Fri. Apr 10th, 2020

ਯੋਜਨਾਵੱਧ ਸਿੱਖ ਕਤਲੇਆਮ ਦੀ ਬੇ-ਇਨਸਾਫੀ

ਬਘੇਲ ਸਿੰਘ ਧਾਲੀਵਾਲ

ਯੋਜਨਾਵੱਧ ਸਿੱਖ ਕਤਲੇਆਮ ਦੀ ਬੇ-ਇਨਸਾਫੀ

ਬਘੇਲ ਸਿੰਘ ਧਾਲੀਵਾਲ

ਨਵੰਬਰ 1984 ਵਿੱਚ ਵਾਪਰੇ ਹੌਲਨਾਕ ਵਰਤਾਰੇ ਦੀ ਗੱਲ ਕਰਨ ਤੋਂ ਪਹਿਲਾਂ ਇੱਕ ਨਜਰ ਉਸ ਪਿਛੋਕੜ ਤੇ ਵੀ ਲਾਜ਼ਮੀ ਮਾਰਨੀ ਪਵੇਗੀ,ਜਿੱਥੋਂ ਇਸ ਵਰਤਾਰੇ ਦਾ ਮੁੱਢ ਬੱਝਦਾ ਹੈ,ਤਾਂ ਕਿ ਸਿੱਖ ਰਾਜ ਖੁੱਸ ਜਾਣ ਤੋਂ ਬਾਅਦ ਸਿੱਖ ਕੌਂਮ ਦੇ ਪੱਲੇ ਪਈਆਂ ਖੱਜਲ ਖੁਆਰੀਆਂ ਦੀ ਜੜ ਤੱਕ ਪੁੱਜਿਆ ਜਾ ਸਕੇ।ਇਹ ਦੇ ਵਿੱਚ ਹੁਣ ਕਿਸੇ ਨੂੰ ਕੋਈ ਭੁਲੇਖਾ ਨਹੀ ਕਿ ਦੇਸ਼ ਦੀ ਅਜਾਦੀ ਵੇਲੇ ਦੀ ਸਿੱਖ ਲੀਡਰਸ਼ਿੱਪ ਅੰਗਰੇਜਾਂ ਵੱਲੋਂ ਖੋਹੇ ਗਏ ਵਿਸ਼ਾਲ ਖਾਲਸਾ ਰਾਜ ਨੂੰ ਵਾਪਸ ਲੈਣ ਦਾ ਚੇਤਾ ਅਸਲੋਂ ਹੀ ਵਿਸਾਰ ਚੁੱਕੀ ਸੀ। 1849 ਤੋਂ ਬਾਅਦ ਅੰਗਰੇਜ ਹਕੂਮਤ ਨੇ ਬੜੀ ਚਲਾਕੀ ਨਾਲ ਗੁਰਦੁਅਰਾ ਪ੍ਰਬੰਧ ਤੇ ਅਪਣੇ ਵਫਾਦਾਰ ਸਾਧ ਲਾਣੇ ਦਾ ਕਬਜਾ ਕਰਵਾ ਦਿੱਤਾ,ਜਿੰਨਾਂ ਨੇ ਮਰਯਾਦਾ ਅਤੇ ਸਿੱਖੀ ਸਿਧਾਂਤ ਤਹਿਸ ਨਹਿਸ ਕਰ ਕੇ ਸਮੁੱਚਾ ਗੁਰਦੁਆਰਾ ਪ੍ਰਬੰਧ ਬ੍ਰਾਹਮਣੀ ਰੰਗ ਵਿੱਚ ਰੰਗ ਲਿਆ। ਅੰਗਰੇਜਾਂ ਵੱਲੋਂ ਕੀਤੇ ਗਏ ਕਬਜੇ ਨੇ ਜਿੱਥੇ ਸਿੱਖ ਕੌਂਮ ਦਾ ਸਿਧਾਂਤਕ ਨੁਕਸਾਨ ਕੀਤਾ,ਓਥੇ ਬ੍ਰਾਂਹਮਣਵਾਦ ਦੁਆਰਾ ਫੈਲਾਏ ਜਾ ਰਹੇ ਫੋਕਟ ਕਰਮਕਾਂਡਾਂ ਨੂੰ ਉਤਸਾਹਤ ਕਰਨ ਵਿੱਚ ਵੀ ਉਹਨਾਂ ਦੀ ਮਦਦ ਕੀਤੀ। ਸਿੱਖਾਂ ਨੇ ਭਾਂਵੇਂ ਲੰਮੀ ਜੱਦੋਜਹਿਦ ਨਾਲ ਗੁਰਦੁਆਰੇ ਤਾਂ ਅਜਾਦ ਕਰਵਾ ਲਏ,ਪ੍ਰੰਤੂ ਰਲਗੱਡ ਹੋ ਚੁੱਕੀ ਸਿੱਖ ਮਰਿਯਾਦਾ ਚੋ ਬ੍ਰਾਂਹਮਣੀ ਕਰਮਕਾਂਡ ਨੂੰ ਪੂਰੀ ਤਰਾਂ ਅਲੱਗ ਕਰਵਾਉਣ ਵਿੱਚ ਕਾਮਯਾਬ ਨਾ ਹੋ ਸਕੇ।ਇਹੋ ਕਾਰਨ ਹੈ ਕਿ ਅਜਾਦੀ ਤੋਂ ਬਾਅਦ ਆਰ ਐਸ ਐਸ ਗੁਰਦੁਆਰਾ ਪ੍ਰਬੰਧ ਤੇ ਬਹੁਤ ਸੌਖਿਆਂ ਹੀ ਭਾਰੂ ਪੈ ਗਈ।ਜਿਸ ਦਾ ਖਮਿਆਜਾ ਸਿੱਖ ਅੱਜ ਤੱਕ ਭੁਗਤਦੇ ਆ ਰਹੇ ਹਨ। ਅਜਾਦੀ ਤੋ ਬਾਅਦ ਮੁਸਲਮਾਨਾਂ ਨੂੰ ਅਪਣਾ ਮੁਲਕ ਪਾਕਿਸਤਾਨ ਮਿਲ ਗਿਆ ਤੇ ਹਿੰਦੂਆਂ ਨੂੰ ਭਾਰਤ,ਜਦੋਂ ਕਿ ਸਿੱਖ ਕੌਂਮ ਬਾਦਸ਼ਾਹੀ ਤੇ ਪਾਤਸ਼ਾਹੀ ਦੋਨੋ ਹੀ ਖੋ ਬੈਠੀ।।ਅੰਗਰੇਜਾਂ ਤੋ ਗੁਰਦੁਆਰੇ ਅਜਾਦ ਕਰਵਾਉਣ ਲਈ ਗੁਰਦੁਆਰਾ ਪ੍ਰਬੰਧ ਦੀ ਲੜਾਈ ਲੜਦੇ ਲੜਦੇ ਸਿੱਖ, ਵਿਸ਼ਾਲ ਖਾਲਸਾ ਰਾਜ ਨੂੰ ਚੇਤਿਆਂ ਚੋ ਵਿਸਾਰ ਬੈਠੇ,ਜਿਸ ਦਾ ਫਾਇਦਾ ਚਲਾਕ ਬ੍ਰਾਂਹਮਣੀ ਸੋਚ ਨੇ ਖੂਬ ਉਠਾਇਆ ਤੇ ਸਿੱਖਾਂ ਨੂੰ ਅਜਾਦੀ ਦੀ ਲੜਾਈ ਚ ਦੱਬ ਕੇ ਵਰਤਿਆ।

ਨਤੀਜੇ ਵਜੋਂ ਅਜਾਦੀ ਦੀ ਲੜਾਈ ਚ ਸਿੱਖਾਂ ਦਾ ਯੋਗਦਾਨ 93 ਫੀਸਦੀ ਰਿਹਾ,ਪਰ ਦੇਸ਼ ਅਜਾਦ ਹੁੰਦਿਆਂ ਹੀ ਸਿੱਖਾਂ ਨੂੰ ਬਦਲੇ ਚ ਮਿਲਿਆ ਮੁਜਰਮਾਨਾ ਬਿਰਤੀ ਦਾ ਤੋਹਫਾ। (ਅਕਤੂਬਰ 1947 ਵਿੱਚ ਪੰਜਾਬ ਦੇ ਗਵਰਨਰ ਨੇ ਸੂਬੇ ਦੇ ਡਿਪਟੀ ਕਮਿਸਨਰਾਂ ਨੂੰ ਇੱਕ ਗਸਤੀ ਪੱਤਰ ਜਾਰੀ ਕੀਤਾ,ਜਿਸ ਵਿੱਚ ਸਿੱਖਾਂ ਨੂੰ ਮੁਜਰਮਾਨਾਂ ਬਿਰਤੀ ਵਾਲੇ ਕਰਾਰ ਦਿੰਦਿਆਂ ਉਹਨਾਂ ਤੇ ਨਜਰ ਰੱਖਣ ਦੇ ਹੁਕਮ ਦਿੱਤੇ ਗਏ ਸਨ) ਰਾਜ ਭਾਗ ਸਿੱਖ ਪਹਿਲਾਂ ਅੰਗਰੇਜਾਂ ਨੂੰ ਹਾਰ ਗਏ ਤੇ 1947 ਤੋ ਬਾਅਦ ਗੁਰਦੁਆਰਾ ਪਰਬੰਧ ਤੇ ਨਾਗਪੁਰੀ ਸੋਚ ਭਾਰੂ ਪੈ ਗਈ।ਇਹ ਕੌੜਾ ਸੱਚ ਹੈ ਕਿ ਦੇਸ਼ ਵੰਡ ਤੋਂ ਬਾਅਦ ਵੀ ਜੋ ਸਿੱਖ ਆਗੂਆਂ ਦੀ ਵਾਰਸ ਵਜੋਂ ਸਿੱਖ ਲੀਡਰਸ਼ਿੱਪ ਉੱਭਰ ਕੇ ਸਾਹਮਣੇ ਆਈ,ਉਹ ਵੀ ਸਿੱਖੀ ਸਿਧਾਂਤਾਂ ਤੇ ਖਰੀ ਨਹੀ ਉੱਤਰ ਸਕੀ।ਸਿੱਖੀ ਸਿਧਾਤਾਂ ਤੇ ਹੀ ਨਹੀ,ਬਲਕਿ ਲੋਕ ਕਸਵੱਟੀ ਤੇ ਵੀ ਖਰੀ ਨਾ ਉੱਤਰ ਸਕੀ।ਇਸ ਦਾ ਕਾਰਨ ਇਹ ਸੀ ਕਿ ਇਸ ਕੱਟੜਵਾਦੀ ਨਾਗਪੁਰੀ ਸੋਚ ਨੇ ਸਿੱਖਾਂ ਨੂੰ ਆਪਸ ਵਿੱਚ ਵੰਡ ਦਿੱਤਾ।ਸਰਮਾਏਦਾਰ ਸਿੱਖ ਨੂੰ ਕਾਰੋਬਾਰਾਂ ਦੀ ਬੁਰਕੀ ਪਾ ਕੇ ਆਪਣੇ ਵਫਾਦਾਰ ਬਣਾ ਲਿਆ ਅਤੇ ਸਿੱਖ ਕੌਂਮ ਦੇ ਆਗੂਆਂ ਵਜੋਂ ਸਥਾਪਤ ਕਰ ਦਿੱਤਾ।ਆਮ ਸਿੱਖ ਧੜੇਬੰਦੀਆਂ ਚ ਉਲਝ ਕੇ ਆਪਸ ਵਿੱਚ ਲੜਨ ਜੋਗੇ ਰਹਿ ਗਏ। ਅਜਾਦੀ ਤੋਂ ਬਾਅਦ ਜਿਵੇਂ ਜਿਵੇਂ ਗੁਰਦੁਆਰਾ ਪਰਬੰਧ ਚ ਨਿਘਾਰ ਆਉਂਦਾ ਗਿਆ,ਤਿਵੇਂ ਤਿਵੇਂ ਸਿੱਖੀ ਸਰੂਪ ਤੇ ਹਮਲੇ ਵੱਧਦੇ ਗਏ ਅਤੇ ਲੀਡਰਸ਼ਿੱਪ ਵੀ ਨਿਘਾਰ ਚ ਹੋਰ ਗਰਕਦੀ ਚਲੀ ਗਈ,ਜਿਸ ਦਾ ਨੁਕਸਾਨ ਕੌਂਮ ਨੇ ਹੱਕ ਲੈਣ ਲਈ ਲਾਏ ਹਰ ਮੋਰਚੇ ਦੀ ਨਾਕਾਮਯਾਬੀ ਨਾਲ ਝੱਲਿਆ। ਨਿੱਜੀ ਲੋਭ ਲਾਲਸਾ ਕਾਰਨ ਖੋਟੀ ਹੋ ਚੁਕੀ ਸਿੱਖ ਲੀਡਰਸ਼ਿੱਪ ਕਰਕੇ ਕੋਈ ਪਰਾਪਤੀ ਕੀਤੇ ਬਗੈਰ ਹੀ ਮੋਰਚੇ ਸਮਾਪਤ ਹੁੰਦੇ ਰਹੇ।ਲਗਾਤਾਰ 18 ਸਾਲ ਤੱਕ ਪੰਜਾਬੀ ਸੂਬੇ ਲਈ ਲੜਦੇ ਸਿੱਖਾਂ ਨੇ ਸੂਬਾ ਵੀ ਲੰਗੜਾ ਕਰਵਾ ਲਿਆ,ਪਾਣੀ ਵੀ ਗੁਆ ਲਏ,ਬਿਜਲੀ ਵੀ ਖੋਹੀ ਗਈ,ਪਰ ਇਸ ਦੇ ਬਾਵਜੂਦ ਵੀ ਸਬਕ ਕਿਸੇ ਨੇ ਵੀ ਨਹੀ ਸਿੱਖਿਆ।

ਅਕਤੂਬਰ 1973 ਚ ਸ੍ਰੀ ਅਨੰਦਪੁਰ ਦਾ ਮਤਾ ਹੋਂਦ ਚ ਆਇਆ,ਜਿਸ ਨੂੰ ਮਤੇ ਵਜੋਂ ਪ੍ਰਵਾਨਗੀ ਤੇ ਅਕਾਲੀ ਲੀਡਰਸ਼ਿੱਪ ਨੇ ਅਕਤੂਬਰ 1978 ਚ ਦਸਤਖਤ ਕੀਤੇ।ਉਸ ਤੋਂ ਬਾਅਦ 1982 ਵਿੱਚ ਸ਼ਰੋਮਣੀ ਅਕਾਲੀ ਦਲ ਅਤੇ ਦਮਦਮੀ ਟਕਸਾਲ ਦੇ ਚੌਦਵੇਂ ਮੁਖੀ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੇ ਸ੍ਰੀ ਅਨੰਦਪੁਰ ਸਾਹਿਬ ਦੇ ਮਤੇ ਦੀ ਪਰਾਪਤੀ ਲਈ ਸ੍ਰੀ ਅਕਾਲ ਤਖਤ ਸਾਹਿਬ ਤੋਂ ਮੋਰਚੇ ਦਾ ਐਲਾਨ ਕੀਤਾ,ਸੰਤ ਭਿੰਡਰਾਂ ਵਾਲਿਆਂ ਨੇ ਅਕਾਲੀ ਲੀਡਰਾਂ ਦੀ ਕਮਜੋਰ ਮਾਨਸਿਕਤਾ ਨੂੰ ਝੰਜੋੜਨ ਲਈ ਇਹ ਸਪੱਸਟ ਕਿਹਾ ਕਿ ਹੁਣ ਜਾਂ ਤਾਂ ਮੰਗਾਂ ਮਨਵਾਈਆਂ ਜਾਂਣਗੀਆਂ ਜਾਂ ਸ਼ਹਾਦਤਾਂ ਹੋਣਗੀਆਂ, ਇਸ ਤੋ ਵਿੱਚ ਵਿਚਾਲੇ ਦੇ ਹੋਰ ਕਿਸੇ ਰਸਤੇ ਦੀ ਕੋਈ ਗੁੰਜਾਇਸ਼ ਨਹੀ ਹੈ,ਇਹ ਮੋਰਚਾ ਹੁਣ ਬਿਨਾਂ ਕੁੱਝ ਪਰਾਪਤ ਕੀਤੇ ਸਮਾਪਤ ਨਹੀ ਹੋਵੇਗਾ।ਇਸ ਤੇ ਦੱਬਵੀਂ ਅਵਾਜ ਵਿੱਚ ਅਕਾਲੀਆਂ ਨੇ ਵੀ ਇਹ ਕਹਿੰਦਿਆਂ ਸਹੀ ਪਾਈ ਕਿ ਜੇਕਰ ਭਾਰਤੀ ਫੌਜ ਸ੍ਰੀ ਦਰਬਾਰ ਸਾਹਿਬ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰੇਗੀ ਤਾਂ ਉਹਨਾਂ ਨੂੰ ਸ਼ਾਡੀਆਂ ਲਾਸਾਂ ਉੱਤੋਂ ਦੀ ਗੁਜਰਨਾ ਪਵੇਗਾ।ਸੋ ਧਰਮ ਯੁੱਧ ਮੋਰਚਾ ਲੱਗਿਆ,ਵੱਧ ਅਧਿਕਾਰਾਂ ਦੀ ਗੱਲ ਹੋਈ,ਰਾਜਧਾਨੀ ਦੀ ਗੱਲ ਹੋਈ,ਪਾਣੀਆਂ ਦੇ ਅਧਿਕਾਰਾਂ ਦੀ ਗੱਲ ਹੋਈ,ਸਿੱਖ ਇੱਕ ਵੱਖਰੀ ਕੌਂਮ ਦੀ ਗੱਲ ਹੋਈ,ਪੰਜਾਬੀ ਬੋਲਦੇ ਇਲਾਕਿਆਂ ਦੀ ਗੱਲ ਹੋਈ,ਭਾਵ ਹਰ ਉਹ ਪਹਿਲੂ ਜਿਹੜਾ ਸ੍ਰੀ ਅਨੰਦਪੁਰ ਸਾਹਿਬ ਦੇ ਮਤੇ ਵਿੱਚ ਸਾਮਿਲ ਸੀ ਉਹਦਾ ਜਿਕਰ ਹੋਣਾ ਸੁਭਾਵਿਕ ਸੀ,ਪ੍ਰੰਤੂ ਹੋਇਆ ਕੀ ਉਹ ਕਿਸੇ ਤੋ ਲੁਕਿਆ ਛੁਪਿਆ ਨਹੀ ਰਿਹਾ।ਸ੍ਰੀ ਦਰਬਾਰ ਸਾਹਿਬ ਅੰਦਰ ਫੌਜ ਦਾਖਲ ਹੋਈ,ਪ੍ਰੰਤੂ ਫੋਜ ਨੂੰ ਅਕਾਲੀ ਦਲ ਦੇ ਆਗੂਆਂ ਦੀਆਂ ਲਾਸਾਂ ਤੋ ਦੀ ਹੋ ਕੇ ਨਹੀ ਜਾਣਾ ਪਿਆ,ਸਗੋਂ ਫੌਜ ਉਹਨਾਂ ਹਜਾਰਾਂ ਨਿਹੱਥੇ ਸ਼ਰਧਾਲੂਆਂ ਅਤੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੇ ਮੁੱਠੀ ਭਰ ਮਰਜੀਵੜਿਆਂ ਦੀਆਂ ਲਾਸਾਂ ਦੇ ਉੱਤੋਂ ਦੀ ਸ੍ਰੀ ਦਰਬਾਰ ਸਾਹਿਬ ਵਿੱਚ ਦਾਖਲ ਹੋਈ,ਜਿੰਨਾਂ ਨੇ ਅਕਾਲੀਆਂ ਦੇ ਨਾਲ ਹੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਸ੍ਰੀ ਦਰਬਾਰ ਸਾਹਿਬ ਦੀ ਰਾਖੀ ਦੀ ਸਹੁੰ ਚੁੱਕੀ ਸੀ। ਇਹ ਕਹਿਣ ਵਾਲੇ ਸਾਰੇ ਸਿੱਖ ਆਗੂ ਹੱਥ ਖੜੇ ਕਰਕੇ ਬਾਹਰ ਆ ਗਏ ਤੇ ਬਾਅਦ ਵਿੱਚ ਫਿਰ ਇੱਕ ਬਹੁਤ ਹੀ ਸੋਚੀ ਸਮਝੀ ਸਾਜਿਸ਼ ਤਹਿਤ ਪੰਜਾਬ ਦੇ ਵਾਰਿਸ ਬਣ ਬੈਠੇ।

ਸ੍ਰੀ ਦਰਬਾਰ ਸਾਹਿਬ ਤੇ ਹੋਏ ਫੌਜੀ ਹਮਲੇ ਤੋਂ ਮਹਿਜ ਇੱਕ ਸਾਲ ਬਾਅਦ 24 ਜੁਲਾਈ 1985 ਨੂੰ ਕੀਤੇ ਰਜੀਵ ਲੌਂਗੋਵਾਲ ਸਮਝੌਤੇ ਨੇ ਸਿੱਖ ਨੌਜਵਾਨਾਂ ਚੋ ਅਕਾਲੀ ਆਗੂਆਂ ਦੀ ਭਰੋਸੇਯੋਗਤਾ ਨੂੰ ਅਸਲੋਂ ਹੀ ਖਤਮ ਕਰ ਦਿੱਤਾ।ਬੇਸ਼ੱਕ ਸੰਤ ਹਰਚੰਦ ਸਿੰਘ ਲੌਂਗੋਵਾਲ ਹਥਿਆਰਬੰਦ ਸਿੱਖ ਨੌਜਵਾਨਾਂ ਦੇ ਗੁੱਸੇ ਦਾ ਸ਼ਿਕਾਰ ਹੋ ਗਿਆ,ਪ੍ਰੰਤੂ ਪ੍ਰਕਾਸ਼ ਸਿੰਘ ਬਾਦਲ ਜਿੱਥੇ ਖਾੜਕੂ ਨੌਜੁਆਨਾਂ ਨਾਲ ਨੇੜਤਾ ਰੱਖਦਾ ਰਿਹਾ,ਓਥੇ ਸਿੱਖ ਨਸਲਕੁਸ਼ੀ ਲਈ ਤਿਆਰ ਕੀਤੇ ਪੰਜਾਬ ਪੁਲਿਸ ਦੇ ਤਤਕਾਲੀ ਮੁਖੀ ਕੇ ਪੀ ਐਸ ਗਿੱਲ ਨਾਲ ਵੀ ਖਾੜਕੂ ਸਿੱਖ ਸੰਘਰਸ਼ ਨੂੰ ਕੁਚਲਣ ਲਈ ਰਾਤ ਦੇ ਹਨੇਰਿਆਂ ਵਿੱਚ ਬੈਠਕਾਂ ਕਰਦਾ ਰਿਹਾ ਹੈ।ਸੋ ਕਹਿਣ ਤੋ ਭਾਵ ਹੈ ਕਿ ਸਿੱਖ ਨਸਲਕੁਸ਼ੀ ਸਮੇਤ ਸਿੱਖਾਂ ਨਾਲ ਹੁੰਦੇ ਆਏ ਧੱਕਿਆਂ ਲਈ ਸਿਰਫ ਕੇਂਦਰ ਹੀ ਜੁੰਮੇਵਾਰ ਨਹੀ ਰਿਹਾ,ਬਲਕਿ ਉਹਨਾਂ ਦੇ ਨਾਲ ਅਕਾਲੀ ਆਗੂ ਵੀ ਭਾਈਵਾਲ ਰਹੇ ਹਨ।ਇਹ ਵੀ ਸੱਚ ਹੈ ਕਿ ਜਿਸ ਤਰਾਂ ਸ੍ਰੀ ਅਨੰਦਪੁਰ ਸਾਹਿਬ ਦੇ ਮਤੇ ਨੂੰ ਰਾਜਨੀਤੀ ਵਿੱਚ ਸਫਲ ਹੋਣ ਦਾ ਜਰੀਆਂ ਬਣਾਇਆ ਹੈ,ਠੀਕ ਉਸੇ ਤਰਾਂ ਹੀ ਨਵੰਬਰ 1984 ਦੇ ਸਿੱਖ ਕਤਲੇਆਮ ਨੂੰ ਵੀ ਅਕਾਲੀਆਂ ਨੇ ਰਾਜ ਭਾਗ ਤੋਂ ਬਾਹਰ ਹੁੰਦੇ ਹੋਏ ਸਿਰਫ ਵੋਟਾਂ ਹਾਸਲ ਕਰਨ ਵੇਲੇ ਹੀ ਯਾਦ ਕੀਤਾ ਹੈ,ਰਾਜ ਭਾਗ ਪਰਾਪਤ ਕਰਨ ਤੋ ਬਾਅਦ ਕਦੇ ਵੀ ਅਕਾਲੀਆਂ ਨੇ ਦਿੱਲੀ ਕਤਲੇਆਮ ਦੀ ਗੱਲ ਤੱਕ ਵੀ ਨਹੀ ਕੀਤੀ।ਇਸ ਦਾ ਜਿਉਂਦਾ ਜਾਗਦਾ ਸਬੂਤ ਤਤਕਾਲੀ ਬਾਦਲ ਸਰਕਾਰ ਵੱਲੋਂ ਕਰਵਾਏ ਜਾਂਦੇ ਰਹੇ ਕਬੱਡੀ ਕੱਪ ਤੋ ਦੇਖਿਆ ਜਾ ਸਕਦਾ ਹੈ,ਜਦੋ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਇੱਕ ਨਵੰਬਰ ਨੂੰ ਦਿੱਲੀ ਕਤਲੇਆਮ ਨੂੰ ਭੁੱਲ ਕੇ ਕਬੱਡੀ ਕੱਪ ਮੌਕੇ ਕਰੋੜਾਂ ਰੁਪਏ ਖਰਚ ਕਰਕੇ ਫਿਲਮੀ ਸਿਤਾਰਿਆਂ ਦੇ ਠੁਮਕਿਆਂ ਦਾ ਅਨੰਦ ਲੈਂਦੇ ਰਹੇ ਹਨ। ਇਹੋ ਕਾਰਨ ਹੈ ਕਿ ਹਜਾਰਾਂ ਅਭਾਗੇ ਪੀੜਤ ਅੱਜ ਵੀ ਇਨਸਾਫ ਲਈ ਦਰ ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹਨ ਤੇ ਬਹੁਤ ਸਾਰੇ ਅਦਾਲਤਾਂ ਦੇ ਚੱਕਰ ਕੱਟਦੇ ਕੱਟਦੇ ਜਹਾਂਨ ਤੋ ਕੂਚ ਕਰ ਗਏ,ਅਦਾਲਤਾਂ ਬਦਮਾਸ ਰਾਜਨੀਤੀ ਦੇ ਸਾਹਮਣੇ ਬੇਬੱਸ ਹੋ ਗਈਆਂ,ਕੌਂਮੀ ਆਗੂਆਂ ਲਈ ਇਹ ਮੁੱਦਾ ਵੋਟ ਰਾਜਨੀਤੀ ਤੋਂ ਵੱਧ ਕੁੱਝ ਵੀ ਨਾ ਸਮਝਿਆ ਜਾਣ ਕਰਕੇ ਅਪਣਿਆਂ ਤੋ ਮਦਦ ਦੀ ਆਸ ਰੱਖਣ ਵਾਲੇ ਪੀੜਤ ਮਾਯੂਸ਼ ਹੋ ਕੇ ਬੈਠ ਗਏ।ਇਹ ਵੀ ਸੱਚ ਹੈ ਕਿ ਆਮ ਸਿੱਖ ਭਾਂਵੇ ਉਹ ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਵਸਦੇ ਹਨ,ਉਹਨਾਂ ਦੇ ਮਨਾਂ ਵਿੱਚ ਇਸ ਦੁਖਾਂਤ ਦਾ ਦਰਦ ਹੈ,ਉਹ ਹਰ ਸਾਲ ਵਿਦੇਸਾਂ ਵਿੱਚ ਇਸ ਦੁਖਾਂਤ ਦੀ ਯਾਦ ਵਿੱਚ ਭਾਰਤੀ ਸਫਾਰਤਖਾਨਿਆਂ ਸਾਹਮਣੇ ਰੋਸ ਪ੍ਰਦਰਸ਼ਣ ਵੀ ਕਰਦੇ ਹਨ,ਪੰਜਾਬ ਅੰਦਰ ਵੀ ਇਸ ਨਸਲਕੁਸ਼ੀ ਦੇ ਖਿਲਾਫ ਰੋਸ ਪਰਦਰਸ਼ਣ ਤੇ ਰੋਸ ਮਾਰਚ ਕੀਤੇ ਜਾਂਦੇ ਹਨ,ਪ੍ਰੰਤੂ ਇਹ ਸੱਚ ਤੋ ਵੀ ਮੁਨਕਰ ਨਹੀ ਹੋਇਆ ਜਾ ਸਕਦਾ ਕਿ ਬੇਈਮਾਨ ਲੀਡਰਸ਼ਿੱਪ ਕਾਰਨ ਇਸ ਦੁਖਾਂਤ ਨੂੰ ਕੇਂਦਰ ਨੇ ਸਿੱਖ ਕਤਲੇਆਮ ਵਜੋਂ ਵੀ ਪ੍ਰਵਾਂਨ ਨਹੀ ਕੀਤਾ,ਜਾਂ ਇਹ ਕਹਿਣਾ ਵੀ ਗਲਤ ਨਹੀ ਹੋਵੇਗਾ ਕਿ ਯੋਗ ਲੀਡਰਸ਼ਿੱਪ ਦੀ ਅਣਹੋਂਦ ਕਾਰਨ ਸਿੱਖ ਕੌਂਮ ਇਸ ਨਸਲਕੁਸ਼ੀ ਦਾ ਇਨਸਾਫ ਲੈਣ ਵਿੱਚ ਨਾਕਾਮ ਰਹਿ ਗਈ ਹੈ।ਸੋ ਦਿੱਲੀ ਸਮੇਤ ਭਾਰਤ ਦੇ ਸੈਂਕੜੇ ਸਹਿਰਾਂ ਵਿੱਚ ਹੋਏ ਯੋਜਨਾਵੱਧ ਸਿੱਖ ਕਤਲੇਆਮ ਦੀ ਬੇ-ਇਨਸਾਫੀ ਦਾ ਇਹ ਨਾ ਭਰਨਯੋਗ ਗਹਿਰਾ ਜਖਮ ਨਸੂਰ ਬਣ ਕੇ ਹਮੇਸਾਂ ਅਸਿਹ ਦਰਦ ਦਿੰਦਾ ਰਹੇਗਾ।

ਬਘੇਲ ਸਿੰਘ ਧਾਲੀਵਾਲ
99142-58142

Disclaimer

We do not guarantee/claim that the information we have gathered is 100% correct. Most of the information used in articles are collected from social media and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing.

Leave a Reply

Your email address will not be published. Required fields are marked *

%d bloggers like this: