ਮੱਛੀਆਂ ਮਾਰਨ ਵਾਲੀ ਮਿੱਲ ‘ਤੇ ਪ੍ਰਦੂਸ਼ਣ ਕੰਟ੍ਰੋਲ ਬੋਰਡ ਦੀ ਵੱਡੀ ਕਾਰਵਾਈ

ss1

ਮੱਛੀਆਂ ਮਾਰਨ ਵਾਲੀ ਮਿੱਲ ‘ਤੇ ਪ੍ਰਦੂਸ਼ਣ ਕੰਟ੍ਰੋਲ ਬੋਰਡ ਦੀ ਵੱਡੀ ਕਾਰਵਾਈ

ਚੰਡੀਗੜ੍ਹ: ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਚੱਢਾ ਸ਼ੂਗਰ ਮਿੱਲ ਨੂੰ 5 ਕਰੋੜ ਦਾ ਜ਼ੁਰਮਾਨਾ ਲਾ ਦਿੱਤਾ ਹੈ ਅਤੇ ਨਾਲ ਹੀ ਕਾਰਖ਼ਾਨੇ ਵਿਰੁੱਧ ਅਪਰਾਧਿਕ ਮਾਮਲਾ ਵੀ ਦਰਜ ਕਰਨ ਦੇ ਹੁਕਮ ਦਿੱਤੇ ਹਨ। ਮਿੱਲ ਵਿਰੁੱਧ ਕਾਰਵਾਈ ਬਿਆਸ ਦਰਿਆ ਵਿੱਚ ਸੀਰੇ ਦੇ ਰਸਾਅ ਤੋਂ ਬਾਅਦ ਲੱਖਾਂ ਮੱਛੀਆਂ ਤੇ ਹੋਰ ਜਲ ਜੀਵਾਂ ਦੀ ਮੌਤ ਤੋਂ ਬਾਅਦ ਲਾਇਆ ਗਿਆ ਹੈ।
ਪ੍ਰਦੂਸ਼ਣ ਕੰਟਰੋਲ ਬੋਰਡ ਨੇ ਬੀਤੇ ਦਿਨੀਂ ਮਿੱਲ ਨੂੰ ਕਾਰਵਾਈ ਕਿਉਂ ਨਾ ਕਰਨ ਦੇ ਹੱਕ ਵਿੱਚ ਆਪਣੀ ਦਲੀਲ ਪੇਸ਼ ਕਰਨ ਦੇ ਹੁਕਮ ਦਿੱਤੇ ਸਨ। ਪ੍ਰਬੰਧਕਾਂ ਵੱਲੋਂ ਜਵਾਬ ਦਾਇਰ ਕਰਨ ਤੋਂ ਬਾਅਦ ਵੀਰਵਾਰ ਨੂੰ ਪੀਪੀਸੀਬੀ ਨੇ ਪੰਜ ਕਰੋੜ ਰੁਪਏ ਜ਼ੁਰਮਾਨਾ ਲਾਉਣ ਦੇ ਹੁਕਮ ਦਿੱਤੇ ਹਨ ਤੇ ਅਪਰਾਧਿਕ ਮਾਮਲਾ ਦਰਜ ਕਰਨ ਦੀ ਸਿਫਾਰਿਸ਼ ਕੀਤੀ ਹੈ।
ਪ੍ਰਦੂਸ਼ਣ ਕੰਟ੍ਰੋਲ ਬੋਰਡ ਨੇ ਚੱਢਾ ਪਰਿਵਾਰ ਦੇ ਕਾਰਖ਼ਾਨਿਆਂ ਦੀਆਂ ਤਿੰਨ ਇਕਾਈਆਂ ਬੰਦ ਰੱਖਣ ਦੇ ਹੁਕਮ ਵੀ ਦਿੱਤੇ ਹਨ। ਮੈਸ. ਚੱਢਾ ਸ਼ੂਗਰਜ਼ ਐਂਡ ਇੰਡਸਟ੍ਰੀਜ਼ (ਪ੍ਰਾ.) ਲਿਮ., ਸੀਰਾ ਆਧਾਰਤ ਡਿਸਟਿਲਰੀ, ਮੈਸ. ਚੱਢਾ ਸ਼ੂਗਰਜ਼ ਐਂਡ ਇੰਡਸਟ੍ਰੀਜ਼ (ਪ੍ਰਾ.) ਲਿਮ., ਅਨਾਜ ਆਧਾਰਤ ਡਿਸਟਿਲਰੀ ਅਤੇ ਮੈਸ. ਐਡੀ ਬ੍ਰੋਸਵਨ ਬ੍ਰਿਉਰੀਜ਼ (ਪ੍ਰਾ.) ਲਿਮ. ਨੂੰ ਉਦੋਂ ਤਕ ਬੰਦ ਰੱਖਣ ਦੇ ਹੁਕਮ ਦਿੱਤੇ ਹਨ, ਜਿੰਨਾ ਸਮਾਂ ਉਹ ਪ੍ਰਦੂਸ਼ਕ ਸੋਧ ਕੇਂਦਰ (ਟ੍ਰੀਟਮੈਂਟ ਪਲਾਂਟ) ਨੂੰ ਪੂਰਨ ਰੂਪ ਵਿੱਚ ਸ਼ੁਰੂ ਨਹੀਂ ਕਰ ਦਿੰਦੇ।
ਪੰਜਾਬ ਪ੍ਰਦੂਸ਼ਣ ਕੰਟ੍ਰੋਲ ਬੋਰਡ ਦੇ ਚੇਅਰਮੈਨ ਕਾਹਨ ਸਿੰਘ ਪੰਨੂੰ ਮੁਤਾਬਕ ਚੱਢਾ ਖੰਡ ਮਿੱਲ ਦੇ ਪ੍ਰਦੂਸ਼ਣ ਨੂੰ ਸੋਧਣ ਲਈ ਪੰਜ ਸਾਲ ਦਾ ਸਮਾਂ ਲੱਗ ਸਕਦਾ ਹੈ। ਬੋਰਡ ਨੇ ਖੇਤੀਬਾੜੀ ਯੂਨੀਵਰਸਿਟੀ ਤੇ ਗਡਵਾਸੂ ਲੁਧਿਆਣਾ ਦੇ ਮਾਹਰਾਂ ਦੇ ਸਹਿਯੋਗ ਨਾਲ ਪ੍ਰਦੂਸ਼ਿਤ ਹੋਏ ਦਰਿਆ ਨੂੰ ਸਾਫ਼ ਕਰਨ ਦੀ ਕੋਸ਼ਿਸ਼ ਕਰੇਗੀ।
ਬੀਤੀ 17 ਮਈ ਨੂੰ ਗੁਰਦਾਸਪੁਰ ਦੀ ਕੀੜੀ ਅਫ਼ਗ਼ਾਨਾ ਵਿੱਚ ਸਥਿਤ ਚੱਢਾ ਸ਼ੂਗਰ ਮਿੱਲ ਵਿੱਚੋਂ ਸੀਰੇ ਦਾ ਬਿਆਸ ਦਰਿਆ ਵਿੱਚ ਰਿਸਾਅ ਹੋਣ ਤੋਂ ਬਾਅਦ ਲੱਖਾਂ ਜਲ ਜੀਵ ਮਾਰੇ ਗਏ ਸਨ। ਇਸ ਤੋਂ ਅਗਲੇ ਦਿਨ ਚੱਢਾ ਸ਼ੂਗਰ ਮਿੱਲ ਨੂੰ ਸੀਲ ਕਰ ਦਿੱਤਾ ਗਿਆ ਸੀ ਤੇ ਜਾਂਚ ਦੇ ਹੁਕਮ ਦਿੱਤੇ ਗਏ ਸਨ।
ਇਸੇ ਦੌਰਾਨ ਸਰਕਾਰ ਉੱਪਰ ਮਿੱਲ ਦਾ ਬਚਾਅ ਕਰਨ ਦੇ ਇਲਜ਼ਾਮ ਵੀ ਲੱਗੇ ਸਨ। ਚੱਢਾ ਸ਼ੂਗਰ ਮਿੱਲ ਪੌਂਟੀ ਚੱਢਾ ਪਰਿਵਾਰ ਦੀ ਨੂੰਹ ਤੇ ਦਿੱਲੀ ਦੇ ਪ੍ਰਮੁੱਖ ਸਿੱਖ ਆਗੂ ਹਰਵਿੰਦਰ ਸਿੰਘ ਸਰਨਾ ਦੀ ਧੀ ਤੇ ਪਰਮਜੀਤ ਸਿੰਘ ਸਰਨਾ ਦੀ ਭਤੀਜੀ ਜਸਦੀਪ ਕੌਰ ਚੱਢਾ ਦੀ ਮਲਕੀਅਤ ਹੈ।
ਸਰਨਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਿੱਖ ਮਸਲਿਆਂ ਬਾਰੇ ਸਲਾਹਕਾਰ ਵੀ ਹਨ। ਇਸ ਲਈ ਉਨ੍ਹਾਂ ਦੀ ਵਾਤਾਵਰਣ ਮੰਤਰੀ ਓ.ਪੀ. ਸੋਨੀ ਨਾਲ ਮੁਲਾਕਾਤ ਚਰਚਾ ਦਾ ਵਿਸ਼ਾ ਬਣ ਗਈ ਸੀ। ਫਿਲਹਾਲ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਮਿੱਲ ਨੂੰ ਜ਼ੁਰਮਾਨਾ ਕੀਤਾ ਹੈ, ਜਦਕਿ ਵਿਰੋਧੀਆਂ ਤੇ ਵਾਤਾਵਰਣ ਪ੍ਰੇਮੀਆਂ ਵੱਲੋਂ ਇਸ ਮਿੱਲ ਨੂੰ ਪੂਰਨ ਤੌਰ ‘ਤੇ ਬੰਦ ਕਰਨ ਦੀ ਮੰਗ ਕੀਤੀ ਜਾ ਰਹੀ ਹੈ।

Share Button

Leave a Reply

Your email address will not be published. Required fields are marked *