ਯੂਥ ਵਿੰਗ ਨੂੰ ਮੁੱਖ ਰੱਖਕੇ ਬਣੇਗਾ ਆਮ ਆਦਮੀ ਪਾਰਟੀ ਦਾ ਚੋਣ ਮੈਨੀਫੈਸਟੋ – ਯੂਥ ਵਿੰਗ ਸੈਕਟਰ ਇੰਚਾਰਜ

ss1

ਯੂਥ ਵਿੰਗ ਨੂੰ ਮੁੱਖ ਰੱਖਕੇ ਬਣੇਗਾ ਆਮ ਆਦਮੀ ਪਾਰਟੀ ਦਾ ਚੋਣ ਮੈਨੀਫੈਸਟੋ – ਯੂਥ ਵਿੰਗ ਸੈਕਟਰ ਇੰਚਾਰਜ

15-18

ਰੂਪਨਗਰ, 14 ਜੂਨ (ਗੁਰਮੀਤ ਮਹਿਰਾ): ਬੀਤੇ ਦਿਨ ਆਮ ਆਦਮੀ ਪਾਰਟੀ ਦੇ ਯੂਥ ਵਿੰਗ ਦੇ ਸੈਕਟਰ ਇੰਚਾਰਜ ਕਮਲ ਕਿਸ਼ੋਰ ਸ਼ਰਮਾ ਦੀ ਨਿਗਰਾਨੀ ਅਤੇ ਡਾ. ਆਰ. ਐਸ. ਪਰਮਾਰ ਦੇ ਸਹਿਯੋਗ ਨਾਲ ਵਾਰਡ ਨੰ: 11 ਰੋਪੜ ਵਿਖੇ ਯੂਥ ਦੀ ਮੀਟਿੰਗ ਬੁਲਾਈ ਗਈ। ਜਿਸ ਵਿੱਚ 100 ਤੋਂ ਵੱਧ ਨੌਜਵਾਨਾਂ ਨੇ ਭਾਗ ਲਿਆ। ਮੀਟਿੰਗ ਦੀ ਆਰੰਭਤਾ ਕਰਦੇ ਹੋਏ ਰੋਪੜ ਵਿਧਾਨ ਸਭਾ ਦੇ ਮੀਡੀਆ ਇੰਚਾਰਜ ਰਣਜੀਤ ਸਿੰਘ ਪਤਿਆਲਾਂ ਨੇ ਕਿਹਾ ਕਿ ਮਾੜੇ ਭਾਗਾਂ ਨੂੰ ਜੇ ਕਿਤੇ ਪੰਜਾਬ ਦੇ ਲੋਕਾਂ ਨੇ 2017 ਦੀਆਂ ਚੋਣਾਂ ਵਿੱਚ ਬਾਦਲ ਦਲ ਨੂੰ ਪੰਜਾਬ ਦੀ ਕਮਾਂਡ ਸੰਭਾਲ ਦਿੱਤੀ ਤਾਂ ਪੰਜਾਬ ਅਤੇ ਅਫਗਾਨਿਸਤਾਨ ਵਿਚਲਾ ਫਰਕ ਖਤਮ ਹੋ ਜਾਵੇਗਾ। ਭਾਈ ਰਣਜੀਤ ਸਿੰਘ ਢੱਡਰੀਆ ਵਾਲੇ ਵਾਂਗ ਸੱਚ ਬੋਲਣ ਵਾਲਿਆਂ ਉੱਤੇ ਗੋਲੀਆਂ ਦੀਆਂ ਬਰਸਾਤਾਂ ਹੋਇਆ ਕਰਨਗੀਆਂ।

ਪੰਜਾਬ ਦੀ ਸੁਪਰ ਹਿੱਟ ਰਹੀ ਲੋਕ ਗਾਇਕਾ ਅਤੇ ਫਿਲਮੀ ਨਾਇਕਾ ਅਮਰ ਨੂਰੀ ਦੇ ਭਰਾ ਨੂਰ ਮੁਹੰਮਦ ਨੇ ਮੀਟਿੰਗ ਦੌਰਾਨ ਕਿਹਾ ਕਿ 10 ਸਾਲ ਤੋਂ ਪੰਜਾਬ ਦੀ ਸਿਆਸਤ ਉੱਤੇ ਕੁੰਡਲੀ ਮਾਰ ਕੇ ਬੈਠੀ ਹੋਈ ਬਾਦਲ ਸਰਕਾਰ ਦਾ ਫਰਜ਼ ਸੀ ਕਿ ਪੰਜਾਬ ਦੇ ਨੌਜਵਾਨਾਂ ਨੂੰ ਉਹਨਾਂ ਦੀ ਲਿਆਕਤ ਮੁਤਾਬਿਕ ਰੁਜ਼ਗਾਰ ਮੁਹਈਆ ਕਰਵਾਇਆ ਜਾਂਦਾ ਤਾਂ ਜੋ ਹਰ ਨੌਜਵਾਨ ਆਪਣੇ ਪੈਰਾਂ ਉੱਤੇ ਖੜਾ ਹੋ ਕੇ ਸਵੈ-ਮਾਣ ਵਾਲੀ ਜ਼ਿੰਦਗੀ ਬਸਰ ਕਰਦਾ। ਪਰ ਬਾਦਲ ਦਲ ਨੇ ਨੌਜਵਾਨਾਂ ਕੋਲੋਂ ਆਰਥਿਕ ਆਜ਼ਾਦੀ ਖੋਹ ਕੇ ਉਹਨਾਂ ਦੇ ਹੱਥਾਂ ਵਿੱਚ ਸਤਰੰਗੇ ਸਰਕਾਰੀ ਕਾਰਡ ਪਕੜਾ ਦਿੱਤੇ। ਅੱਜ ਗੈਰਤਮੰਦ ਪੰਜਾਬੀਆਂ ਨੂੰ ਕੰਮਾਂ ਤੋਂ ਵਿਹਲੇ ਕਰਕੇ ਮੰਗ ਖਾਣੇ ਬਣਾਇਆ ਜਾ ਰਿਹਾ ਹੈ। ਸਰਕਾਰ ਵੱਲੋਂ ਉਪਰੋਥੱਲੀ ਦਿੱਤੀਆਂ ਜਾ ਰਹੀਆਂ ਗਰਾਂਟਾਂ ਅਤੇ ਸੰਗਤ ਦਰਸ਼ਨਾਂ ਨੂੰ ਨਿਰੋਲ ਨਾਟਕਬਾਜ਼ੀ ਦਸਦੇ ਹੋਏ ਡਾ. ਆਰ. ਐਸ. ਪਰਮਾਰ ਨੇ ਕਿਹਾ ਕਿ ਪੁਰਾਣੇ ਸਮੇਂ ਵਿੱਚ ਇਲਾਕੇ ਦਾ ਚੌਧਰੀ ਰਾਤ ਦੇ ਹਨੇ੍ਹਰੇ ਵਿੱਚ ਆਪਣੇ ਲੱਠਮਾਰਾਂ ਨੂੰ ਲੈ ਕੇ ਲੋਕਾਂ ਕੋਲੋਂ ਹਜ਼ਾਰਾਂ ਰੁਪਏ ਲੁਟ ਲਿਆਂਦਾ ਸੀ ਅਤੇ ਦਿਨ ਦੇ ਚਾਨਣੇ ਵਿੱਚ ਉਸ ਲੁਟੇ ਹੋਏ ਹਜ਼ਾਰਾਂ ਰੁਪਏ ਵਿੱਚੋਂ ਸੈਂਕੜੇ ਰੁਪਏ ਲੋਕਾਂ ਦਾ ਹਮਦਰਦ ਬਣ ਕੇ ਵੰਡ ਦਿੰਦਾ ਸੀ। ਭੋਲੇ ਭਾਲੇ ਲੋਕ ਵਿਚਾਰੇ ਉਸ ਨੂੰ ਸਾਰੀ ਉਮਰ ਦੇਵਤਾ ਸਮਝਦੇ ਰਹੇ। ਡਾ. ਸਾਹਿਬ ਨੇ ਕਿਹਾ ਕਿ ਸ਼ਾਇਦ ਪ੍ਰਕਾਸ਼ ਸਿੰਘ ਬਾਦਲ ਦੇ ਵਿੱਚ ਉਸ ਚੌਧਰੀ ਦੀ ਰੂਹ ਪ੍ਰਵੇਸ਼ ਕਰ ਗਈ ਹੈ।

ਆਏ ਨੌਜਵਾਨਾਂ ਦੇ ਵਿਚਾਰ ਸੁਣਨ ਤੋਂ ਬਾਅਦ ਦਿੱਲੀ ਦੀਆਂ ਚੋਣਾਂ ਵਿੱਚ ਅਹਿਮ ਭੂਮਿਕਾ ਨਿਭਾ ਚੁੱਕੇ ਯੂਥ ਸੈਕਟਰ ਇੰਚਾਰਜ ਕਮਲ ਕਿਸ਼ੋਰ ਸ਼ਰਮਾ ਨੇ ਦੱਸਿਆ ਕਿ ਦਿੱਲੀ ਦੀਆਂ ਚੌਣਾਂ ਸਮੇਂ ਉਥੋਂ ਦੇ ਨੌਜਵਾਨਾਂ ਨੇ ਮੰਗਾਂ ਰੱਖੀਆਂ ਸੀ ਕਿ ਵਿਦਿਆਰਥੀਆਂ ਨੂੰ ਪੜ੍ਹਾਈ ਲਈ ਬਿਨਾਂ ਕਿਸੇ ਬੈਂਕ ਗਰੰਟੀ ਤੋਂ ਕਰਜ਼ਾ ਮਿਲਣਾ ਚਾਹੀਦਾ ਹੈ ਅਤੇ ਮੁਫਤ ਵਾਈ-ਫਾਈ ਦੀ ਮੰਗ ਰੱਖੀ ਗਈ ਸੀ। ਜਿਸ ਨੂੰ ਕੇਜਰੀਵਾਲ ਸਰਕਾਰ ਬਣਨ ਸਾਰ ਹੀ ਪੂਰਾ ਕਰ ਦਿੱਤਾ ਗਿਆ। ਅੱਜ ਦਿੱਲੀ ਦੇ ਵਿੱਚ ਉਚੇਰੀ ਵਿਦਿਆ ਲਈ 10 ਲੱਖ ਰੁਪਏ ਤੱਕ ਦਾ ਕਰਜ਼ਾ ਬਿਨਾਂ ਕਿਸੇ ਬੈਂਕ ਗਰੰਟੀ ਵਿਦਿਆਰਥੀ ਲੈ ਸਕਦੇ ਹਨ।ਉਹਨਾਂ ਕਿਹਾ ਪੰਜਾਬ ਵਿੱਚ ਪਾਰਟੀ ਦਾ ਚੋਣ ਮੈਨੀਫੈਸਟੋ ਨੌਜਵਾਨ ਵਰਗ ਦੀ ਸਲਾਹ ਨਾਲ ਬਣੇਗਾ ਅਤੇ ਨੌਜਵਾਨ ਵਰਗ ਦੀਆਂ ਲੋੜਾਂ ਦਾ ਪੂਰਾ ਧਿਆਨ ਰੱਖਿਆ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮਾਸਟਰ ਨਰਿੰਦਰ ਸੈਣੀ ਅਹਿਮਦਪੁਰ, ਭਾਗ ਸਿੰਘ ਮਦਾਨ, ਇੰਜ: ਦੀਦਾਰ ਸਿੰਘ, ਰਾਕੇਸ਼ ਜਿੰਦਲ, ਰੋਪੜ ਸਰਕਲ ਇੰਚਾਰਜ ਬਲਵਿੰਦਰ ਸੈਣੀ, ਬੂਥ ਇੰਚਾਰਜ ਪਰਵਿੰਦਰ ਸ਼ਾਮਪੁਰੀ, ਨਵੀਨ ਦਰਦੀ ਅਤੇ ਬੂਥ ਇੰਚਾਰਜ ਰਮੇਸ਼ ਕੁਮਾਰ, ਐਡਵੋਕੇਟ ਮਹਿੰਦਰ ਸਿੰਘ, ਸ਼ਿਕਾਇਤ ਨਿਵਾਰਨ ਕਮੇਟੀ ਮੈਂਬਰ ਮਨਜੀਤ ਸਿੰਘ ਬਰਨਾਲਾ ਸ਼ਾਮਲ ਹੋਏ।

Share Button

Leave a Reply

Your email address will not be published. Required fields are marked *