Wed. May 22nd, 2019

ਰਹਿਣ ਵੱਸਦੀਆਂ ਰੱਬਾ ਇਹ ਮੇਰੇ ਪਿੰਡ ਦੀਆਂ ਕੁੜੀਆਂ ਨੇ, ਵਾਲਾ ‘ਮਿੰਟੂ ਹੇਅਰ’

ਰਹਿਣ ਵੱਸਦੀਆਂ ਰੱਬਾ ਇਹ ਮੇਰੇ ਪਿੰਡ ਦੀਆਂ ਕੁੜੀਆਂ ਨੇ, ਵਾਲਾ ‘ਮਿੰਟੂ ਹੇਅਰ’

ਪੰਜਾਬੀ ਸੰਗੀਤ ਜਗਤ ਵਿੱਚ ਜੇਕਰ ਮਿਆਰੀ ਲਿਖਤ ਨੂੰ ਤਰਜੀਹ ਦੇਣ ਵਾਲੇ ਗੀਤਕਾਰਾਂ ਦੀ ਗੱਲ ਕਰੀਏ ਤਾਂ ਟਾਂਵੇਂ-ਟਾਂਵੇਂ ਗੀਤਕਾਰਾਂ ਦੇ ਨਾਂਅ ਹੀ ਜ਼ਿਹਨ ਵਿੱਚ ਆਉਂਦੇ ਹਨ ਤੇ ਗਿਣਵੇਂ-ਚੁਣਵੇਂ ਚਿਹਰੇ ਹੀ ਅੱਖਾਂ ਮੂਹਰੇ ਘੁੰਮਦੇ ਹਨ। ਅਜੋਕੇ ਪੰਜਾਬੀ ਸੰਗੀਤ ਵਿੱਚ ਗੀਤਕਾਰੀਂ ਪੱਖੋਂ ਅੱਤ ਦੀ ਗਿਰਾਵਟ ਦੇਖਣ-ਸੁਣਨ ਨੂੰ ਮਿਲ ਰਹੀ ਐ, ਜੋ ਸਾਡੇ ਪੰਜਾਬ ਦੇ ਅਮੀਰ ਵਿਰਸੇ ਨੂੰ ਢਾਅ ਲਾ ਰਹੀ ਐ। ਅਜਿਹੇ ਮਾਹੌਲ ਵਿੱਚ ਰਹਿ ਕੇ ਵੀ ਤੇ ਆਪਣੀ ਜੜ ਨਾ ਛੱਡਣ ਵਾਲੇ ਗੀਤਕਾਰਾਂ ਵਿੱਚ ਇੱਕ ਨਾਂਅ ਆਉਂਦੈ ‘ਮਿੰਟੂ ਹੇਅਰ’। ਮਿੰਟੂ ਦਾ ਨਾਂਅ ਵੈਸੇ ਤਾਂ ਘਰਦਿਆਂ ਨੇ ‘ਗੁਰਪ੍ਰੀਤ ਸਿੰਘ ਹੇਅਰ’ ਰੱਖਿਆ ਪਰ ਪਿਆਰ ਨਾਲ ਸਾਰੇ ਉਸ ਨੂੰ ਮਿੰਟੂ ਹੀ ਬੁਲਾਉਂਦੇ ਹਨ, ਇਸ ਲਈ ਉਸ ਨੇ ਆਪਣੇ ਗੀਤਾਂ ਵਿੱਚ ਵੀ ‘ਮਿੰਟੂ ਹੇਅਰ’ ਨਾਂਅ ਨੂੰ ਹੀ ਸ਼ਿੰਗਾਰ ਬਣਾਇਆ।
ਗੱਲਬਾਤ ਕਰਦਿਆਂ ਮਿੰਟੂ ਨੇ ਦੱਸਿਆ ਕਿ ਉਸ ਦਾ ਜਨਮ ਉਸ ਦੇ ਨਾਨਕੇ ਪਿੰਡ ‘ਮਹੇੜੂ’ ਵਿਖੇ ਹੋਇਆ। ਪਿਤਾ ਸ. ਮਹਿੰਦਰ ਸਿੰਘ ਤੇ ਮਾਤਾ ਗੁਰਬਖ਼ਸ਼ ਕੌਰ ਦੇ ਸਾਧਾਰਣ ਜਿਹੇ ਪਰਿਵਾਰ ਵਿੱਚ ਪੈਦਾ ਹੋਏ ਮਿੰਟੂ ਦਾ ਬਚਪਨ ਆਪਣੇ ਪਿੰਡ ‘ਹੇਰਾਂ ਵਿੱਚ ਬੀਤਿਆ ਤੇ ਮੁੱਢਲੀ ਸਿੱਖਿਆ ਵੀ ਉਸ ਨੇ ਇਸੇ ਪਿੰਡ ਦੇ ਸਰਕਾਰੀ ਸਕੂਲ ਤੋਂ ਹਾਸਲ ਕੀਤੀ। ਇਸ ਮਗਰੋਂ ਅਗਲੇਰੀ ਪੜਾਈ ਲਈ ਉਸ ਨੇ ਨੈਸ਼ਨਲ ਕਾਲਜ ਨਕੋਦਰ ਵਿੱਚ ਦਾਖਲਾ ਲੈ ਲਿਆ। ਸਕੂਲ-ਕਾਲਜ ਸਮੇਂ ਉਹ ਕਬੱਡੀ ਦਾ ਬਹੁਤ ਵਧੀਆ ਖਿਡਾਰੀ ਵੀ ਰਹਿ ਚੁੱਕਿਐ। ਪੰਜਾਬ ਦੀਆਂ ਵੱਖ-ਵੱਖ ਥਾਵਾਂ ਤੋਂ ਇਲਾਵਾ ਉਸ ਨੇ ਰਾਜਸਥਾਨ ਦੇ ਟੂਰਨਾਮੈਂਟਾਂ ਵਿੱਚ ਵੀ ਹਿੱਸਾ ਲਿਆ।
ਗੀਤਕਾਰੀ ਵਾਲੇ ਪਾਸੇ ਆਉਣ ਬਾਰੇ ਪੁੱਛਣ ‘ਤੇ ਮਿੰਟੂ ਨੇ ਦੱਸਿਆ ਕਿ ਉਹ ਕੁੱਝ ਸੋਚ-ਵਿਚਾਰ ਕੇ ਇਸ ਪਾਸੇ ਵੱਲ ਨਹੀਂ ਸੀ ਤੁਰਿਆ। ਕਬੱਡੀ ਖੇਡਦਿਆਂ-ਖੇਡਦਿਆਂ ਇੱਕ ਦਿਨ ਉਸ ਦੇ ਜ਼ਿਹਨ ਵਿੱਚ ਕੁੱਝ ਖ਼ਿਆਲ ਆਏ ਜੋ ਉਸ ਨੇ ਕਾਪੀ ‘ਤੇ ਉਤਾਰ ਦਿੱਤੇ ਜੋ ਇੱਕ ਗੀਤ ਦੀ ਸ਼ਕਲ ਅਖ਼ਤਿਆਰ ਕਰ ਗਏ। ਉਸ ਸਮੇਂ ਉਸ ਦੀ ਉਮਰ ਤਕਰੀਬਨ 17 ਕੁ ਸਾਲ ਸੀ। ਕੁੱਝ ਸਮੇਂ ਪਿੱਛੋਂ ਇਹੀ ਗੀਤ ਪੰਜਾਬ ਦੇ ਮਕਬੂਲ ਗਾਇਕ ਕੇ. ਐੱਸ. ਮੱਖਣ ਦੀ ਆਵਾਜ਼ ਵਿੱਚ ਸਰੋਤਿਆਂ ਦੇ ਰੂ-ਬ-ਰੂ ਹੋਇਆ, ਜਿਸ ਦਾ ਨਾਂਅ ਸੀ ‘ਏਰੀਏ ਵਿੱਚ ਮਿੱਤਰਾਂ ਦੀ ਬੱਲੇ-ਬੱਲੇ ਆ’। ਇਹ ਮਿੰਟੂ ਦਾ ਪਹਿਲਾ ਗੀਤ ਸੀ, ਜਿਸ ਨੇ ਮਿੰਟੂ ਦੀ ਨਾ ਸਿਰਫ਼ ਆਪਣੇ ਏਰੀਏ ਵਿੱਚ ਬਲਕਿ ਹਰ ਉਸ ਥਾਂ ‘ਤੇ ਬੱਲੇ-ਬੱਲੇ ਕਰਵਾ ਦਿੱਤੀ, ਜਿੱਥੇ-ਜਿੱਥੇ ਵੀ ਪੰਜਾਬੀ ਵੱਸਦੇ ਆ। ਮਿੰਟੂ ਆਪਣੇ ਹੀ ਪਿੰਡ ਦੇ ਬਾਕਮਾਲ ਸ਼ਾਇਰ ਤੇ ਗੀਤਕਾਰ ‘ਵਿਜੇੇ ਧੰਮੀ (ਹੇਰਾਂ ਵਾਲਾ)’ ਤੋਂ ਇਲਾਵਾ ਪ੍ਰਸਿੱਧ ਗੀਤਕਾਰ ‘ਬਾਬੂ ਸਿੰਘ ਮਾਨ’ ਤੇ ਉਸਤਾਦ ਸ਼ਾਇਰ ਜਨਾਬ ‘ਦੇਬੀ ਮਖ਼ਸੂਸਪੁਰੀ’ ਤੋਂ ਬਹੁਤ ਪ੍ਰਭਾਵਿਤ ਹੋਇਆ ਤੇ ਉਸ ਨੇ ਆਪਣਾ ਇਹ ਲਿਖਣ ਦਾ ਕਾਰਜ ਜਾਰੀ ਰੱਖਿਆ।
ਮਿੰਟੂ ਦੇ ਹੁਣ ਤੱਕ ਤਕਰੀਬਨ 80 ਗੀਤ ਰਿਕਾਰਡ ਹੋ ਚੁੱਕੇ ਹਨ, ਜਿਨਾ ਨੂੰ ਪੰਜਾਬ ਦੀਆਂ ਬਹੁਤ ਹੀ ਨਾਮਵਰ ਤੇ ਸੁਰੀਲੀਆਂ ਆਵਾਜ਼ਾਂ ਨੇ ਗਾਇਆ, ਜਿਨਾ ਵਿੱਚ ਕੇ.ਐੱਸ.ਮੱਖਣ, ਕੰਠ ਕਲੇਰ, ਫ਼ਿਰੋਜ਼ ਖ਼ਾਨ, ਕਮਲ ਖ਼ਾਨ, ਬਾਈ ਅਮਰਜੀਤ, ਗੀਤਾ ਜ਼ੈਲਦਾਰ, ਮਿਸ ਪੂਜਾ, ਮਿਸ ਨੀਲਮ, ਬੈਨੀ ਧਾਲੀਵਾਲ, ਬਲਰਾਜ, ਬੂਟਾ ਮੁਹੰਮਦ, ਰਾਏ ਜੁਝਾਰ, ਮਾਣਕੀ, ਦੀਪਕ ਢਿੱਲੋਂ, ਹਰਦੀਪ ਚੀਮਾ ਤੇ ਹੋਰ ਅਨੇਕਾਂ ਗਾਇਕਾਂ ਦੇ ਨਾਂਅ ਸ਼ਾਮਿਲ ਹਨ। ਮਿੰਟੂ ਆਪਣੀਆਂ ਭੈਣਾਂ ਨੂੰ ਬੇਹੱਦ ਪਿਆਰ ਕਰਦੈ, ਇਸ ਪਾਕ-ਪਵਿੱਤਰ ਰਿਸ਼ਤੇ ਨੂੰ ਬਿਆਨਦੇ ਉਸ ਦੇ ਲਿਖੇ ਤੇ ਕੰਠ ਕਲੇਰ ਦੀ ਆਵਾਜ਼ ਵਿੱਚ ਆਏ ਗੀਤ ‘ਰਹਿਣ ਵੱਸਦੀਆਂ ਰੱਬਾ ਇਹ ਮੇਰੇ ਪਿੰਡ ਦੀਆਂ ਕੁੜੀਆਂ ਨੇ’ ਨੇ ਅੰਤਰਰਾਸ਼ਟਰੀ ਪੱਧਰ ‘ਤੇ ਮਕਬੂਲੀਅਤ ਹਾਸਿਲ ਕੀਤੀ। ‘ਤੇਰੇ ਨਾਲ ਜੀਣਾ’, ‘ਇਲਾਕਾ ਸ਼ੇਰਾਂ ਦਾ’, ‘ਭਾਬੋ ਨੱਚਦੀ’, ‘ਹਿੱਕ ਵਿੱਚ ਜ਼ੋਰ’, ‘ਇੱਕ ਮੇਰਾ ਦਿਲ’, ‘ਬਿੱਲੋ ਦੀਆਂ ਝਾਂਜਰਾਂ’, ਰੌਲ਼ਾ ਪਾ ਦੇਣਾ’, ‘ਮਿ. ਰਾਂਝਾ’ ਤੋਂ ਇਲਾਵਾ ਅਨੇਕਾਂ ਗੀਤ ਮਿੰਟੂ ਦੀ ਕਲਮ ਵਿੱਚੋਂ ਨਿਕਲੇ, ਜਿਨਾ ਦਾ ਅੱਜ ਵੀ ਸਰੋਤੇ ਬਹੁਤ ਆਨੰਦ ਮਾਣਦੇ ਹਨ।
ਆਪਣੇ ਨਵੇਂ ਆਉਣ ਵਾਲੇ ਗੀਤਾਂ ਬਾਰੇ ਗੱਲ ਕਰਦਿਆਂ ਮਿੰਟੂ ਨੇ ਦੱਸਿਆ ਕਿ ਉਹ ਜਲਦ ਹੀ ਗੋਲਡਨ ਸਟਾਰ ਮਲਕੀਤ ਸਿੰਘ, ਸੁਖਸ਼ਿੰਦਰ ਸ਼ਿੰਦਾ, ਵਾਰਿਸ ਭਰਾਵਾਂ (ਮਨਮੋਹਣ ਵਾਰਿਸ, ਕਮਲ ਹੀਰ), ਨਛੱਤਰ ਗਿੱਲ, ਰਣਜੀਤ ਬਾਵਾ, ਰਾਜਵੀਰ ਜਵੰਧਾ, ਗੁਰਨਾਮ ਭੁੱਲਰ ਤੇ ਬਲਰਾਜ ਦੀਆਂ ਦਿਲ ਟੁੰਬਵੀਆਂ ਆਵਾਜ਼ਾਂ ਰਾਹੀਂ ਸਰੋਤਿਆਂ ਦੀ ਕਚਹਿਰੀ ਵਿੱਚ ਪੇਸ਼ ਹੋਵੇਗਾ। ਮਿੰਟੂ ਖ਼ੁਦ ਵੀ ਗਾਉਣ ਦਾ ਸ਼ੌਕ ਰੱਖਦੈ ਤੇ ਅਕਸਰ ਮੇਲਿਆਂ ਵਿੱਚ ਆਪਣੀ ਹਾਜ਼ਰੀ ਲਗਵਾਉਂਦਾ ਰਹਿੰਦੈ। ਜਲਦ ਹੀ ਉਸ ਦੀ ਆਪਣੀ ਆਵਾਜ਼ ਵਿੱਚ ਵੀ ਸਰੋਤਿਆਂ ਨੂੰ ਉਸ ਦੇ ਗੀਤ ਸੁਣਨ ਨੂੰ ਮਿਲਣਗੇ। ਗੁਰਦੀਪ ਸਿੰਘ ਪੰਮਾ ਤੇ ਅਨੂਪ ਚੌਹਾਨ (ਜਲੰਧਰ) ਨੂੰ ਮਿੰਟੂ ਆਪਣੇ ਸਭ ਤੋਂ ਵੱਧ ਕਰੀਬੀ ਮੰਨਦੈ, ਜਿਹੜੇ ਉਸ ਦੇ ਹਰ ਚੰਗੇ-ਮਾੜੇ ਵਕਤ ਵਿੱਚ ਨਾਲ ਖੜੇ ਹੋਏ। ਇਸ ਸਮੇਂ ਮਿੰਟੂ ਆਪਣੀ ਹਮਸਫ਼ਰ ਕੁਲਵਿੰਦਰ ਕੌਰ, ਬੇਟੀ ਜਸਕੀਰਤ ਕੌਰ ਤੇ ਬੇਟੇ ਅਰਜੁਨ ਸਿੰਘ ਨਾਲ ਆਪਣੇ ਪਿੰਡ ‘ਹੇਰਾਂ’ ਵਿੱਚ ਖ਼ੁਸ਼ਹਾਲ ਜ਼ਿੰਦਗੀ ਬਸਰ ਕਰ ਰਿਹੈ। ਪ੍ਰਮਾਤਮਾ ਅੱਗੇ ਦੁਆ ਹੈ ਕਿ ਮਿੰਟੂ ਹੋਰ ਵੀ ਬੁਲੰਦੀਆਂ ਛੂਹਵੇ ਤੇ ਪੰਜਾਬੀ ਸੰਗੀਤ ਜਗਤ ਲਈ ਆਪਣਾ ਬਣਦਾ ਯੋਗਦਾਨ ਪਾਉਂਦਾ ਰਹੇ, ਇਹ ਮੇਰੀ ਆਸ ਵੀ ਹੈ ਤੇ ਅਰਦਾਸ ਵੀ।

ਆਸ਼ੂ ਸਿਮਰ
98150-94402

Leave a Reply

Your email address will not be published. Required fields are marked *

%d bloggers like this: