ਮੋਗਾ ‘ਚ ਨਵੇਂ ਚਿਹਰੇ ਨਾਲ ਸੀਟ ਜਿੱਤਣਾ ਦੀ ਵਿਉਂਤਬੰਧੀ ਕਰਨ ਲੱਗਾ ਅਕਾਲੀ ਦਲ

ss1

ਮੋਗਾ ‘ਚ ਨਵੇਂ ਚਿਹਰੇ ਨਾਲ ਸੀਟ ਜਿੱਤਣਾ ਦੀ ਵਿਉਂਤਬੰਧੀ ਕਰਨ ਲੱਗਾ ਅਕਾਲੀ ਦਲ
ਮੱਖਣ, ਮੇਅਰ ਅਕਸ਼ਿਤ, ਪ੍ਰਧਾਨ ਨਵਦੀਪ ਸੰਘਾ ਅਤੇ ਤਰਸੇਮ ਰੱਤੀਆਂ ਬਣੇ ਦਾਅਵੇਦਾਰ

22-4
ਮੋਗਾ, 21 ਅਗਸਤ (ਕੁਲਦੀਪ ਘੋਲੀਆ, ਸਭਾਜੀਤ ਪੱਪੂ): ਪੰਜਾਬ ਦੇ ਸੱਤਾ ‘ਤੇ ਵਾਰੋ-ਵਾਰੀ ਕਾਬਜ਼ ਹੁੰਦੀਆਂ ਰਹੀਆਂ ਦੋ ਪ੍ਰਮੁੱਖ ਰਾਜਸੀ ਧਿਰਾਂ ਅਕਾਲੀ-ਭਾਜਪਾ ਅਤੇ ਕਾਂਗਰਸ ਦੇ ਦਰਮਿਆਨ ਨਵੀਂ ਹੋਂਦ ਵਿਚ ਆਈ ਆਪ ਪਾਰਟੀ ਕਰਕੇ ਤਿੰਨੇ ਰਾਜਸੀ ਧਿਰਾਂ ਨੇ ਅਗਾਮੀ ਵਿਧਾਨ ਸਭਾ ਚੋਣਾਂ ਜਿੱਤਣ ਲਈ ਨਵੀਆਂ ਰਾਜਨੀਤਿਕ ਪੈਤੜੇਬਾਜ਼ੀਆਂ ਖ਼ੇਡਣ ਦੀ ਰਣਨੀਤੀ ਅਗਾਊ ਕਰਨ ਲੱਗੀਆਂ ਹਨ। ਮਾਲਵੇ ਦੀ ਧੁੰਨੀ ਵਜੋਂ ਜਾਣੇ ਜਾਂਦੇ ਮੋਗਾ ਵਿਧਾਨ ਸਭਾ ਹਲਕੇ ਦੀ ਸੀਟ ਤੇ ਇਸ ਵੇਲੇ ਕਾਂਗਰਸ ਛੱਡ ਕੇ ਅਕਾਲੀ ਦਲ ਵਿਚ ਸ਼ਾਮਿਲ ਹੋਏ ਵਿਧਾਇਕ ਜੋਗਿੰਦਰਪਾਲ ਜੈਨ ਦਾ ਕਬਜ਼ਾ ਹੈ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਜਦੋਂ 2013 ਵਿਚ ਸ੍ਰੀ ਜੈਨ ਨੂੰ ਕਾਂਗਰਸ ਦੇ ਵਿਧਾਇਕ ਪਦ ਤੋਂ ਅਸਤੀਫਾ ਦਿਵਾ ਕੇ ਅਕਾਲੀ ਦਲ ਦੀ ਟਿਕਟ ਤੇ ਮੁੜ ਚੋਣ ਜਿਤਾ ਲਿਆ ਗਿਆ ਤਾਂ ਅਕਾਲੀ ਦਲ ਹਾਈਕਮਾਂਡ ਨੂੰ ਇਹ ਆਸ ਸੀ ਕਿ ਮੋਗਾ ਵੀ ਅਕਾਲੀ ਦਲ ਦਾ ਹੁਣ ਗੜ ਬਣ ਜਾਵੇਗਾ ਪ੍ਰੰਤੂ ਵਿਧਾਇਕ ਜੈਨ ਦੀ ਸਿਹਤ ਠੀਕ ਨਾਂ ਰਹਿਣ ਕਰਕੇ ਅਤੇ ਅਕਾਲੀ ਦਲ ਦੀ ਮੋਹਰਲੀ ਕਤਾਰ ਦੇ ਲੀਡਰ ਜਥੇਦਾਰ ਤੋਤਾ ਸਿੰਘ ਦੇ ਧੜੇ ਨਾਲ ਉਨ੍ਹਾਂ ਦੀ ਕਥਿਤ ਰਾਜਸੀ ਅਣਬਣ ਕਰਕੇ ਵਿਧਾਇਕ ਜੈਨ ਦਾ ਰਾਜਸੀ ਗ੍ਰਾਫ ਅਕਾਲੀ ਦਲ ਵਿਚ ਵੱਧ ਨਹੀਂ ਸਕਿਆ। ਇਸ ਦੇ ਨਾਲ ਹੀ ਮੋਗਾ ਵਿਖੇ ਹੋਈਆਂ ਨਗਰ ਨਿਗਮ ਦੀਆਂ ਚੋਣਾਂ ਵਿਚ ਭਾਵੇਂ ਵਿਧਾਇਕ ਜੈਨ ਆਪਣੇ ਫਰਜੰਦ ਅਕਸਿਤ ਜੈਨ ਨੂੰ ਮੇਅਰ ਬਨਾਉਣ ‘ਚ ਤਾਂ ਸਫ਼ਲ ਰਹੇ ਪਰ ਫਿਰ ਵੀ ਸ਼ਹਿਰ ਅੰਦਰ ਰਾਜਸੀ ਸਾਖ਼ ਮਜ਼ਬੂਤ ਹੋਣੀ ਸ਼ੁਰੂ ਨਹੀਂ ਸਕੀ, ਜਿਸ ਕਰਕੇ ਪਾਰਟੀ ਵਲੋਂ ਵਿਧਾਇਕ ਜੈਨ ਦੀ ਟਿਕਟ ਕੱਟਣ ਦੀ ਸੰਭਾਵਨਾ ਬਣ ਗਈ ਹੈ।
ਅਕਾਲੀ ਦਲ ਦੇ ਮਿਆਰੀ ਸੂਤਰਾਂ ਅਨੁਸਾਰ ਪਾਰਟੀ ਇਸ ਹਲਕੇ ਤੋਂ ਪਾਰਟੀ ਵਲੋਂ ਨਵੇਂ ਚਿਹਰੇ ਨੂੰ ਮੈਦਾਨ ਵਿਚ ਉਤਾਰਣ ਦੀ ਰਣਨੀਤੀ ਬਣਾ ਲਈ ਹੈ। ਇਸ ਹਲਕੇ ਤੋਂ ਵੱਡੇ ਦਾਅਵੇਦਾਰ ਜਥੇਦਾਰ ਤੋਤਾ ਸਿੰਘ ਖ਼ੇਤੀਬਾੜੀ ਮੰਤਰੀ ਪੰਜਾਬ ਦੇ ਸਪੁੱਤਰ ਬਰਜਿੰਦਰ ਸਿੰਘ ਬਰਾੜ ਹਨ ਜਿੰਨ੍ਹਾਂ ਨੇ ਨਗਰ ਕੌਸ਼ਲ ਦੇ ਪ੍ਰਧਾਨ ਰਹਿੰਦਿਆਂ ਸ਼ਹਿਰ ਦਾ ਵੱਡਾ ਵਿਕਾਸ ਕਰਵਾਇਆ ਹੈ। ਸੂਤਰ ਦੱਸਦੇ ਹਨ ਕਿ ਉਹ ਦਾਅਵੇਦਾਰ ਤਾਂ ਵੱਡੇ ਹਨ ਤੇ ਮੁਕਾਬਲਾ ਕਰਨ ਦੀ ਸਮਰੱਥਾ ਵੀ ਰੱਖਦੇ ਹਨ ਪਰ ਪਾਰਟੀ ਇੱਕ ਪਰਿਵਾਰ ਵਿਚ ਦੋ ਟਿਕਟਾਂ ਦੇ ਕੇ ਕੋਈ ਜੋਖ਼ਮ ਨਹੀਂ ਉਠਾਉਣਾ ਚਾਹੁੰਦੀ ਕਿਉਂਕਿ ਉਨ੍ਹਾਂ ਦੇ ਪਿਤਾ ਜਥੇਦਾਰ ਤੋਤਾ ਸਿੰਘ ਦਾ ਧਰਮਕੋਟ ਤੋਂ ਚੋਣ ਲੜਨਾ ਤੈਅ ਮੰਨਿਆ ਜਾ ਰਿਹਾ ਹੈ। ਨੌਜ਼ਵਾਨ ਆਗੂ ਮੇਅਰ ਅਕਸ਼ਿਤ ਜੈਨ ਵੀ ਚੋਣ ਲੜਨ ਦੀ ਇੱਛਾ ਰੱਖਦੇ ਹਨ ਪਰ ਉਨ੍ਹਾਂ ਕੋਲ ਨਗਰ ਨਿਗਮ ਦੇ ਮੇਅਰ ਦਾ ਅਹੁਦਾ ਹੈ ਅਤੇ ਨਾਲ ਹੀ ਉਨ੍ਹਾਂ ਦੀ ਜਥੇਦਾਰ ਪਰਿਵਾਰ ਨਾਲ ਨੇੜਤਾ ਵੀ ਨਹੀਂ ਹੈ। ਇਸੇ ਤਰ੍ਹਾਂ ਹੀ ਸ਼ਹਿਰੀ ਯੂਥ ਅਕਾਲੀ ਦਲ ਦੇ ਪ੍ਰਧਾਨ ਨਵਦੀਪ ਸੰਘਾ ਜੋਂ ਨੌਜ਼ਵਾਨ ਵਰਗ ‘ਚ ਚਰਚਿਤ ਅਤੇ ਪੜਿਆ ਲਿਖਿਆ ਚਿਹਰਾ ਹੋਣ ਦੇ ਨਾਲ ਕਾਰੋਬਾਰੀ ਵੀ ਹੈ ਜੋਂ ਪਾਰਟੀ ਟਿਕਟ ਤੇ ਚੋਣ ਲੜ ਸਕਦਾ ਹੈ। ਭਾਵੇਂ ਇਸ ਆਗੂ ਨੇ ਕਦੇ ਵੀ ਜਨਤਕ ਤੌਰ ਤੇ ਚੋਣ ਲੜਨ ਸਬੰਧੀ ਦਾਅਵੇਦਾਰੀ ਤਾਂ ਪੇਸ਼ ਨਹੀਂ ਕੀਤੀ ਪਰ ਜਦੋਂ ਤੋਂ ਇਸ ਆਗੂ ਨੇ ਜ਼ਿਲਾ ਯੂਥ ਸ਼ਹਿਰੀ ਦੇ ਪ੍ਰਧਾਨ ਦਾ ਪਦ ਸੰਭਾਲਿਆ ਹੈ ਤਾਂ ਕਈ ਅਜਿਹੇ ਸਮਾਜਿਕ ਅਤੇ ਰਾਜਨੀਤਿਕ ਨਿਵੇਕਲੇ ਪ੍ਰੋਗਰਾਮ ਕੀਤੇ ਹਨ ਜਿੰਨ੍ਹਾਂ ਨਾਲ ਇਸ ਆਗੂ ਦਾ ਨਾਮ ਵੀ ਆਪਣੇ ਆਪ ਹੀ ਦਾਅਵੇਦਾਰ ਦੀ ਲੜੀ ਵਿਚ ਸ਼ਾਮਿਲ ਹੋ ਗਿਆ ਹੈ। ਇੰਨੇ ਤਿੰਨੇ ਨੌਜ਼ਵਾਨ ਜਿੱਥੇ ਪਾਰਟੀ ਟਿਕਟ ਲਈ ਸਰਗਰਮ ਹਨ ਉੱਥੇ ਪਾਰਟੀ ਦੇ ਪੁਰਾਣੇ ਅਕਾਲੀ ਆਗੂ ਅਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਤਰਸੇਮ ਸਿੰਘ ਰੱਤੀਆਂ ਵੀ ਦਾਅਵੇਦਾਰ ਦੱਸੇ ਜਾਂਦੇ ਹਨ । ਸ੍ਰੀ ਰੱਤੀਆਂ ਦਾ ਟਕਸਾਲੀ ਅਕਾਲੀ ਆਗੂ ਹੋਣ ਕਰਕੇ ਜਿੱਥੇ ਪਿੰਡਾਂ ‘ਚ ਰਸੂਖ ਹੈ ਉੱਥੇ ਉਨ੍ਹਾਂ ਦੀ ਸ਼ਹਿਰ ਅੰਦਰ ਪਕੜ ਕਾਫ਼ੀ ਢਿੱਲੀ ਹੈ। ਸੂਤਰ ਦੱਸਦੇ ਹਨ ਕਿ ਸ਼ਹਿਰ ਦੀ ਵੋਟ ਗਿਣਤੀ ਪਿੰਡਾਂ ਦੇ ਮੁਕਾਬਲੇ ਬਹੁਤ ਜਿਅਦਾ ਹੋਣ ਕਰਕੇ ਜਿੱਤ ਹਾਰ ਦਾ ਫੈਸਲਾ ਸ਼ਹਿਰ ਕਰਦਾ ਹੈ। ਹੁਣ ਦੇਖਣਾ ਇਹ ਹੈ ਕਿ ਪਾਰਟੀ ਕਿਸ ਆਗੂ ਨੂੰ ਝੰਡੀ ਦੇ ਕੇ ਨਵਾਂ ਤਜ਼ਰਬਾ ਕਰਦੀ ਹੈ।

Share Button

Leave a Reply

Your email address will not be published. Required fields are marked *