Thu. Jun 20th, 2019

ਮੱਧ ਪ੍ਰਦੇਸ਼ ਦੇ ਕਿਸਾਨਾਂ ਲਈ ਡਟੇ ਪੰਜਾਬ ਦੇ ਕਿਸਾਨ

ਮੱਧ ਪ੍ਰਦੇਸ਼ ਦੇ ਕਿਸਾਨਾਂ ਲਈ ਡਟੇ ਪੰਜਾਬ ਦੇ ਕਿਸਾਨ

ਪੰਜਾਬ ਦੀਆਂ 7 ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਦੇ ਸੱਦੇ ‘ਤੇ ਅੱਜ ਪੰਜਾਬ ਭਰ ਵਿੱਚ ਕਿਸਾਨਾਂ ਨੇ 16 ਜ਼ਿਲਾ ਹੈੱਡਕੁਆਟਰਾਂ ਅਤੇ 2 ਸਬ ਡਵੀਜ਼ਨਾਂ ‘ਤੇ ਧਰਨੇ ਦਿੱਤੇ। ਰੋਸ ਮੁਜ਼ਾਹਰਿਆਂ ਉਪਰੰਤ ਕਿਸਾਨਾਂ ਨੇ ਜ਼ਿਲਾ ਅਧਿਕਾਰੀਆਂ ਜ਼ਰੀਏ ਪੰਜਾਬ ਦੇ ਮੁੱਖ ਮੰਤਰੀ ਤੇ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਮੰਗ ਪੱਤਰ ਭੇਜੇ। ਮੰਗ ਪੱਤਰ ਵਿੱਚ ਮੱਧ ਪ੍ਰਦੇਸ਼ ਦੇ ਕਿਸਾਨਾਂ ‘ਤੇ ਅੰਨ੍ਹਾ ਜ਼ੁਲਮ ਛਾਹੁਣ ਵਾਲੀ ਮੱਧ ਪ੍ਰਦੇਸ਼ ਸਰਕਾਰ ਨੂੰ ਬਰਤਰਫ ਕਰਨ ਅਤੇ ਗੋਲੀ ਚਲਾਉਣ ਵਾਲੇ ਪੁਲਿਸ ਅਧਿਕਾਰੀਆਂ ਖਿਲਾਫ ਕਤਲ ਦੇ ਮੁਕੱਦਮੇ ਦਰਜ ਕਰਨ ਅਤੇ ਗੋਲੀ ਕਾਂਡ ਪੀੜਤ ਕਿਸਾਨਾਂ ਦੀਆਂ ਮੰਗਾਂ ਤੁਰੰਤ ਮੰਨੇ ਜਾਣ ਦੀ ਮੰਗ ਕੀਤੀ ਗਈ।

ਇਸ ਤੋਂ ਇਲਾਵਾ ਕਿਸਾਨਾਂ ਦੀਆਂ ਹੋਰ ਮੰਗਾਂ ਪੰਜਾਬ ਸਰਕਾਰ ਨੂੰ ਕਿਸਾਨਾਂ ਨਾਲ ਕੀਤੇ ਵਾਅਦਿਆਂ ਕਰਜ਼ੇ ਭਰਨ ਤੋਂ ਅਸਮਰੱਥ ਕਿਸਾਨਾਂ ਦੇ ਕਰਜ਼ੇ ਮੁਆਫ ਕਰਨ, ਪੜ੍ਹੇ ਤੇ ਅਨਪੜ੍ਹ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇਣ, ਕਰਜ਼ਾ ਵਸੂਲੀ ਖਾਤਰ ਗ੍ਰਿਫਤਾਰੀਆਂ, ਪੁਲਿਸ ਦਖਲ, ਕੁਰਕੀਆਂ ਅਤੇ ਹੋਰ ਜ਼ਲਾਲਤ ਭਰੀਆਂ ਕਾਰਵਾਈਆਂ ਤੇ ਮੁਕੰਮਲ ਪਾਬੰਦੀ ਆਦਿ ਨੂੰ ਪੂਰਾ ਕੀਤੇ ਜਾਣ ਦੀਆਂ ਹਨ। ਮੰਗ ਪੱਤਰ ਵਿੱਚ ਕਰਜ਼ਾ ਦਿੰਦੇ ਸਮੇਂ ਖਾਲੀ ਚੈੱਕਾਂ, ਪ੍ਰਨੋਟਾਂ, ਅਸ਼ਟਾਮਾਂ ਤੇ ਕਿਸਾਨਾਂ, ਮਜ਼ਦੂਰਾਂ ਦੇ ਜਬਰੀ ਦਸਤਖਤ ਕਰਵਾਉਣ ‘ਤੇ ਪਾਬੰਦੀ ਲਾਉਣ ਅਤੇ ਪਹਿਲਾਂ ਭਰੇ ਦਸਤਾਵੇਜ਼ ਵਾਪਸ ਕਰਵਾਉਣੇ, ਵਹੀ ਖਾਤੇ ਦੀ ਕਾਨੂੰਨੀ ਮਾਨਤਾ ਖਤਮ ਕਰਨੀ, ਵਿਆਜ ‘ਤੇ ਵਿਆਜ ਲਾਉਣ ਅਤੇ ਮੂਲਧਨ ਨਾਲੋਂ ਵੱਧ ਵਿਆਜ ਵਸੂਲਣ ‘ਤੇ ਪਾਬੰਦੀ ਲਾਉਣ, ਪਾਸ ਬੁੱਕਾਂ ਵਾਲਾ ਸੂਦਖੋਰੀ ਲਾਇਸੰਸ ਲਾਜ਼ਮੀ ਕਰਨ ਦਾ ਕਿਸਾਨ ਪੱਖੀ ਕਰਜ਼ਾ ਕਾਨੂੰਨ ਬਣਾਏ ਜਾਣ, ਖੁਦਕੁਸ਼ੀਆਂ ਕਰ ਚੁੱਕੇ ਕਿਸਾਨਾਂ ਦੇ ਵਾਰਸਾਂ ਨੂੰ 10-10 ਲੱਖ ਦਾ ਮੁਆਵਜ਼ਾ ਤੇ 1-1 ਸਰਕਾਰੀ ਨੌਕਰੀ ਆਦਿ ਵਰਗੀਆਂ ਹੋਰ ਮੰਗਾਂ ਵੀ ਸ਼ਾਮਿਲ ਹਨ।

ਰੋਸ ਪ੍ਰਦਰਸ਼ਨ ਮੌਕੇ ਕਿਸਾਨਾਂ ਨੇ ਦੇਸ਼ ਭਰ ਦੇ ਕਿਸਾਨਾਂ ਦੇ ਕਰਜ਼ੇ ਮੁਆਫ ਕਰਨ ਦੀ ਮੰਗ ਵੀ ਕੀਤੀ। ਇਸ ਮੌਕੇ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਬੁਲਾਰਿਆਂ ਨੇ ਕਿਸਾਨਾਂ ਨੂੰ ਆਪਣੀਆਂ ਹੱਕੀ ਮੰਗਾਂ ਲਈ ਸੰਬੋਧਨ ਕੀਤਾ।

Leave a Reply

Your email address will not be published. Required fields are marked *

%d bloggers like this: