ਮੋਹਾਲੀ ਦੀ ਖੂਨੀ ਏਅਰਪੋਰਟ ਸੜਕ ਦੇ ਉਪਾਅ ਲਈ ਕਮੇਟੀ ਬਣਾਈ – 30 ਦਿਨਾਂ ‘ਚ ਦੇਵੇਗੀ ਸੁਝਾਅ

ਮੋਹਾਲੀ ਦੀ ਖੂਨੀ ਏਅਰਪੋਰਟ ਸੜਕ ਦੇ ਉਪਾਅ ਲਈ ਕਮੇਟੀ ਬਣਾਈ – 30 ਦਿਨਾਂ ‘ਚ ਦੇਵੇਗੀ ਸੁਝਾਅ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੁਰੀ ਤਰ੍ਹਾਂ ਨੁਕਸਾਨੀ ਗਈ ਖੂਨੀ ਏਅਰਪੋਰਟ ਸੜਕ  ਦੀ ਦਰੁਸਤੀ ਲਈ ਫੌਰੀ ਚੁੱਕੇ ਜਾਣ ਵਾਲੇ ਕਦਮਾਂ ਦਾ ਸੁਝਾਅ ਦੇਣ ਵਾਸਤੇ ਚਾਰ ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ। ਮੋਹਾਲੀ ਦੀ ਇਸ ਸੜਕ ਦੀ ਵਿਜੀਲੈਂਸ ਬਿਊਰੋ ਵੱਲੋਂ ਪਹਿਲਾਂ ਹੀ ਜਾਂਚ ਕੀਤੀ ਜਾ ਰਹੀ ਹੈ।
ਅੱਜ ਇੱਥੇ ਮੁੱਖ ਮੰਤਰੀ ਦਫਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ (ਗਮਾਡਾ) ਦੀ ਸਿਫਾਰਿਸ਼ ‘ਤੇ ਮੁੱਖ ਮੰਤਰੀ ਨੇ ਕਮੇਟੀ ਨੂੰ ਆਮ ਲੋਕਾਂ ਦੇ ਹਿੱਤਾਂ ਦੇ ਸਬੰਧ ਵਿੱਚ 30 ਦਿਨਾਂ ਦੇੇ ਵਿੱਚ ਰਿਪੋਰਟ ਪੇਸ਼ ਕਰਨ ਲਈ ਆਖਿਆ।
ਇਸ ਕਮੇਟੀ ਵਿੱਚ ਮੁੱਖ ਮੰਤਰੀ ਦੇ ਤਕਨੀਕੀ ਸਲਾਹਕਾਰ ਲੈਫਟੀਨੈਂਟ ਜਨਰਲ ਬੀ.ਐਸ. ਧਾਲੀਵਾਲ, ਚੀਫ ਇੰਜੀਨੀਅਰ ਨੈਸ਼ਨਲ ਹਾਈਵੇਅ ਪੀ.ਡਬਲਯੂ.ਡੀ. (ਬੀ ਐਂਡ ਆਰ) ਏ. ਕੇ. ਸਿੰਗਲਾ, ਚੀਫ ਇੰਜੀਨੀਅਰ ਗਮਾਡਾ ਸੁਨੀਲ ਕਾਂਸਲ ਅਤੇ ਪ੍ਰਿੰਸੀਪਲ ਸਾਇੰਟਿਸਟ ਅਤੇ ਹੈਡ ਆਫ ਫਲੈਕਸੀਬਲ ਪੇਵਮੈਂਟਸ ਡਿਵੀਜ਼ਨ ਸੈਂਟਰਲ ਰੋਡ ਰਿਸਰਚ ਇੰਸਟੀਚਿਊਟ (ਸੀ.ਆਰ.ਆਰ.ਆਈ.) ਮਨੋਜ ਕੁਮਾਰ ਸ਼ੁਕਲਾ ਸ਼ਾਮਲ ਹਨ।
ਇਹ ਸੜਕ ਪਿਛਲੇ ਅਕਾਲੀ ਸ਼ਾਸਨ ਦੌਰਾਨ 15 ਕਰੋੜ ਰੁਪਏ ਦੀ ਲਾਗਤ ਨਾਲ ਬਣੀ ਸੀ। 200 ਫੁੱਟ ਚੌੜੀ ਇਹ ਸੜਕ ਮੋਹਾਲੀ ਵਿੱਚੋਂ ਦੀ ਹੁੰਦੀ ਹੋਈ ਚੰਡੀਗੜ੍ਹ ਅੰਤਰ-ਰਾਸ਼ਟਰੀ ਹਵਾਈ-ਅੱਡੇ ਨੂੰ ਜਾਂਦੀ ਹੈ। ਇਸ ਸੜਕ ਨੇ ਬਹੁਤ ਸਾਰੀਆਂ ਜਾਨਾਂ ਲਈਆਂ ਹਨ। ਇਸ ਦੇ ਨਿਰਮਾਣ ਨੂੰ ਸਿਰਫ ਦੋ ਸਾਲ ਤੋਂ ਘੱਟ ਸਮਾਂ ਹੋਇਆ ਹੈ ਪਰ ਫਿਰ ਵੀ ਇਹ ਗੱਡੀਆਂ ਚੱਲਣ ਵਾਲੀ ਨਹੀਂ ਰਹੀ ਹੈ। ਗਮਾਡਾ ਨੇ ਪਹਿਲਾਂ ਹੀ ਏਅਰਪੋਰਟ ਚੌਂਕ ਤੋਂ ਲਾਂਡਰਾ-ਬਨੂੜ ਸੜਕ ਟੀ-ਪੋਆਇੰਟ ਤੱਕ ਦੇ ਸਮੁੱਚੇ ਛੇ ਕਿਲੋਮੀਟਰ ਦੇ ਟੋਟੋ ਨੂੰ ਬੰਦ ਕਰ ਦਿੱਤਾ ਹੈ। ਇਹ ਫੈਸਲਾ ਲਗਾਤਾਰ ਹਾਦਸੇ ਵਾਪਰਣ ਕਾਰਨ ਲਿਆ ਗਿਆ ਹੈ।
ਗਮਾਡਾ ਦੇ ਸਾਬਕਾ ਚੀਫ ਇੰਜੀਨੀਅਰ ਸੁਰਿੰਦਰ ਪਾਲ ਸਿੰਘ ਉਰਫ ਪਹਿਲਵਾਨ ਵੱਲੋਂ ਅਮਲ ਵਿੱਚ ਲਿਆਂਦੇ ਗਏ ਪ੍ਰੋਜੈਕਟਾਂ ਵਿੱਚੋਂ ਇਹ ਇਕ ਮੁੱਖ ਪ੍ਰੋਜੈਕਟ ਹੈ। ਇਸ ਸੜਕ ਦੀ ਪਹਿਲਾਂ ਹੀ ਸੀ.ਆਰ.ਆਰ.ਆਈ. ਦੁਆਰਾ ਤਕਨੀਕੀ ਜਾਂਚ ਚੱਲ ਰਹੀ ਹੈ। ਪਹਿਲਵਾਨ ਇਸ ਵੇਲੇ ਭ੍ਰਿਸ਼ਟਾਚਾਰ ਅਤੇ ਸਰੋਤਾਂ ਤੋਂ ਵੱਧ ਸੰਪੱਤੀ ਦੇ ਦੋਸ਼ ਹੇਠ ਸੀਖਾਂ ਪਿੱਛੇ ਹੈ।
ਬੁਲਾਰੇ ਨੇ ਦੱਸਿਆ ਕਿ ਮੁੱਖ ਮੰਤਰੀ ਵੱਲੋਂ ਸਥਾਪਤ ਕੀਤੀ ਗਈ ਇਹ ਕਮੇਟੀ ਸੀ.ਆਰ.ਆਰ.ਆਈ. ਜਾਂ ਵਿਜੀਲੈਂਸ ਬਿਊਰੋ ਵੱਲੋਂ ਕੀਤੀ ਜਾ ਰਹੀ ਤਕਨੀਕੀ ਜਾਂਚ ਤੋਂ ਅਲੱਗ ਕਾਰਜ ਕਰੇਗੀ।
ਸੀ.ਆਰ.ਆਰ.ਆਈ. ਨੂੰ ਜਾਂਚ ਦਾ ਇਹ ਕੰਮ ਇਸ ਸਾਲ ਫਰਵਰੀ ਵਿੱਚ ਸੌਂਪਿਆ ਸੀ ਅਤੇ ਇਸ ਨੇ ਚਾਰ ਜੁਲਾਈ ਨੂੰ ਆਪਣੀ ਰਿਪੋਰਟ ਪੇਸ਼ ਕੀਤੀ ਸੀ ਜਿਸ ਦਾ ਗਮਾਡਾ ਦੇ ਇੰਜੀਨੀਅਰਾਂ ਵੱਲੋਂ ਅਧਿਅਨ ਕੀਤਾ ਗਿਆ ਅਤੇ ਉਨ੍ਹਾਂ ਨੇ 21 ਜੁਲਾਈ ਨੂੰ ਸੀ.ਆਰ.ਆਰ.ਆਈ. ਨੂੰ ਆਪਣੀ ਟਿੱਪਣੀਆਂ ਭੇਜ ਦਿੱਤੀਆਂ। ਇਨ੍ਹਾਂ ਟਿੱਪਣੀਆਂ ਵਿੱਚੋਂ ਬਹੁਤ ਸਾਰੀਆਂ ਸੜਕ ਦੀ ਡਿਜ਼ਾਇਨ ਅਤੇ ਆਵਾਜਾਈ ਦੀ ਘਣਤਾ  ਸਬੰਧੀ ਕੀਤੇ ਗਏ ਕਾਰਜਾਂ ਨਾਲ ਸਹਿ-ਹੋਂਦ ਹੈ। ਇਹ ਸਰਵੇ ਸੀ.ਆਰ.ਆਰ.ਆਈ. ਨੇ ਕੀਤਾ ਸੀ ਜਿਸ ਵਿੱਚ ਸੜਕ ਦੇ ਅਸਫਲ ਰਹਿਣ ਦੇ ਪ੍ਰਮੁੱਖ ਕਾਰਨਾਂ ਨੂੰ ਉਭਾਰਣ ਤੋਂ ਇਲਾਵਾ ਇਸ ਸਬੰਧੀ ਚੁੱਕੇ ਜਾਣ ਵਾਲੇ ਕਦਮਾਂ ਬਾਰੇ ਸੁਝਾਅ ਦਿੱਤੇ।
ਸਟੇਟ ਵਿਜੀਲੈਂਸ ਬਿਊਰੋ ਦੇ ਉੱਚ ਅਧਿਕਾਰੀਆਂ ਦੇ ਨਾਲ ਸੀ.ਆਰ.ਆਰ.ਆਈ. ਟੀਮ ਨੇ ਨੁਕਸਾਨੀ ਗਈ ਸੜਕ ਦੇ ਵੱਖ-ਵੱਖ ਹਿੱਸਿਆਂ ਦੀ ਜਾਂਚ ਕਰਨ ਲਈ 20 ਸਤੰਬਰ ਨੂੰ ਮੋਹਾਲੀ ਦਾ ਦੌਰਾ ਕੀਤਾ। ਇਸ ਟੀਮ ਨੇ ਤਿੰਨ ਹੋਰ ਸੈਂਪਲ ਲਏ ਹਨ ਜਿਨ੍ਹਾਂ ਵਿੱਚ ਏਅਰਪੋਰਟ ਚੌਂਕ ਤੋਂ ਖਰੜ-ਬਨੂੜ ਸੜਕ ਦਾ ਸੈਂਪਲ ਵੀ ਸ਼ਾਮਲ ਹੈ ਜੋ ਕਿ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ। ਇਕ ਸੈਂਪਲ ਟੀ.ਡੀ.ਆਈ. ਸੜਕ ਤੋਂ ਲਿਆ ਗਿਆ ਹੈ ਜਦਕਿ ਇਕ-ਇਕ ਸੈਂਪਲ ਐਨ.ਐਚ-64 ਅਤੇ ਐਨ.ਐਚ-22 ਸੜਕ ਤੋਂ ਲਏ ਗਏ ਹਨ।
ਬੁਲਾਰੇ ਨੇ ਅੱਗੇ ਦੱਸਿਆ ਕਿ ਮੁੱਖ ਮੰਤਰੀ ਵੱਲੋਂ ਬਣਾਈ ਗਈ ਕਮੇਟੀ ਸੀ.ਆਰ.ਆਰ.ਆਈ. ਵੱਲੋਂ ਦਿੱਤੇ ਗਏ ਸੁਝਾਵਾਂ, ਟੈਸਟ ਨਤੀਜਿਆਂ ਅਤੇ ਰਿਪੋਰਟ ਦਾ ਵਿਸ਼ਲੇਸ਼ਣ ਕਰੇਗੀ ਅਤੇ ਇਸ ਵੱਲੋਂ ਅਕਤੂਬਰ ਦੇ ਅੱਧ ਤੱਕ ਆਪਣੇ ਅੰਤਿਮ ਰਿਪੋਰਟ ਦਿੱਤੇ ਜਾਣ ਦੀ ਸੰਭਾਵਨਾ ਹੈ ਤਾਂ ਜੋ ਇਸ ਸੜਕ ਦੇ ਮਾਮਲੇ ‘ਤੇ ਅੰਤਿਮ ਫੈਸਲਾ ਲਿਆ ਜਾ ਸਕੇ ਜੋ ਕਿ ਵੱਡੀ ਰਾਸ਼ੀ ਨਾਲ ਸਬੰਧਤ ਹੈ।
ਇਸੇ ਦੌਰਾਨ ਮਕਾਨ ਅਤੇ ਸ਼ਹਿਰੀ ਵਿਕਾਸ ਦੇ ਅਡੀਸ਼ਨਲ ਮੁੱਖ ਸਕੱਤਰ ਵਿੰਨੀ ਮਹਾਜਨ ਨੇ ਕਿਹਾ ਕਿ ਚੱਲ ਰਹੀ ਜਾਂਚ ਆਪਣੇ ਅੰਤਿਮ ਨਤੀਜੇ ‘ਤੇ ਪਹੁੰਚੇਗੀ ਤਾਂ ਜੋ ਇਸ ਪ੍ਰੋਜੈਕਟ ਨਾਲ ਸਬੰਧਤ ਦੋਸ਼ੀ ਕਰਮਚਾਰੀਆਂ ਦੀ ਜ਼ਿੰਮੇਵਾਰੀ ਨਿਰਧਾਰਿਤ ਕੀਤੀ ਜਾ ਸਕੇ ਅਤੇ ਸੜਕ ਦੇ ਨੁਕਸਾਨੇ ਗਏ ਹਿੱਸੇ ਦੀ ਮੁਰੰਮਤ ਅਤੇ ਰੱਖ-ਰਖਾਓ ਸਬੰਧੀ ਕਦਮ ਚੁੱਕੇ ਜਾ ਸਕਣ।

Share Button

Leave a Reply

Your email address will not be published. Required fields are marked *

%d bloggers like this: