ਯੂਥ ਅਕਾਲੀ ਦਲ ਨੂੰ ‘ਖੂਨੀ ਪੰਜੇ’ ਅਤੇ ‘ਟੋਪੀ ਵਾਲੇ’ ਬਾਹਰੀ ਲੋਕਾਂ ਖਿਲਾਫ ਹੱਕ-ਸੱਚ ਦੀ ਲੜਾਈ ਹਿੱਤ ਡੱਟਣ ਦਾ ਸੱਦਾ

ਯੂਥ ਅਕਾਲੀ ਦਲ ਨੂੰ ‘ਖੂਨੀ ਪੰਜੇ’ ਅਤੇ ‘ਟੋਪੀ ਵਾਲੇ’ ਬਾਹਰੀ ਲੋਕਾਂ ਖਿਲਾਫ ਹੱਕ-ਸੱਚ ਦੀ ਲੜਾਈ ਹਿੱਤ ਡੱਟਣ ਦਾ ਸੱਦਾ

ਸੁਖਬੀਰ ਸਿੰਘ ਬਾਦਲ ਵੱਲੋਂ ‘ਯੂਥ ਫਾਰ ਪੰਜਾਬ’ ਮੁਹਿੰਮ ਦਾ ਆਗਾਜ਼

ਬਿਕਰਮ ਸਿੰਘ ਮਜੀਠੀਆ ਤੇ ਸ਼ਰਨਜੀਤ ਸਿੰਘ ਢਿੱਲੋਂ ਨੂੰ ਸੂਬੇ ਦੇ ਹਰੇਕ ਹਲਕੇ ਵਿਚ ‘ਯੂਥ ਫਾਰ ਪੰਜਾਬ’ ਮੁਹਿੰਮ ਪਹੁੰਚਾਉਣ ਦਾ ਸੱਦਾ

ਮਜੀਠੀਆ ਵੱਲੋਂ ਕੇਜਰੀਵਾਲ ਦੀ ਇੰਦਰਾ ਗਾਂਧੀ ਨਾਲ ਤੁਲਨਾ

18-48

ਚੰਡੀਗੜ੍ਹ, 08 ਅਗਸਤ 2016 : 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗੱਠਜੋੜ ਦੀ ਤੀਜੀ ਵਾਰ ਜਿੱਤ ਨੂੰ ਯਕੀਨੀ ਬਣਾਉਣ ਲਈ ਅਤੇ ‘ਖੂਨੀ ਪੰਜੇ’ ਅਤੇ ‘ਟੋਪੀ ਵਾਲੇ’ ਬਾਹਰੀ ਲੋਕਾਂ ਖਿਲਾਫ ਹੱਕ-ਸੱਚ ਦੀ ਲੜਾਈ ਹਿੱਤ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਵੱਲੋਂ ਅੱਜ ਵਿੱਢੀ ਮੁਹਿੰਮ ‘ਯੂਥ ਫਾਰ ਪੰਜਾਬ’ ਦੀ ਹਮਾਇਤ ਵਿਚ ਬੇਸ਼ੁਮਾਰ ਨੌਜਵਾਨ ਇਕੱਠੇ ਹੋਏ।

ਪੰਜਾਬ ਭਰ ਤੋਂ ਇਕੱਠੇ ਹੋਏ ਯੂਥ ਅਕਾਲੀ ਦਲ ਦੇ ਵੱਡੀ ਗਿਣਤੀ ਵਿਚ ਪੁੱਜੇ ਸਮੱਰਥਕਾਂ ਨੇ “ਸੁਖਬੀਰ ਤੇਰੀ ਸੋਚ ‘ਤੇ ਪਹਿਰਾ ਦਿਆਂਗੇ ਠੋਕ ਕੇ“ ਦੇ ਨਾਅਰਿਆਂ ਨਾਲ ਅਸਮਾਨ ਗੂੰਜਣ ਲਾ ਦਿੱਤਾ ਅਤੇ ਕਾਂਗਰਸ ਵੱਲੋਂ ਪੰਜਾਬ ਨਾਲ ਕੀਤੇ ਵਿਤਕਰੇ ਅਤੇ ‘ਆਪ’ ਵੱਲੋਂ ਪੰਜਾਬੀਆਂ ਨੂੰ ਬਦਨਾਮ ਕਰਨ ਦੀਆਂ ਕੋਝੀਆਂ ਸਾਜਿਸ਼ਾਂ ਦਾ ਮੂੰਹ ਤੋੜ ਜਵਾਬ ਦਿੱਤਾ। ਇਸ ਮੌਕੇ ਇਕੱਠੇ ਹੋਏ ਨੌਜਵਾਨ ਆਗੂਆਂ ਨੇ ਸਾਫ ਕਰ ਦਿੱਤਾ ਕਿ ਉਹ ਪੰਜਾਬ ਦਾ ਮਾਣ ਬਰਕਰਾਰ ਰੱਖਣ ਅਤੇ ਸਰਬੱਤ ਦੇ ਭਲੇ ਦੀਆਂ ਗੁਰੂ ਸਾਹਿਬਾਨ ਵੱਲੋਂ ਦਿੱਤੀਆਂ ਸਿੱਖਿਆਵਾਂ ਉੱਤੇ ਪਹਿਰਾ ਦੇਣ ਲਈ ਇਕੱਠੇ ਹੋਏ ਹਨ।

ਇਸ ਮੌਕੇ ਆਪਣੇ ਸੰਬੋਧਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਨੌਜਵਾਨਾਂ ਨੂੰ ‘ਪੰਜਾਬ-ਪੰਜਾਬੀਆਂ ਦਾ’ ਨਵਾਂ ਨਾਅਰਾ ਦਿੰਦਿਆਂ ਪੰਜਾਬ-ਵਿਰੋਧੀ ਪਾਰਟੀਆਂ ਕਾਂਗਰਸ ਅਤੇ ਆਮ ਆਦਮੀ ਪਾਰਟੀ ਦਾ 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਸੂਬੇ ਵਿਚੋਂ ਪੂਰਣ ਸਫਾਇਆ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਨੇ ਪਿਛਲੇ 9 ਸਾਲਾਂ ਵਿਚ ਸੂਬੇ ਨੂੰ ਬਹੁਤ ਮੁਸ਼ਕਿਲ ਨਾਲ ਵਿਕਾਸ ਦੀ ਲੀਹ ‘ਤੇ ਚਾੜ੍ਹਿਆ ਹੈ ਅਤੇ ਸੱਤਾ ਦੀਆਂ ਭੁੱਖੀਆਂ ਪਾਰਟੀਆਂ ਕਾਂਗਰਸ ਤੇ ‘ਆਪ’ ਪੰਜਾਬ ਅਤੇ ਪੰਜਾਬੀਆਂ ਨੂੰ ਬਦਨਾਮ ਤੇ ਗੁੰਮਰਾਹ ਕਰਕੇ ਰਾਜ ਕਰਨ ਦੇ ਸੁਪਨੇ ਵੇਖ ਰਹੀਆਂ ਹਨ।

ਇੱਥੇ ‘ਯੂਥ ਫਾਰ ਪੰਜਾਬ’ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਯੂਥ ਅਕਾਲੀ ਦਲ ਵੱਲੋਂ ਕਰਵਾਈ ਗਈ ਵਿਸ਼ਾਲ ਅਤੇ ਭਰਵੀਂ ਰੈਲੀ ਨੂੰ ਸੰਬੋਧਨ ਕਰਦਿਆਂ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਨੌਜਵਾਨ ਸ਼ਕਤੀ ਦਾ ਕਾਂਗਰਸ ਤੇ ਆਮ ਆਦਮੀ ਪਾਰਟੀ ਸਾਹਮਣਾ ਨਹੀਂ ਕਰ ਸਕਦੀਆਂ ਅਤੇ ਯੂਥ ਅਕਾਲੀ ਦਲ ਦੇ ਮਿਹਨਤੀ ਤੇ ਜੋਸ਼ੀਲੇ ਵਰਕਰਾਂ ਦੇ ਸਦਕਾ ਜਿੱਥੇ ਲਗਾਤਾਰ ਪੰਜਾਬ ਵਿਚ ਦੋ ਵਾਰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੀ ਹੈ ਉੱਥੇ ਹੀ ਇਸ ਵਾਰ ਹੈਟ੍ਰਿਕ ਬਣਾਉਣ ਵਿਚ ਨੌਜਵਾਨਾਂ ਦੀ ਭੂਮਿਕਾ ਅਹਿਮ ਹੋਵੇਗੀ। ਉਨ੍ਹਾਂ ਕਿਹਾ ਕਿ ਪੂਰੇ ਭਾਰਤ ਵਿਚ ਪੰਜਾਬ ਇਕੱਲਾ ਅਜਿਹਾ ਸੂਬਾ ਹੈ ਜਿੱਥੇ ਨੌਜਵਾਨਾਂ ਲਈ ਸਭ ਤੋਂ ਜ਼ਿਆਦਾ ਨੀਤੀਆਂ ਅਤੇ ਯੋਜਨਾਵਾਂ ਚੱਲ ਰਹੀਆਂ ਹਨ।ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਵੱਲੋਂ ਦਿੱਲੀ ਦੇ ਨੌਜਵਾਨਾਂ ਨਾਲ ਕੀਤੇ ਝੂਠੇ ਵਾਅਦਿਆਂ ਦੇ ਮੁਕਾਬਲੇ ਪੰਜਾਬ ਵਿਚ ਸਵਾ ਲੱਖ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਹਨ ਅਤੇ ਏਨੀਆਂ ਹੀ ਹੋਰ ਨੌਕਰੀਆਂ ਦੀ ਪ੍ਰਕਿਰਿਆ ਜਾਰੀ ਹੈ।

ਸ. ਬਾਦਲ ਨੇ ਕਿਹਾ ਕਿ ਇਸ ਵੇਲੇ ਪੰਜਾਬ ਅਤੇ ਕੇਂਦਰ ਵਿਚ ਭਾਈਵਾਲ ਪਾਰਟੀਆਂ ਦੀਆਂ ਸਰਕਾਰਾਂ ਹਨ ਜਿਸ ਦਾ ਪੰਜਾਬ ਨੂੰ ਵੱਡਾ ਫਾਇਦਾ ਹੋ ਰਿਹਾ ਹੈ ਅਤੇ ਸੂਬਾ ਤਰੱਕੀ ਦੀਆਂ ਨਵੀਆਂ ਇਬਾਰਤਾਂ ਲਿਖ ਰਿਹਾ ਹੈ। ਉਨ੍ਹਾਂ ਕੇਜਰੀਵਾਲ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਇਹ ਬੰਦਾ ਟਾਕਰੇ ਵਾਲੀ ਰਾਜਨੀਤੀ ਕਰਦਾ ਹੈ ਅਤੇ ਜੇਕਰ ਗਲਤੀ ਨਾਲ ਆਮ ਆਦਮੀ ਪਾਰਟੀ ਪੰਜਾਬ ਦੀ ਸੱਤਾ ‘ਤੇ ਕਾਬਜ਼ ਹੋ ਜਾਂਦੀ ਹੈ ਤਾਂ ਵਿਕਾਸ ਦੀ ਥਾਂ ਪੰਜਾਬ ਦਾ ਵਿਨਾਸ਼ ਹੋ ਜਾਵੇਗਾ ਕਿਉਂ ਕਿ ਇਸ ਸੂਰਤ ਵਿਚ ਨਾ ਤਾਂ ਕਿਸਾਨਾਂ ਦੀ ਕਣਕ ਚੁੱਕੀ ਜਾਣੀ ਹੈ ਅਤੇ ਨਾ ਹੀ ਝੋਨਾ।

ਸ਼੍ਰੋਮਣੀ ਅਕਾਲੀ ਦਲ ਦੇ ਗੌਰਵਮਈ 95 ਸਾਲਾਂ ਇਤਿਹਾਸ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਦੇਸ਼ ਦੇ ਆਜ਼ਾਦੀ ਸੰਘਰਸ਼ ਵਿਚ ਸਭ ਤੋਂ ਵੱਧ ਕੁਰਬਾਨੀਆਂ ਪੰਜਾਬੀਆਂ ਅਤੇ ਖਾਸ ਤੌਰ ‘ਤੇ ਸਿੱਖਾਂ ਨੇ ਕੀਤੀਆਂ ਹਨ ਅਤੇ ਮੌਜੂਦਾ ਸਮੇਂ ਵੀ ਦੁਨੀਆਂ ਦੇ ਹਰ ਕੋਨੇ ਵਿਚ ਸਿੱਖਾਂ ਨੇ ਵੱਖਰੀ ਪਛਾਣ ਬਣਾਈ ਹੈ ਪਰ ਕਾਂਗਰਸ ਤੇ ਆਪ ਵਾਲੇ ਜਾਣ ਬੁੱਝ ਕੇ ਪੰਜਾਬ ਤੇ ਪੰਜਾਬੀਆਂ ਨੂੰ ਨਸ਼ੱਈ ਆਖ ਕੇ ਬਦਨਾਮ ਕਰ ਰਹੇ ਹਨ ਜਦਕਿ ਪੰਜਾਬ ਪੁਲਿਸ ਦੀ ਚੱਲ ਰਹੀ ਭਰਤੀ ਵਿਚ 1 ਲੱਖ ਨੌਜਵਾਨਾਂ ਦੇ ਡੋਪ ਟੈਸਟ ਵਿਚੋਂ 1 ਫੀਸਦੀ ਤੋਂ ਵੀ ਘੱਟ ਨੌਜਵਾਨਾਂ ਦਾ ਟੈਸਟ ਫੇਲ੍ਹ ਹੋਇਆ ਹੈ। ਉਨ੍ਹਾਂ ਕਿਹਾ ਕਿ ਹੁਣ ਤਾਂ ਕੇਂਦਰ ਸਰਕਾਰ ਨੇ ਵੀ ਮੰਨਿਆ ਹੈ ਕਿ ਨਸ਼ਿਆ ਵਿਚ ਮਹਾਰਾਸ਼ਟਰ ਪਹਿਲੇ ਨੰਬਰ ‘ਤੇ ਹੈ ਜਦਕਿ ਪੰਜਾਬ ਇਸ ਸੂਚੀ ਵਿਚ ਬਹੁਤ ਹੇਠਾਂ ਹੈ।

ਪੰਜਾਬ ਵਿਚ ਹੋਏ ਵਿਕਾਸ ਦੀ ਗੱਲ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਪੰਜਾਬ ਵਿਚ ਤਰੱਕੀ ਉਦੋਂ ਹੀ ਹੋਈ ਹੈ ਜਦੋਂ-ਜਦੋਂ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਿਚ ਅਕਾਲੀ-ਭਾਜਪਾ ਗੱਠਜੋੜ ਨੇ ਸੇਵਾ ਸੰਭਾਲੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਕੌਮਾਂਤਰੀ ਏਅਰਪੋਰਟ ਅੰਮ੍ਰਿਤਸਰ ਤੇ ਮੋਹਾਲੀ, ਥੀਨ ਡੈਮ ਤੇ ਥਰਮਲ ਪਲਾਂਟਾਂ ਤੋਂ ਇਲਾਵਾ ਨਵੀਆਂ ਸਨਅਤਾਂ ਜਿਵੇਂ ਇੰਫੋਸਿਸ ਤੇ ਆਈ.ਟੀ.ਸੀ. ਆਦਿ ਅਕਾਲੀ ਸਰਕਾਰ ਸਮੇਂ ਹੀ ਲੱਗੀਆਂ ਹਨ। ਪੰਜਾਬ ਦੇ ਪਾਣੀਆਂ ਦੀ ਰਾਖੀ ਲਈ ਵੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਹੀ ਹਰ ਤਰ੍ਹਾਂ ਦੀ ਕੁਰਬਾਨੀ ਦੇਣ ਦੀ ਗੱਲ ਆਖੀ ਹੈ।

ਸ਼੍ਰੋਮਣੀ ਅਕਾਲੀ ਦਲ ਦੇ ਯੂਥ ਵਿੰਗ ਦੀ ਤਾਰੀਫ ਕਰਦਿਆਂ ਉਨ੍ਹਾਂ ਕਿਹਾ ਕਿ ਸਰਕਾਰ ਬਣਾਉਣ ਵਿਚ ਨੌਜਵਾਨਾਂ ਦਾ ਖਾਸ ਹੱਥ ਹੁੰਦਾ ਹੈ ਇਸ ਲਈ ਚੋਣਾਂ ਤੱਕ ਪੰਜਾਬ ਦੇ ਹਰ ਕੋਨੇ ਵਿਚ ਯੂਥ ਅਕਾਲੀ ਦਲ ਦੇ ਵਰਕਰਾਂ ਨੂੰ ਫੈਲ ਜਾਣਾ ਚਾਹੀਦਾ ਹੈ ਅਤੇ ਪਾਰਟੀ ਤੇ ਸਰਕਾਰ ਦੀਆਂ ਪ੍ਰਾਪਤੀਆਂ ਘਰ-ਘਰ ਪਹੁੰਚਾਉਣੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅਸਲ ਮਾਅਨਿਆਂ ਵਿਚ ਪੰਜਾਬ ਤੇ ਪੰਜਾਬੀਆਂ ਦੀ ਨੁਮਾਇੰਦਾ ਪਾਰਟੀ ਹੈ ਅਤੇ ਪੰਜਾਬ ਦੀ ਸੇਵਾ ਸ਼੍ਰੋਮਣੀ ਅਕਾਲੀ ਦਲ ਦੇ ਹੱਥ ਹੀ ਰਹਿਣੀ ਚਾਹੀਦੀ ਹੈ।

ਇਸ ਤੋਂ ਪਹਿਲਾਂ ਆਪਣੇ ਜ਼ੋਰਦਾਰ ਅਤੇ ਜੋਸ਼ੀਲੇ ਢੰਗ ਨਾਲ ਦਿੱਤੇ ਭਾਸ਼ਣ ਵਿਚ ਯੂਥ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਮਾਲ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਆਮ ਆਦਮੀ ਪਾਰਟੀ ਅਤੇ ਇਸ ਦੇ ਆਗੂਆਂ ਨੂੰ ਤਿੱਖੇ ਰਗੜੇ ਲਾਏ ਅਤੇ ਆਸ਼ੀਸ਼ ਖੇਤਾਨ ਦੀਆਂ ਪੰਜਾਬ ਅਤੇ ਸਿੱਖ ਵਿਰੋਧੀ ਕਾਰਵਾਈਆਂ ਕਰਕੇ ਉਸ ਨੂੰ ਆਸ਼ੀਸ਼ ‘ਸ਼ੈਤਾਨ’ ਦਾ ਨਾਂ ਦਿੱਤਾ। ਆਪਣੀ ਸ਼ੇਅਰੋ-ਸ਼ਾਇਰੀ ਅਤੇ ਵਿਰੋਧੀ ਪਾਰਟੀਆਂ ‘ਤੇ ਕੀਤੇ ਤਿੱਖੇ ਵਿਅੰਗਾਂ ਨਾਲ ਸ. ਮਜੀਠੀਆ ਨੇ ਨੌਜਵਾਨਾਂ ‘ਚ ਨਵਾਂ ਉਤਸ਼ਾਹ ਭਰਿਆ।

ਉਨ੍ਹਾਂ ਕਿਹਾ ਕਿ ‘ਆਪ’ ਲੁੱਟ-ਖੋਹ ਕਰਨ ਵਾਲੀ ਪਾਰਟੀ ਹੈ ਅਤੇ ਇਸ ਦੇ ਆਗੂ ਵੱਖ-ਵੱਖ ਧਰਮਾਂ ਦਾ ਨਿਰਾਦਰ ਕਰਨ ਵਿਚ ਸਭ ਤੋਂ ਮੋਹਰੀ ਹਨ। ਉਨ੍ਹਾਂ ਚੇਤਾਵਨੀ ਦਿੰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਬਾਹਰਲੇ ਸੂਬਿਆਂ ਦੇ ਗੈਰ-ਪੰਜਾਬੀ ਲੋਕ ਪੰਜਾਬੀਆਂ ਦੀ ਅਣਖ ਨੂੰ ਵੰਗਾਰਨ ਦੀ ਕੋਸ਼ਿਸ਼ ਨਾ ਕਰਨ ਕਿਉਂ ਕਿ ਪੰਜਾਬੀ ਅਣਖੀ ਤੇ ਜੁਝਾਰੂ ਕੌਮ ਹੈ ਅਤੇ ਜੇ ਪੰਜਾਬੀਆਂ ਤੇ ਸਿੱਖ ਗੁਰੂਆਂ ਨੇ ਲੋਕਾਈ ਦੀ ਖਾਤਿਰ ਸ਼ਹਾਦਤ ਨਾ ਦਿੱਤੀ ਹੁੰਦੀ ਤਾਂ ਅੱਜ ਇਨਸਾਨੀਅਤ ਦਾ ਰੰਗਰੂਪ ਕੁਝ ਹੋਰ ਹੋਣਾ ਸੀ।

ਉਨ੍ਹਾਂ ਅਰਵਿੰਦ ਕੇਜਰੀਵਾਲ ਨੂੰ ਝੂਠਾ, ਫਰੇਬੀ ਅਤੇ ਨਟਵਰਲਾਲ ਦੱਸਦਿਆਂ ਕਿਹਾ ਕਿ ਕੇਜਰੀਵਾਲ ਪੰਜਾਬੀਆਂ ਨੂੰ ਬਦਨਾਮ ਕਰਨ ਤੋਂ ਬਾਜ ਆਵੇ। ਉਨ੍ਹਾਂ ਅੱਗੇ ਕਿਹਾ ਕਿ ਕੇਜਰੀਵਾਲ ਨੂੰ ਪੰਜਾਬੀਆਂ ਨੂੰ 25 ਲੱਖ ਨੌਕਰੀਆਂ ਦੇਣ ਦੇ ਝੂਠੇ ਵਾਅਦੇ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਕਿਉਂ ਕਿ ‘ਆਪ’ ਆਗੂ ਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਉਸ ਨੂੰ ਆਪਣੇ ਇਸ ਝੂਠ ਉੱਤੇ ਪੂਰਾ ਉਤਰਨ ਲਈ 5 ਸਾਲ ਤੱਕ ਪ੍ਰਤੀ ਮਿੰਟ ਇਕ ਨੌਕਰੀ ਤੇ ਪ੍ਰਤੀ ਦਿਨ 1350 ਨੌਕਰੀਆਂ ਦੇਣੀਆਂ ਪੈਣਗੀਆਂ।

ਉਨ੍ਹਾਂ ਇਸ ਮੌਕੇ ਕੇਜਰੀਵਾਲ ਦੀ ਤੁਲਨਾ ਇੰਦਰਾ ਗਾਂਧੀ ਨਾਲ ਕਰਦਿਆਂ ਕਿਹਾ ਕਿ ਜਿਵੇਂ ਪੰਜਾਬ ਅਤੇ ਸਿੱਖਾਂ ‘ਤੇ ਹਮਲੇ ਕਰਨ ਵਾਲੀ ਕਾਂਗਰਸ ਪਾਰਟੀ ਦਾ ਲੋਕਾਂ ਨੇ ਸਫਾਇਆ ਕਰ ਦਿੱਤਾ ਹੈ ਉਸ ਤਰ੍ਹਾਂ ਦਾ ਬੁਰਾ ਹਾਲ ਕੇਜਰੀਵਾਲ ਦਾ ਵੀ ਹੋਣਾ ਹੈ। ਸ. ਮਜੀਠੀਆ ਨੇ ਕਿਹਾ ਕਿ ਕੇਜਰੀਵਾਲ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਹੈ ਅਤੇ ਇਸ ਨੇ ਕੋਈ ਵੀ ਵਾਅਦਾ ਵਫਾ ਨਹੀਂ ਕੀਤਾ ਹੈ। ਭਗਵੰਤ ਮਾਨ ਨੂੰ ਕਰੜੇ ਹੱਥੀਂ ਲੈਂਦੇ ਹੋਏ ਸ. ਮਜੀਠੀਆ ਨੇ ਕਿਹਾ ਕਿ ‘ਆਪ’ ਦਾ ਇਹ ਲੋਕ ਸਭਾ ਮੈਂਬਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਵਿਚ ਨਸ਼ੇ ਦੀ ਹਾਲਤ ਵਿਚ ਫੜ੍ਹਿਆ ਗਿਆ ਸੀ ਅਤੇ ਜਦੋਂ ਸ. ਮਜੀਠੀਆ ਨੇ ਹਾਜ਼ਰ ਨੌਜਵਾਨਾਂ ਤੋਂ ਇਹ ਪੁੱਛਿਆ ਕਿ ਕੀ ਉਹ ਭਗਵੰਤ ਮਾਨ ਦੇ ਇਸ ਝੂਠ ਉੱਤੇ ਭਰੋਸਾ ਕਰਦੇ ਹਨ ਕਿ ਉਸ ਨੇ ਪੰਜਾਬ ਖਾਤਿਰ ਆਪਣੇ ਪਰਿਵਾਰ ਨੂੰ ਛੱਡਿਆ ਤਾਂ ਨੌਜਵਾਨਾਂ ਦੇ ਬੇਜੋੜ ਇਕੱਠ ਨੇ ਭਰਵੀਂ ਆਵਾਜ਼ ਵਿਚ ਨਾਂਹ ਵਿਚ ਜਵਾਬ ਦਿੱਤਾ।

ਇਸ ਮੌਕੇ ਯੂਥ ਅਕਾਲੀ ਦਲ ਦੀ ਭਰਵੀਂ ਰੈਲੀ ਵਿਚ ਪੰਜਾਬ ਭਰ ‘ਚੋਂ ਆਏ ਨੌਜਵਾਨਾਂ ਨੇ ਲਗਾਤਾਰ ਤੀਜੀ ਵਾਰ ਅਕਾਲੀ-ਭਾਜਪਾ ਸਰਕਾਰ ਬਣਾਉਣ ਦਾ ਹੱਥ ਖੜ੍ਹੇ ਕਰਕੇ ਪ੍ਰਣ ਕੀਤਾ। ਹਾਜ਼ਰ ਸਖਸ਼ੀਅਤਾਂ ਵਿਚ ਯੂਥ ਅਕਾਲੀ ਦਲ ਦੇ ਕੋਆਰਡੀਨੇਟਰ ਤੇ ਪੰਜਾਬ ਦੇ ਸਿੰਜਾਈ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ, ਮੁੱਖ ਪਾਰਲੀਮਾਨੀ ਸਕੱਤਰ ਐਨ.ਕੇ. ਸ਼ਰਮਾ, ਉੱਪ ਮੁੱਖ ਮੰਤਰੀ ਦੇ ਸਲਾਹਕਾਰ ਮਨਜਿੰਦਰ ਸਿੰਘ ਸਿਰਸਾ ਤੇ ਓਐਸਡੀ ਪਰਮਿੰਦਰ ਸਿੰਘ ਬਰਾੜ, ਯੂਥ ਵਿਕਾਸ ਬੋਰਡ ਦੇ ਚੇਅਰਮੈਨ ਪਰਮਬੰਸ ਸਿੰਘ ਬੰਟੀ ਰੋਮਾਣਾ ਤੋਂ ਇਲਾਵਾ ਵੱਖ-ਵੱਖ ਵਿੰਗਾਂ ਦੇ ਆਗੂ ਹਾਜ਼ਰ ਸਨ।

Share Button

Leave a Reply

Your email address will not be published. Required fields are marked *

%d bloggers like this: