ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Sat. Jun 6th, 2020

ਯਾਦਾ ਬਣਕੇ ਰਹਿ ਗਏ ਵਿਆਹਾਂ ਵਿੱਚ ਲੱਡੂ ਵੱਟਣੇ ਤੇ ਮੰਜੇ ਬਿਸਤਰੇ ਕੱਠੇ ਕਰਨੇ

ਯਾਦਾ ਬਣਕੇ ਰਹਿ ਗਏ ਵਿਆਹਾਂ ਵਿੱਚ ਲੱਡੂ ਵੱਟਣੇ ਤੇ ਮੰਜੇ ਬਿਸਤਰੇ ਕੱਠੇ ਕਰਨੇ

ਕਈ ਵਾਰ ਉਹ ਸਮਾਂ ਯਾਦ ਆ ਜਾਇਆ ਕਰਦਾ ਏ, ਜਦੋਂ ਵਿਆਹ ਦਾ ਬੜਾ ਚਾਅ ਹੋਇਆ ਕਰਦਾ ਸੀ, ਭਾਵੇਂ ਇਹ ਵਿਆਹ ਕਿਸੇ ਰਿਸ਼ਤੇਦਾਰੀ ਵਿੱਚ ਹੁੰਦਾ ਭਾਵੇਂ ਆਢ ਗੁਆਂਢ ਵਿੱਚ ਹੁੰਦਾ, ਵਿਆਹ ਵਿੱਚ ਲੱਡੂ ਵੱਟਣੇ ਅਤੇ ਮੰਜੇ ਬਿਸਤਰੇ ਕੱਠੇ ਕਰਨੇ ਸਭ ਤੋਂ ਵੱਡਾ ਕੰਮ ਸਮਝਿਆ ਜਾਂਦਾ ਸੀ, ਅੱਜਕੱਲ੍ਹ ਵਿਆਹ ਮੈਰਿਜ ਪੈਲੇਸਾਂ ਵਿੱਚ ਕਰਨ ਦਾ ਰਿਵਾਜ ਹੋ ਗਿਆ ਹੈ ਜਿੱਥੇ ਵਿਆਹ ਸਬੰਧੀ ਦਿਨਾਂ ਦਾ ਕੰਮ ਘੰਟਿਆਂ ਵਿੱਚ ਨਿਬੇੜ ਦਿੱਤਾ ਜਾਂਦਾ ਹੈ। ਅਜੋਕੇ ਦੌਰ ਵਿੱਚ ਵਿਆਹ ਨਾਲ ਜੁੜੀਆਂ ਅਨੇਕਾਂ ਰੀਤਾਂ ਰਸਮਾਂ ਘੱਟ ਸਮੇਂ ਦੀ ਭੇਟ ਚੜ੍ਹਦਿਆਂ ਲੋਪ ਹੋ ਕੇ ਰਹਿ ਗਈਆਂ ਹਨ।ਉਹ ਸਮਾਂ ਮੁੜ ਕੇ ਕਦੇ ਵਾਪਸ ਨਹੀਂ ਆਉਣਾ, ਬਰਾਤ ਬਹੁਤ ਥੋੜ੍ਹਾ ਸਮਾਂ ਠਹਿਰਦੀ ਹੈ। ਭਾਂਤ – ਭਾਂਤ ਦੇ ਮਹਿੰਗੇ ਸੁਆਦਲੇ ਪਕਵਾਨ ਪਰੋਸੇ ਜਾਂਦੇ ਹਨ। ਸ਼ਰਾਬ ਦੇ ਨਸ਼ੇ ਦੇ ਨਾਲ ਅਸ਼ਲੀਲਤਾ ਭਰਿਆ ਨਾਚ-ਗਾਣ ਪਰੋਸਿਆ ਜਾਂਦਾ ਹੈ। ਅੱਜ ਦੇ ਵਿਆਹਾਂ ਵਿੱਚ ਬੱਲੇ-ਬੱਲੇ ਕਰਵਾਉਣ ਲਈ ਅਣਗਿਣਤ ਬੇਜ਼ੁਬਾਨੇ ਬਲੀ ਚੜ੍ਹ ਜਾਂਦੇ ਹਨ। ਇਸ ਖਾਂਦਾ ਘੱਟ ਜਾਦਾ ਵਿਆਰਥ ਜਾਦਾ ਕੀਤਾ ਜਾਦਾ ਹੈ, ਅਜਿਹੇ ਮੌਕੇ ਅਕਸਰ ਹੀ ਸਾਦਗੀ ਭਰੇ ਪੁਰਾਣੇ ਵਿਆਹਾਂ ਦੀ ਯਾਦ ਆ ਜਾਂਦੀ ਹੈ। ਜਦੋ ਸਾਦਾ ਖਾਣਾ ਅਤੇ ਸਾਦਾ ਪਹਿਰਾਵਾ ਅਤੇ ਸਾਦਾ ਰਹਿਣ ਸਹਿਣ ਹੋਇਆ ਕਰਦਾ ਸੀ|

ਪੁਰਾਣੇ ਵਿਆਹਾਂ ਦਾ ਮਾਹੌਲ ਅਤੇ ਨਜ਼ਾਰਾ ਹੀ ਵੱਖਰਾ ਸੀ। ਉਦੋਂ ਪਿੰਡਾਂ ਵਿੱਚ ਆਪਸੀ ਭਾਈਚਾਰਕ ਸਾਂਝ ਵਧੇਰੇ ਸੀ। ਕਮਾਈ ਦੇ ਸਾਧਨ ਸੀਮਤ ਹੋਣ ਕਰਕੇ ਹਾੜ੍ਹੀ ਸਾਉਣੀ ਦੀ ਫ਼ਸਲ ਵੇਚ-ਵੱਟ ਕੇ ਵਿਆਹ-ਮੰਗਣੇ ਦੇ ਕਾਰਜ ਕੀਤੇ ਜਾਂਦੇ ਸਨ। ਸੇਪੀ ਦਾ ਰਿਵਾਜ ਹੋਣ ਕਰਕੇ ਲੋਕ ਇੱਕ ਦੂਜੇ ’ਤੇ ਨਿਰਭਰ ਹੁੰਦੇ ਸਨ। ਇਸੇ ਲਈ ਵਿਆਹ ਸਮਾਗਮ ਨੂੰ ਵਕਤ ਪਾ ਕੇ ਪੂਰਿਆ ਜਾਂਦਾ ਸੀ। ਰਿਸ਼ਤੇ ਦੀ ਦੱਸ ਪੈਣ ’ਤੇ ਪਹਿਲਾਂ ਖ਼ਾਨਦਾਨ ਤੇ ਕੰਮਕਾਰਾਂ ਬਾਰੇ ਪੜਤਾਲ ਕੀਤੀ ਜਾਂਦੀ ਸੀ,ਫਿਰ ਨਾਈ ਨੂੰ ਭੇਜ ਕੇ ਕੱਚੀ ਰੋਕ ਹੁੰਦੀ ਸੀ, ਤਿੰਨ-ਚਾਰ ਮਹੀਨੇ ਮਗਰੋਂ ਸਵਾ ਕਿਲੋ ਪਤਾਸੇ ਝੋਲੀ ਵਿੱਚ ਪਾ ਕੇ ਰੋਪਣਾ ਪਾਈ ਜਾਂਦੀ ਸੀ। ਫਿਰ ਮੰਗਣਾ ਕੀਤਾ ਜਾਂਦਾ, ਫ਼ਿਰ ਦੋ -ਤਿੰਨ ਸਾਲ ਮਗਰੋਂ ਵਿਆਹ ਧਰਿਆ ਜਾਂਦਾ ਤੇ ਸਾਲ ਦੋ ਸਾਲ ਮਗਰੋਂ ਮੁਕਲਾਵਾ ਦਿੱਤਾ ਜਾਂਦਾ।

ਉਦੋਂ ਵਿਆਹ ਤੋਂ ਪਹਿਲਾਂ ਮੰਗਣਾ ਕਰਨ ਦਾ ਰਿਵਾਜ ਹੁੰਦਾ ਸੀ, ਜਿਸ ਦੀਆਂ ਰੌਣਕਾਂ ਦੋ ਤਿੰਨ ਦਿਨਾਂ ਤਕ ਰਹਿੰਦੀਆਂ। ਕੁੜੀ ਦੇ ਪਰਿਵਾਰ ਵਾਲੇ ਮੁੰਡੇ ਦੇ ਘਰ ਸ਼ਗਨ ਲੈ ਕੇ ਜਾਂਦੇ ਸੀ। ਪਰਿਵਾਰ ਦਾ ਮੁਖੀ ਜਾਂ ਵੱਡਾ ਬੰਦਾ ਮੁੰਡੇ ਨੂੰ ਹਲਦੀ -ਚੌਲਾਂ ਦਾ ਤਿਲਕ ਲਗਾ ਕੇ ਇੱਕ ਚਾਂਦੀ ਦਾ ਰੁਪਈਆ ਝੋਲੀ ਪਾ ਤੇ ਗੁੜ ਦੀ ਰੋੜੀ ਮੁੰਡੇ ਦੇ ਮੂੰਹ ਵਿੱਚ ਪਾ ਕੇ ਸ਼ਗਨ ਕਰਦਾ। ਇਸ ਮੌਕੇ ਪਿੰਡ ਦੇ ਲੋਕ, ਰਿਸ਼ਤੇਦਾਰ ਇਕੱਠੇ ਹੋਏ ਹੁੰਦੇ। ਮੁੰਡੇ ਦੀਆਂ ਭੈਣਾਂ ਸ਼ਗਨਾਂ ਦੇ ਗੀਤ ਤੇ ਦੋਹੇ ਲਾਉਂਦੀਆਂ। ਮੰਗਣਾ ਹੋਣ ਮਗਰੋਂ ਪਿੰਡ ਦੇ ਪਤਵੰਤਿਆਂ ਨੂੰ ਚਾਹ-ਪਾਣੀ ਪਿਆਇਆ ਜਾਂਦਾ ਤੇ ਜਾਣ ਸਮੇਂ ਸ਼ੱਕਰ ਦੀ ਮੁੱਠੀ ਦਿੱਤੀ ਜਾਂਦੀ। ਬਾਅਦ ਵਿੱਚ ਸ਼ੱਕਰ ਦੀ ਥਾਂ ਪਤਾਸੇ ਦੇਣ ਦਾ ਰਿਵਾਜ ਬਣ ਗਿਆ।

ਰਿਸ਼ਤਾ ਹੋਣ ਸਮੇਂ ਮੁੰਡਾ-ਕੁੜੀ ਇੱਕ ਦੂਜੇ ਨੂੰ ਨਹੀਂ ਸੀ ਵੇਖਦੇ। ਜਿਹੋ ਜਿਹਾ ਮਾਪੇ ਲੱਭ ਦਿੰਦੇ ਸੀ, ਉਹੀ ਪ੍ਰਵਾਨ ਹੁੰਦਾ ਸੀ। ਫੋਟੋਗ੍ਰਾਫੀ ਦਾ ਦੌਰ ਵੀ ਨਹੀਂ ਸੀ। ਜੇ ਮੁੰਡਾ ਵਿਆਹ ਤੋਂ ਪਹਿਲਾਂ ਕਿਸੇ ਬਹਾਨੇ ਸਹੁਰੀ ਪਿੰਡ ਗੇੜਾ ਮਾਰਨ ਜਾਂਦਾ ਤਾਂ ਪਤਾ ਲੱਗਣ ’ਤੇ ਪਰਿਵਾਰ ਦੇ ਬਜ਼ੁਰਗ ਇਤਰਾਜ਼ ਕਰਦੇ।

ਵਿਆਹ ਤੋਂ ਸਵਾ ਮਹੀਨਾ ਪਹਿਲਾਂ ਵਿਚੋਲੇ ਰਾਹੀਂ ਵਿਆਹ ਦੀ ਚਿੱਠੀ ਭੇਜੀ ਜਾਂਦੀ। ਜਿਸ ਉਪਰੰਤ ਦੋਵੇਂ ਪਾਸੇ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਜਾਂਦੀਆਂ। ਪਿੰਡ ਦਾ ਰਾਜਾ (ਨਾਈ) ਵਿਆਹ ਦੀ ਚਿੱਠੀ ਲੈ ਕੇ ਸਾਕ-ਸ਼ਕੀਰੀਆਂ ਵਿੱਚ ਜਾਂਦਾ। ਪਰਿਵਾਰ ਦੇ ਨਵੇਂ ਕੱਪੜੇ ਸਿਉਣ ਲਈ ਘਰ ਵਿੱਚ ਦਰਜ਼ੀ ਬਿਠਾਇਆ ਜਾਂਦਾ। ਪਿੰਡ ਦਾ ਤਰਖਾਣ ਭਾਈਚਾਰਾ ਵਿਆਹ ਵਾਲੇ ਘਰ ਹਲਵਾਈ ਲਈ ਲੱਕੜਾਂ ਪਾੜਨ ਦਾ ਕੰਮ ਕਰਦਾ। ਦਸ ਦਿਨ ਪਹਿਲਾਂ ਹੀ ਹਲਵਾਈ ਆਪਣੀਆਂ ਭੱਠੀਆਂ ਤੇ ਕੜਾਹੇ ਖੁਰਚਣੇ ਲੈ ਕੇ ਵਿਆਹ ਵਾਲੇ ਘਰੇ ਰੌਣਕਾਂ ਲਾ ਬਹਿੰਦਾ। ਸਾਰੇ ਘਰ ਵਿੱਚ ਪਾਂਡੂ ਮਿੱਟੀ ਦੀ ਤਲੀ ਫੇਰ ਕੇ ਕੰਧਾਂ-ਕਧੋਲੀਆਂ ’ਤੇ ਤੋਤੇ, ਮੋਰ ਘੁੱਗੀਆਂ ਦੇ ਚਿੱਤਰ ਬਣਾਉਣ ਦਾ ਰਿਵਾਜ ਹੁੰਦਾ ਸੀ। ਵਿਆਹ ਵਾਲੇ ਦਿਨ ਘਰ ਵਿੱਚ ਰੰਗ-ਬਿਰੰਗੇ ਕਾਗਜ਼ ਦੀਆਂ ਪਤੰਗੀਆਂ ਜੋੜ ਕੇ ਬਣਾਈਆਂ ਲੜੀਆਂ ਬੰਨ੍ਹੀਆਂ ਜਾਂਦੀਆਂ। ਜਿਵੇਂ-ਜਿਵੇਂ ਵਿਆਹ ਦੇ ਦਿਨ ਨੇੜੇ ਆਉਂਦੇ ਮੇਲ- ਗੇਲ ਦੇ ਪੈਣ-ਬੈਠਣ ਨੂੰ ਪਿੰਡ ਵਿੱਚੋਂ ਘਰੋਂ- ਘਰੀਂ ਮੰਜੇ-ਬਿਸਤਰੇ ਇਕੱਠੇ ਕੀਤੇ ਜਾਂਦੇ। ਵਿਆਹ ਤੋਂ ਕੁਝ ਦਿਨ ਪਹਿਲਾਂ ਵਿਆਹ ਹੱਥ ਲਾਇਆ ਜਾਂਦਾ , ਚੱਕੀ ਫੇਰ ਕੇ ਗਲਾ ਪਾਇਆ ਜਾਂਦਾ। ਵਿਆਹੁਲੇ ਮੁੰਡੇ ਜਾਂ ਕੁੜੀ ਦੇ ਖੰਮ੍ਹਣੀ ਬਣਨ ਦੀ ਰਸਮ ਕੀਤੀ ਜਾਂਦੀ। ਸ਼ਗਨਾਂ ਦੇ ਗੀਤ, ਘੋੜੀਆਂ, ਸੁਹਾਗ ਗਾਏ ਜਾਂਦੇ।

ਉਦੋਂ ਵਿਆਹਾਂ ਵਿੱਚ ਨਿਊਂਦੇ ਦੀ ਰਸਮ ਅਹਿਮ ਹੁੰਦੀ ਸੀ। ਵਿਆਹ ਸਮਾਗਮ ਸਮੇਂ ਰਿਸ਼ਤੇਦਾਰ ਤੇ ਪਰਿਵਾਰ ਦੇ ਨੇੜਲੇ ਮਿੱਤਰ ਆਪਣੀ ਪਹੁੰਚ ਮੁਤਾਬਿਕ ਪੈਸੇ ਆਦਿ ਨਾਲ ਘਰ ਦੇ ਮੁਖੀ ਦੀ ਮਦਦ ਕਰਦੇ। ਪਿੰਡ ਦਾ ਸ਼ਾਹੂਕਾਰ ਇੱਕ ਵਹੀ ਵਿੱਚ ਇਹ ਮਦਦ ਦਰਜ ਕਰਦਾ। ਇਸ ਨੂੰ ਨਿਊਂਦਾ ਕਹਿੰਦੇ।

ਵਿਆਹ ਵਿੱਚ ਨਾਨਕਿਆਂ ਦੀ ਪੂਰੀ ਬੱਲੇ-ਬੱਲੇ ਹੁੰਦੀ ਸੀ। ਪਿੰਡ ਦੀ ਜੂਹ ਵਿੱਚ ਵੜਦਿਆਂ ਹੀ ਨਾਨਕਾ-ਮੇਲ ਸ਼ਗਨਾਂ ਦੇ ਗੀਤ ਅਤੇ ਦੋਹੇ ਲਾਉਂਦਾ ਵਿਆਹ ਵਾਲਿਆਂ ਦੇ ਘਰ ਤਕ ਆਉਂਦਾ। ਘਰ ਆਉਣ ’ਤੇ ਲਾਗੀ ਤੇਲ ਚੋਂਦਾ ਤੇ ਝੋਲੀ ਲੱਡੂ ਤੇ ਸ਼ਗਨ ਪਾ ਕੇ ਨਾਨਕਿਆਂ ਨੂੰ ਜੀ ਆਇਆ ਕਿਹਾ ਜਾਂਦਾ। ‘ਨਾਨਕ ਸ਼ੱਕ’ ਪੂਰਨ ਕਰਕੇ ਨਾਨਕਿਆਂ ਦੀ ਵਿਆਹ ਵਿੱਚ ਪੂਰੀ ਚਹਿਲ-ਪਹਿਲ ਹੁੰਦੀ। ਰਾਤ ਨੂੰ ਨਾਨਕਾਂ ਪਰਿਵਾਰ ਦੀਆਂ ਮੇਲਣਾਂ ਵੱਲੋਂ ਘੱਗਰੇ ਪਾ ਕੇ ਸਾਰੇ ਪਿੰਡ ਵਿੱਚ ਜਾਗੋ ਕੱਢੀ ਜਾਂਦੀ। ਦੇਰ ਰਾਤ ਤਕ ਗਿੱਧਾ ਪੈਂਦਾ ਰਹਿੰਦਾ। ਜਦੋਂ ਨਾਨਕਿਆਂ ਵੱਲੋਂ ਛੱਜ ਕੁੱਟਿਆ ਜਾਂਦਾ ਤਾਂ ਕਿਤੇ ਜਾ ਕੇ ਗਿੱਧੇ ਦੀ ਸਮਾਪਤੀ ਕੀਤੀ ਜਾਂਦੀ।

ਵਿਆਂਦੜ ਦੇ ਚਿਹਰੇ ’ਤੇ ਨਿਖਾਰ ਅਤੇ ਖ਼ੂਬਸੁਰਤੀ ਲਿਆਉਣ ਲਈ ਵੱਟਣਾ ਲਾਉਣ ਦਾ ਰਿਵਾਜ ਸੀ। ਵੱਟਣਾ ਲਾਉਣ ਸਮੇਂ ‘ਨੈਣ ਆਂਢ-ਗੁਆਂਢ ਤੇ ਸ਼ਰੀਕੇ ਵਾਲਿਆਂ ਨੂੰ ਸੱਦਾ ਦੇ ਕੇ ਆਉਂਦੀ। ਸਾਰੇ ਇੱਕਠੇ ਹੋ ਕੇ ਵਿਆਂਦੜ ਕੁੜੀ ਜਾਂ ਮੁੰਡੇ ਨੂੰ ਚੌਂਕੇ ’ਤੇ ਬਿਠਾਉਂਦੇ। ਨੈਣ ਗਾਨਾ ਬੰਨ੍ਹਦੀ, ਫਿਰ ਬਾਕੀ ਰਿਸ਼ਤੇਦਾਰਾਂ ਦੇ ਵੀ ਗਾਨਾ ਬੰਨ੍ਹਿਆ ਜਾਂਦਾ। ਚਾਰ ਮੇਲਣਾ ਸਿਰ ’ਤੇ ਫੁਲਕਾਰੀ ਤਾਣ ਕੇ ਖੜ੍ਹ ਜਾਂਦੀਆਂ। ਸਾਰੇ ਜਣੇ ਵਾਰੀ ਵਾਰੀ ਵਿਆਂਦੜ ਦੇ ਵੱਟਣਾ ਮਲਦੇ ਤਾਂ ਕਿ ਵਿਆਂਦੜ ਨੂੰ ਵੱਧ ਤੋਂ ਵੱਧ ਰੂਪ ਚੜ੍ਹੇ।

ਭੈਣਾਂ ਆਪਣੇ ਵੀਰ ਦੇ ਮੱਥੇ ’ਤੇ ਸਿਹਰਾ ਤੇ ਕਲਗੀ ਸਜਾ ਕੇ ਸ਼ਗਨਾਂ ਦੇ ਗੀਤ ਤੇ ਘੋੜੀਆਂ ਗਾਉਂਦੀਆਂ। ਉਨ੍ਹਾਂ ਸਮਿਆਂ ਵਿੱਚ ਬਰਾਤ ਊਠਾਂ, ਘੋੜੀਆਂ ਅਤੇ ਗੱਡਿਆਂ ’ਤੇ ਜਾਂਦੀ ਸੀ। ਵਿਆਹੁਲਾ ਮੁੰਡਾ ਰਥ ਗੱਡੀ ’ਤੇ ਜਾਂਦਾ ਸੀ। 1970 ਤੋਂ ਬਾਅਦ ਦੇ ਸਮਿਆਂ ਵਿੱਚ ਬਰਾਤਾਂ ਕਾਰਾਂ ਵਿੱਚ ਜਾਣ ਲੱਗੀਆ। ਸੁੰਨੇ ਰਾਹਾਂ ’ਤੇ ਬਰਾਤ ਦੀ ਹਿਫ਼ਾਜਤ ਲਈ ਰਫ਼ਲਾਂ ਵਾਲੇ ਮਰਦ ਵੀ ਨਾਲ ਹੁੰਦੇ ਸੀ। ਔਰਤਾਂ ਦੇ ਬਰਾਤ ਜਾਣ ਦਾ ਰਿਵਾਜ ਉਦੋਂ ਨਹੀਂ ਸੀ। ਔਰਤਾਂ ਘਰੇ ਹੀ ਗਿੱਧਾ-ਬੋਲੀਆਂ ਪਾ ਕੇ ਵਿਆਹ ਦੀ ਖ਼ੁਸ਼ੀ ਦੇ ਸ਼ਗਨ ਮਨਾਉਂਦੀਆਂ। ਰਸਤੇ ਕੱਚੇ ਹੁੰਦੇ ਸੀ। ਪਿਛਲੇ ਪਹਿਰ ਬਰਾਤ ਤੁਰਦੀ ਤੇ ਮੂੰਹ ਹਨੇਰੇ ਕੁੜੀ ਵਾਲਿਆਂ ਦੇ ਪਿੰਡ ਪਹੁੰਚ ਜਾਂਦੀ ਸੀ। ਬਰਾਤ ਦਾ ਠਹਿਰਾਓ ਪਿੰਡ ਦੀ ਹਥਾਈ, ਡੇਰਾ ਜਾਂ ਧਰਮਸ਼ਾਲਾ ਵਿੱਚ ਹੁੰਦਾ ਸੀ। ਜਿੱਥੇ ਬਰਾਤੀਆਂ ਦੇ ਪੈਣ-ਬੈਠਣ ਲਈ ਮੰਜੇ ਬਿਸਤਰੇ ਲਗਾਏ ਹੁੰਦੇ। ਬਰਾਤ ਦੇ ਖਾਣ-ਪੀਣ ਦਾ ਸਾਰਾ ਇੰਤਜ਼ਾਮ ਕੀਤਾ ਹੁੰਦਾ। ਪਿੰੰਡ ਦਾ ਇੱਕ ਬੰਦਾ ਖੂਹ ਤੋਂ ਘੜਿਆਂ ਵਿੱਚ ਪਾਣੀ ਲਿਆ ਕੇ ਵੱਡੇ ਕੜਾਹੇ ਵਿੱਚ ਪਾਉਂਦਾ ਸੀ। ਜੇ ਉੱਥੇ ਨਲਕਾ ਲੱਗਿਆ ਹੁੰਦਾ ਤਾਂ ਉਹ ਗੇੜਦਾ। ਊਠਾਂ ਤੇ ਘੋੜੀਆਂ ਲਈ ਵੀ ਹਰੇ ਚਾਰੇ ਦਾ ਪ੍ਰਬੰਧ ਕੀਤਾ ਜਾਂਦਾ ਸੀ। ਨਹਾ-ਧੋ ਕੇ ਬਰਾਤੀ ਤਿਆਰ ਹੋ ਜਾਂਦੇ। ਡੇਰੇ ਵਿੱਚ ਹੀ ਟੋਕਣੀ ਵਿੱਚ ਚਾਹ ਲਿਆ ਕੇ ਪਿੱਤਲ ਦੇ ਵੱਡੇ ਗਲਾਸਾਂ ਵਿੱਚ ਵਰਤਾਈ ਜਾਂਦੀ।

ਮਨੋਰੰਜਨ ਦੇ ਸਾਧਨ ਦੀ ਗੱਲ ਕਰੀਏ ਤਾਂ ਉਦੋਂ ਤਵਿਆਂ ਵਾਲੀ ਮਸ਼ੀਨ ’ਤੇ ਵੱਜਦੇ ਪੁਰਾਣੇ ਰਿਕਾਰਡ ਹੀ ਹੁੰਦੇ ਸੀ। ਬਰਾਤ ਵਿੱਚ ਸਪੀਕਰ ਵਾਲਾ ਉਚੇਚੇ ਤੌਰ ’ਤੇ ਨਾਲ ਜਾਂਦਾ ਸੀ। ਬਰਾਤ ਨੂੰ dc ਹਸਾਉਣ ਲਈ ਪਿੰਡਾਂ ਦੇ ਭੰਡ ਵੀ ਆਪਣੀ ਕਲਾ ਪੇਸ਼ ਕਰਦੇ।

ਦੁਪਹਿਰ ਵੇਲੇ ਜਦੋਂ ਬਰਾਤ ਰੋਟੀ ਖਾਣ ਕੁੜੀ ਵਾਲਿਆਂ ਦੇ ਘਰ ਜਾਂਦੀ ਤਾਂ ਪਟੀਆਂ ’ਤੇ ਬੈਠ ਕੇ ਰੋਟੀ ਖਾਂਦੀ ਸੀ। ਕੁੜੀਆਂ ਬਰਾਤੀਆਂ ਨਾਲ ਬਹੁਤ ਮਜ਼ਾਕ ਕਰਦੀਆਂ। ਖਾਲੀ ਮੰਜਿਆਂ ’ਤੇ ਕਾਨੇ ਰੱਖ ਕੇ ਉੱਪਰ ਬਿਸਤਰਾ ਵਿਛਾ ਦਿੰਦੀਆਂ ਤੇ ਜਾਨੀ ਬੈਠਣ ਲੱਗਿਆਂ ਧੜੱਮ ਕਰਕੇ ਡਿੱਗ ਪੈਂਦਾ। ਅਜਿਹੇ ਮਜ਼ਾਕਾਂ ਦਾ ਕੋਈ ਗੁੱਸਾ ਨਹੀਂ ਸੀ ਕਰਦਾ। ਰੋਟੀ ਖਾਣ ਬੈਠੀ ਬਰਾਤ ਨੂੰ ਮੇਲਣਾਂ ਦੋਹੇ ਲਾਉਂਦੀਆਂ, ਸਿੱਠਣੀਆਂ ਸੁਣਾਉਂਦੀਆਂ ਤੇ ਹਾਸਾ ਮਜ਼ਾਕ ਕਰਕੇ ਜੰਞ ਬੰਨ੍ਹ ਦਿੰਦੀਆਂ। ਜੰਞ ਛੁਡਾਉਣ ਵਾਲਾ ਬੰਦਾ ਪਹਿਲਾਂ ਹੀ ਪੂਰੀ ਤਿਆਰੀ ਨਾਲ ਜੰਞ ਵਿੱਚ ਸ਼ਾਮਲ ਹੁੰਦਾ ਸੀ। ਇਸ ਤੋਂ ਬਾਅਦ ਬਰਾਤ ਰੋਟੀ ਖਾਂਦੀ। ਇਸ ਮੌਕੇ ਸਾਦਾ ਭੋਜਨ ਕਣਕ ਦੇ ਮੰਡੇ, ਚੌਲ, ਦਾਲ-ਸਬਜ਼ੀ, ਬੂੰਦੀ, ਸ਼ੱਕਰ-ਦੇਸੀ ਘਿਓ ਤੇ ਦੇਸੀ ਘਿਓ ਦਾ ਪ੍ਰਸ਼ਾਦ, ਲੱਡੂ, ਜਲੇਬੀਆਂ ਹੁੰਦੀਆਂ ਸਨ। ਦਾਰੂ ਪਿਆਲਾ ਪੀਣ ਦੇ ਸ਼ੌਕੀਨ ਵੀ ਆਪਣੀ ਮਹਿਫ਼ਲ ਵੱਖਰੀ ਲਾ ਬੈਠਦੇ। ਜਿਸ ਬਰਾਤੀ ਦੀ ਉਸ ਪਿੰਡ ਵਿੱਚ ਕੋਈ ਸਕੀਰੀ ਹੁੰਦੀ ਜਾਂ ਪਿੰਡ ਵਿੱਚੋਂ ਕੋਈ ਕੁੜੀ ਵਿਆਹੀ ਹੁੰਦੀ ਤਾਂ ਉਹ ਉਸ ਦੇ ਘਰ ‘ਪੱਤਲ’ ਜ਼ਰੂਰ ਦੇਣ ਜਾਂਦਾ।

ਆਨੰਦ ਕਾਰਜ ਜਾਂ ਫੇਰਿਆਂ ਦੀ ਰਸਮ ਸਵੇਰੇ ਚਾਰ ਵਜੇ ਕੀਤੀ ਜਾਂਦੀ ਸੀ। ਲਾੜਾ, ਲਾੜੇ ਦਾ ਪਿਤਾ ਤੇ ਅਹਿਮ ਰਿਸ਼ਤੇਦਾਰ ਲਾੜੀ ਦੇ ਘਰ ਜਾਂਦੇ। ਜਿੱਥੇ ਆਨੰਦ ਕਾਰਜਾਂ ਜਾਂ ਫੇਰਿਆਂ ਦੀ ਰਸਮ ਨੂੰ ਮਰਿਆਦਾ ਨਾਲ ਸੰਪੂਰਨ ਕੀਤਾ ਜਾਂਦਾ। ਕੁੜੀ ਦੀਆਂ ਸਖੀਆਂ ਵੱਲੋਂ ਸਿੱਖਿਆ ਪੜ੍ਹੀ ਜਾਂਦੀ। ਲਾੜੀ ਇਸ ਰਸਮ ਸਮੇਂ ਨੰਗੇ ਮੁੂੰਹ ਨਹੀਂ ਸੀ ਬੈਠਦੀ। ਦੋ ਸਖੀਆਂ ਆਨੰਦਾਂ ਦੀ ਰਸਮ ਮੌਕੇ ਉੱਠਣ-ਬੈਠਣ ਅਤੇ ਤੁਰਨ ਵਿੱਚ ਉਸਦੀ ਮਦਦ ਕਰਦੀਆਂ।

ਅੱਧੀ ਬਰਾਤ ਦੇ ਸੁੱਤੇ ਪਿਆਂ ਹੀ ਵਿਆਹ ਹੋ ਜਾਂਦਾ। ਸਵੇਰੇ ਦਿਨ ਚੜ੍ਹਦਾ, ਬਰਾਤੀ ਨਹਾਉਂਦੇ, ਚਾਹ ਨਾਲ ਬਦਾਨਾਂ-ਭੁਜੀਆ ਖਾ ਕੇ ਫਿਰ ਢੋਲੇ ਦੀਆਂ ਲਾਉਂਦੇ। ਦੁਪਹਿਰ ਦੀ ਰੋਟੀ ਤੋਂ ਬਾਅਦ ਢਲਦੇ ਪਰਛਾਵੇਂ ਬਰਾਤ ਨੂੰ ਚਾਹ ਪਿਆਈ ਜਾਂਦੀ ਤੇ ਡੋਲ਼ੀ ਲੈ ਕੇ ਬਰਾਤ ਦੀ ਵਿਦਾਇਗੀ ਹੋ ਜਾਂਦੀ।

ਦਾਜ ਵਿੱਚ ਮਾਪਿਆਂ ਵੱਲੋਂ ਲੜਕੀ ਨੂੰ ਇੱਕ ਲੱਕੜ ਦਾ ਵੱਡਾ ਸੰਦੂਕ ਤੇ ਪਲੰਘ ਦਿੱਤਾ ਜਾਂਦਾ ਸੀ। ਬਾਅਦ ਵਿੱਚ ਘਰੇਲੂ ਵਰਤੋਂ ਦੀਆਂ ਚੀਜ਼ਾਂ ਪਿੱਤਲ ਦੇ ਭਾਂਡੇ, ਲੱਕੜ ਦਾ ਕੁਰਸੀ ਮੇਜ਼ ਤੇ ਹੋਰ ਸਾਮਾਨ ਦਿੱਤਾ ਜਾਣ ਲੱਗਿਆ। ਕੁਝ ਲੋਕ ਆਪਣੇ ਵਿੱਤ ਮੁਤਾਬਕ ਸੱਜਰ ਸੂਈਆਂ ਲਵੇਰੀਆਂ ਵੀ ਦਾਜ ਵਿੱਚ ਦਿੰਦੇ। ਪਹਿਲੇ ਵਿਆਹਾਂ ਵਿੱਚ ‘ਨੈਣ’ ਦੀ ਅਹਿਮ ਭੂਮਿਕਾ ਹੁੰਦੀ ਸੀ। ਵਿਆਹੁਲੀ ਨੂੰ ਤਿਆਰ ਕਰਨਾ, ਸਿਰ ਗੁੰਦਣਾ, ਹਾਰ-ਸ਼ਿੰਗਾਰ ਕਰਨਾ ‘ਨੈਣ’ ਦਾ ਕੰਮ ਹੁੰਦਾ ਸੀ ਜੋ ਅੱਜਕੱਲ੍ਹ ਬਿਊਟੀ-ਪਾਰਲਰਾਂ ਨੇ ਸਾਂਭ ਲਿਆ ਹੈ। ਜ਼ਿਮੀਂਦਾਰਾਂ ਦੇ ਵਿਆਹਾਂ ਵਿੱਚ ਵਿਚੋਲਣ ਦਾ ਕੰਮ ਵੀ ‘ਨੈਣਾਂ’ ਹੀ ਕਰਦੀਆਂ। ਡੋਲੀ ਵਿੱਚ ਵਿਆਹੁਲੀ ਜੋੜੀ ਦੇ ਨਾਲ ਨੈਣ ਹੀ ਬੈਠਦੀ ਸੀ। ਸਾਡੇ ਪੁਰਾਣੇ ਅਨੇਕਾਂ ਲੋਕ ਗੀਤਾਂ ਵਿੱਚ ਨੈਣ ਦਾ ਜ਼ਿਕਰ ਅਕਸਰ ਸੁਣਨ ਵਿੱਚ ਆਉਂਦਾ ਹੈ।

ਉਦੋਂ ਬਰਾਤਾਂ ਦੋ -ਦੋ ਦਿਨ ਠਹਿਰਦੀਆਂ ਸਨ। ਪਿੰਡਾਂ ਵਿੱਚ ਆਪਸੀ ਭਾਈਚਾਰਕ ਸਾਂਝ ਬਹੁਤ ਹੁੰਦੀ ਸੀ। ਸਾਰਾ ਪਿੰਡ ਬਰਾਤ ਦੀ ਦਿਲੋਂ ਆਓ-ਭਗਤ ਕਰਦਾ ਸੀ। ਵਿਆਹੁਲੀ ਕੁੜੀ ਦੇ ਚਾਚੇ, ਤਾਏ ਜਾਂ ਸ਼ਰੀਕੇ ਵਾਲੇ ਵਾਰੋ- ਵਾਰੀ ਆਪਣੇ ਵੱਲੋਂ ਬਰਾਤ ਦੀ ਸੇਵਾ (ਰੋਟੀ) ਕਰਦੇ ਸੀ। ਅਜਿਹੇ ਸਮਾਗਮਾਂ ਦੌਰਾਨ ਹੀ ਦੋਵੇਂ ਪਰਿਵਾਰਾਂ ਦੇ ਰਿਸ਼ਤੇਦਾਰ ਆਪਣੇ ਜਵਾਨ ਹੋ ਰਹੇ ਧੀਆਂ-ਪੁੱਤਾਂ ਲਈ ਰਿਸ਼ਤੇ ਲੱਭ ਲੈਂਦੇ ਸੀ। ਵਿਆਹ ਤੋਂ ਬਾਅਦ ਵਿਆਹੁਲੀ ਕੁੜੀ ਸਹੁਰੇ ਇੱਕ ਰਾਤ ਰਹਿ ਕੇ ਅਗਲੇ ਦਿਨ ਵਾਪਸ ਪੇਕੇ ਆ ਜਾਂਦੀ ਸੀ। ਦੋ -ਤਿੰਨ ਸਾਲ ਬਾਅਦ ਮੁਕਲਾਵਾਂ ਦਿੱਤਾ ਜਾਂਦਾ ਸੀ। ਮੁਕਲਾਵਾਂ ਲੈਣ ਸਮੇਂ ਪਰਿਵਾਰ ਦੇ ਅਹਿਮ ਰਿਸ਼ਤੇਦਾਰ ਵਿਆਹੁਲੇ ਮੁੰਡੇ ਦੇ ਨਾਲ ਜਾਇਆ ਕਰਦੇ ਸੀ, ਅੱਜਕਲ੍ਹ ਦੇ ਮੁਕਾਬਲੇ ਹਾਸੀ ਮਜ਼ਾਕ ਜਿਆਦਾ ਕੀਤਾ ਜਾਦਾ ਸੀ, ਜੁੱਤੀ ਚੁੱਕ ਕੇ ਲੁਕੋ ਦੇਣੀ, ਪੈਸਿਆਂ ਦੇ ਰੂਪ ਵਿਚ ਸਗਨ ਦੇ ਕੇ ਵਾਪਸ ਦੇਣੀ, ਕੱਚੇ ਸੂਤ ਦੇ ਮੰਜੇ ਤੇ ਬਿਠਾ ਕੇ ਥੱਲੇ ਸੁੱਟ ਦੇਣਾ। ਕਾਸ਼ ਉਹ ਦਿਨ ਵਾਪਸ ਆ ਜਾਣ, ਖੁਸ ਚੁਕੇ ਰੀਤੀ ਰਿਵਾਜ ਵਾਪਸ ਆ ਜਾਣ।

ਖੁਸ਼ਵਿੰਦਰ ਕੌਰ ਧਾਲੀਵਾਲ
75082-54006

Leave a Reply

Your email address will not be published. Required fields are marked *

%d bloggers like this: