Sun. Sep 15th, 2019

ਯੂਨੀਵਰਸਲ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਸੱਭਿਅਕ ਰੰਗਾਂ ਦੀ ਮਹਿਕ ਬਿਖੇਰੀ

ਯੂਨੀਵਰਸਲ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਸੱਭਿਅਕ ਰੰਗਾਂ ਦੀ ਮਹਿਕ ਬਿਖੇਰੀ

ਨਿਊਯਾਰਕ /ਤਲਵੰਡੀ ਸਾਬੋ 26 ਦਸੰਬਰ (ਰਾਜ ਗੋਗਨਾ)- ਯੂਨੀਵਰਸਲ ਪਬਲਿਕ ਸਕੂਲ ਦਾ 17ਵਾਂ ਸਲਾਨਾ ਸਮਾਗਮ ਬੜੀ ਧੂਮਧਾਮ ਅਤੇ ਉਤਸ਼ਾਹ ਨਾਲ ਕਰਵਾਇਆ ਗਿਆ। ਇਸ ਸਮਾਗਮ ਦੌਰਾਨ ਜਿੱਥੇ ਵੰਨ੍ਹਗੀ ਸੱਭਿਆਚਾਰ ਪ੍ਰੋਗਰਾਮ ਦੀ ਪੇਸ਼ਕਸ਼ ਵਿਦਿਆਰਥੀਆਂ ਵਲੋਂ ਪੇਸ਼ ਕੀਤੀ ਗਈ ਉੱਥੇ ਇਸ ਦੌਰਾਨ ਲੋਕ ਨਾਚ, ਭੰਗੜਾ, ਗਿੱਧਾ, ਕੋਰੀਓਗ੍ਰਾਫੀ, ਸਕਿੱਟ, ਪੱਛਮੀ ਨਾਚ ਅਤੇ ਸਿੱਖਿਆ ਦੇਣ ਵਾਲੇ ਡਰਾਮੇ ਵੀ ਪੇਸ਼ ਕੀਤੇ ਗਏ। ਜਿਨ੍ਹਾਂ ਵਿੱਚ ਦਾਜ ਦਾ ਲੋਭ, ਮਾਪਿਆਂ ਨਾਲ ਪਰਿਵਾਰਕ ਵਿਤਕਰੇ ਤੋਂ ਇਲਾਵਾ ਅਨਪੜ੍ਹਤਾ ਦੇ ਨੁਕਸਾਨ ਨੂੰ ਖੂਬ ਦਰਸਾਇਆ ਗਿਆ। ਜੋ ਬੱਚਿਆਂ, ਮਾਪਿਆਂ ਅਤੇ ਇਲਾਕੇ ਲਈ ਅਜਿਹੀ ਛਾਪ ਛੱਡ ਗਿਆ, ਜੋ ਹਮੇਸ਼ਾ ਇਨ੍ਹਾਂ ਕੁਰੀਤੀਆਂ ਨੂੰ ਮਨਫੀ ਕਰਕੇ ਸੁਚੱਜਾ ਜੀਵਨ ਜਿਊਣ ਦਾ ਸੁਨੇਹਾ ਦੇ ਗਿਆ।
ਛੋਟੇ ਛੋਟੇ ਬੱਚਿਆਂ ਵਲੋਂ ਅੰਗਰੇਜ਼ੀ ਦੀਆਂ ਛੋਟੀਆਂ ਛੋਟੀਆਂ ਕਵਿਤਾਵਾਂ ਰਾਹੀਂ ਆਪਣੇ ਨਾਚ ਦੇ ਹੁਨਰ ਨੂੰ ਬਿਖੇਰ ਕੇ ਜਿੱਥੇ ਮਾਪਿਆਂ ਦੇ ਮਨਾਂ ਨੂੰ ਮੋਹ ਲਿਆ ਗਿਆ ਉੱਥੇ ਸਰੋਤਿਆਂ ਤੇ ਵੀ ਅਮਿੱਟ ਛਾਪ ਛੱਡੀ। ਰੰਗ ਬਿਰੰਗੀਆਂ ਪੁਸ਼ਾਕਾਂ ਵਿੱਚ ਇਹ ਵਿਦਿਆਰਥੀ ਵਿਦੇਸ਼ੀ ਸਕੂਲਾਂ ਦੀ ਨੁਹਾਰ ਨੂੰ ਪੇਸ਼ ਕਰ ਗਏ। ਸਟੇਜ ਸੰਚਾਲਨ ਦਾ ਨਿਵੇਕਲਾ ਢੰਗ ਅੰਗਰੇਜ਼ੀ, ਹਿੰਦੀ ਅਤੇ ਪੰਜਾਬੀ ਦੇ ਅਜਿਹੇ ਟੋਟਕਿਆਂ ਨਾਲ ਸ਼ਿੰਗਾਰਿਆ ਗਿਆ ਜੋ ਹਰੇਕ ਆਈਟਮ ਦੀ ਭੂਮਿਕਾ ਅਤੇ ਮਹੱਤਤਾ ਨੂੰ ਸਰਲ ਵਿਧੀ ਨਾਲ ਪੇਸ਼ ਕਰਦਾ ਆਮ ਨਜ਼ਰ ਆਇਆ।
ਸਕੂਲ ਦੀ ਪਿ੍ਰੰਸੀਪਲ ਮੰਨਜੀਤ ਕੌਰ ਸਿੱਧੂ ਨੇ ਸਲਾਨਾ ਰਿਪਰੋਟ ਬਹੁਤ ਹੀ ਵਧੀਆ ਅੰਦਾਜ਼ ਵਿੱਚ ਪੇਸ਼ ਕੀਤੀ। ਜੋ ਪੂਰੇ ਸਾਲ ਦੀਆਂ ਸਕੂਲ ਪ੍ਰਾਪਤੀਆਂ ਨੂੰ ਇੰਜ ਦਰਸਾ ਗਈ ਜਿਵੇਂ ਗਾਗਰ ਵਿੱਚ ਸਾਗਰ ਸੀ। ਸਕੂਲ ਦੇ ਚੇਅਰਮੈਨ ਸੁਖਚੈਨ ਸਿੰਘ ਸਿੱਧੂ ਨੇ ਮਾਪਿਆਂ ਤੇ ਗਿਲਾ ਕਰਦਿਆਂ ਕਿਹਾ ਕਿ ਅਸੀਂ ਉਨ੍ਹਾਂ ਦੇ ਮਨੋਰੰਜਨ ਲਈ ਮੁਫਤ ਪੇਸ਼ਕਾਰੀਆਂ ਕਰਦੇ ਹਾਂ, ਪਰ ਉਹ ਆਪਣੀ ਹਾਜ਼ਰੀ ਤੋਂ ਮੁਨਕਰ ਹੋ ਕੇ ਹੌਸਲਾ ਅਫਜ਼ਾਈ ਤੋਂ ਵਾਂਝਿਆ ਰੱਖਦੇ ਹਨ। ਜੋ ਸਾਡੇ ਲਈ ਚਿੰਤਾ ਦਾ ਵਿਸ਼ਾ ਹੈ। ਪਰ ਅਸੀਂ ਤਲਵੰਡੀ ਸਾਬੋ ਦੇ ਵਿਦਿਆਰਥੀਆਂ, ਮਾਪਿਆਂ ਅਤੇ ਵਸਨੀਕਾਂ ਲਈ ਹਮੇਸ਼ਾ ਹੀ ਨਵਾਂ ਤੇ ਨਿਵੇਕਲਾ ਕਰਦੇ ਰਹਾਂਗੇ। ਤਾਂ ਜੋ ਇਹ ਇਲਾਕਾ ਦੁਨੀਆਂ ਦੇ ਨਕਸ਼ੇ ਤੇ ਆਪਣੀ ਛਾਪ ਛੱਡ ਸਕੇ।
ਸਮਾਗਮ ਦੇ ਮੁੱਖ ਮਹਿਮਾਨ ਡਾ. ਗੁਰਮੇਲ ਸਿੰਘ ਵਾਇਸ ਚਾਂਸਲਰ ਅਕਾਲ ਯੂਨੀਵਰਸਿਟੀ ਦਮਦਮਾ ਸਾਹਿਬ ਅਤੇ ਡਾ. ਸੁਰਿੰਦਰ ਸਿੰਘ ਗਿੱਲ ਡਾਇਰੈਕਟਰ ਸਿੱਖਸ ਆਫ ਅਮਰੀਕਾ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ। ਜਦਕਿ ਇਸ ਸਕੂਲ ਦੇ ਸਾਬਕਾ ਵਿਦਿਆਰਥੀ ਜੋ ਪੀ. ਸੀ. ਐੱਮ. ਐੱਸ. ਅੱਵਲ ਰਹੇ ਡਾ. ਜਸਮੀਤ ਸਿੰਘ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ। ਜੋ ਕਿ ਵਿਦਿਆਰਥੀਆਂ ਲਈ ਅਨੂਠੀ ਛਾਪ ਦਾ ਪ੍ਰਤੀਕ ਇਹ ਮਹਿਮਾਨ ਅਜਿਹਾ ਕੁਝ ਦਰਸਾ ਗਏ ਜਿਸਨੂੰ ਲਫਜ਼ਾਂ ਵਿੱਚ ਬਿਆਨ ਕਰਨਾ ਸੌਖਾ ਨਹੀਂ ਹੈ।
ਡਾ. ਗੁਰਮੇਲ ਸਿੰਘ ਮੁੱਖ ਮਹਿਮਾਨ ਵਲੋਂ ਸੰਖੇਪ ਜਿਹੇ ਭਾਸ਼ਨ ਵਿੱਚ ਅਜਿਹੀਆਂ ਉਦਾਹਰਨਾਂ ਦਾ ਪ੍ਰਗਟਾਵਾ ਕੀਤਾ, ਜੋ ਵਿਦਿਆਰਥੀਆਂ ਲਈ ਚੈਲੰਜ ਹੋ ਨਿੱਬੜੀਆਂ। ਵਿਦਿਆਰਥੀ ਅਜਿਹਾ ਕੁਝ ਸਿੱਖ ਕੇ ਜਰੂਰ ਕੁਝ ਕਰ ਗੁਜ਼ਰਨ ਨੂੰ ਤਰਜੀਹ ਦੇਣਗੇ।
ਉਨ੍ਹਾਂ ਚੇਅਰਮੈਨ ਸੁਖਚੈਨ ਸਿੰਘ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਆਪਣੇ ਆਪ ਵਿੱਚ ਹੀ ਉਦਾਹਰਨ ਹਨ।ਜਿਨ੍ਹਾਂ ਨੇ ਇਸ ਇਲਾਕੇ ਦੇ ਸਿੱਖਿਆ ਦੇ ਖੇਤਰ ਵਿੱਚ ਅਹਿਮ ਯੋਗਦਾਨ ਤੇ ਰੋਲ ਨਿਭਾਇਆ ਹੈ। ਇਹ ਵਧਾਈ ਦੇ ਪਾਤਰ ਹਨ। ਉਨ੍ਹਾਂ ਕਿਹਾ ਕਿ ਪ੍ਰਿੰਸੀਪਲ ਮਨਜੀਤ ਕੌਰ ਦੀ ਅਣਥੱਕ ਮਿਹਨਤ ਨੇ ਇਸ ਸਮਾਗਮ ਦੀ ਪੇਸ਼ਕਾਰੀ ਨੂੰ ਵੰਨ੍ਹਗੀ ਦਾ ਰੂਪ ਦੇ ਕੇ ਅਥਾਹ ਮਨੋਰੰਜਨ ਕੀਤਾ। ਅਜਿਹੇ ਸਮਾਗਮ ਕਰਨਾ ਕੋਈ ਸੌਖਾ ਕੰਮ ਨਹੀਂ ਹੈ।ਜੋ ਬਹੁਤ ਮਿਹਨਤ ਤੇ ਤਨਦੇਹੀ ਦੀ ਮੰਗ ਕਰਦੇ ਹਨ। ਸਾਨੂੰ ਇਨ੍ਹਾਂ ਦੀ ਹਰ ਪੱਖੋਂ ਹਮਾਇਤ ਕਰਨੀ ਚਾਹੀਦੀ ਹੈ।
ਅੰਤ ਵਿੱਚ ਜੇਤੂਆਂ ਨੂੰ ਇਨਾਮ ਵੰਡੇ ਗਏ ਜੋ ਕਿ ਵਿਦਿਆਰਥੀਆਂ ਦੀ ਕਾਰਗੁਜ਼ਾਰੀ ਲਈ ਯਾਦਗਾਰ ਹੋ ਨਿੱਬੜੇ। ਉਨ੍ਹਾਂ ਕੁਝ ਸਖਸ਼ੀਅਤਾਂ ਨੂੰ ਸਨਮਾਨਿਤ ਕੀਤਾ। ਜਿਨ੍ਹਾਂ ਵਿੱਚ ਸਥਾਨਕ ਅਫਸਰਾਂ, ਸਮਾਜ ਸੇਵੀ ਅਤੇ ਕੁਝ ਇਸ ਸਮਾਗਮ ਦੇ ਨਾਇਕ ਸਨ। ਉਨ੍ਹਾਂ ਡਾ. ਸੁਰਿੰਦਰ ਸਿੰਘ ਗਿੱਲ ਡਾਇਰੈਕਟਰ ਸਿੱਖਸ ਆਫ ਅਮਰੀਕਾ ਦੀ ਦਮਦਮਾ ਸਾਹਿਬ ਦੇ ਇਲਾਕੇ ਵਿੱਚ ਸਿੱਖਿਆ ਸਬੰਧੀ ਨਿਭਾਈ ਕਾਰਗੁਜ਼ਾਰੀ ਨੂੰ ਖੂਬ ਨਿਵਾਜਿਆ ਅਤੇ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ। ਸੁਖਚੈਨ ਸਿੰਘ ਚੇਅਰਮੈਨ , ਮੰਨਜੀਤ ਕੋਰ ਪ੍ਰਿਸੀਪਲ ਅਤੇ ਡਾ. ਗਿੱਲ ਵਲੋਂ ਮੁੱਖ ਮਹਿਮਾਨ ਡਾਕਟਰ ਗੁਰਮੇਲ ਸਿੰਘ ਵੀ ਸੀ ਸਾਹਿਬ ਨੂੰ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ। ਸਕੂਲ ਦੀ ਪ੍ਰਿੰਸੀਪਲ ਮਨਜੀਤ ਕੌਰ ਸਿੱਧੂ ਵਲੋਂ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਅਗਲੇ ਸਾਲ ਦਾ ਸਮਾਗਮ ਮੁੜ ਇਸੇ ਜੋਸ਼ੋ ਖਰੋਸ਼ ਅਤੇ ਮਿਹਨਤ ਨਾਲ ਪੇਸ਼ ਕੀਤਾ ਜਾਵੇਗਾ। ਇਸ ਸਮਾਗਮ ਵਿੱਚ ਜਗਦੀਪ ਸਿੰਘ ਜੱਗੀ ਸਾਬਕਾ ਏ.ਡੀ. ਪੀ. ਆਈ., ਗੁਰਮਿੰਦਰ ਸਿੰਘ ਬਰਾੜ ਮਸ਼ਹੂਰ ਗਾਇਕ,ਸੁਖਮੰਦਰ ਸਿੰਘ ਭਾਗੀਬਾਦਰ, ਜਸਵਿੰਦਰ ਸਿੰਘ ਸੀਨੀਅਰ ਅਕਾਲੀ ਨੇਤਾ, ਗੁਰਤਿੰਦਰ ਸਿੰਘ ਰਿੰਪੀ ਸਾਬਕਾ ਪ੍ਰਧਾਨ ਅਤੇ ਗੁਰਪ੍ਰੀਤ ਸਿੰਘ ਮਾਨਸ਼ਾਹੀਆ ਪ੍ਰਧਾਨ ਨਗਰ ਕੌਂਸਲ, ਆਤਮਾ ਸਿੰਘ, ਸ਼ਮਸ਼ੇਰ ਸਿੰਘ ਇੰਸਪੈਕਟਰ, ਬੀਬਾ ਰਜਿੰਦਰ ਕੌਰ ਗਿੱਲ ਅਤੇ ਪ੍ਰੈੱਸ ਵਲੋਂ ਅਜੀਤ ਤੋਂ ਰਣਜੀਤ ਸਿੰਘ, ਪੰਜਾਬੀ ਟ੍ਰਿਬਿਊਨ ਤੋਂ ਜਗਜੀਤ ਸਿੰਘ, ਮਿਸਟਰ ਘਾਰੂ ਅਤੇ ਈਸ਼ਵਰ ਗਰਗ ਅਤੇ ਜਗਦੀਪ ਸਿੰਘ ਨਵਾਂ ਜ਼ਮਾਨਾ ਨੇ ਹਾਜ਼ਰੀ ਲਗਾਈ।

Leave a Reply

Your email address will not be published. Required fields are marked *

%d bloggers like this: