ਮੈਨੂੰ ਨੌਕਰੀ ਦੀ ਲੋੜ ਹੁੰਦੀ ਤਾਂ ਤੁਸੀਂ ਅੱਜ ਇੱਥੇ ਨਾ ਹੁੰਦੇ-ਯਸ਼ਵੰਤ ਸਿਨਹਾ ਵੱਲੋਂ ਜੇਤਲੀ ਨੂੰ ਜਵਾਬ

ਮੈਨੂੰ ਨੌਕਰੀ ਦੀ ਲੋੜ ਹੁੰਦੀ ਤਾਂ ਤੁਸੀਂ ਅੱਜ ਇੱਥੇ ਨਾ ਹੁੰਦੇ-ਯਸ਼ਵੰਤ ਸਿਨਹਾ ਵੱਲੋਂ ਜੇਤਲੀ ਨੂੰ ਜਵਾਬ

ਸਾਬਕਾ ਵਿੱਤ ਮੰਤਰੀ ਯਸ਼ਵੰਤ ਸਿਨਹਾ ਵੱਲੋਂ ਮੌਜੂਦਾ ਵਿੱਤ ਮੰਤਰੀ ਅਰੁਣ ਜੇਤਲੀ ਵਿਰੁੱਧ ਕੀਤੀਆਂ ਟਿੱਪਣੀਆਂ ਦਾ ਮਾਮਲਾ  ਹੋਰ ਉਲਝ ਗਿਆ ਹੈ। ਵਿੱਤ ਮੰਤਰੀ ਅਰੁਣ ਜੇਤਲੀ ਵੱਲੋਂ ਇਹ ਕਹੇ ਜਾਣ ਕਿ ਯਸ਼ਵੰਤ ਸਿਨਹਾ 80 ਸਾਲ ਦੀ ਉਮਰ ਵਿੱਚ ਵੀ ਨਵੀਂ ਨੌਕਰੀ ਲੱਭ ਰਹੇ ਹਨ ਦੇ ਜਵਾਬ ਵਿੱਚ ਯਸ਼ਵੰਤ ਸਿਨਹਾ ਨੇ ਕਿਹਾ ਹੈ ਕਿ ਜੇ ਮੈਨੂੰ ਨੌਕਰੀ ਦੀ ਲੋੜ ਹੁੰਦੀ ਤਾਂ ਅੱਜ ਤੁਸੀਂ ਉਸ ਥਾਂ ਨਾ ਹੁੰਦੇ ਜਿੱਥੇ ਬੈਠੇ ਹੋ। ਆਪਣੇ ਪੁੱਤਰ ਜੈਯੰਤ ਸਿਨਹਾ ਵੱਲੋਂ ਕੀਤੀਆਂ ਟਿੱਪਣੀਆਂ ਸਬੰਧੀ ਯਸ਼ਵੰਤ ਸਿਨਹਾ ਨੇ ਕਿਹਾ ਕਿ ਉਸ ਨੇ ਜੋ ਵੀ ਕਿਹਾ ਹੈ ਉਹ ਲੋਕਾਂ ਦਾ ਧਿਆਨ ਮੁੱਦਿਆਂ ਤੋਂ ਭਟਕਾਉਣ ਲਈ ਹੈ। ਯਸ਼ਵੰਤ ਸਿਨਹਾ ਨੇ ਕਿਹਾ ਕਿ ਮੇਰੇ ਸੱਚ ਬੋਲਣ ਨਾਲ ਜੇ ਮੇਰੇ ਪੁੱਤਰ ਦਾ ਕੈਰੀਅਰ ਖਰਾਬ ਹੁੰਦਾ ਹੈ ਤਾਂ ਹੋ ਜਾਵੇ ਮੈਨੂੰ ਉਸ ਦੀ ਪ੍ਰਵਾਹ ਨਹੀਂ। ਯਸ਼ਵੰਤ ਸਿਨਹਾ ਨੇ ਕਿਹਾ ਕਿ ਮੈਂ ਆਪਣੇ ਪੁੱਤਰ ਦਾ ਕੈਰੀਅਰ ਬਚਾਉਣ ਲਈ ਦੇਸ਼ ਦੇ ਲੋਕਾਂ ਨਾਲ ਧੋਖਾ ਨਹੀਂ ਕਰ ਸਕਦਾ।
ਯਸ਼ਵੰਤ ਸਿਨਹਾ ਨੇ ਇਹ ਵੀ ਕਿਹਾ ਕਿ ਜੇਤਲੀ ਦੀ ਤਰ੍ਹਾਂ ਮੈਂ ਵੀ ਨਿੱਜੀ ਤੌਰ ‘ਤੇ ਦੋਸ਼ ਲਗਾ ਸਕਦਾ ਹਾਂ, ਪਰ ਮੇਰੀ ਜਮੀਰ ਇਸ ਲਈ ਇਜਾਜਤ ਨਹੀਂ ਦਿੰਦੀ। ਉਨ੍ਹਾਂ ਕਿਹਾ ਕਿ ਦੇਸ਼ ਦੀ ਆਰਥਿਕਤਾ ਦੇ ਖਰਾਬ ਹੋਣ ਲਈ ਵਿੱਤ ਮੰਤਰੀ ਹੀ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਮੈਂ ਖੁਦ ਵਿੱਤ ਮੰਤਰੀ ਰਿਹਾ ਹਾਂ। ਇਸ ਲਈ ਸਾਰੀਆਂ ਸਥਿਤੀਆਂ ਨੂੰ ਚੰਗੀ ਤਰ੍ਹਾਂ ਜਾਣਦਾ ਹਾਂ। ਸਿਨਹਾ ਨੇ ਇਹ ਵੀ ਕਿਹਾ ਕਿ ਜੇਤਲੀ ਸਾਹਿਬ ਸ਼ਾਇਦ ਮੇਰੇ ਪਿਛੋਕੜ ਨੂੰ ਭੁਲ ਗਏ ਹਨ। ਉਨ੍ਹਾਂ ਕਿਹਾ ਕਿ ਮੈਂ 1984 ਵਿੱਚ ਆਈ.ਏ.ਐੱਸ. ਦੀ ਨੌਕਰੀ ਦੇ ਬਾਰਾਂ ਸਾਲ ਛੱਡ ਕੇ ਸਿਆਸਤ ਵਿੱਚ ਆਇਆ ਸੀ। ਉਨ੍ਹਾਂ ਕਿਹਾ ਕਿ ਨੌਕਰੀ ਮੰਗਣ ਵਾਲਾ ਆਦਮੀ ਨੌਕਰੀ ਛੱਡਦਾ ਨਹੀਂ ਹੈ। ਉਨ੍ਹਾਂ ਕਿਹਾ ਕਿ ਵੀ.ਪੀ. ਸਿੰਘ ਦੀ ਸਰਕਾਰ ਬਣਨ ਦੌਰਾਨ ਮੈਨੂੰ ਰਾਜ ਮੰਤਰੀ ਬਣਨ ਦੀ ਪੇਸ਼ਕਸ਼ ਕੀਤੀ ਗਈ ਸੀ, ਪਰ ਮੈਂ ਰਾਜ ਮੰਤਰੀ ਨਹੀਂ ਬਣਿਆ ਕਿਉਂਕਿ ਮੈਨੂੰ ਪਤਾ ਸੀ ਕਿ ਵੀ.ਪੀ. ਸਿੰਘ ਤਾਂ ਮੈਨੂੰ ਪਸੰਦ ਕਰਦੇ ਸਨ, ਪਰ ਉਨ੍ਹਾਂ ਦੇ ਸਾਥੀ ਮੇਰੇ ਨਾਲ ਨਫਰਤ ਕਰਦੇ ਸਨ। ਸਿਨਹਾ ਨੇ ਕਿਹਾ ਕਿ ਜਦੋਂ ਚੰਦਰ ਸ਼ੇਖਰ ਦੀ ਸਰਕਾਰ ਬਣੀ ਤਾਂ ਮੈਂ ਰਾਜ ਮੰਤਰੀ ਬਣਿਆ ਸੀ। ਸਿਨਹਾ ਨੇ ਕਿਹਾ ਕਿ ਰਾਜ ਮੰਤਰੀ ਜੇਤਲੀ ਲਈ ਇਹ ਵੱਡੀ ਗੱਲ ਸੀ ਕਿ ਉਹ ਬਿਨਾਂ ਸੰਸਦ ਮੈਂਬਰ ਬਣ ਗਏ ਸਨ। ਸਿਨਹਾ ਨੇ ਕਿਹਾ ਕਿ ਜੋ ਸੰਤ ਅਤੇ ਫਕੀਰ ਹੋ ਜਾਵੇ ਉਸ ਨੂੰ ਇਹ ਕਹਿਣਾ ਕਿ ਉਹ ਕਿਸੇ ਦੀ ਨੌਕਰੀ ਹਟਾ ਕੇ ਆਪਣੇ ਲਈ ਨੌਕਰੀ ਲੱਭ ਰਿਹਾ ਹੈ। ਇਸ ਤੋਂ ਵੱਡੀ ਮੂਰਖਾਨਾ ਗੱਲ ਹੋਰ ਕੋਈ ਨਹੀਂ ਹੋ ਸਕਦੀ।

Share Button

Leave a Reply

Your email address will not be published. Required fields are marked *

%d bloggers like this: