪਨੂੰ, ਆਪਣੇ ਬਾਦਸ਼ਾਹ (ਅਕਾਲ ਪੁਰਖ) ਵਲੋਂ ਨਿਸ਼ਚਿਤ ਨਿਯਮਾਂ ਅਤੇ ਕਾਨੂੰਨਾਂ ਦੇ ਪਾਲਣ ਪ੍ਰਤੀ ਸਮਰਪਿਤ ਰਖਣਾ ਹੈ। ਪ੍ਰੰਤੂ ਅਜ ਦੇ ਕਹਿੰਦੇ-ਕਹਾਉਂਦੇ ਆਗੂਆਂ ਨੇ ਗੁਰੂ ਸਾਹਿਬ ਵਲੋਂ ਸਿਰਜੇ ‘ਸੰਤ-ਸਿਪਾਹੀ’ ਨੂੰ, ਖਾਲਸੇ ਦੀ ਪ੍ਰੀਭਾਸ਼ਾ ਦੇ ਬਿਲਕੁਲ ਹੀ ਉਲਟ, ਮਹਾਰਾਜੇ ਤੇ ਨਿਰੰਕੁਸ਼ ਸੱਤਾਧਾਰੀ ਦੇ ਰੂਪ ਵਿੱਚ ਪ੍ਰੀਭਾਸ਼ਤ ਕਰਨਾ ਸ਼ੁਰੂ ਕਰ ਦਿਤਾ ਹੈ।
ਧਾਰਮਕ ਸਮਾਗਮਾਂ ਦਾ ਰਾਜਸੀਕਰਣ: ਅਜਕਲ ਜਿਸਤਰ੍ਹਾਂ ਧਾਰਮਕ ਸਮਾਗਮਾਂ ਦੀ ਵਰਤੋਂ ਰਾਜਸੀ ਸੁਆਰਥ ਅਤੇ ਉਦੇਸ਼ਾਂ ਲਈ ਕੀਤੀ ਜਾਣੀ ਸ਼ੁਰੂ ਕਰ ਦਿਤੀ ਗਈ ਹੈ, ਉਸਦਾ ਵੀ ਸਿੱਖੀ ਪੁਰ ਮਾਰੂ ਅਸਰ ਪੈ ਰਿਹਾ ਹੈ। ਇਨ੍ਹਾਂ ਸਮਾਗਮਾਂ ਵਿੱਚ ਜਿਥੇ ਇੱਕ ਗੁਟ ਦੇ ਆਗੂ ‘ਰਾਜ ਬਿਨਾ ਨਹਿੰ ਧਰਮ ਚਲੈ ਹੈਂ, ਧਰਮ ਬਿਨਾਂ ਸਭ ਦਲੈ ਮਲੈ ਹੈਂ’ ਦੀ ਗਲ ਬਾਰ-ਬਾਰ ਦੁਹਰਾ, ਆਪਣੇ ਲਈ ਰਾਜ-ਸੱਤਾ ਦੀ ਮੰਗ ਕਰਦੇ ਹਨ, ਉਥੇ ਹੀ ਦੂਸਰੇ ਗੁਟ ਦੇ ਆਗੂ ਆਪਣੇ ਕਟੱੜਵਾਦੀ ਵਿਚਾਰਾਂ ਦਾ ਪ੍ਰਗਟਾਅ ਕਰ ਲੋਕਾਂ ਨੂੰ ਆਪਣੇ ਵਲ ਖਿਚਣ ਦਾ ਜਤਨ ਕਰਦੇ ਰਹਿੰਦੇ ਹਨ। ਫਰਕ ਸਿਰਫ ਇਤਨਾ ਹੈ ਕਿ ਇੱਕ ਗੁਟ ਦੇ ਆਗੂ ਖਾਲਿਸਤਾਨ ਦੇ ਨਾਂ ਤੇ ਆਪਣੇ ਲਈ ਰਾਜ-ਸੱਤਾ ਚਾਹੁੰਦੇ ਹਨ ਅਤੇ ਦੂਸਰੇ ਗੁਟ ਦੇ ਆਗੂ ਧਰਮ ਦੇ ਨਾਂ ਤੇ ਰਾਜ-ਸੱਤਾ ਪੁਰ ਕਾਬਜ਼ ਹੋਣਾ ਅਤੇ ਉਸ ਪੁਰ ਬਣੇ ਰਹਿਣਾ ਚਾਹੁੰਦੇ ਹਨ। ਇਹ ਗਲ ਕੋਈ ਸਮਝਣ ਲਈ ਤਿਆਰ ਨਹੀਂ ਕਿ ਰਾਜ-ਸੱਤਾ ਧਰਮ ਨੂੰ ਚਲਾਉਣ ਵਿੱਚ ਨਾ ਤਾਂ ਕਦੀ ਸਫਲ ਹੋਈ ਹੈ ਅਤੇ ਨਾ ਹੀ ਮਦਦਗਾਰ।
ਇਤਿਹਾਸ ਗੁਆਹ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ-ਕਾਲ ਦੌਰਾਨ ਸਿੱਖਾਂ ਦੀ ਗਿਣਤੀ ਵਿੱਚ ਜੋ ਵਾਧਾ ਹੋਇਆ ਸੀ, ਉਸਦਾ ਕਾਰਣ ਲੋਕਾਂ ਵਿੱਚ ਸਿੱਖ ਧਰਮ ਪ੍ਰਤੀ ਸ਼ਰਧਾ ਭਾਵਨਾ ਹੋਣਾ ਨਹੀਂ, ਸਗੋਂ ਸੱਤਾ-ਸੁਖ ਪ੍ਰਾਪਤ ਕਰਨਾ ਸੀ। ਇਹੀ ਕਾਰਣ ਸੀ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਸੂਰਜ ਦੇ ਡੁਬਣ ਦੀ ਦੇਰ ਸੀ, ਕਿ ਉਹ ਸਾਰੇ ਹੀ, ਜਿਨ੍ਹਾਂ ਮਹਾਰਾਜਾ ਰਣਜੀਤ ਸਿੰਘ ਦੇ ਸੱਤਾਕਾਲ ਦੌਰਾਨ ਸਿੱਖੀ ਸਰੂਪ ਧਾਰਣ ਕੀਤਾ ਸੀ, ਸਿੱਖੀ ਸਰੂਪ ਤਿਆਗ ਗਏ। ਇਸੇ ਤਰ੍ਹਾਂ ਅਸੀਂ ਵੇਖਦੇ ਹਾਂ ਕਿ ਪੰਜਾਬੀ ਸੂਬਾ ਬਣਨ ਪਿਛੋਂ ਕਈ ਵਾਰ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਸੱਤਾ ਪੁਰ ਕਾਬਜ਼ ਹੋਇਆ। ਇਸ ਸਮੇਂ ਦੌਰਾਨ ਸਿੱਖੀ ਕਿਤਨੀ ਵੱਧੀ-ਫੁਲੀ? ਕੀ ਇਸਦਾ ਕਦੀ ਮੁਲਾਂਕਣ ਕੀਤਾ ਗਿਐ? ਸ਼ਾਇਦ ਅਜਿਹਾ ਮੁਲਾਂਕਣ ਨਾ ਤਾਂ ਕਦੀ ਕੀਤਾ ਗਿਆ ਹੈ ਅਤੇ ਨਾ ਹੀ ਕਦੀ ਕੀਤਾ ਜਾਇਗਾ। ਕਿਉਂਕਿ ਹਰ ਕੋਈ ਜਾਣਦਾ ਹੈ ਕਿ ਇਸਦਾ ਮੁਲਾਂਕਣ ਕਰਨ ਤੇ ਨਿਰਾਸ਼ਾ ਹੀ ਹੱਥ ਲਗੇਗੀ।

ਜਸਵੰਤ ਸਿੰਘ ਅਜੀਤ
ਸੀਨੀਅਰ ਪੱਤਰਕਾਰ
ਰੋਹਿਨੀ, ਦਿੱਲੀ
9582719890

Leave a Reply

Your email address will not be published. Required fields are marked *

%d bloggers like this: