ਯੂ.ਪੀ. ਨਗਰ ਨਿਗਮ ਚੋਣਾਂ ‘ਚ ਭਾਜਪਾ ਦੀ ਰਿਕਾਰਡਤੋੜ ਜਿੱਤ

ss1

ਯੂ.ਪੀ. ਨਗਰ ਨਿਗਮ ਚੋਣਾਂ ‘ਚ ਭਾਜਪਾ ਦੀ ਰਿਕਾਰਡਤੋੜ ਜਿੱਤ

ਉੱਤਰ ਪ੍ਰਦੇਸ਼ ਦੀਆਂ 16 ਨਗਰ ਨਿਗਮਾਂ, 198 ਨਗਰ ਪਾਲਿਕਾਵਾਂ ਅਤੇ 438 ਨਗਰ ਪੰਚਾਇਤਾਂ ਦੀ ਚੋਣ ਦੇ ਆਏ ਨਤੀਜਿਆਂ ਵਿੱਚ ਭਾਜਪਾ ਨੂੰ ਰਿਕਾਰਡ ਤੋੜ ਜਿੱਤ ਹਾਸਲ ਹੋਈ ਹੈ। ਕਾਂਗਰਸ ਅਤੇ ਸਮਾਜਵਾਦੀ ਪਾਰਟੀ ਨੂੰ ਲੋਕਾਂ ਨੇ ਬੁਰੀ ਤਰ੍ਹਾਂ ਚਿੱਤ ਕਰਦਿਆਂ ਉਨ੍ਹਾਂ ਦਾ ਖਾਤਾ ਵੀ ਨਹੀਂ ਖੁੱਲ੍ਹਣ ਦਿੱਤਾ। ਇਨ੍ਹਾਂ ਚੋਣਾਂ ਵਿੱਚ ਬਸਪਾ ਨੂੰ ਮੁੜ ਆਕਸੀਜਨ ਮਿਲੀ ਹੈ। ਦੋ ਨਗਰ ਨਿਗਮਾਂ ਦੇ ਮੇਅਰ ਪਹਿਲੀ ਵਾਰ ਬਸਪਾ ਦੇ ਬਣਨ ਜਾ ਰਹੇ ਹਨ। ਇਨ੍ਹਾਂ ਚੋਣ ਨਤੀਜਿਆਂ ਤੋਂ ਉਤਸ਼ਾਹਤ ਯੂ.ਪੀ. ਦੇ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਨੇ ਕਿਹਾ ਕਿ ਗੁਜਰਾਤ ਜਿੱਤਣ ਦੇ ਸੁਪਨੇ ਦੇਖ ਰਹੀ ਕਾਂਗਰਸ ਨੂੰ ਯੂ.ਪੀ. ਦੇ ਲੋਕਾਂ ਨੇ ਬੁਰੀ ਤਰ੍ਹਾਂ ਚਿੱਤ ਕਰਕੇ ਉਸ ਦੀ ਅਸਲੀਅਤ ਵਿਖਾ ਦਿੱਤੀ ਹੈ।
ਬਹੁਜਨ ਸਮਾਜ ਪਾਰਟੀ ਦੀ ਸੁਪਰੀਮੋ ਮਾਇਆਵਤੀ ਨੇ ਵੀ ਇਨ੍ਹਾਂ ਚੋਣਾਂ ਵਿੱਚ ਆਪਣੀ ਜਿੱਤ ‘ਤੇ ਖੁਸ਼ੀ ਪ੍ਰਗਟਾਉਂਦਿਆਂ  ਕਿਹਾ ਹੈ ਕਿ ਆਉਣ ਵਾਲਾ ਸਮਾਂ ਹੁਣ ਬਸਪਾ ਦਾ ਹੈ। ਮਾਇਆਵਤੀ ਨੇ ਇਸ ਮੌਕੇ ਦੇਸ਼ ਵਿੱਚ ਰਾਖਵਾਂਕਰਨ ਦਾ ਮੁੜ ਮੁੱਦਾ ਚੁੱਕਦਿਆਂ ਕਿਹਾ ਕਿ ਕਾਂਗਰਸ ਅਤੇ ਭਾਜਪਾ ਨੂੰ ਗਰੀਬਾਂ ਦੇ ਇਹ ਹੱਕ ਕੁਚਲਣ ਨਹੀਂ ਦਿੱਤੇ ਜਾਣਗੇ। ਯੂ.ਪੀ. ਵਿੱਚ 2012 ਵਿੱਚ  12 ਨਗਰ ਨਿਗਮਾਂ ਦੀਆਂ ਚੋਣਾਂ ਹੋਈਆਂ ਸਨ ਇਸ ਵਾਰ 4 ਨਵੀਆਂ ਬਣੀਆਂ ਨਗਰ ਨਿਗਮਾਂ ਵਿੱਚ ਪਹਿਲੀ ਵਾਰ ਵੋਟਾਂ ਪਈਆਂ ਹਨ। ਕੁਲ 16 ਨਗਰ ਨਿਗਮਾਂ ਵਿੱਚ 3.38 ਕਰੋੜ ਵੋਟਰਾਂ ਨੇ ਵੋਟਾਂ ਪਾਈਆਂ। ਭਾਜਪਾ ਦੀ ਸ਼ਾਨਦਾਰ ਜਿੱਤ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਧਾਈ ਦਿੰਦਿਆਂ ਕਿਹਾ ਹੈ ਕਿ ਦੇਸ਼ ਨੇ ਇੱਕ ਵਾਰ ਫਿਰ ਵਿਕਾਸ ਅਤੇ ਖੁਸ਼ਹਾਲੀ ਦੇ ਹੱਕ ਵਿੱਚ ਫਤਵਾ ਦਿੱਤਾ ਹੈ।

Share Button

Leave a Reply

Your email address will not be published. Required fields are marked *