ਮੰਡੀ ਕਲਾਂ ਦੇ ਨੌਜਵਾਨ ਦੀ ਖ਼ੁਦਕੁਸ਼ੀ ਬਾਰੇ ਪੜਤਾਲ ਰਿਪੋਰਟ ਚ ਜਮਹੂਰੀ ਅਧਿਕਾਰ ਸਭਾ ਦਾ ਖੁਲਾਸਾ

ss1

ਮੰਡੀ ਕਲਾਂ ਦੇ ਨੌਜਵਾਨ ਦੀ ਖ਼ੁਦਕੁਸ਼ੀ ਬਾਰੇ ਪੜਤਾਲ ਰਿਪੋਰਟ ਚ ਜਮਹੂਰੀ ਅਧਿਕਾਰ ਸਭਾ ਦਾ ਖੁਲਾਸਾ
ਨੌਜਵਾਨ ਨਾ ਨਸਾਂ ਕਰਨ ਦਾ ਆਦੀ ਸੀ, ਨਾ ਵੇਚਣ ਦਾ”
ਪੁਲੀਸ ਵੱਲੋ ਦਰਜ ਝੂਠੇ ਕੇਸ ਦਾ ਕੱਚਾਂ ਚਿੱਠਾ ਸਾਹਮਣੇ ਆਇਆ

ਰਾਮਪੁਰਾ ਫੂਲ , 2 ਦਸੰਬਰ ( ਦਲਜੀਤ ਸਿੰਘ ਸਿਧਾਣਾ): ਬੀਤੇ ਕਈ ਦਿਨਾ ਤੋ ਅਖਬਾਰਾਂ ਦੀਆ ਸੁਰਖੀਆਂ ਚ ਚਰਚਾਂ ਦਾ ਵਿਸਾ ਬਣੇ ਹੋਏ ਬਹੁ ਚਰਚਿਤ ਆਤਮ ਹੱਤਿਆ ਕਾਂਡ ਜਿਸ ਚ ਪਿੰਡ ਮੰਡੀਕਲਾਂ ਦੇ ਨੌਜਵਾਨ ਭੁਪਿੰਦਰ ਸਿੰਘ ਨੇ ਆਤਮ ਹੱਤਿਆ ਕਰ ਲਈ ਸੀ । ਨਸੇ ਦੇ ਝੂਠੇ ਕੇਸ ਚ ਫਸਾਕੇ ਫੇਰ ਛੇ ਲੱਖ ਰੁਪਇਆ ਦੀ ਮੰਗ ਕਰ ਰਹੇ ਪੁਲਸੀਆ ਤੋ ਤੰਗ ਆ ਕੇ ਮੌਤ ਨੂੰ ਗਲੇ ਲਗਾ ਲਿਆ ਤੇ ਇਸ ਪੂਰੇ ਕੇਸ ਦੀ ਪੜਤਾਲ ਲਈ ਬਣੀ ਕਮੇਟੀ ਨੇ ਸਸਨੀਖੇਜ ਪ੍ਰਗਟਾਵੇ ਕੀਤੇ ਹਨ।ਜਮਹੂਰੀ ਅਧਿਕਾਰ ਸਭਾ ਪੰਜਾਬ ਦੀ ਬਠਿੰਡਾ ਇਕਾਈ ਵੱਲੋਂ, ਮੰਡੀ ਕਲਾਂ ਦੇ ਨੌਜਵਾਨ ਭੁਪਿੰਦਰ ਸਿੰਘ ਦੀ ਖ਼ੁਦਕੁਸ਼ੀ ਦੇ ਮਾਮਲੇ ਦੀ ਪੜਤਾਲ ਕਰਨ ਲਈ ਸਭਾ ਦੇ ਸੂਬਾ ਸਕੱਤਰੇਤ ਮੈਂਬਰ ਸ਼੍ਰੀ ਪ੍ਰਿਤਪਾਲ ਸਿੰਘ ਦੀ ਅਗਵਾਈ ਵਿਚ ਇੱਕ ਤੱਥ ਖੋਜ ਟੀਮ ਬਣਾਈ ਗਈ ਸੀ| ਇਸ ਟੀਮ ਦੇ ਹੋਰ ਮੈਂਬਰ ਸੁਖਦੇਵ ਸਿੰਘ ਪਾਂਧੀ, ਜਗਦੇਵ ਸਿੰਘ, ਐਡਵੋਕੇਟ ਐਨ ਕੇ ਜੀਤ ਸੰਤੋਖ ਸਿੰਘ ਅਤੇ ਸੁਖਦੇਵ ਸਿੰਘ ਮੰਡੀ ਕਲਾਂ ਸਨ। ਇਸ ਟੀਮ ਨੇ 25 ਨਵੰਬਰ ਨੂੰ ਮੰਡੀ ਕਲਾਂ ਪਿੰਡ ’ਚ ਜਾ ਕੇ ਪੀੜਿਤ ਪਰਿਵਾਰ, ਪਿੰਡ ਦੇ ਮੋਹਤਬਰ ਲੋਕਾਂ ਅਤੇ ਰੋਸ ਧਰਨੇਂ ’ਤੇ ਬੈਠੇ ਬੀ ਕੇ ਯੂ ਸਿੱਧੂਪੁਰ ਅਤੇ ਬੀ ਕੇ ਯੂ ਉਗਰਾਹਾਂ ਦੇ ਆਗੂਆਂ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਤੋਂ ਘਟਨਾ ਸਬੰਧੀ ਜਾਣਕਾਰੀ ਹਾਸਲ ਕੀਤੀ| ਬਾਅਦ ਵਿਚ ਟੀਮ ਨੇਂ ਬਾਲਿਆਂਵਾਲੀ ਥਾਣੇ ਅੱਗੇ ਧਰਨਾ ਦੇ ਰਹੇ ਬੀ ਕੇ ਯੂ ਉਗਰਾਹਾਂ ਦੇ ਆਗੂਆਂ ਨਾਲ ਵੀ ਗੱਲ ਬਾਤ ਕੀਤੀ ਅਤੇ ਥਾਣੇ ਦੇ ਅਧਿਕਾਰੀਆਂ ਦਾ ਪੱਖ ਵੀ ਜਾਣਿਆ| ਥਾਣਾ ਮੁਖੀ ਮੌਕੇ ’ਤੇ ਮੌਜੂਦ ਨਾ ਹੋਣ ਕਾਰਨ ਉਹਨਾਂ ਨਾਲ ਫੋਨ ’ਤੇ ਸੰਪਰਕ ਕੀਤਾ ਅਤੇ ਕੇਸ ਸਬੰਧੀ ਜਾਣਕਾਰੀ ਲਈ| ਟੀਮ ਨੇਂ ਅਦਾਲਤ ਵਿਚ ਚੱਲ ਰਹੇ, ਇਸ ਘਟਨਾ ਨਾਲ ਸਬੰਧਿਤ ਕੇਸ ਬਾਰੇ ਵੀ ਲੋੜੀਂਦੇ ਦਸਤਾਵੇਜ਼ ਹਾਸਲ ਕੀਤੇ।
ਪਿੰਡ ਦੇ ਸਾਰੇ ਲੋਕਾਂ ਦੇ ਦੱਸਣ ਅਨੁਸਾਰ ਮਿਰਤਕ ਭੁਪਿੰਦਰ ਸਿੰਘ ਇੱਕ ਸੰਗਾਊ ਸੁਭਾਅ ਦਾ ਨੌਜਵਾਨ ਸੀ ਜੋ ਕਿਸੇ ਵੀ ਕਿਸਮ ਦਾ ਕੋਈ ਨਸ਼ਾ ਨਹੀਂ ਕਰਦਾ ਸੀ| ਉਸਦਾ ਪਰਿਵਾਰ ਗਰੀਬ ਸੀ| 21.03.2016 ਨੂੰ ਸਵੇਰੇ 5 ਵਜੇ ਉਸ ਨੂੰ ਮੰਡੀ ਕਲਾਂ ਪਿੰਡ ਦੇ ਹੀ ਜਗਪਾਲ ਸਿੰਘ, ਨੇਂ ਫੋਨ ਕਰਕੇ ਮੌੜ ਮੰਡੀ ਦੇ ਰੇਲਵੇ ਸਟੇਸ਼ਨ ’ਤੇ ਬੁਲਾਇਆ| ਜਗਪਾਲ ਸਿੰਘ ਨੇਂ ਫੋਨ ’ਤੇ ਉਸ ਨੂੰ ਕਿਹਾ ਕਿ ਉਹ ਗੱਡੀ ’ਤੇ ਬਾਹਰੋਂ ਆਇਆ ਹੈ ਅਤੇ ਉਸ ਨੂੰ ਬੁਖਾਰ ਹੈ, ਪੈਦਲ ਆਉਣਾ ਮੁਸ਼ਕਿਲ ਹੈ ਇਸ ਲਈ ਉਹ ਉਸਨੂੰ ਮੋਟਰ ਸਾਈਕਲ ਤੇ ਆਕੇ ਲੈ ਜਾਵੇ| ਜਗਪਾਲ ਸਿੰਘ ਦੇ ਖੇਤ ਭੁਪਿੰਦਰ ਸਿੰਘ ਦੇ ਖੇਤਾਂ ਦੇ ਨਾਲ ਹਨ ਅਤੇ ਅਕਸਰ ਫਸਲ ਨੂੰ ਪਾਣੀ ਲਾਉਣ ਲਈ ਉਹ ਜਗਪਾਲ ਸਿੰਘ ਦੀ ਮੋਟਰ ਵਰਤਦਾ ਸੀ| ਇਸ ਝੇਪ ਵਿਚ ਭੁਪਿੰਦਰ ਸਿੰਘ ਦੇ ਬਾਪ ਦਰਸ਼ਨ ਸਿੰਘ ਨੇਂ ਉਸ ਨੂੰ ਜਗਪਾਲ ਸਿੰਘ ਨੂੰ ਲੈ ਕੇ ਆਉਣ ਲਈ ਮੋਟਰ ਸਾਈਕਲ ’ਤੇ ਭੇਜ ਦਿੱਤਾ|
ਅਸਲ ਵਿਚ ਜਗਪਾਲ ਸਿੰਘ ਨੂੰ ਪੁਲਸ ਨੇਂ ਕੋਰੈਕਸ ਦੀਆਂ 50 ਸ਼ੀਸ਼ੀਆਂ ਸਮੇਤ ਕਾਬੂ ਕੀਤਾ ਹੋਇਆ ਸੀ| ਫੜਨ ਵਾਲੇ ਥਾਣੇਦਾਰ ਜਗਰੂਪ ਸਿੰਘ ਨੇ ਉਸ ਨਾਲ ਗਿੱਟ–ਮਿੱਟ ਕਰਕੇ ਉਸਨੂੰ ਪਿੰਡ ਦੇ ਕੁਝ ਹੋਰ ਵਿਅਕਤੀਆਂ ਨੂੰ ਬੁਲਾ ਕੇ ਇਸ ਕੇਸ ਵਿਚ ਸ਼ਾਮਿਲ ਕਰਵਾਉਣ ਦਾ ਮੌਕਾ ਦਿੱਤਾ ਤਾਂ ਜੋ ਜੁਰਮ ਦੀ ਗੰਭੀਰਤਾ ਘਟਾਈ ਜਾ ਸਕੇ| ਟੀਮ ਵੱਲੋਂ ਇਕੱਠੀ ਕੀਤੀ ਜਾਣਕਾਰੀ ਅਨੁਸਾਰ ਜਗਪਾਲ ਸਿੰਘ ਨੇਂ ਉਸ ਰਾਤ ਕੋਈ ਹੋਰ ਵਿਅਕਤੀਆਂ ਨੂੰ ਵੀ ਫੋਨ ਕਰਕੇ ਬੁਲਾਇਆ ਪਰ ਉਹਨਾਂ ਚੋਂ ਕੋਈ ਹੋਰ ਆਇਆ ਨਹੀਂ ਸ਼ਾਇਦ ਉਹਨਾਂ ਨੂੰ ਜਗਪਾਲ ਸਿੰਘ ਦੇ ਕਾਰਨਾਮਿਆਂ ਬਾਰੇ ਜਾਣਕਾਰੀ ਸੀ । ਜਿਓਂ ਹੀ ਭੁਪਿੰਦਰ ਸਿੰਘ ਫਾਟਕ ਕੋਲ ਪਹੁੰਚਿਆ ਪੁਲਸ ਨੇ ਓਹਨੂੰ ਘੇਰ ਕੇ ਕੁੱਟ ਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਫੜ ਕੇ ਆਵਦੀ ਗੱਡੀ ਵਿੱਚ ਸੁੱਟ ਲਿਆ ਬਾਅਦ ਵਿਚ ਜਗਪਾਲ ਸਿੰਘ ਅਤੇ ਭੁਪਿੰਦਰ ਸਿੰਘ ਦੇ ਖਿਲਾਫ਼ ਮੌੜ ਠਾਣੇ ਵਿਚ NDPS(ਨਸ਼ਾ ਰੋਕੂ) ਐਕਟ ਦੀ ਧਾਰਾ 21 ਤਹਿਤ ਐਫ ਆਈ ਆਰ ਨੰਬਰ 37 ਦਰਜ ਕਰ ਲਈ ਗਈ|
ਪੁਲਸ ਵੱਲੋਂ ਐੱਫ ਆਈ ਆਰ ਵਿਚ ਦਰਜ ਕਹਾਣੀ ਬਿਲਕੁਲ ਝੂਠੀ ਹੈ| ਇਸ ਕਹਾਣੀ ਅਨੁਸਾਰ 21 ਮਾਰਚ 2016 ਨੂੰ ਸ਼ਾਮ ਦੇ ਲਗਭੱਗ ਸਾਢੇ 6 ਵਜੇ ਜਦੋਂ (ਸੀ ਆਈ ਏ) ਸਟਾਫ ਬਠਿੰਡਾ -2 ਦੀ ਇੱਕ ਪੁਲਸ ਪਾਰਟੀ ਸ਼ੱਕੀ ਪੁਰਸ਼ਾਂ ਦੀ ਭਾਲ ਵਿਚ ਗਸ਼ਤ ਕਰਦੀ ਹੋਈ, ਡੇਰਾ ਸਚਾ ਸੌਦਾ, ਮੌੜ ਮੰਡੀ ਕੋਲ ਪੁੱਜੀ ਤਾਂ ਇਸਨੂੰ ਮੌੜ ਸਾਈਡ ਤੋਂ ਇੱਕ ਕਾਲੇ ਰੰਗ ਦਾ ਹੀਰੋ ਡੀਲਕਸ ਮੋਟਰ ਸਾਈਕਲ, ਜਿਸ ’ਤੇ ਦੋ ਨੌਜਵਾਨ ਸਵਾਰ ਸਨ, ਆਉਂਦੇ ਦਿੱਸੇ| ਪੁਲਸ ਪਾਰਟੀ ਦੀ ਗੱਡੀ ਨੂੰ ਦੇਖਕੇ ਇਹ ਨੌਜਵਾਨ ਘਬਰਾ ਗਏ ਅਤੇ ਮੋਟਰ ਸਾਈਕਲ ਪਿਛੇ ਮੋੜਨ ਲੱਗੇ| ਮੋਟਰ ਸਾਈਕਲ ਸਲਿੱਪ ਹੋ ਜਾਣ ਕਾਰਨ ਦੋਵੇਂ ਡਿੱਗ ਪਏ| ਇਸ ਨਾਲ ਉਹਨਾਂ ਕੋਲ ਮੌਜੂਦ ਪਲਾਸਟਿਕ ਦਾ ਗੱਟਾ ਸੜਕ ਦੇ ਕਿਨਾਰੇ ਡਿੱਗ ਪਿਆ ਅਤੇ ਇਸ ਚੋਂ 4/5 ਕੋਰੈਕਸ ਦੀਆਂ ਸ਼ੀਸ਼ੀਆਂ ਬਾਹਰ ਡਿੱਗ ਪਈਆਂ ਥਾਣੇਦਾਰ ਨੇ ਆਵਦੀ ਗੱਡੀ ਰੁਕਵਾ ਕੇ ਇਹਨਾਂ ਦੋਹਾਂ ਨੂੰ ਕਾਬੂ ਕੀਤਾ| ਤਲਾਸ਼ੀ ਲੈਣ ’ਤੇ ਇਸ ਗੱਟੇ ਚੋਂ ਕੁੱਲ 50 ਸ਼ੀਸ਼ੀਆਂ ਕੋਰੈਕਸ ਦੀਆਂ ਬਰਾਮਦ ਹੋਈਆਂ| ਸ਼ਾਮ ਨੂੰ ਸਾਢੇ 6 ਵਜੇ ਵਾਪਰੀ ਦੱਸੀ ਜਾ ਰਹੀ ਇਸ ਘਟਨਾ ਦੇ ਸਬੰਧ ਵਿਚ ਐੱਫ ਆਈ ਆਰ ਦਰਜ ਕਰਵਾਉਣ ਲਈ ਰੁੱਕਾ ਰਾਤ ਨੂੰ ਸਾਢੇ 9 ਵਜੇ ਭੇਜਿਆ ਗਿਆ, ਜਿਸਦੇ ਅਧਾਰ ’ਤੇ ਮੌੜ ਠਾਣੇ ’ਚ 21 ਨਵੰਬਰ 2016 ਦੀ ਰਾਤ ਨੂੰ 11.22 ਵਜੇ ਐੱਫ ਆਈ ਆਰ ਦਰਜ ਕੀਤੀ ਗਈ|
ਸਾਢੇ 6 ਵਜੇ ਸ਼ੁਰੂ ਹੋਈ ਇਹ ਘਟਨਾ ਅੱਧੇ ਘੰਟੇ ਚ ਪੂਰੀ ਹੋ ਜਾਣੀ ਚਾਹੀਦੀ ਹੈ, ਜਿਸਦਾ ਮਤਲਬ ਹੈ ਕਿ 7 ਵਜੇ ਤੱਕ ਰੁੱਕਾ ਚਲਿਆ ਜਾਣਾ ਚਾਹੀਦਾ ਸੀ| ਰੁੱਕਾ ਭੇਜਣ ਚ ਹੋਈ ਢਾਈ ਘੰਟਿਆਂ ਦੀ ਦੇਰੀ ਦੀ ਕੋਈ ਵਿਆਖਿਆ ਨਹੀਂ ਦਿੱਤੀ ਗਈ| ਇਸੇ ਤਰਾਂ ਸਾਢੇ 9 ਵਜੇ ਥਾਣੇ ਪਹੁੰਚੇ ਰੁੱਕੇ ਤੇ ਐੱਫ ਆਈ ਆਰ ਦੋ ਘੰਟੇ ਬਾਅਦ ਸਾਢੇ 11 ਵਜੇ ਦਰਜ ਕੀਤੀ ਗਈ| ਇਸ ਦੇਰੀ ਦਾ ਵੀ ਕੋਈ ਕਾਰਨ ਸਪਸ਼ਟ ਨਹੀਂ ਕੀਤਾ ਗਿਆ ।ਸਪਸ਼ਟ ਹੈ ਕਿ ਪੁਲਸ ਨੇਂ ਇਹ ਸਾਰਾ ਸਮਾਂ ਆਵਦੀ ਝੂਠੀ ਕਹਾਣੀ ਘੜਨ ਤੇ ਲਾਇਆ । ਮਿਰਤਕ ਦੇ ਪਰਿਵਾਰ ਅਤੇ ਪਿੰਡ ਦੇ ਲੋਕਾਂ ਦੇ ਦੱਸਣ ਅਨੁਸਾਰ, ਭੁਪਿੰਦਰ ਸਿੰਘ, ਜਗਪਾਲ ਸਿੰਘ ਦੇ ਬੁਲਾਉਣ ਤੇ ਸਵੇਰੇ 5 ਵਜੇ ਮੋਟਰ ਸਾਈਕਲ ’ਤੇ ਘਰੋਂ ਚੱਲ ਪਿਆ ਸੀ| ਇਸ ਅਨੁਸਾਰ ਲਗਭੱਗ ਸਾਢੇ 5 ਵਜੇ ਸਵੇਰੇ ਉਹ ਘਟਨਾ ਵਾਲੀ ਥਾਂ ’ਤੇ ਪਹੁੰਚ ਕੇ ਪੁਲਸ ਦੇ ਧੱਕੇ ਚੜ੍ਹ ਗਿਆ ਸੀ| ਪੁਲਸ ਨੇ ਜਿਸ ਵੇਲੇ ਉਸ ਨੂੰ ਮੋਟਰ ਸਾਈਕਲ ’ਤੇ ਜਗਪਾਲ ਸਿੰਘ ਦੇ ਨਾਲ ਆਉਂਦਿਆਂ ਅਤੇ ਉਹਨਾਂ ਤੋਂ ਨਸ਼ੀਲੀਆਂ ਸ਼ੀਸ਼ੀਆਂ ਦੀ ਬਰਾਮਦਗੀ ਦਿਖਾਈ ਹੈ, ਉਸ ਸਮੇਂ ਤੋਂ ਲਗਭੱਗ 12 ਘੰਟੇ ਪਹਿਲਾਂ ਹੀ ਉਹ ਪੁਲਸ ਹਿਰਾਸਤ ਵਿਚ ਸੀ| ਇਸ ਲਈ ਪੁਲਸ ਦੀ ਇਹ ਸਾਰੀ ਕਹਾਣੀ, ਖਾਸ ਤੌਰ ਤੇ ਮਿਰਤਕ ਭੁਪਿੰਦਰ ਸਿੰਘ ਦੀ ਨਸ਼ਾ ਤਸਕਰੀ ਵਿਚ ਸ਼ਮੂਲੀਅਤ, ਸ਼ੱਕ ਦੇ ਘੇਰੇ ਵਿਚ ਆਉਂਦੀ ਹੈ|
ਭੁਪਿੰਦਰ ਸਿੰਘ ਦੀ ਗ੍ਰਿਫਤਾਰੀ ਨੇ ਸਾਰੇ ਪਿੰਡ ਦੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ| ਲੋਕਾਂ ਨੇ ਇਸ ਦੇ ਵਿਰੋਧ ’ਚ ਪੁਲਸ ਦੇ ਉੱਚ ਅਧਿਕਾਰੀਆਂ ਅਤੇ ਸਿਆਸੀ ਆਗੂਆਂ ਨੂੰ ਪਹੁੰਚ ਕੀਤੀ| ਇਲਾਕੇ ਦੇ ਉਸ ਸਮੇਂ ਦੇ ਅਕਾਲੀ ਮੰਤਰੀ, ਸ਼੍ਰੀ ਜਨਮੇਜਾ ਸਿੰਘ ਸੇਖੋਂ ਨੇ ਐਸ ਐਸ ਪੀ ਬਠਿੰਡਾ ਤੱਕ ਪਹੁੰਚ ਕਰ ਕੇ ਮਾਮਲੇ ਦੀ ਡੀ ਐਸ ਪੀ ਦਵਿੰਦਰ ਸਿੰਘ ਤੋਂ ਪੜਤਾਲ ਸ਼ੁਰੂ ਕਰਵਾ ਦਿੱਤੀ| ਮ੍ਰਿਤਕ ਦੇ ਬਾਪ ਅਤੇ ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਥਾਣੇਦਾਰ ਜਗਰੂਪ ਸਿੰਘ ਨੇ ਉਹਨਾਂ ਤੋਂ ਪੜਤਾਲ ਕਰਨ ਵਾਲੇ ਡੀ ਐਸ ਪੀ ਦੇ ਨਾਂ ’ਤੇ ਪੰਜ ਲਖ ਰੁਪੈ ਦੀਂ ਮੰਗ ਕੀਤੀ | ਉਸਨੇਂ ਕਿਹਾ ਕਿ ਸਿਰਫ਼ ਪੰਜ ਲੱਖ ਰੁਪੈ ਦੇਣ ਨਾਲ ਹੀ ਪੜਤਾਲ ਦੀਂ ਰਿਪੋਰਟ ਉਹਨਾਂ ਦੇ ਹੱਕ ਵਿਚ ਲਿਖੀ ਜਾਵੇਗੀ, ਨਹੀਂ ਤਾਂ ਪੜਤਾਲ ਦੀਂ ਰਿਪੋਰਟ ਉਹਨਾਂ ਦੇ ਉਲਟ ਜਾਵੇਗੀ| ਭੁਪਿੰਦਰ ਸਿੰਘ ਦੇ ਬਾਪ ਦਰਸ਼ਨ ਸਿੰਘ ਨੇ ਪੰਜ ਲੱਖ ਰੁਪੈ ਦੀਂ ਰਕਮ ਆਪਣੇ ਰਿਸ਼ਤੇਦਾਰਾਂ ਤੋਂ ਇਕੱਠੀ ਕਰ ਕੇ ਥਾਣੇਦਾਰ ਜਗਰੂਪ ਸਿੰਘ ਨੂੰ ਹੀ ਪੜਤਾਲ ਕਰ ਰਹੇ ਅਧਿਕਾਰੀ ਤੱਕ ਪਹੁੰਚਾਈ| ਇਹ ਰਕਮ ਦਿੱਤੇ ਜਾਣ ਤੋਂ ਬਾਅਦ ਪੜਤਾਲ ਦੀ ਰਿਪੋਰਟ ਆ ਗਈ, ਜਿਸ ਵਿਚ ਭੁਪਿੰਦਰ ਸਿੰਘ ਨੂੰ ਨਿਰਦੋਸ਼ ਦੱਸਿਆ ਗਿਆ ਸੀ| ਇਸ ਰਿਪੋਰਟ ਦੇ ਅਧਾਰ ਤੇ ਪੁਲਸ ਨੇ ਭੁਪਿੰਦਰ ਸਿੰਘ ਨੂੰ ਇਸ ਕੇਸ ਚੋਂ ਡਿਸਚਾਰਜ ਕਰਕੇ ਰਿਹਾਅ ਕਰਨ ਦੀ ਅਰਜ਼ੀ ਸਬੰਧਿਤ ਅਦਾਲਤ ਵਿਚ ਦਾਇਰ ਕਰ ਦਿਤੀ| ਅਦਾਲਤ ਨੇ ਇਹ ਅਰਜ਼ੀ ਪ੍ਰਵਾਨ ਕਰਦਿਆਂ ਉਸ ਨੂੰ ਕੇਸ ਚੋਂ ਡਿਸਚਾਰਜ ਕਰਕੇ ਰਿਹਾਅ ਕਰ ਦਿੱਤਾ ।ਬਰਾਮਦ ਹੋਏ ਨਸ਼ੇ ਦੀਂ ਮਾਤਰਾ ਵਪਾਰਕ ਸ਼੍ਰੇਣੀ ਵਿਚ ਆਉਣ ਕਾਰਨ, ਜਗਪਾਲ ਸਿੰਘ ਦੀਂ ਜ਼ਮਾਨਤ ਨਹੀਂ ਹੋਈ| ਮਿਤੀ 28.09.2016 ਨੂੰ ਅਦਾਲਤ ਵੱਲੋਂ ਉਸ ਦੇ ਖਿਲਾਫ ਦੋਸ਼ ਤਹਿ ਕਰ ਦਿੱਤੇ ਗਏ ਅਤੇ ਅੱਗੋਂ ਕੇਸ ਗਵਾਹੀਆਂ ਤੇ ਲੱਗ ਗਿਆ| ਥਾਣੇਦਾਰ ਜਗਰੂਪ ਸਿੰਘ ਨੂੰ ਅਦਾਲਤ ਵੱਲੋਂ ਮਿਤੀ 21.10.2016 ਤੋਂ ਲਗਾਤਾਰ ਸੰਮਣ ਭੇਜ ਕੇ ਗਵਾਹੀ ਲਈ ਬੁਲਾਇਆ ਗਿਆ| ਮ੍ਰਿਤਕ ਦੇ ਪਰਿਵਾਰ ਦਾ ਕਹਿਣਾ ਹੈ ਕਿ ਇਸ ਸਮੇਂ ਦੌਰਾਨ ਥਾਣੇਦਾਰ ਜਗਰੂਪ ਸਿੰਘ, ਆਪਣੇ ਨਜ਼ਦੀਕੀ ਸਤੀਸ਼ ਕੁਮਾਰ ਪੁੱਤਰ ਸ਼ਾਮ ਲਾਲ ਵਾਸੀ ਮੌੜ ਮੰਡੀ, ਜਿਸਨੂੰ ਉਸਨੇ ਇਸ ਕੇਸ ਵਿਚ ਮੌਕੇ ਦਾ ਗਵਾਹ ਬਣਾਇਆ ਸੀ, ਰਾਹੀ ਭੁਪਿੰਦਰ ਸਿੰਘ ਤੋਂ ਹੋਰ ਪੈਸਿਆਂ ਦੀਂ ਮੰਗ ਕਰਦਾ ਰਿਹਾ ਅਤੇ ਅਦਾਲਤ ਵਿਚ ਗਵਾਹੀ ਦੇਣ ਤੋਂ ਟਾਲਾ ਵਟਦਾ ਰਿਹਾ 9.09.2017 ਨੂੰ ਥਾਣੇਦਾਰ ਜਗਰੂਪ ਸਿੰਘ ਨੇ ਐਫ ਆਈ ਆਰ ਅਨੁਸਾਰ ਅਦਾਲਤ ਵਿਚ ਆਪਣਾ ਬਿਆਨ ਦਰਜ਼ ਕਰਵਾਇਆ| ਉਸ ਤੋਂ ਪਹਿਲਾਂ ਭੁਪਿੰਦਰ ਸਿੰਘ ਅਤੇ ਉਸਦੇ ਪਰਿਵਾਰ ਨਾਲ ਹੋਰ ਪੈਸਿਆਂ ਬਾਰੇ ਉਸਦੀ ਗੱਲ ਬਾਤ ਟੁੱਟ ਚੁੱਕੀ ਸੀ, ਕਿਉਂਕੇ ਭੁਪਿੰਦਰ ਸਿੰਘ ਦਾ ਗਰੀਬ ਬਾਪ ਹੋਰ ਪੈਸੇ ਦੇਣ ਦੀਂ ਹਾਲਤ ਵਿਚ ਹੀ ਨਹੀਂ ਸੀ| ਇਸ ਬਿਆਨ ਦੇ ਅਧਾਰ ’ਤੇ ਅਦਾਲਤ ਵੱਲੋਂ ਭੁਪਿੰਦਰ ਸਿੰਘ ਨੂੰ ਦੋਸ਼ੀ ਵਜੋਂ 4 ਅਕਤੂਬਰ ਨੂੰ ਪੇਸ਼ ਹੋਣ ਲਈ ਸੰਮਣ ਕਰ ਲਿਆ ਗਿਆ| 4 ਅਕਤੂਬਰ ਨੂੰ ਅਦਾਲਤ ਵੱਲੋਂ ਉਸਦੇ ਗੈਰ ਜ਼ਮਾਨਤੀ ਵਾਰੰਟ ਜਾਰੀ ਕਰ ਦਿੱਤੇ ਗਏ| ਜਦੋਂ ਬਾਲਿਆਂਵਾਲੀ ਠਾਣੇ ਦੀਂ ਪੁਲਸ ਇਹ ਗੈਰ ਜ਼ਮਾਨਤੀ ਵਾਰੰਟ ਲੈਕੇ ਭੁਪਿੰਦਰ ਸਿੰਘ ਦੇ ਘਰ ਉਸਨੂੰ ਗ੍ਰਿਫ਼ਤਾਰ ਕਰਨ ਲਈ ਪਹੁੰਚੀ ਤਾਂ ਉਸ ਦਾ ਸਾਰਾ ਪਰਿਵਾਰ ਬਹੁਤ ਪ੍ਰੇਸ਼ਾਨ ਹੋ ਗਿਆ| ਉਹਨਾਂ ਨੇ ਤੁਰੰਤ ਡੀ ਐਸ ਪੀ ਮੌੜ ਨੂੰ ਸੰਪਰਕ ਕੀਤਾ, ਜਿਸ ਦੇ ਕਹਿਣ ’ਤੇ ਪੁਲਸ ਵਾਪਿਸ ਮੁੜ ਗਈ| ਇਸ ਤੋਂ ਬਾਅਦ ਭੁਪਿੰਦਰ ਸਿੰਘ ਦੇ ਅਦਾਲਤ ਵੱਲੋਂ ਗੈਰ ਜ਼ਮਾਨਤੀ ਵਾਰੰਟ ਜਾਰੀ ਕੀਤੇ ਗਏ| ਪੁਲਸ ਨੇ ਇਹ ਵਾਰੰਟ ਤਾਮੀਲ ਨਹੀਂ ਕਰਵਾਏ, ਪਰ ਭੁਪਿੰਦਰ ਸਿੰਘ ਨੂੰ ਇਸ ਦੀ ਸੂਚਨਾ ਦਿੱਤੀ ਜਾਂਦੀ ਰਹੀ । ਪੇਸ਼ੀ ਲੰਘਣ ਤੋਂ ਬਾਅਦ ਭੁਪਿੰਦਰ ਸਿੰਘ ਬਠਿੰਡੇ ਕਚਿਹਰੀਆਂ ’ਚ ਆਪਣੇ ਵਕੀਲ ਨੂੰ ਮਿਲ ਕੇ ਅਗਾਊਂ ਜ਼ਮਾਨਤ ਦੀ ਅਰਜ਼ੀ ਦਾਇਰ ਕਰਨ ਲਈ ਆਇਆ, ਜਿਥੇ ਉਸਦੇ ਬਾਪ ਦੇ ਦੱਸਣ ਅਨੁਸਾਰ ਉਸਨੂੰ ਥਾਣੇਦਾਰ ਜਗਰੂਪ ਸਿੰਘ ਮਿਲ ਗਿਆ, ਜਿਸਨੇ ਮੰਗੇ ਪੈਸੇ ਨਾ ਮਿਲਣ ਕਾਰਨ ਉਸਨੂੰ ਧਮਕਾਇਆ ਅਤੇ ਭਾਰੀ ਕੈਦ ਅਤੇ ਜੁਰਮਾਨੇ ਦੀ ਸਜ਼ਾ ਕਰਵਾਉਣ ਦੀ ਧਮਕੀ ਦਿੱਤੀ |18 ਨਵੰਬਰ ਨੂੰ ਭੁਪਿੰਦਰ ਸਿੰਘ ਦੇ ਵਕੀਲ ਨੇਂ ਉਸਦੀ ਅਗਾਊਂ ਜ਼ਮਾਨਤ ਦੀ ਅਰਜ਼ੀ ਦਾਇਰ ਕਰ ਦਿੱਤੀ, ਜਿਸ ਦੀ ਅਗਲੀ ਤਾਰੀਖ 28 ਨਵੰਬਰ ਰੱਖੀ ਗਈ| 20 ਨਵੰਬਰ ਦੀ ਰਾਤ ਨੂੰ ਭੁਪਿੰਦਰ ਸਿੰਘ ਨੇ ਖੇਤ ਚ ਜਾ ਕੇ ਕੋਈ ਜ਼ਹਿਰੀਲੀ ਦਵਾਈ ਪੀ ਲਈ ਅਤੇ ਅਗਲੇ ਦਿਨ ਸਵੇਰੇ ਉਹ ਸਹਿਕਦਾ ਹੋਇਆ ਪਿੰਡ ਦੇ ਬਾਹਰਵਾਰ ਡਿਗਿਆ ਮਿਲਿਆ| ਪਤਾ ਲੱਗਣ ’ਤੇ ਉਸਦੇ ਮਾਪੇ ਅਤੇ ਪਿੰਡ ਦੇ ਕੁਝ ਹੋਰ ਲੋਕ ਉਸਨੂੰ ਹਸਪਤਾਲ ਲੈ ਕੇ ਗਏ, ਪਰ ਰਾਹ ਵਿਚ ਹੀ ਉਸਦੀ ਮੌਤ ਹੋ ਗਈ| ਉਸ ਕੋਲੋਂ ਮਿਲੇ ਖ਼ੁਦਕੁਸ਼ੀ ਨੋਟ ਵਿੱਚ ਲਿਖਿਆ ਸੀ:
‘‘ਮੈਨੂੰ ਜਗਰੂਪ ਸਿੰਘ ਏਐਸਆਈ ਅਤੇ ਸਤੀਸ਼ ਕੁਮਾਰ ਵਾਸੀ ਮੋੜ ਮੰਡੀ ਬਹੁਤ ਤੰਗ ਪ੍ਰੇਸ਼ਾਨ ਕਰਦੇ ਹਨ ਅਤੇ ਗਵਾਹੀ ਮੁਕਰਨ ਲਈ ਪੈਸੇ ਮੰਗਦੇ ਹਨ। ਮੇਰੀ ਮੌਤ ਦੇ ਇਹ ਦੋਨੋ ਵਿਅਕਤੀ ਜ਼ਿੰਮੇਦਾਰ ਹਨ– ਭੁਪਿੰਦਰ ਸਿੰਘ’’ 21 ਨਵੰਬਰ ਨੂੰ, ਲਾਸ਼ ਮਿਲਣ ਤੋਂ ਬਾਅਦ ਬਾਲਿਆਂਵਾਲੀ ਥਾਣੇ ਦੀ ਪੁਲਸ ਮੌਕੇ ’ਤੇ ਪਹੁੰਚ ਗਈ ਸੀ ਅਤੇ ਉਸਨੇ ਮ੍ਰਿਤਕ ਦੇ ਪਰਿਵਾਰ ਦੇ ਬਿਆਨ ਲਿਖਣ ਦੀ ਕਾਰਵਾਈ ਸ਼ੁਰੂ ਕਰ ਲਈ ਸੀ ਪਰ ਇੰਨੀ ਦੇਰ ਵਿੱਚ ਐਸ ਪੀ (ਡੀ), ਡੀ ਐਸ ਪੀ (ਡੀ) ਅਤੇ ਡੀ ਐਸ ਪੀ ਮੌੜ ਉੱਥੇ ਪਹੁੰਚ ਗਏ। ਉਨ੍ਹਾਂ ਨੇ ਥਾਣੇ ਵਾਲਿਆਂ ਨੂੰ ਬਿਆਨ ਲਿਖਣ ਤੋਂ ਰੋਕ ਦਿੱਤਾ। ਮ੍ਰਿਤਕ ਦੇ ਵਾਰਸਾਂ ਨੇ ਪੁਲਸ ਅਧਿਕਾਰੀਆਂ ਨੂੰ ਸਾਰੀ ਗੱਲ ਦੱਸੀ ਅਤੇ ਭੁਪਿੰਦਰ ਸਿੰਘ ਵੱਲੋਂ ਲਿਖੇ ਖ਼ੁਦਕੁਸ਼ੀ ਨੋਟ ਦੀ ਨਕਲ ਵੀ ਉਨ੍ਹਾਂ ਨੂੰ ਦੇ ਦਿੱਤੀ। ਪਰ ਇਸ ਸਾਰੇ ਕੁੱਝ ਦੇ ਬਾਵਜੂਦ ਪੁਲਸ ਨੇ ਐਫ.ਆਈ.ਆਰ. ਦਰਜ਼ ਨਹੀਂ ਕੀਤੀ। ਸਭਾ ਦੀ ਟੀਮ ਨੇ ਬਾਲਿਆਂਵਾਲੀ ਦੇ ਐਸ ਐਚ ਓ ਅਤੇ ਹੋਰ ਕਰਮਚਾਰੀਆਂ ਨਾਲ ਵੀ ਗਲਬਾਤ ਕੀਤੀ। ਉਨ੍ਹਾਂ ਦਾ ਕਹਿਣਾ ਸੀ ਕਿ ਉੱਚ ਅਧਿਕਾਰੀਆਂ ਦੀ ਧਰਨੇ ‘ਤੇ ਬੈਠੇ ਬੀਕੇਯੂ ਸਿੱਧੂਪਰ ਦੇ ਆਗੂਆਂ ਨਾਲ ਗਲ ਚੱਲ ਰਹੀ ਹੈ ਅਤੇ ਉੱਚ ਅਧਿਕਾਰੀ ਜਦੋਂ ਹੁਕਮ ਦੇਣਗੇ ਉਹ ਐਫ ਆਈ ਆਰ ਦਰਜ ਕਰ ਲੈਣਗੇ। ਟੀਮ ਨੇ ਐਸ ਐਚ ਓ ਨੂੰ ਦੱਸਿਆ ਕਿ ਧਾਰਾ 306 ਆਈਪੀਸੀ ਤਹਿਤ ਜੁਰਮ ਉਹਨਾਂ ਦੇ ਥਾਣੇ ਦੀ ਹੱਦ ਅੰਦਰ ਵਾਪਰਿਆ ਹੈ ਇਸ ਲਈ ਸੁਪਰੀਮ ਕੋਰਟ ਦੀਆ ਹਦਾਇਤਾਂ ਨੂੰ ਧਿਆਨ ਵਿੱਚ ਰੱਖਦਿਆਂ ਉਸਨੂੰ ਐਫ ਆਈ ਦਰਜ਼ ਕਰ ਲੈਣੀ ਚਾਹੀਦੀ ਹੈ। ਇਹ ਕਾਨੂੰਨੀ ਸਥਿਤੀ ਨੂੰ ਮੰਨਣ ਦੇ ਬਾਵਜੂਦ ਉਹ ਕੋਈ ਕਾਰਵਾਈ ਕਰਨ ਲਈ ਉੱਚ ਅਧਿਕਾਰੀਆਂ ਦੇ ਹੁਕਮਾਂ ਦੀ ਉੜੀਕ ਕਰਨ ਲਈ ਅੜਿਆ ਰਿਹਾ। ਇਸ ਸਬੰਧੀ ਸ੍ਰੀ ਦਵਿੰਦਰ ਸਿੰਘ ਡੀ ਐਸ ਪੀ ਮੋੜ ਵੱਲੋਂ ਕੀਤੀ ਪੜਤਾਲੀਆ ਰਿਪੋਰਟ ਵਿੱਚ ਸਪੱਸ਼ਟ ਰੂਪ ਵਿੱਚ ਸਿੱਧ ਹੋ ਚੁੱਕਿਆ ਹੈ ਕਿ ‘‘20 ਅਤੇ 21 ਮਾਰਚ ਵਿਚਕਾਰਲੀ ਰਾਤ ਨੂੰ ਅਤੇ 21 ਮਾਰਚ ਨੂੰ ਸਵੇਰੇ ਭਪਿੰਦਰ ਸਿੰਘ ਮੰਡੀ ਕਲਾਂ ਪਿੰਡ ਵਿੱਚ ਸੀ। ਜਦੋਂ ਕਿ ਜਗਪਾਲ ਸਿੰਘ ਮਥਰਾ ਦਿੱਲੀ ਸਾਈਡ ਵੱਲ ਸੀ। ਇਹ ਗੱਲ ਉਹਨਾਂ ਦੋਨਾਂ ਦੇ ਮੋਬਾਈਲਾਂ ਦੀਆਂ ਲੁਕੇਸ਼ਨਾਂ(ਸਥਾਨ ਮੁਕਾਮਾਂ) ਅਤੇ ਕਾਲ ਡੀਟੇਲਾਂ ਤੋਂ ਸਿੱਧ ਹੁੰਦੀ ਹੈ। ਪੜਤਾਲੀਆ ਅਫਸਰ ਅਨੁਸਾਰ ਭੁੰਪਿਦਰ ਸਿੰਘ ਦਾ ਜਗਪਾਲ ਸਿੰਘ ਦੇ ਨਾਲ ਜਾਣਾ ਨਹੀ. ਪਾਇਆ ਗਿਆ।’’ ਪੜਤਾਲੀਆ ਰਿਪੋਰਟ ਵਿੱਚ ਇਹ ਵੀ ਸਾਫ਼ ਦਰਜ਼ ਹੈ ਕਿ ‘‘ਭੁੰਪਿਦਰ ਸਿੰਘ ਨਾ ਤਾਂ ਨਸ਼ਾ ਪੱਤਾ ਕਰਨ ਦਾ ਆਦੀ ਹੈ ਅਤੇ ਨਾਂ ਹੀ ਵੇਚਣ ਦਾ ਆਦੀ ਹੈ’। ਚਾਹੇ ਪੜਤਾਲੀਆ ਅਫਸਰ ਨੇ ਭੁਪਿੰੰਦਰ ਸਿੰਘ ਅਤੇ ਜਗਪਾਲ ਸਿੰਘ ਦੇ ਮੋਬਾਈਲ ਫੋਨਾ ’ਤੇ ਹੋਈਆਂ ਕਾਲਾਂ ਦੀ ਡੀਟੇਲ ਆਪਣੀ ਰਿਪੋਰਟ ਵਿੱਚ ਨੱਥੀ ਕੀਤੀ ਹੈ ਪਰ ਜਗਰੂਪ ਸਿੰਘ ਥਾਣੇਦਾਰ ਵੱਲੋਂ ਗੈਰ ਕਾਨੂੰਨੀ ਢੰਗ ਨਾਲ ਭੁਪਿੰਦਰ ਸਿੰਘ ਨੂੰ ਝੂਠੇ ਕੇਸ ਵਿੱਚ ਫਸਾਉਣ ਦੇ ਜੁਰਮ ’ਤੇ ਪਰਦਾ ਪਾਉਣ ਲਈ ਇਹਨਾਂ ਕਾਲਾਂ ਦਾ ਸਮਾਂ ਦਰਜ਼ ਨਹੀਂ ਕੀਤਾ। ਅਸਲ ਵਿੱਚ ਦੋਨਾਂ ਵਿੱਚਕਾਰ ਕਾਲਾਂ 21 ਮਾਰਚ 2016 ਨੂੰ ਸਵੇਰੇ ਹੋਈਆਂ ਸਨ। ਉਸ ਵੇਲੇ ਤੱਕ ਜਗਪਾਲ ਸਿੰਘ ਨਸ਼ੀਲੀਆਂ ਦਵਾਈਆਂ ਸਮੇਤ ਫੜਿਆ ਜਾ ਚੁੱਕਾ ਸੀ। ਠਾਣੇਦਾਰ ਜਗਰੂਪ ਸਿੰਘ ਨਾਲ ਸਾਂਢ -ਗਾਂਢ ਕਰ ਕੇ ਉਹਨੇ ਪਿੰਡ ਦੇ ਕਈ ਲੋਕਾਂ ਨੂੰ ਫੋਨ ਕਰਕੇ ਬੁਲਾਇਆ ਤਾਂ ਜੋ ਉਨ੍ਹਾਂ ਨੂੰ ਵੀ ਇਸ ਕੇਸ ਵਿੱਚ ਸ਼ਾਮਲ ਕੀਤਾ ਜਾ ਸਕੇ। ਜਗਪਾਲ ਸਿੰਘ ਕੋਲੋਂ ਬਰਾਮਦ ਨਸ਼ੀਲੀਆਂ ਦਵਾਈਆਂ ਦੀ ਮਾਤਰਾ ਵਪਾਰਕ ਸ਼੍ਰੇਣੀ ਦੇ ਘੇਰੇ ਵਿੱਚ ਆਉਂਦੀ ਸੀ ਜਿਸ ਲਈ ਕਾਨੂੰਨ ਤਹਿਤ ਉਸਨੂੰ ਵੀਹ ਸਾਲ ਦੀ ਕੈਦ ਅਤੇ ਦੋ ਲੱਖ ਰੁਪਏ ਤੱਕ ਦਾ ਜੁਰਮਾਨਾ ਕੀਤਾ ਜਾ ਸਕਦਾ ਸੀ ਪਰ ਦਸ ਸਾਲ ਦੀ ਕੈਦ ਅਤੇ ਇੱਕ ਰੁਪਏ ਦਾ ਜੁਰਮਾਨਾ ਪੱਕਾ ਸੀ । ਦੂਸਰੇ ਪਾਸੇ ਜੇ ਇਹਨਾਂ ਨਸ਼ੀਲੀਆਂ ਦਵਾਈਆਂ ਦੀ ਮਾਤਰਾ “ਥੋੜੀ ਸ਼੍ਰੇਣੀ” ਵਿੱਚ ਆਉਂਦੀ ਹੈ ਤਾਂ ਸਿਰਫ 6 ਮਹੀਨੇ ਦੀ ਕੈਦ ਅਤੇ 10 ਹਜ਼ਾਰ ਰੁਪਏ ਦਾ ਜੁਰਮਾਨਾ ਹੀ ਹੋ ਸਕਦਾ ਸੀ। ਜੇ ਬਰਾਮਦੀ ਇੱਕ ਤੋਂ ਵੱਧ ਦੋਸ਼ੀਆਂ ਤੋਂ ਹੁੰਦੀ ਹੈ ਤਾਂ ਇਹ ਬਰਾਮਦਗੀ ਦੀ ਮਾਤਰਾ ਦੋਸ਼ੀਆਂ ਦੀ ਕੁਲ ਗਿਣਤੀ ਵਿੱਚ ਵੰਡੀ ਜਾਂਦੀ ਹੈ। ਇਸ ਤਰ੍ਹਾਂ ਹੋਰ ਦੋਸ਼ੀਆਂ ਨੂੰ ਇਸ ਕੇਸ ਵਿੱਚ ਸ਼ਾਮਲ ਕਰਨ ਦਾ ਮਕਸਦ ਨਸ਼ੀਲੀ ਦਵਾਈ ਦੀ ਮਾਤਰਾ ਨੂੰ ਵਪਾਰਕ ਸ਼੍ਰੇਣੀ ਚੋਂ ਕੱਢ ਕੇ ਥੋੜੀ ਜਾਂ ਦਰਮਿਆਨੀ ਸ਼੍ਰੇਣੀ ਵਿੱਚ ਲਿਆਕੇ ਜਗਪਾਲ ਸਿੰਘ ਦੀ ਸਜ਼ਾ ਘੱਟ ਕਰਵਾਉਣ ਦਾ ਬੰਦੋਬਸਤ ਕਰਨਾ ਸੀ। ਜਿਨ੍ਹਾ ਵਿਅਕਤੀਆਂ ਨਾਲ ਜਗਪਾਲ ਸਿੰਘ ਨੇ ਫੋਨ ’ਤੇ ਸੰਪਰਕ ਕੀਤਾ, ਉਹਨਾਂ ਕੋਲ ਵੱਖ ਵੱਖ ਤਰ੍ਹਾਂ ਦੇ ਬਹਾਨੇ ਲਾਏ, ਕਿਸੇ ਨੂੰ ਐਕਸੀਡੈਂਟ ਹੋਣ ਕਾਰਨ ਸੱਟਾਂ ਲੱਗਣ ਬਾਰੇ ਕਿਹਾ, ਕਿਸੇ ਨੂੰ ਕਿਹਾ ਕਿ ਉਸ ਕੋਲ ਸਾਮਾਨ ਹੈ ਅਤੇ ਪਰਿਵਾਰ ਹੈ। ਭੁਪਿੰਦਰ ਸਿੰਘ ਕੋਲ ਉਸਨੇ ਬੁਖਾਰ ਹੋਣ ਦਾ ਬਹਾਨਾ ਲਾਇਆ। ਪ੍ਰੰਤੂ ਇਹਨਾਂ ਸਾਰਿਆਂ ’ਚੋਂ ਸਿਰਫ਼ ਭੁਪਿੰਦਰ ਸਿੰਘ ਹੀ ਉਸ ਕੋਲ ਪਹੁੰਚਿਆ ਜਿਸ ਨੂੰ ਜਗਰੂਪ ਸਿੰਘ ਨੇ ਇਸ ਕੇਸ ਵਿੱਚ ਫਸਾ ਲਿਆ। ਪੜਤਾਲੀਆ ਅਫਸਰ ਨੂੰ ਚਾਹੀਦਾ ਸੀ ਕਿ ਇਸ ਕੇਸ ਵਿੱਚ ਭੁਪਿੰਦਰ ਸਿੰਘ ਨੂੰ ਝੂਠਾ ਫਸਾਉਣ ਦੇ ਦੋਸ਼ ਵਿੱਚ ਠਾਣੇਦਾਰ ਜਗਰੂਪ ਸਿੰਘ ਦੇ ਖਿਲਾਫ਼ ਮੁਕੱਦਮਾ ਦਰਜ਼ ਕਰਨ ਦੀ ਸਿਫਾਰਸ਼ ਕਰਦਾ, ਪਰ ਉਸਨੇ ਇਉਂ ਨਹੀ. ਕੀਤਾ। ਇਹ ਇੱਕ ਮੁਜਰਮਾਨਾ ਕੋਤਾਹੀ ਹੈ|
ਭੁਪਿਦਰ ਸਿੰਘ ਦੀ ਲਾਸ਼ 21 ਨਵੰਬਰ 2017 ਤੋਂ ਰਾਮਪੁਰਾ ਦੇ ਸਿਵਲ ਹਸਪਤਾਲ ਦੇ ਮੁਰਦਾ ਘਰ ਵਿੱਚ ਪਈ ਹੈ। ਉਸਦੇ ਵਾਰਸ਼ਾਂ, ਪਿੰਡ ਦੇ ਲੋਕਾਂ ਅਤੇ ਕਿਸਾਨ ਜਥੇਬੰਦੀਆਂ ਦਾ ਕਹਿਣਾ ਹੈ ਕਿ ਜਦੋਂ ਤੱਕ ਉਸਨੂੰ ਆਤਮ-ਹੱਤਿਆ ਲਈ ਮਜ਼ਬੂਰ ਕਰਨ ਦੇ ਦੋਸ਼ੀਆਂ ਖਿਲਾਫ਼ ਐਫ ਆਈ ਆਰ ਦਰਜ਼ ਨਹੀਂ ਕੀਤੀ ਜਾਂਦੀ ਉਹ ਮ੍ਰਿਤਕ ਦੇਹ ਦਾ ਅੰਤਮ ਸਸਕਾਰ ਨਹੀਂ ਕਰਨਗੇ। ਸਰਕਾਰ ਅਤੇ ਜ਼ਿਲ੍ਹਾ ਪ੍ਰਸਾਸ਼ਨ ਨੇ ਇਸ ਮਸਲੇ ਵਿੱਚ ਸਾਜ਼ਸੀ ਚੁੱਪ ਧਾਰੀ ਹੋਈ ਹੈ। ਪੁਲਸ ਨੰਗੇ ਚਿੱਟੇ ਰੂਪ ਵਿੱਚ ਸੁਪਰੀਮ ਕੋਰਟ ਦੇ ਹੁਕਮਾਂ ਦੀਆਂ ਧੱਜੀਆਂ ਉਡਾ ਰਹੀ ਹੈ ਜਿਨ੍ਹਾਂ ਵਿੱਚ ਹਦਾਇਤ ਕੀਤੀ ਗਈ ਹੈ ਕਿ ਪੁਲਸ ਦੇ ਦਖਲ ਦੇਣ ਯੋਗ ਅਪਰਾਧ ਦੀ ਸੂਚਨਾ ਮਿਲਣ ’ਤੇ ਪੁਲਸ ਨੂੰ ਬਿਨ੍ਹਾਂ ਕਿਸੇ ਹੀਲ ਹੁੱਜਤ ਦੇ ਤੁਰੰਤ ਐਫ ਆਈ ਆਰ ਦਰਜ਼ ਕਰਕੇ ਤਫਤੀਸ਼ ਸ਼ੁਰੂ ਕਰ ਦੇਣੀ ਚਾਹੀਦੀ ਹੈ। ਇਸ ਮਾਮਲੇ ਵਿੱਚ ਐਫ ਆਈ ਆਰ ਦਰਜ਼ ਨਾ ਕੀਤੇ ਜਾਣ ਦਾ ਕੋਈ ਕਾਨੂੰਨੀ ਜਾਂ ਤੱਥ ਭਰਪੂਰ ਆਧਾਰ ਨਹੀਂ ਹੈ। ਪੁਲਸ ਵੱਲੋਂ ਐਫ ਆਈ ਆਰ ਦਰਜ ਕਰਨ ਤੋਂ ਪਹਿਲਾਂ ਪੜਤਾਲ ਕਰਨ ਦੀ ਗੱਲ, ਐਫ ਆਈ ਆਰ ਦਰਜ਼ ਕਰਨ ਤੋਂ ਟਾਲਾ ਵੱਟਣ ਦਾ ਬਹਾਨਾ ਹੈ।
ਸਭਾ ਮੰਗ ਕਰਦੀ ਹੈ ਕਿ: ਭੁਪਿੰਦਰ ਸਿੰਘ ਨੂੰ ਆਤਮ ਹੱਤਿਆ ਲਈ ਮਜ਼ਬੂਰ ਕਰਨ ਦੇ ਸਬੰਧ ’ਚ ਉਸ ਵੱਲੋਂ ਲਿਖੇ ਖ਼ੁਦਕੁਸ਼ੀ–ਨੋਟ ਦੇ ਆਧਾਰ ’ਤੇ ਦੋਸ਼ੀਆਂ ਖਿਲਾਫ ਮੁਕੱਦਮਾ ਦਰਜ਼ ਕੀਤਾ ਜਾਵੇ |
ਭੁਪਿੰਦਰ ਸਿੰਘ ਨੂੰ ਨਸ਼ੀਲੀਆਂ ਦਵਾਈਆਂ ਦੀ ਤਸਕਰੀ ਦੇ ਦੋਸ਼ ਵਿਚ ਝੂਠਾ ਫਸਾਏ ਜਾਣ, ਉਸ ਤੋਂ ਪੜਤਾਲ ’ਚ ਨਿਰਦੋਸ਼ ਸਾਬਤ ਕਰਨ ਲਈ ਰਿਸ਼ਵਤ ਰਾਹੀਂ ਮੋਟੀਆਂ ਰਕਮਾਂ ਹਾਸਲ ਕਰਨ ਅਤੇ ਅਦਾਲਤ ਵਿਚ ਗਵਾਹੀ ਮੁਕਰਨ ਲਈ ਰਿਸ਼ਵਤ ਮੰਗਣ ਆਦਿ ਦੋਸ਼ਾਂ ਨੂੰ ਐਫ ਆਈ ਆਰ ਵਿਚ ਸ਼ਾਮਿਲ ਕਰਕੇ, ਇਹਨਾਂ ਸਾਰੇ ਪੱਖਾਂ ਦੀ ਨਿਰਪੱਖ ਜਾਂਚ ਕੀਤੀ ਜਾਵੇ ਅਤੇ ਦੋਸ਼ੀਆਂ ਨੂੰ ਮਿਸਾਲੀ ਸਜਾ ਦਿੱਤੀ ਜਾਵੇ। ਡੀ ਐਸ ਪੀ ਦਵਿੰਦਰ ਸਿੰਘ ਵੱਲੋਂ, ਕੀਤੀ ਗਈ ਪੜਤਾਲ ਦੌਰਾਨ, ਇਹ ਗੱਲ ਸਾਬਿਤ ਹੋ ਗਈ ਸੀ ਕਿ ਥਾਣੇਦਾਰ ਜਗਰੂਪ ਸਿੰਘ ਨੇਂ ਭੁਪਿੰਦਰ ਸਿੰਘ ਨੂੰ ਇਸ ਕੇਸ ਵਿਚ ਝੂਠਾ ਫਸਾਇਆ ਹੈ | ਇਸ ਦੇ ਬਾਵਜੂਦ ਵੀ ਉਸਨੇਂ ਜਗਰੂਪ ਸਿੰਘ ਖਿਲਾਫ ਮੁਕੱਦਮਾ ਦਰਜ ਕਰਨ ਡੀ ਸਿਫਾਰਿਸ਼ ਨਹੀਂ ਕੀਤੀ ਸਗੋਂ ਉਸਦੀ ਇਸ ਮੁਜਰਮਾਨਾ ਹਰਕਤ ਨੂੰ ਜ਼ੋਰ ਲਾਕੇ ਢਕਣ ਦੀ ਕੋਸ਼ਿਸ਼ ਕੀਤੀ| ਇਸ ਨਾਲ ਥਾਣੇਦਾਰ ਜਗਰੂਪ ਸਿੰਘ ਦੀਆਂ ਮੁਜਰਮਾਨਾਂ ਕਾਰਵਾਈਆਂ ਨੂੰ ਉਤਸ਼ਾਹ ਮਿਲਿਆ | ਇਸ ਲਈ ਡੀ ਐਸ ਪੀ ਦਵਿੰਦਰ ਸਿੰਘ ਨੂੰ ਵੀ ਇਸ ਘਟਨਾ ਸਬੰਧੀ ਦਾਇਰ ਕੀਤੇ ਜਾਣ ਵਾਲੇ ਮੁਕੱਦਮੇ ਚ ਦੋਸ਼ੀ ਟਿੱਕਿਆ ਜਾਵੇ |
ਕਿਉਕੇ ਭੁਪਿੰਦਰ ਸਿੰਘ ਦੀ ਮੌਤ ਸਰਕਾਰੀ ਅਮਲੇ ਦੀ ਕੋਤਾਹੀ ਅਤੇ ਮੁਜਰਮਾਨਾ ਅਣਗਹਿਲੀ ਕਾਰਨ ਹੋਈ ਹੈ, ਇਸ ਲਈ ਸਰਕਾਰ ਵੱਲੋਂ ਉਸ ਦੇ ਪਰਿਵਾਰ ਨੂੰ ਯੋਗ ਮੁਆਵਜ਼ਾ ਦਿੱਤਾ ਜਾਵੇ |
ਨਸ਼ਾ-ਤਸਕਰੀ ਰੋਕਣ ਸਬੰਧੀ ਕਾਨੂੰਨ ਦੀ ਪੁਲਸ ਵੱਲੋਂ ਕੀਤੀ ਜਾ ਰਹੀ ਅੰਨੀ ਦੁਰਵਰਤੋਂ ਨੂੰ ਰੋਕਣ ਲਈ ਸਰਕਾਰ ਅਸਰਦਾਰ ਕਦਮ ਚੁੱਕੇ।

Share Button

Leave a Reply

Your email address will not be published. Required fields are marked *