ਮੋਦੀ ਨਾਲ ਇੱਕ ਗਲਵਕੜੀ ਪਾ ਕੇ 12 ਹਜ਼ਾਰ ਕਰੋੜ ਲੁੱਟ ਲੈ ਗਿਆ ਨੀਰਵ ਮੋਦੀ-ਰਾਹੁਲ

ss1

ਮੋਦੀ ਨਾਲ ਇੱਕ ਗਲਵਕੜੀ ਪਾ ਕੇ 12 ਹਜ਼ਾਰ ਕਰੋੜ ਲੁੱਟ ਲੈ ਗਿਆ ਨੀਰਵ ਮੋਦੀ-ਰਾਹੁਲ

 

ਮੁੰਬਈ ਦੇ ਪੰਜਾਬ ਨੈਸ਼ਨਲ ਬੈਂਕ ਵਿੱਚ ਕੁੱਝ ਮੁਲਾਜ਼ਮਾਂ ਵੱਲੋਂ ਨੀਰਵ ਮੋਦੀ ਨੂੰ ਗਲਤ ਤਰੀਕੇ ਨਾਲ 11, 356 ਕਰੋੜ ਰੁਪਏ ਟਰਾਂਸਫਰ ਕੀਤੇ ਜਾਣ ਦੇ ਮਾਮਲੇ ਨੂੰ ਲੈ ਕੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਮੋਦੀ ਸਰਕਾਰ ਉੱਪਰ ਤਿੱਖਾ ਹਮਲਾ ਕੀਤਾ ਹੈ। ਰਾਹੁਲ ਨੇ ਕਿਹਾ ਕਿ ਨੀਰਵ ਮੋਦੀ ਨੇ ਨਰਿੰਦਰ ਮੋਦੀ ਨੂੰ ਇੱਕ ਵਾਰੀ ਆਪਣੀ ਗਲਵਕੜੀ ਵਿੱਚ ਲਿਆ ਅਤੇ 12 ਹਜਾਰ ਕਰੋੜ ਰੁਪਏ ਲੁੱਟ ਕੇ ਲੈ ਗਿਆ। ਇਸੇ ਦੌਰਾਨ ਰੱਖਿਆ ਮੰਤਰੀ ਅਤੇ ਸੀਨੀਅਰ ਭਾਜਪਾ ਆਗੂ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਨੀਰਵ ਮੋਦੀ ਨੇ ਇਹ ਪੈਸੇ ਮੋਦੀ ਨੂੰ ਗਲਵਕੜੀ ਪਾ ਕੇ ਨਹੀਂ ਲੁੱਟੇ। ਉਸ ਨੇ ਇਹ ਪੈਸੇ ਪਿਛਲੀ ਕਾਂਗਰਸ ਸਰਕਾਰ ਦੌਰਾਨ ਕਾਂਗਰਸੀ ਨੇਤਾਵਾਂ ਨੂੰ ਗਲਵਕੜੀਆਂ ਪਾ ਕੇ ਲੁੱਟੇ ਹਨ। ਸੀਤਾਰਮਨ ਨੇ ਕਿਹਾ ਕਿ ਇਹ ਮਾਮਲਾ 2012 ਦਾ ਹੈ, ਜਦੋਂ ਨੀਰਵ ਮੋਦੀ ਨੂੰ ਕਾਂਗਰਸੀਆਂ ਨੇ ਖਜਾਨਾ ਲੁਟਾਉਣ ਦੀ ਖੁੱਲ੍ਹ ਦਿੱਤੀ ਸੀ। ਰਾਹੁਲ ਗਾਂਧੀ ਤੋਂ ਇਲਾਵਾ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਇਸ ਘੋਟਾਲੇ ਨੂੰ ਲੈ ਕੇ ਨਰਿੰਦਰ ਮੋਦੀ ਅਤੇ ਭਾਜਪਾ ਸਰਕਾਰ ਉੱਪਰ ਹਮਲੇ ਕਰਦਿਆਂ ਸਵਾਲ ਕੀਤਾ ਕਿ ਸਰਕਾਰ ਦੀ ਮਿਲੀਭੁਗਤ ਤੋਂ ਬਿਨਾਂ ਨੀਰਵ ਮੋਦੀ ਜਨਵਰੀ ਮਹੀਨੇ ਪਰਿਵਾਰ ਸਮੇਤ ਦੇਸ਼ ਵਿੱਚੋਂ ਵਿਦੇਸ਼ ਜਾਣ ਵਿੱਚ ਕਿਵੇਂ ਸਫਲ ਹੋ ਗਿਆ? ਕੇਜਰੀਵਾਲ ਨੇ ਕਿਹਾ ਕਿ ਇਸ ਤੋਂ ਪਹਿਲਾਂ ਕੇਂਦਰ ਸਰਕਾਰ ਨਾਲ ਮਿਲੀਭੁਗਤ ਕਰਕੇ ਲਲਿਤ ਮੋਦੀ ਅਤੇ ਵਿਜੈ ਮਾਲਿਆ ਵੀ ਭਾਰਤੀ ਬੈਂਕਾਂ ਦਾ ਪੈਸਾ ਮਾਰ ਕੇ ਵਿਦੇਸ਼ ਭਜ ਚੁੱਕੇ ਹਨ। ਉਨ੍ਹਾਂ ਕਿਹਾ ਕਿ ਕੀ ਇਹ ਸਰਕਾਰੀ ਨਿਯਮ ਬਣ ਚੁੱਕਾ ਹੈ ਕਿ ਪਹਿਲਾਂ ਉਧਾਰ ਪੈਸੇ ਲਓ ਅਤੇ ਫਿਰ ਵਿਦੇਸ਼ ਭੱਜ ਜਾਓ।
ਕੇਜਰੀਵਾਲ ਨੇ ਕਿਹਾ ਕਿ ਨਿੱਤ ਨਵੇਂ ਹੋਣ ਵਾਲੇ ਇਨ੍ਹਾਂ ਘੋਟਾਲਿਆਂ ਪਿੱਛੇ ਕਿਸ ਦਾ ਹੱਥ ਹੈ? ਇਸ ਬਾਰੇ ਸਰਕਾਰ ਨੂੰ ਲੋਕਾਂ ਨੂੰ ਦੱਸਣਾ ਹੋਵੇਗਾ। ਕਾਂਗਰਸੀ ਨੇਤਾ ਰਣਦੀਪ ਸੂਰਜੇਵਾਲਾ ਨੇ ਕਿਹਾ ਕਿ ਆਜ਼ਾਦੀ ਤੋਂ ਬਾਅਦ ਦਾ ਇਹ ਸਭ ਤੋਂ ਵੱਡਾ ਬੈਂਕ ਘੋਟਾਲਾ ਹੈ। ਕਾਂਗਰਸ ਨੇ ਵਿਸ਼ੇਸ਼ ਪ੍ਰੈੱਸ ਕਾਨਫਰੰਸ ਕਰਕੇ ਕਿਹਾ ਕਿ ਮੋਦੀ ਸਰਕਾਰ ਵਿੱਚ ਦੇਸ਼ ਦਾ ਪੈਸਾ ਲੁੱਟੋ, ਵਿਦੇਸ਼ਾਂ ਨੂੰ ਭੱਜ ਜਾਓ।  ਸਰਕਾਰ ਦਾ ਚਰਿੱਤਰ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਮੋਦੀ ਦੇ ਨਾਲ ਗਲਵਕੜੀ ਪਾਓ ਅਤੇ ਫਿਰ ਲੋਕਾਂ ਦੇ ਪੈਸੇ ਲੈ ਕੇ ਵਿਜੈ ਮਾਲਿਆ ਦੀ ਤਰ੍ਹਾਂ ਫਰਾਰ ਹੋ ਜਾਓ।  ਦੂਸਰੇ ਪਾਸੇ ਕੇਂਦਰੀ ਵਿੱਤ ਰਾਜ ਮੰਤਰੀ ਐੱਸ.ਸੀ. ਸ਼ੁਕਲਾ ਨੇ ਕਿਹਾ ਕਿ ਅਸੀਂ ਪਿਛਲੀਆਂ ਕਾਂਗਰਸ ਸਰਕਾਰਾਂ ਦੀ ਤਰ੍ਹਾਂ ਘੋਟਾਲਿਆਂ ਉੱਪਰ ਪਰਦੇ ਨਹੀਂ ਪਾਏ ਹਨ। ਉਨ੍ਹਾਂ ਕਿਹਾ ਕਿ ਇਹ ਘੋਟਾਲਾ ਸਾਡਾ ਹੁੰਦਾ ਤਾਂ ਅਸੀਂ ਆਪਣਾ ਢਿੱਡ ਆਪ ਹੀ ਨੰਗਾ ਨਾ ਕਰਦੇ। ਸ਼ੁਕਲਾ ਨੇ ਕਿਹਾ ਕਿ ਜਿਹੜੇ ਕਾਂਗਰਸੀ ਅੱਡੀਆਂ ਚੁੱਕ-ਚੁੱਕ ਅਤੇ ਬਾਹਾਂ ਉਲਾਰ ਉਲਾਰ ਮੋਦੀ ਸਰਕਾਰ ਉੱਪਰ ਦੋਸ਼ ਲਗਾ ਰਹੇ ਹਨ, ਉਨ੍ਹਾਂ ਨੂੰ ਇਹ ਯਾਦ ਹੋਣਾ ਚਾਹੀਦਾ ਹੈ ਕਿ ਸਾਲ 2011 ਵਿੱਚ ਕੇਂਦਰ ਵਿੱਚ ਮੋਦੀ ਦੀ ਸਰਕਾਰ ਨਹੀਂ ਸੀ, ਉਸ ਸਮੇਂ ਕਾਂਗਰਸ ਦੀ ਆਪਣੀ ਮਨਮੋਹਣ ਸਰਕਾਰ ਸੀ। ਜਿਹੜੇ ਕਾਂਗਰਸੀ ਅੱਜ ਦੋਸ਼ ਲਗਾ ਰਹੇ ਹਨ, ਉਹ ਆਪਣੇ ਕਾਂਗਰਸੀ ਉਸ ਸਮੇਂ ਦੇ ਮੰਤਰੀਆਂ ਅਤੇ ਪ੍ਰਧਾਨ ਮੰਤਰੀ ਨੂੰ ਪੁੱਛਣ ਕਿ ਉਹ 2011 ਤੋਂ 2014 ਤੱਕ ਕਿਉਂ ਸੁੱਤੇ ਰਹੇ। ਭਾਜਪਾ ਨੇਤਾ ਨੇ ਕਿਹਾ ਕਿ ਕਾਂਗਰਸ ਘੋਟਾਲਿਆਂ ਦੀ ਸਰਕਾਰ ਸੀ ਅਤੇ ਉਸ ਨੇ ਹਰ ਰੋਜ਼ ਨਵੇਂ ਘੋਟਾਲੇਬਾਜਾਂ ਨੂੰ ਜਨਮ ਦਿੱਤਾ।
ਇਸ ਦੌਰਾਨ ਹੀਰਾ ਕਾਰੋਬਾਰੀ ਨੀਰਵ ਮੋਦੀ ਵੱਲੋਂ ਪੰਜਾਬ ਨੈਸ਼ਨਲ ਬੈਂਕ ਨਾਲ ਕੀਤੇ 11, 300 ਕਰੋੜ ਦੇ ਘੋਟਾਲੇ ਸਬੰਧੀ ਸਫਾਈ ਦਿੰਦਿਆਂ ਬੈਂਕ ਦੇ ਮੈਨੇਜਿੰਗ ਡਾਇਰੈਕਟਰ ਸੁਨੀਲ ਮਹਿਤਾ ਨੇ ਕਿਹਾ ਕਿ ਗਲਤ ਤਰੀਕੇ ਨਾਲ ਬੈਂਕ ਤੋਂ ਲਿਆ ਗਿਆ ਪੈਸਾ ਵਸੂਲਣਾ ਸ਼ੁਰੂ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਦੋਸ਼ੀ ਦੀ ਜਾਇਦਾਦ ਜਬਤ ਕਰਨ ਦੀ ਪ੍ਰਕਿਰਿਆ ਵੀ ਅਮਲ ਵਿੱਚ ਆ ਚੁੱਕੀ ਹੈ। ਉਨ੍ਹਾਂ ਕਿਹਾ ਕਿ ਦੋਸ਼ੀ ਨੂੰ ਭਾਰਤ ਲਿਆਉਣ ਲਈ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਨੀਰਵ ਮੋਦੀ ਇੱਕ ਵਾਰ ਬੈਂਕ ਆਏ ਸਨ। ਉਨ੍ਹਾਂ ਨੇ ਕੁੱਝ ਪੈਸਾ ਮੋੜਨ ਦੀ ਗੱਲ ਕੀਤੀ ਸੀ, ਪਰ ਇਹ ਪੈਸਾ ਮੋੜਨ ਲਈ ਉਨ੍ਹਾਂ ਕੋਲ ਠੋਸ ਯੋਜਨਾ ਨਹੀਂ ਸੀ। ਘੋਟਾਲੇ ਸਬੰਧੀ ਪਹਿਲਾਂ ਜਾਣਕਾਰੀ ਨਾ ਦੇਣ ਦੇ ਸਵਾਲ ‘ਤੇ ਸੁਨੀਲ ਮਹਿਤਾ ਨੇ ਕਿਹਾ ਕਿ ਸਾਡਾ ਬੈਂਕ ਸਾਫ ਸੁਥਰਾ ਅਤੇ ਜ਼ਿੰਮੇਵਾਰ  ਬੈਂਕ ਹੈ। ਜਦੋਂ ਵੀ ਕੋਈ ਗੜਬੜੀ ਸਾਹਮਣੇ ਆਉਂਦੀ ਹੈ ਤਾਂ ਅਸੀਂ ਬਾਹਰ ਰੌਲਾ ਪਾਉਣ ਦੀ ਥਾਂ ਪਹਿਲਾਂ ਅੰਦਰੋਂ ਮਜ਼ਬੂਤੀ ਨਾਲ ਤੱਥ ਇਕੱਠੇ ਕਰਦੇ ਹਾਂ। ਕੈਂਸਰ ਦੀ ਤਰ੍ਹਾਂ ਉਸ ਅੰਗ ਦੀ ਹੀ ਸਰਜਰੀ ਕਰਦੇ ਹਾਂ ਜਿੱਥੇ ਬਿਮਾਰੀ ਦੀ ਜੜ੍ਹ ਹੁੰਦੀ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਨੂੰ ਜਨਤਕ ਕਰਨ ਲਈ ਇਸ ਲਈ ਦੇਰੀ ਹੋਈ ਕਿ ਅਸੀਂ ਦੋਸ਼ੀਆਂ ਨੂੰ ਬਚਣ ਦਾ ਕੋਈ ਮੌਕਾ ਨਹੀਂ ਦੇਣਾ ਚਾਹੁੰਦੇ ਸਾਂ। ਇਸੇ ਦੌਰਾਨ ਇਹ ਵੀ ਸੂਚਨਾ ਹੈ ਕਿ ਵੱਖ-ਵੱਖ ਜਾਂਚ ਏਜੰਸੀਆਂ ਨੇ ਨੀਰਵ ਮੋਦੀ ਦੇ 9 ਟਿਕਾਣਿਆਂ ਉੱਪਰ ਛਾਪੇ ਮਾਰੇ। ਉਸ ਦੇ ਘਰ ਦੀ ਵੀ ਤਲਾਸ਼ੀ ਲਈ। ਇਸ ਮਾਮਲੇ ਵਿੱਚ ਕਈ ਲੋਕਾਂ ਨੂੰ ਗ੍ਰਿਫਤਾਰ ਕੀਤੇ ਜਾਣ ਦੀ ਵੀ ਸੂਚਨਾ ਹੈ।

ਦੂਸਰੇ ਬੈਂਕਾਂ ਨੂੰ 11, 300 ਕਰੋੜ ਦਾ ਭੁਗਤਾਨ ਕਰੇ ਪੀ.ਐੱਨ.ਬੀ. : ਰਿਜਰਵ ਬੈਂਕ-ਪੰਜਾਬ ਨੈਸ਼ਨਲ ਬੈਂਕ ਵਿੱਚ ਹੋਏ ਵੱਡੇ ਘੋਟਾਲੇ ਤੋਂ ਬਾਅਦ ਰਿਜਰਵ ਬੈਂਕ ਆਫ ਇੰਡੀਆ ਨੇ ਪੰਜਾਬ ਨੈਸ਼ਨਲ ਬੈਂਕ ਨੂੰ ਹਿਦਾਇਤ ਕੀਤੀ ਹੈ ਕਿ ਉਹ ਇਸ ਮਾਮਲੇ ਵਿੱਚ ਸ਼ਾਮਲ ਦੂਸਰੇ ਬੈਂਕਾਂ ਨੂੰ ਪੂਰੇ 11,300 ਕਰੋੜ ਰੁਪਏ ਦਾ ਭੁਗਤਾਨ ਕਰੇ। ਇਸ ਮਾਮਲੇ ਨਾਲ ਜੁੜੇ ਦੋ ਬੈਂਕਾਂ ਨੇ ਵੀ ਕਿਹਾ ਹੈ ਕਿ ਜੇ ਪੰਜਾਬ ਨੈਸ਼ਨਲ ਬੈਂਕ ਨੇ ਸਾਨੂੰ ਸਾਡੇ ਪੈਸੇ ਨਾ ਮੋੜੇ ਤਾਂ ਵਿੱਤੀ ਬਜ਼ਾਰ ਵਿੱਚ ਭੂਚਾਲ ਆ ਜਾਵੇਗਾ। ਬੈਂਕਾਂ ਨੇ ਕਿਹਾ ਕਿ ਬੈਂਕਿੰਗ ਸੈਕਟਰ ਵਿੱਚ ਵਿਸ਼ਵਾਸ ਹੀ ਸਭ ਤੋਂ ਵੱਡੀ ਪੂੰਜੀ ਹੈ।
ਜਦੋਂ ਲੋਕਾਂ ਨੂੰ ਸਾਡੇ ਨਾਲ ਵੀ ਘੋਟਾਲੇ ਹੋਣ ਬਾਰੇ ਪਤਾ ਲੱਗਾ ਤਾਂ ਲੋਕ ਆਪਣਾ ਪੈਸਾ ਵਾਪਸ ਲੈਣ ਲਈ ਦੌੜ ਪੈਣਗੇ ਅਤੇ ਪੀ.ਐੱਨ.ਬੀ. ਦੀ ਤਰ੍ਹਾਂ ਸਾਡੀ ਵੀ ਸ਼ੇਅਰ ਮਾਰਕੀਟ ਲੁੜਕ ਜਾਵੇਗੀ। ਪੀ.ਐੱਨ.ਬੀ. ਦੇ ਐੱਮ.ਬੀ. ਸੁਨੀਲ ਮਹਿਤਾ ਨੇ ਕਿਹਾ ਕਿ ਧੋਖਾ ਸਾਡੇ ਨਾਲ ਹੋਇਆ ਹੈ, ਸਜ਼ਾ ਵੀ ਅਸੀਂ ਹੀ ਭੁਗਤਾਂਗੇ, ਪਰ ਜੋ ਦੂਸਰੇ ਬੈਂਕਾਂ ਨਾਲ ਅਸੀਂ ਵਾਅਦੇ ਕੀਤੇ ਹਨ, ਉਨ੍ਹਾਂ ਨੂੰ ਹਰ ਹਾਲਤ ਵਿੱਚ ਪੂਰਿਆਂ ਕੀਤਾ ਜਾਵੇ। ਜ਼ਿਕਰਯੋਗ ਹੈ ਕਿ ਇਸ ਕੇਸ ਵਿੱਚ ਯੂਨੀਅਨ ਬੈਂਕ ਆਫ ਇੰਡੀਆ, ਇਲਾਹਾਬਾਦ ਬੈਂਕ ਅਤੇ ਐਕਸਿਸ ਬੈਂਕ ਨੇ ਪੰਜਾਬ ਨੈਸ਼ਨਲ ਬੈਂਕ ਵੱਲੋਂ ਜਾਰੀ ਕੀਤੇ ਗਏ ਲੈਟਰ ਆਫ ਅੰਡਰਟੇਕਿੰਗ ਦੇ ਆਧਾਰ ‘ਤੇ ਉਧਾਰ ਦੇਣ ਦੀ ਪੇਸ਼ਕਸ਼ ਕੀਤੀ ਸੀ।  ਲੈਟਰ ਆਫ ਅੰਡਰ ਟੇਕਿੰਗ ਇੱਕ ਤਰ੍ਹਾਂ ਦੀ ਗਰੰਟੀ ਹੁੰਦੀ ਹੈ ਜਿਸ ਦੇ ਆਧਾਰ ‘ਤੇ ਦੂਸਰੇ ਬੈਂਕ ਖਾਤੇਦਾਰ ਨੂੰ ਮੰਗੇ ਗਏ ਪੈਸੇ ਮੁਹੱਈਆ ਕਰਵਾ ਦਿੰਦੇ ਹਨ। ਜੇਕਰ ਖਾਤੇਦਾਰ ਪੈਸੇ ਮਾਰ ਕੇ ਭੱਜ ਜਾਂਦਾ ਹੈ ਤਾਂ ਲੈਟਰ ਆਫ ਅੰਡਰ ਟੇਕਿੰਗ ਦੇਣ ਵਾਲੇ ਬੈਂਕ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਉਹ ਸਬੰਧਿਤ ਬੈਂਕ ਨੂੰ ਉਧਾਰ ਦਿੱਤੇ ਪੈਸੇ ਦੀ ਪੂਰਤੀ ਕਰੇ।

Share Button

Leave a Reply

Your email address will not be published. Required fields are marked *