ਰਜਵਾੜਾਸ਼ਾਹੀ ਸੋਚ ਵਾਲੇ ਕਾਂਗਰਸੀ ਆਗੂਆਂ ਤੋਂ ਪੰਜਾਬ ਦੇ ਭਲੇ ਦੀ ਕੋਈ ਆਸ ਨਾ ਰੱਖੋ-ਬਾਦਲ

ss1

ਸੂਬੇ ਦੇ ਪਾਣੀਆਂ ਨੂੰ ਖੋਹਣ ਦਾ ਕੋਈ ਯਤਨ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ: ਬਾਦਲ

ਰਜਵਾੜਾਸ਼ਾਹੀ ਸੋਚ ਵਾਲੇ ਕਾਂਗਰਸੀ ਆਗੂਆਂ ਤੋਂ ਪੰਜਾਬ ਦੇ ਭਲੇ ਦੀ ਕੋਈ ਆਸ ਨਾ ਰੱਖੋ-ਬਾਦਲ

16-51

ਗੜ੍ਹਸ਼ੰਕਰ (ਹੁਸ਼ਿਆਰਪੁਰ), 15 ਜੁਲਾਈ 2016 : ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਅੱਜ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਾਂਗਰਸ ਪਾਰਟੀ ਦੇ ਆਗੂਆਂ ਵੱਲੋਂ ਕੀਤੇ ਜਾ ਰਹੇ ਕੂੜ ਪ੍ਰਚਾਰ ਤੋਂ ਸੁਚੇਤ ਰਹਿਣ ਕਿਉਂਕਿ ਰਜਵਾੜਾਸ਼ਾਹੀ ਸੋਚ ਦੇ ਮਾਲਕ ਆਗੂਆਂ ਪਾਸੋਂ ਲੋਕ ਭਲਾਈ ਦੀ ਆਸ ਨਹੀਂ ਕੀਤੀ ਜਾ ਸਕਦੀ।

ਅੱਜ ਇੱਥੇ ਸੰਗਤ ਦਰਸ਼ਨ ਦੌਰਾਨ ਪਿੰਡ ਕੁੱਕੜਾਂ, ਸੈਲਾ ਖੁਰਦ ਅਤੇ ਹੋਰ ਪਿੰਡਾਂ ਵਿਖੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸੀ ਆਗੂ ਸੱਤਾ ਦਾ ਪ੍ਰਯੋਗ ਸਿਰਫ਼ ਆਪਣੀ ਭਲਾਈ ਅਤੇ ਐਸ਼ਪ੍ਰਸਤੀ ਵਾਸਤੇ ਕਰਦੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਆਗੂਆਂ ਨੂੰ ਪੰਜਾਬ ਜਾਂ ਇੱਥੇ ਦੇ ਲੋਕਾਂ ਦੀ ਭਲਾਈ ਨਾਲ ਕੋਈ ਵਾਸਤਾ ਨਹੀਂ ਹੈ ਅਤੇ ਸੱਤਾ ਵਿੱਚ ਰਹਿਣ ਦੌਰਾਨ ਇਹ ਆਗੂ ਸਿਰਫ਼ ਲੋਕਾਂ ਤੋਂ ਦੂਰੀ ਬਣਾਈ ਰੱਖਣ ਵਿੱਚ ਹੀ ਯਕੀਨ ਰੱਖਦੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੀਆਂ ਮਾੜੀਆਂ ਨੀਤੀਆਂ ਕਾਰਨ ਹੀ ਅੱਜ ਦੇਸ਼ ਗਰੀਬੀ ਅਨਪੜ੍ਹਤਾ ਅਤੇ ਬੇਰੁਜ਼ਗਾਰੀ ਜਿਹੀਆਂ ਸਮਾਜਿਕ ਅਲਾਮਤਾਂ ਦਾ ਸਾਹਮਣਾ ਕਰਰਿਹਾ ਹੈ।

ਉਨ੍ਹਾਂ ਕਿਹਾ ਕਿ ਜਿੱਥੇ ਉਹ ਪਿੰਡ-ਪਿੰਡ ਘੁੰਮ ਕੇ ਸੰਗਤ ਦਰਸ਼ਨ ਦੌਰਾਨ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰ ਰਹੇ ਹਨ ਉੱਥੇ ਕਾਂਗਰਸ ਕਾਰਜਕਾਲ ਦੌਰਾਨ ਕੋਈ ਵੀ ਮੁੱਖ ਮੰਤਰੀ ਅਜਿਹੇ ਲੋਕ ਪੱਖੀ ਉਪਰਾਲੇ ਨਹੀਂ ਕਰਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਜਿੰਦਗੀ ਇਕ ਖੁੱਲ੍ਹੀ ਕਿਤਾਬ ਵਾਂਗ ਹੈ ਅਤੇ ਸਾਰੇ ਪੰਜਾਬੀਆਂ ਨੂੰ ਇਹ ਪਤਾ ਹੈ ਕਿ ਮੈਂ ਸੂਬੇ ਦੇ ਹਿੱਤਾਂ ਖਾਤਰ ਕਿਸੇ ਵੀ ਤਰ੍ਹਾਂ ਦੇ ਸੰਘਰਸ਼ ਤੋਂ ਪਿੱਛੇ ਨਹੀਂ ਹਟਿਆਂ ਹਾਂ। ਉਨ੍ਹਾਂ ਕਿਹਾ ਕਿ ਜਿਥੋਂ ਤੱਕ ਐਸ.ਵਾਈ.ਐਲ. ਨਹਿਰ ਦਾ ਸਬੰਧ ਹੈ, ਅਕਾਲੀ ਦਲ ਪੰਜਾਬ ਦੇ ਪਾਣੀਆਂ ‘ਤੇ ਡਾਕਾ ਮਾਰਨ ਲਈ ਬਣਾਏ ਗਏ ਇਸ ਯੋਜਨਾ ਦਾ ਅਕਾਲੀ ਦਲ ਨੇ ਮੁੱਢ ਤੋਂ ਵਿਰੋਧ ਕੀਤਾ ਹੈ। ਉਨ੍ਹਾਂ ਕਾਂਗਰਸੀ ਆਗੂਆਂ ਨੂੰ ਯਾਦ ਕਰਾਇਆ ਕਿ ਜਦੋਂ ਉਨ੍ਹਾਂ ਨੇ ਮੌਜੂਦਾ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਸਮੇਤ ਹੋਰ ਆਗੂ ਇੰਦਰਾ ਗਾਂਧੀ ਨਾਲ ਇਹ ਨਹਿਰ ਖੋਦਣ ਲਈ ਸਵਾਗਤ ਕਰ ਰਹੇ ਸਨ, ਤਾਂ ਅਕਾਲੀ ਦਲ ਦੇ ਹਜ਼ਾਰਾਂ ਵਰਕਰਾਂ ਨੇ ਇਸ ਦੇ ਖਿਲਾਫ਼ ਗ੍ਰਿਫਤਾਰੀਆਂ ਦਿੱਤੀਆਂ ਸਨ। ਉਨ੍ਹਾਂ ਕਿਹਾ ਕਿ ਇਹ ਮੰਦਭਾਗੀ ਗੱਲ ਹੈ ਕਿ ਕਾਂਗਰਸੀ ਆਗੂ ਫੋਕੀ ਸ਼ੋਹਰਤ ਹਾਸਲ ਕਰਨ ਲਈ ਹੁਣ ਇਸ ਮੁੱਦੇ ‘ਤੇ ਮੱਗਰਮੱਛੀ ਹੰਝੂ ਵਹਾ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਸਾਰੀ ਜ਼ਿਦਗੀ ਉਨ੍ਹਾਂ ਨੇ ਲੋਕਾਂ ਦੀ ਜੀ-ਜਾਨ ਨਾਲ ਸੇਵਾ ਕੀਤੀ ਹੈ ਅਤੇ ਦੂਜੇ ਪਾਸੇ ਰਜਵਾੜਸ਼ਾਹੀ ਸੋਚ ਵਾਲੇ ਕਾਂਗਰਸੀ ਆਗੂਆਂ ਨੇ ਕਦੇ ਵੀ ਲੋਕਾਂ ਦੀ ਪ੍ਰਵਾਹ ਨਹੀਂ ਕੀਤੀ। ਪਰ ਉਨ੍ਹਾਂ ਕਿਹਾ ਕਿ ਹੁਣ ਉਨ੍ਹਾਂ ਨੂੰ ਵੇਖ ਕੇ ਕਾਂਗਰਸ ਦੇ ਆਗੂ ਵੀ ਲੋਕਾਂ ਨੂੰ ਮਿਲਣ ਲਈ ਦਰਬਾਰ ਲਾਉਣ ਦੀਆਂ ਗੱਲਾ ਕਰ ਰਹੇ ਨੇ।

ਇਸ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ. ਬਾਦਲ ਨੇ ਕਿਹਾ ਕਿ ਪਾਣੀ ਪੰਜਾਬ ਦੀ ਜਿੰਦ ਜਾਨ ਹੈ ਅਤੇ ਇਸ ਨੂੰ ਖੋਹਣ ਦੇ ਕਿਸੇ ਵੀ ਮਨਸੂਬੇ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕ ਅਕਾਲੀ ਭਾਜਪਾ ਗਠਜੋੜ ਸਤਲੁਜ ਯਮੁਨਾ ਲਿੰਕ ਨਹਿਰ ਨਾ ਬਣਨ ਦੇਣ ਲਈ ਵੱਚਨਬੱਧ ਹੈ। ਉਨ੍ਹਾਂ ਕਿਹਾ ਕਿ ਇਹ ਕੋਈ ਸਿਆਸੀ ਮੁੱਦਾ ਨਹੀਂ ਬਲਕਿ ਹਰ ਪੰਜਾਬੀ ਲਈ ਇਕ ਅਹਿਮ ਮੁੱਦਾ ਹੈ। ਉਨ੍ਹਾਂ ਕਿਹਾ ਕਿ ਇਸ ਮੁੱਦੇ ਨਾਲ ਨਾ ਸਿਰਫ਼ ਸੂਬੇ ਦੇ ਕਿਸਾਨ ਬਲਕਿ ਸਮਾਜ ਦਾ ਹਰ ਵਰਗ ਸਿੱਧੇ ਤੌਰ ‘ਤੇ ਪ੍ਰਭਾਵਿਤ ਹੋਵੇਗਾ।

ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀ ਭਾਜਪਾ ਗਠਜੋੜ ਇਸ ਮੁੱਦੇ ‘ਤੇ ਪੂਰੀ ਤਰ੍ਹਾਂ ਨਾਲ ਇਕਜੁਟ ਹੈ ਤਾਂ ਜੋ ਸੂਬੇ ਦੇ ਪਾਣੀਆਂ ਦੀ ਰਾਖੀ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਮਤਾ ਪਾਸ ਕਰਕੇ ਇਸ ਨਹਿਰ ਦੀ ਪੁਰਜ਼ੋਰ ਵਿਰੋਧਤਾ ਕੀਤੀ ਹੈ। ਇਕ ਹੋਰ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀ ਭਾਜਪਾ ਗਠਜੋੜ ਦਾ ਰਿਸ਼ਤਾ ਨਹੁੰ ਮਾਸ ਵਰਗਾ ਹੈ । ਉਨ੍ਹਾਂ ਕਿਹਾ ਕਿ ਇਹ ਇੱਕ ਸਿਆਸੀ ਰਿਸ਼ਤਾ ਨਾ ਹੋਣ ਕਰਕੇ ਆਪਸੀ ਭਾਈਚਾਰੇ ਅਤੇ ਯਕੀਨ ‘ਤੇ ਅਧਾਰਤ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵਲੋਂ ਲਏ ਜਾਂਦੇ ਹਰ ਫੈਸਲੇ ਵਿੱਚ ਭਾਜਪਾ ਬਰਾਬਰ ਦੀ ਸ਼ਰੀਕ ਹੈ।

ਇਕ ਅਹਿਮ ਐਲਾਨ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਕੰਢੀ ਖੇਤਰ ਨੂੰ ਨਿਯਮਤ ਤੌਰ ‘ਤੇ ਪਾਣੀ ਪਹੁੰਚਾਉਣ ਲਈ ਚੱਲ ਰਹੇ ਕੰਢੀ ਕੈਨਾਲ ਦਾ ਕੰਮ ਵੱਧ ਤੋਂ ਵੱਧ ਇੱਕ ਪੰਦਰਵਾੜੇ ਵਿੱਚ ਪੂਰਾ ਕਰ ਲਿਆ ਜਾਵੇਗਾ। ਨਾਲ ਹੀ ਉਨ੍ਹਾਂ ਕਿਹਾ ਕਿ ਇਸ ਕੈਨਾਲ ਤੋਂ ਇਲਾਵਾ ਸੂਬਾ ਸਰਕਾਰ ਇਸ ਖੇਤਰ ਵਿੱਚ ਡਰਿੱਪ ਸਿੰਚਾਈ ਨੂੰ ਵੀ ਉਤਸ਼ਾਹਤ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕੰਢੀ ਖੇਤਰ ਦੇ ਕਿਸਾਨਾਂ ਦੀ ਫ਼ਸਲ ਦਾ ਜੰਗਲੀ ਜਾਨਵਰਾਂ ਕਾਰਨ ਹੋਣ ਵਾਲੇ ਨੁਕਸਾਨ ਨੂੰ ਰੋਕਣ ਲਈ ਸੂਬਾ ਸਰਕਾਰ ਵਲੋਂ ਵਾੜ ਲਾਉਣ ਲਈ ਢਾਈ ਏਕੜ ਤੱਕ ਦੇ ਕਿਸਾਨ ਨੂੰ 90 ਫੀਸਦੀ ਸਬਸਿਡੀ ਦਿੱਤੀ ਜਾ ਰਹੀ ਹੈ। ਜਦਕਿ ਢਾਈ ਏਕੜ ਤੋਂ ਵੱਧ ਵਾਲੇ ਕਿਸਾਨ ਨੂੰ 70 ਫੀਸਦੀ ਸਬਸਿਡੀ ਮੁਹੱਈਆ ਕਰਵਾਈ ਜਾ ਰਹੀ ਹੈ।

ਇਸ ਮੌਕੇ ਹੋਰਨਾ ਤੋਂ ਇਲਾਵਾ ਪੰਜਾਬ ਦੇ ਕੈਬਨਿਟ ਮੰਤਰੀ ਸ੍ਰ: ਸੋਹਣ ਸਿੰਘ ਠੰਡਲ, ਵਿਧਾਇਕ ਸੁਰਿੰਦਰ ਸਿੰਘ ਭੁਲੇਵਾਲ ਰਾਠਾਂ, ਮੁੱਖ ਮੰਤਰੀ ਦੇ ਸੰਯੁਕਤ ਵਿਸ਼ੇਸ਼ ਪ੍ਰਮੁੱਖ ਸਕੱਤਰ ਕੁਮਾਰ ਅਮਿਤ, ਡਿਪਟੀ ਕਮਿਸ਼ਨਰ ਸ੍ਰੀਮਤੀ ਅਨਿੰਦਿਤਾ ਮਿਤਰਾ, ਐਸ ਐਸ ਪੀ ਸ੍ਰੀ ਕੁਲਦੀਪ ਸਿੰਘ ਚਾਹਲ ਅਤੇ ਹੋਰ ਪਤਵੰਤੇ ਹਾਜ਼ਰ ਸਨ।

Share Button

Leave a Reply

Your email address will not be published. Required fields are marked *