ਯੂਨੈਸਕੋ ਵੱਲੋਂ ਜੰਡਿਆਲਾ ਗੁਰੂ ਦੇ ਪਿੱਤਲ ਤੇ ਤਾਂਬੇ ਦੇ ਭਾਂਡਿਆ ਦੀ ਕਲਾ ਨੂੰ ਕੀਤਾ ਜਾਵੇਗਾ ਉਤਸ਼ਾਹਤ

ss1

ਯੂਨੈਸਕੋ ਵੱਲੋਂ ਜੰਡਿਆਲਾ ਗੁਰੂ ਦੇ ਪਿੱਤਲ ਤੇ ਤਾਂਬੇ ਦੇ ਭਾਂਡਿਆ ਦੀ ਕਲਾ ਨੂੰ ਕੀਤਾ ਜਾਵੇਗਾ ਉਤਸ਼ਾਹਤ
ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ‘ਤੇ ਠਠਿਆਰਾਂ ਦੀ ਕਲਾ ਦਾ ਕੀਤਾ ਜਾਵੇਗਾ ਪ੍ਰਚਾਰ ਤੇ ਪਸਾਰ
ਡਿਪਟੀ ਕਮਿਸ਼ਨਰ ਸ. ਸੰਘਾ ਨੇ ਦਿੱਤਾ ਹਰ ਮਦਦ ਦਾ ਭਰੋਸਾ

ਜੰਡਿਆਲਾ ਗੁਰੂ, 13 ਸਤੰਬਰ ( ਵਰਿੰਦਰ ਸਿੰਘ ) – ਜ਼ਿਲਾਂ ਅੰਮ੍ਰਿਤਸਰ ਦੇ ਕਸਬੇ ਜੰਡਿਆਲਾ ਗੁਰੂ ਵਿਖੇ ਠਠਿਆਰਾਂ ਵੱਲੋਂ ਪਿੱਤਲ ਅਤੇ ਤਾਂਬੇ ਦੀਆਂ ਧਾਤਾਂ ਨਾਲ ਹੱਥੀਂ ਭਾਂਡੇ ਬਣਾਉਣ ਦੀ ਸਦੀਆਂ ਤੋਂ ਚੱਲੀ ਆ ਰਹੀ ਕਲਾ ਨੂੰ ਲੁਪਤ ਹੋਣ ਤੋਂ ਬਚਾਉਣ ਲਈ ਅੰਤਰਰਾਸ਼ਟਰੀ ਸੰਗਠਨ ਯੂਨੈਸਕੋ ਅੱਗੇ ਆਇਆ ਹੈ। ਯੂਨੈਸਕੋ ਵੱਲੋਂ ਆਪਣੇ ਖਾਸ ਪ੍ਰੋਜੈਕਟ ”ਯੂਨੈਸਕੋ ਇੰਟੈਨਜੀਬਲ ਕਲਚਰਲ ਹੈਰੀਟੇਜ ਲਿਸਟ” ਰਾਹੀਂ ਜੰਡਿਆਲਾ ਗੁਰੂ ਦੀ ਭਾਂਡੇ ਬਣਾਉਣ ਦੀ ਇਸ ਕਲਾ ਨੂੰ ਉਤਸ਼ਾਹਤ ਕਰਨ ਦੇ ਨਾਲ ਅੰਤਰਰਾਸ਼ਟਰੀ ਪੱਧਰ ‘ਤੇ ਇਸਦਾ ਪ੍ਰਚਾਰ ਤੇ ਪਸਾਰ ਕੀਤਾ ਜਾਵੇਗਾ। ਲੁਪਤ ਹੋ ਰਹੀਆਂ ਕਲਾਵਾਂ ਤੇ ਵਿਰਾਸਤ ਨੂੰ ਸਾਂਭਣ ਦੇ ਪ੍ਰੋਜੈਕਟ ਤਹਿਤ ਕੰਮ ਕਰਨ ਵਾਲੇ ਪ੍ਰਤੀਨਿਧੀਆਂ ਸ੍ਰੀਮਤੀ ਡਾਲੀ ਸਿੰਘ, ਕੀਰਤੀ ਗੋਇਲ ਤੇ ਉਨ੍ਹਾਂ ਦੇ ਹੋਰ ਸਾਥੀ ਜੋ ਦਿੱਲੀ ਦੇ ਸ੍ਰੀਰਾਮ ਕਾਲਜ ਅਤੇ ਯੂਨਾਇਡ ਸਿੱਖ ਸੰਸਥਾ ਨਾਲ ਸਬੰਧਤ ਹਨ ਵੱਲੋਂ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ. ਕਮਲਦੀਪ ਸਿੰਘ ਸੰਘਾ ਨਾਲ ਮੁਲਾਕਾਤ ਕੀਤੀ ਗਈ। ਮੀਟਿੰਗ ਦੌਰਾਨ ਜੰਡਿਆਲਾ ਗੁਰੂ ਦੇ ਪ੍ਰੋਜੈਕਟ ਬਾਰੇ ਵਿਸਥਾਰ ਵਿੱਚ ਚਰਚਾ ਕੀਤੀ ਗਈ। ਮੀਟਿੰਗ ਦੌਰਾਨ ਜੀ.ਏ. ਸ੍ਰੀ ਵਿਕਾਸ ਹੀਰਾ ਵੀ ਹਾਜ਼ਰ ਸਨ।
ਸ੍ਰੀਮਤੀ ਡਾਲੀ ਗੋਇਲ ਨੇ ਦੱਸਿਆ ਕਿ ਯੂਨੈਸਕੋ ਵੱਲੋਂ ਵਿਰਾਸਤ ਅਤੇ ਅਲੋਪ ਹੋ ਰਹੀਆਂ ਕਲਾਵਾਂ ਨੂੰ ਸਾਂਭਣ ਲਈ ਜੋ ਯਤਨ ਕੀਤੇ ਜਾ ਰਹੇ ਹਨ ਉਸ ਵਿੱਚ ਜੰਡਿਆਲਾ ਗੁਰੂ ਦੇ ਠਠਿਆਰਾਂ ਦੀ ਕਲਾ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਯੂਨੈਸਕੋ ਵੱਲੋਂ ਜੰਡਿਆਲਾ ਗੁਰੂ ਵਿਖੇ ਠਠਿਆਰਾਂ ਵੱਲੋਂ ਹੱਥੀਂ ਤਾਂਬੇ ਤੇ ਪਿੱਤਲ ਦੇ ਭਾਂਡੇ ਬਣਾਉਣ ਦੀ ਕਲਾ ਨੂੰ ਉਤਸ਼ਾਹਤ ਕੀਤਾ ਜਾਵੇਗਾ ਤਾਂ ਜੋ ਇਹ ਕਲਾ ਹੋਰ ਵੀ ਪ੍ਰਫੂਲਤ ਹੋ ਸਕੇ। ਸ੍ਰੀਮਤੀ ਗੋਇਲ ਨੇ ਡਿਪਟੀ ਕਮਿਸ਼ਨਰ ਕੋਲੋਂ ਇਸ ਪ੍ਰੋਜੈਕਟ ਲਈ ਜ਼ਿਲਾਂ ਪ੍ਰਸ਼ਾਸਨ ਦੇ ਸਹਿਯੋਗ ਦੀ ਮੰਗ ਕੀਤੀ।
ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ. ਕਮਲਦੀਪ ਸਿੰਘ ਸੰਘਾ ਨੇ ਪ੍ਰੋਜੈਕਟ ਟੀਮ ਨੂੰ ਹਰ ਤਰਾਂ ਦੀ ਮਦਦ ਦਾ ਭਰੋਸਾ ਦਿੰਦਿਆਂ ਕਿਹਾ ਕਿ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਸਾਡੇ ਜ਼ਿਲ੍ਹੇ ਦੀ ਕਲਾ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਉਤਸ਼ਾਹਤ ਕਰਨ ਲਈ ਯੂਨੈਸਕੋ ਵੱਲੋਂ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜ਼ਿਲਾਂ ਪ੍ਰਸ਼ਾਸਨ ਵੱਲੋਂ ਇਸ ਪ੍ਰੋਜੈਕਟ ‘ਚ ਹਰ ਤਰਾਂ ਦੀ ਸਹਾਇਤਾ ਤੇ ਸਹਿਯੋਗ ਕੀਤਾ ਜਾਵੇਗਾ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਪ੍ਰੋਜੈਕਟ ਜਰੀਏ ਠਠਿਆਰਾਂ ਦੀ ਕਲਾ ਨੂੰ ਉਤਸ਼ਾਹਤ ਕਰਨ ਦੇ ਨਾਲ ਇਸ ਕਿੱਤੇ ‘ਚ ਲੱਗੇ ਪਰਿਵਾਰਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਦੇ ਯਤਨ ਵੀ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਇਸ ਕਿਰਤ ‘ਚ ਲੱਗੇ ਠਠਿਆਰਾਂ ਨੂੰ ਪੁਰਾਤਨ ਭਾਂਡਿਆਂ ਦੇ ਨਾਲ ਸਮੇਂ ਦੀ ਮੰਗ ਅਨੁਸਾਰ ਪੰਜ ਤਾਰਾ ਹੋਟਲਾਂ ਆਦਿ ਦੇ ਬਰਤਨਾਂ ਅਤੇ ਸਜ਼ਾਵਟੀ ਸਮਾਨ ਤਿਆਰ ਕਰਨ ਲਈ ਉਤਸ਼ਾਹਤ ਕੀਤਾ ਜਾਵੇਗਾ ਤਾਂ ਜੋ ਇਹ ਆਪਣੀ ਆਮਦਨ ‘ਚ ਵਾਧਾ ਕਰ ਸਕਣ। ਉਨ੍ਹਾਂ ਕਿਹਾ ਕਿ ਖਰੀਦਦਾਰਾਂ ਵੱਲੋਂ ਠਠਿਆਰਾਂ ਨੂੰ ਕੱਚਾ ਮਾਲ ਮੁਹੱਈਆ ਕਰਾ ਕੇ ਆਰਡਰ ‘ਤੇ ਮਾਲ ਤਿਆਰ ਕਰਵਾਉਣ ਦੇ ਯਤਨ ਵੀ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਭਾਂਵੇਂ ਜੰਡਿਆਲਾ ਗੁਰੂ ‘ਚ ਥੋੜੇ ਪਰਿਵਾਰ ਹੀ ਇਸ ਕਲਾ ਨਾਲ ਜੁੜੇ ਹੋਏ ਰਹਿ ਗਏ ਹਨ ਪਰ ਅਜਿਹੀਆਂ ਕੋਸ਼ਿਸ਼ਾਂ ਸਦਕਾ ਇਹ ਪਰਿਵਾਰ ਪੀੜ੍ਹੀ ਦਰ ਪੀੜ੍ਹੀ ਇਸ ਕਲਾ ਨੂੰ ਵਧਾ ਸਕਣਗੇ।
ਜਿਕਰਯੋਗ ਹੈ ਕਿ ਜੰਡਿਆਲਾ ਗੁਰੂ ਪੂਰੇ ਦੇਸ਼ ਵਿੱਚ ਪਿੱਤਲ ਅਤੇ ਤਾਂਬੇ ਦੇ ਹੱਥਾਂ ਨਾਲ ਬਣਨ ਵਾਲੇ ਭਾਂਡਿਆਂ ਕਰਕੇ ਆਪਣੀ ਵੱਖਰੀ ਪਹਿਚਾਣ ਰੱਖਦਾ ਹੈ। ਇੱਥੇ ਹੱਥ ਨਾਲ ਭਾਂਡੇ ਬਣਾਉਣ ਵਾਲੇ ਬਹੁਤ ਹੀ ਵਧੀਆ ਕਾਰੀਗਰ ਹਨ ਅਤੇ ਇਨ੍ਹਾਂ ਦਾ ਇਹ ਕੰਮ ਪੀੜੀਆਂ ਦਰ ਪੀੜੀ ਚੱਲਦਾ ਆ ਰਿਹਾ ਹੈ। ਇਨ੍ਹਾਂ ਕਾਰੀਗਰਾਂ ਵੱਲੋਂ ਹੱਥ ਨਾਲ ਗਾਗਰਾਂ, ਪਰਾਤਾਂ, ਡੋਂਘੇ, ਪਤੀਲੇ, ਤਾਂਬੇ ਦੀਆਂ ਵੱਡੀਆਂ ਦੇਗਾਂ ਅਤੇ ਹੋਰ ਪਿੱਤਲ ਅਤੇ ਤਾਂਬੇ ਦੇ ਬਰਤਨ ਬੜੇ ਹੀ ਸੁੰਦਰ ਅਤੇ ਵਧੀਆ ਤਰੀਕੇ ਨਾਲ ਬਣਾਏ ਜਾਂਦੇ ਹਨ। ਸਮੇਂ ਦੀ ਮਾਰ ਇਸ ਕਲਾ ‘ਤੇ ਵੀ ਪਈ ਹੈ ਅਤੇ ਹੁਣ ਬਹੁਤ ਥੋੜੇ ਪਰਿਵਾਰ ਇਸ ਕਲਾ ਨੂੰ ਅੱਗੇ ਵਧਾ ਰਹੇ ਹਨ। ਯੂਨੈਸਕੋ ਤੇ ਜ਼ਿਲਾਂ ਪ੍ਰਸ਼ਾਸਨ ਨੇ ਇਕ ਵਾਰ ਫਿਰ ਇਸ ਕਲਾ ਦੀ ਸ਼ਾਨ ਤੇ ਚਮਕ ਨੂੰ ਵਾਪਸ ਲਿਆਉਣ ਦੀਆਂ ਕੋਸ਼ਿਸ਼ਾਂ ਅਰੰਭੀਆਂ ਹਨ।

Share Button

Leave a Reply

Your email address will not be published. Required fields are marked *