Mon. Mar 30th, 2020

ਮੈਂ ਸਰਕਾਰੀ ਸਕੂਲ ਦਾ ਵਿਦਿਆਰਥੀ ਹਾਂ

ਮੈਂ ਸਰਕਾਰੀ ਸਕੂਲ ਦਾ ਵਿਦਿਆਰਥੀ ਹਾਂ

ਮੈਂ ਅਕਸਰ ਆਪਣੇ ਸਕੂਲ ਤੇ ਆਪਣੇ ਦੋਸਤ ਹਰਮਨ ਦੇ ਸਕੂਲ ਵਿਚ ਫਰਕ ਸਮਝਣ ਦੀ ਕੋਸ਼ਿਸ਼ ਕਰਦਾ ਹਾਂ ਪਰ ਮੇਰੀ ਛੋਟੀ ਉਮਰ ਮੈਨੂੰ ਇਸ ਫਰਕ ਨੂੰ ਸਮਝਣ ਨਹੀਂ ਦੇਂਦੀ। ਉਸਦੇ ਸਕੂਲ ਦਾ ਨਾਂ ਸੇਠ ਕਰੋੜੀ ਮੱਲ ਸਕੂਲ ਹੈ ਤੇ ਮੇਰੇ ਸਕੂਲ ਦਾ ਨਾਂ ਸਰਕਾਰੀ ਪ੍ਰਾਇਮਰੀ ਸਕੂਲ ਹੈ। ਕਿ ਇਹਨਾਂ ਦੋਵਾਂ ਨਾਵਾਂ ਕਰਕੇ ਕੋਈ ਫਰਕ ਹੈ ?? ਜਾਂ ਅਸਲੀ ਫਰਕ ਹੀ ਇਹਨਾਂ ਨਾਵਾਂ ਕਰਕੇ ਹੈ ??? ਇਹ ਸਵਾਲ ਅਜੇ ਵੀ ਅਣਸੁਲਝੀਆ ਹੈ।
ਮੇਰਾ ਬਾਪੂ ਜੱਦ ਆਪਣੇ ਮਿੱਟੀ ਨਾਲ ਭਰੇ ਕਪੜੇ ਝਾੜਦਾ ਤੇ ਪਸੀਨੇ ਦੀ ਖੁਸ਼ਬੂ ਮਾਰਦੇ ਸਰੀਰ ਨੂੰ ਮੇਰੇ ਕੋਲ ਲਿਆ ਕੇ ਮੈਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਪੁੱਤਰ ਕੋਈ ਫਰਕ ਨਹੀਂ ਦੋਹਾਂ ਸਕੂਲਾਂ ਵਿਚ, ਸਭ ਅਮੀਰਾਂ ਦੇ ਚੌਚਲੇ ਹਨ। ਮੈਨੂੰ ਉਸ ਦੀ ਅੱਖਾਂ ਵਿਚੋਂ ਬੇਬਸੀ ਝਲਕਦੀ ਸਫਾ ਵਿਖਾਈ ਦੇਂਦੀ। ਦਿਲੋਂ ਤਾਂ ਉਹ ਵੀ ਮੈਨੂੰ ਸੇਠ ਕਰੋੜੀ ਮੱਲ ਸਕੂਲ ਵਿਚ ਪੜਾਉਣਾ ਚਾਹੁੰਦਾ ਹੈ ਪਰ ਜੇਬ ਸਾਥ ਨਹੀਂ ਦੇਂਦੀ ਉਸਦੀ। ਇਸ ਲਈ ਮੈਂ ਸਰਕਾਰੀ ਸਕੂਲ ਦਾ ਵਿਦਿਆਰਥੀ ਹਾਂ।
ਜੱਦ ਮੈਂ ਆਪਣੇ ਸਰਕਾਰੀ ਸਕੂਲ ਵਿਚ ਜਾਣਾ ਹਾਂ ਤਾਂ ਇਸ ਦੀ ਮੁਰੰਮਤ ਮੰਗਦੀ ਇਮਾਰਤ ਮੈਨੂੰ ਪਿਆਰ ਨਾਲ ਆਪਣੇਪਣ ਦਾ ਇਹਸਾਸ ਕਰਵਾਉਂਦੀ ਜਾਪਦੀ ਹੈ। ਇੰਝ ਲੱਗਦਾ ਜਿਵੇਂ ਉਹ ਆਪਣੀ ਉਮਰ ਪੁਰੀ ਕਰ ਚੁੱਕੀ ਹੋਣ ਦੇ ਬਾਵਜੂਦ ਮੈਨੂੰ ਜਿੰਦਗੀ ਜਿਉਣ ਦਾ ਸਲੀਕਾ ਸਿਖਾਉਣ ਲਈ ਬਿਲਕੁਲ ਤਰੋਤਾਜ਼ਾ ਹੈ। ਸਕੂਲ ਦੇ ਆਗਣ ਵਿਚ ਪੜਦੀਆ ਤੇ ਖੇਡਦੀਆਂ ਮੈਨੂੰ ਸੇਠ ਕਰੋੜੀ ਮੱਲ ਸਕੂਲ ਦੀ ਕਦੇ ਯਾਦ ਤੱਕ ਨਹੀਂ ਆਉਂਦੀ। ਸਾਡੇ ਸਕੂਲ ਵਿਚ ਪੜ੍ਹਾਈ ਦਾ ਇਕ ਵੱਖਰਾ ਤਰੀਕਾ ਹੈ। ਅਧਿਆਪਕ ਸੋਹਣੇ ਤੇ ਸੌਖੇ ਤਰੀਕੇ ਨਾਲ ਸਾਨੂੰ ਸਮਝਾਉਣਦੇ ਹਨ, ਪਰ ਸੇਠ ਕਰੋੜੀ ਮੱਲ ਸਕੂਲ ਦੀ ਇਮਾਰਤ ਹੀ ਇੰਨੀ ਖੂਬਸੁਰਤ ਹੈ ਕਿ ਮੇਰੇ ਵਰਗੇ ਬੱਚਿਆਂ ਦੇ ਨਾਲ ਉਨ੍ਹਾਂ ਦੇ ਮਾਪੇ ਵੀ ਉਸ ਵੱਲ ਖਿੱਚੇ ਜਾਂਦੇ ਹਨ।
ਕਈ ਵਾਰ ਮੇਰਾ ਕੋਮਲ ਮਨ ਇਹ ਸੁਪਨਾ ਵੇਖਦਾ ਹੈ ਕਿ ਮੈਂ ਉਸ ਸਕੂਲ ਦਾ ਵਿਦਿਆਰਥੀ ਹਾਂ, ਮੈਂ ਵੀ ਸੋਹਣੀ ਵਰਦੀ ਪਾਈ ਹੈ, ਸੋਹਣਾ ਬਸਤਾ ਤੇ ਰੰਗ ਬਰੰਗੀਆਂ ਕਿਤਾਬਾਂ ਲੈਕੇ ਸੋਹਣੇ ਰੰਗਾਂ ਨਾਲ ਸਜੀ ਹੋਈ ਜਮਾਤ ਵਿਚ ਸਾਫ ਸੁਥਰੇ ਤੇ ਸੋਹਣੇ ਵਿਦਿਆਰਥੀਆਂ ਨਾਲ ਪੜਾਈ ਕਰ ਰਿਹਾ ਹਾਂ। ਉਸ ਸਮੇਂ ਮੈਨੂੰ ਮੇਰਾ ਸਕੂਲ, ਸੇਠ ਕਰੋੜੀ ਮੱਲ ਸਕੂਲ ਸਾਹਮਣੇ ਬਹੁਤ ਛੋਟਾ ਤੇ ਗੰਦਾ ਨਜ਼ਰ ਆਉਦਾ ਹੈ।ਫਿਰ ਆਚਨਕ ਸੁਪਨਾ ਟੁੱਟ ਜਾਂਦਾ ਹੈ ਤੇ ਮੈਨੂੰ ਸਚਾਈ ਦਾ ਅਹਿਸਾਸ ਹੁੰਦਾ ਹੈ ਕਿ ਮੈਂ ਸਰਕਾਰੀ ਸਕੂਲ ਦਾ ਵਿਦਿਆਰਥੀ ਹਾਂ।
ਮੇਰੇ ਦਾਦਾ ਜੀ ਦੱਸਦੇ ਹਨ ਕਿ ਪੁੱਤਰ ਪਹਿਲਾਂ ਸੇਠ ਕਰੋੜੀ ਮੱਲ ਵਰਗੇ ਸਕੂਲ ਨਹੀਂ ਹੁੰਦੇ ਸਨ ਸਗੋਂ ਸਰਕਾਰੀ ਸਕੂਲ ਹੀ ਹੁੰਦੇ ਸਨ ਤੇ ਵੱਡੇ ਛੋਟੇ ਘਰਾਂ ਦੇ ਬੱਚੇ ਉਥੇ ਹੀ ਪੜ੍ਹਦੇ ਸਨ। ਅਮੀਰੀ ਗਰੀਬੀ ਦਾ ਕੋਈ ਭੇਦਭਾਵ ਨਹੀਂ ਸੀ ਹੁੰਦਾ ਸਕੂਲਾਂ ਵਿਚ, ਸਾਰੇ ਇਕੱਠੇ ਪੜਦੇ ਸਨ ਤੇ ਆਪਣੀ ਮੇਹਨਤ ਨਾਲ ਵੱਡੇ-ਵੱਡੇ ਅਫਸਰ ਬਣਦੇ ਸਨ। ਪਰ ਪੁੱਤਰ ਹੁਣ ਤਾਂ ਸਮਾਂ ਹੀ ਵੱਖਰਾ ਹੈ, ਸਮੇਂ ਦੀਆਂ ਸਰਕਾਰਾਂ ਨੇ ਸਰਕਾਰੀ ਸਕੂਲਾਂ ਤੇ ਸਰਕਾਰੀ ਸਿੱਖਿਆ ਦਾ ਭੋਗ ਪਾਉਣ ਦਾ ਪ੍ਣ ਹੀ ਕਰ ਲਿਆ ਲੱਗਦਾ। ਇਹਨਾਂ ਦੀ ਬਦਨੀਯਤ ਨੇ ਸਿੱਖਿਆ ਦਾ ਅਸਲੀ ਮੰਤਵ ਹੀ ਆਪਣੇ ਪੈਰਾਂ ਹੇਠ ਰੋਲ ਕੇ ਰੱਖ ਦਿੱਤਾ। ਜੋ ਸਿੱਖਿਆ ਸਭ ਲਈ ਸੀ, ਉਹ ਹੁਣ ਗਰੀਬ ਪਰਿਵਾਰਾਂ ਦੇ ਬੱਚਿਆਂ ਲਈ ਸੁਪਨਾ ਬਣਦੀ ਜਾ ਰਹੀ ਹੈ ਤੇ ਉਹ ਵੀ ਉਹ ਸੁਪਨਾ ਜੋ ਸਾਇਦ ਕਦੇ ਪੂਰਾ ਨਾ ਹੋਵੇ। ਮੈਨੂੰ ਦਾਦਾ ਜੀ ਦੀ ਗੱਲਾਂ ਜਿਆਦਾ ਸਮਝ ਤਾਂ ਨਹੀਂ ਆਇਆ ਪਰ ਉਨ੍ਹਾਂ ਦੀ ਅੱਖਾਂ ਵਿਚਲਾ ਦਰਦ ਜਰੂਰ ਮਹਿਸੂਸ ਹੋਇਆ ਕਿ ਕੁੱਝ ਤਾਂ ਗਲਤ ਜਰੂਰ ਹੋ ਰਿਹਾ ਹੈ ਜਿਸ ਕਰਕੇ ਮੈਂ ਸਰਕਾਰੀ ਸਕੂਲ ਦਾ ਵਿਦਿਆਰਥੀ ਹਾਂ।
ਇਨ੍ਹਾਂ ਸੋਚਾ ਵਿਚ ਡੁੱਬੇ ਹੋਏ ਕੱਦ ਸਲਾਨਾ ਇਮਤਿਹਾਨ ਆ ਗਏ ਪਤਾ ਹੀ ਨਹੀਂ ਲੱਗਾ। ਜੱਦੋ ਮਾਸਟਰ ਜੀ ਨੇ ਜਮਾਤ ਵਿਚ ਇਮਤਿਹਾਨਾਂ ਬਾਰੇ ਦੱਸਿਆ ਤਾਂ ਇਕ ਵਾਰ ਤਾਂ ਇੰਝ ਲੱਗਾ ਜਿਵੇਂ ਕਿਸੇ ਨੇ ਗੁੜੀ ਨੀਂਦ ਤੋਂ ਜਗਾ ਦਿੱਤਾ ਹੋਵੇ। ਇਸ ਤੋਂ ਵੱਧ ਇਹ ਸੁਣ ਕੇ ਹੈਰਾਨੀ ਹੋਈ ਕਿ ਸਾਡੇ ਸਲਾਨਾ ਇਮਤਿਹਾਨ ਸੇਠ ਕਰੋੜੀ ਮੱਲ ਸਕੂਲ ਵਿਚ ਹੋਣੇ ਹਨ। ਇਕ ਪਾਸੇ ਤਾਂ ਇਮਤਿਹਾਨ ਦੀ ਫਿਕਰ ਦੂਜੇ ਪਾਸੇ ਸੇਠ ਕਰੋੜੀ ਮੱਲ ਸਕੂਲ ਦੇ ਅੰਦਰ ਜਾਣ ਦੀ ਖੁਸ਼ੀ, ਪਤਾ ਹੀ ਨਹੀਂ ਲੱਗਾ ਕੱਦ ਛੁੱਟੀ ਹੋਈ ਤੇ ਕੱਦ ਮੈਂ ਘਰ ਪਹੁੰਚ ਗਿਆ। ਇਮਤਿਹਾਨ ਦੀ ਤਿਆਰੀ ਸ਼ੁਰੂ ਹੋ ਗਈ, ਮਾਸਟਰ ਜੀ ਬਹੁਤ ਵਧੀਆ ਸਮਝਾਉਂਦੇ ਸਨ ਤੇ ਹੁਣ ਤਾਂ ਉਹ ਹੋਰ ਵੀ ਸੋਖੇ ਤੇ ਵਧੀਆ ਤਰੀਕੇ ਨਾਲ ਸਮਝਾਉਣ ਦੀ ਕੋਸ਼ਿਸ਼ ਕਰਨ ਲੱਗੇ। ਉਨ੍ਹਾਂ ਨੂੰ ਵਿਸ਼ਵਾਸ ਸੀ ਕਿ ਅਸੀਂ ਵਧੀਆ ਨੰਬਰਾਂ ਨਾਲ ਪਾਸ ਹੋਵਾਂਗੇ। ਅਸੀਂ ਵੀ ਉਨ੍ਹਾਂ ਦੇ ਵਿਸ਼ਵਾਸ ਨੂੰ ਪੂਰਾ ਕਰਨ ਵਿਚ ਕੋਈ ਕਸਰ ਨਹੀਂ ਛੱਡਣਾ ਚਾਹੁੰਦੇ ਸੀ, ਇਸ ਲਈ ਪੜ੍ਹਾਈ ਪੂਰੇ ਜੋਸ਼ ਨਾਲ ਹੋ ਰਹੀ ਸੀ।
ਉਹ ਦਿਨ ਵੀ ਆ ਗਿਆ ਜਿਸ ਦਿਨ ਇਮਤਿਹਾਨ ਸੀ। ਮੈਂ ਆਪਣੀ ਪੁਰਾਣੀ ਤੇ ਕਈ ਥਾਵਾਂ ਤੋਂ ਸਿਲਾਈ ਕੀਤੀ ਹੋਈ ਵਰਦੀ ਪਾ ਕੇ ਸੇਠ ਕਰੋੜੀ ਮੱਲ ਸਕੂਲ ਵੱਲ ਨੂੰ ਆਪਣੇ ਕਦਮਾਂ ਨੂੰ ਰਫਤਾਰ ਦੇ ਦਿੱਤੀ। ਇਕ ਇਮਤਿਹਾਨ ਦਾ ਡਰ ਦੂਜਾ ਸਕੂਲ ਅੰਦਰੋਂ ਵੇਖਣ ਦੀ ਖੁਸ਼ੀ, ਪਹੁੰਚ ਗਿਆ ਸੇਠ ਕਰੋੜੀ ਮੱਲ ਸਕੂਲ ਦੇ ਅੰਦਰ। ਅੰਦਰ ਜਾਂਦੇ ਹੀ ਸੁੰਦਰ ਬਗੀਚੇ, ਝੁੱਲੇ, ਪਾਣੀ ਦੇ ਫੁਹਾਰੇ, ਸੇਠ ਕਰੋੜੀ ਮੱਲ ਦੇ ਉੱਚੇ ਬੁੱਤ, ਸੁੰਦਰ ਕਮਰਿਆਂ ਨੂੰ ਵੇਖ ਕੇ ਇਮਤਿਹਾਨ ਭੁੱਲ ਗਿਆ ਅਚਾਨਕ ਮਾਸਟਰ ਜੀ ਦੀ ਪਿਆਰ ਭਰੀ ਆਵਾਜ਼ ਨੇ ਯਾਦ ਕਰਵਾਇਆ ਕਿ ਮੈਂ ਇਮਤਿਹਾਨ ਦੇਣ ਆਇਆ ਹਾਂ ਤੇ ਮੈਂ ਸਰਕਾਰੀ ਸਕੂਲ ਦਾ ਵਿਦਿਆਰਥੀ ਹਾਂ। ਮਾਸਟਰ ਜੀ ਤੋਂ ਅਸ਼ੀਰਵਾਦ ਲੈਕੇ ਇਮਤਿਹਾਨ ਦੇਣ ਲਈ ਵੱਡੇ ਕਮਰੇ ਵਿਚ ਡੈਸਕ ਤੇ ਜਾ ਬੈਠਾ। ਪੇਪਰ ਮਿਲ ਗਿਆ ਤੇ ਪੇਪਰ ਸ਼ੁਰੂ ਕਰਨ ਤੋਂ ਪਹਿਲਾਂ ਰੱਬ ਦਾ ਨਾਂ ਲੈਣ ਲਈ ਅੱਖਾਂ ਬੰਦ ਕੀਤੀਆਂ ਤਾਂ ਅੱਖਾਂ ਅੱਗੇ ਮਿੱਟੀ ਨਾਲ ਭਰੇ ਕਪੜੇ ਝਾੜਦਾ ਬਾਪੂ ਤੇ ਸਰਕਾਰਾਂ ਦੀ ਗੱਲਾਂ ਕਰਦੇ ਦਾਦਾ ਜੀ ਆ ਗਏ। ਇਕਦਮ ਅੱਖਾਂ ਖੁੱਲ੍ਹ ਗਈਆਂ ਤੇ ਵਿਸ਼ਵਾਸ ਨਾਲ ਪੇਪਰ ਲਿਖਣਾ ਸ਼ੁਰੂ ਕਰ ਦਿੱਤਾ।
ਕੁੱਝ ਦਿਨਾਂ ਬਾਅਦ ਅਚਾਨਕ ਮਾਸਟਰ ਜੀ, ਮੁੱਖ ਅਧਿਆਪਕ ਜੀ ਨਾਲ ਸਾਡੇ ਘਰ ਆਏ। ਦਾਦਾ ਜੀ ਡਰ ਗਏ ਕਿ ਜਰੂਰ ਸਕੂਲ ਵਿਚ ਮੈਂ ਕੋਈ ਸ਼ਰਾਰਤ ਕੀਤੀ ਹੈ, ਜਿਸ ਕਰਕੇ ਮਾਸਟਰ ਜੀ ਘਰ ਆਏ ਹਨ। ਸੱਚ ਦੱਸਾ, ਉਨ੍ਹਾਂ ਨੂੰ ਅਚਾਨਕ ਆਪਣੇ ਘਰ ਆਇਆ ਵੇਖ ਕੇ ਡਰ ਤਾਂ ਮੈਂ ਵੀ ਗਿਆ ਸੀ। ਪਰ ਮੁੱਖ ਅਧਿਆਪਕ ਜੀ ਨੇ ਮੈਨੂੰ ਬੜੇ ਪਿਆਰ ਨਾਲ ਆਪਣੇ ਕੋਲ ਬੁਲਾਇਆ ਤੇ ਦਾਦਾ ਜੀ ਨੂੰ ਕਿਹਾ ਕਿ ਤੁਹਾਡੇ ਪੋਤੇ ਨੇ ਇਮਤਿਹਾਨ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ। ਦਾਦਾ ਜੀ ਦੀ ਅੱਖਾਂ ਤੋਂ ਪਾਣੀ ਨਿਕਲਦਾ ਮੈਂ ਪਹਿਲੀ ਵਾਰ ਵੇਖਿਆ ਸੀ। ਬਾਪੂ ਵੀ ਅਚਾਨਕ ਮਜਦੂਰੀ ਤੋਂ ਘਰ ਰੋਟੀ ਖਾਣ ਆ ਗਿਆ ਤੇ ਗੱਲ ਸੁਣ ਕੇ ਮੈਨੂੰ ਮਿੱਟੀ ਵਾਲੇ ਕੱਪੜਿਆਂ ਵਿਚ ਹੀ ਆਪਣੀ ਬਾਹਾਂ ਵਿੱਚ ਭਰ ਲਿਆ। ਇਹ ਸਭ ਕੁੱਝ ਮੈਨੂੰ ਸੁਪਨੇ ਤਰ੍ਹਾਂ ਲੱਗ ਰਿਹਾ ਸੀ ਕਿਉਂਕਿ ਮੈਂ ਸਰਕਾਰੀ ਸਕੂਲ ਦਾ ਵਿਦਿਆਰਥੀ ਹਾਂ।

ਮੈਂ ਇਹ ਤਾਂ ਸਮਝ ਚੁੱਕਾ ਸੀ ਕਿ ਮੈਂ ਆਪਣੇ ਦਾਦੇ ਤੇ ਗਰੀਬ ਬਾਪ ਨੂੰ ਅੱਜ ਉਹ ਜੰਗ ਜੀਤ ਕੇ ਦਿੱਤੀ ਹੈੈ,ਜਿਸ ਨੂੰ ਲੜਨ ਦੀ ਤਾਕਤ ਉਨ੍ਹਾਂ ਵਿਚ ਨਹੀਂ ਸੀ। ਮੈਂ ਆਪ ਵੀ ਤਾਂ ਹੀ ਸਫਲ ਹੋ ਸਕੀਆਂ ਕਿਉਂਕਿ ਮੈਂ ਸਰਕਾਰੀ ਸਕੂਲ ਦਾ ਵਿਦਿਆਰਥੀ ਹਾਂ ।
ਅਗਲੇ ਦਿਨ ਜੱਦ ਮੈਂ ਸਕੂਲ ਗਿਆ ਤਾਂ ਸਕੂਲ ਦੀ ਪ੍ਥਾਨਾ ਵਿਚ ਮੁੱਖ ਅਧਿਆਪਕ ਜੀ ਨੇ ਇਮਤਿਹਾਨ ਵਿੱਚ ਮੇਰੇ ਵਲੋਂ ਪਹਿਲਾਂ ਸਥਾਨ ਲੈਣ ਦੀ ਜਾਣਕਾਰੀ ਸਾਰੀਆਂ ਨੂੰ ਦੱਸੀ। ਸਾਰੇ ਅਧਿਆਪਕ ਤੇ ਮੇਰੇ ਸਾਥੀ ਬਹੁਤ ਖੁਸ਼ ਸਨ। ਮੁੱਖ ਅਧਿਆਪਕ ਜੀ ਨੇ ਮੈਨੂੰ ਬੁਲਾ ਕੇ ਨਵਾਂ ਪੈਨ ਇਨਾਮ ਵਜੋਂ ਮੈਨੂੰ ਦਿੱਤਾ। ਗਰੀਬ ਘਰ ਦੇ ਬੱਚੇ ਨੂੰ ਇਹ ਸਭ ਸੁਪਨੇ ਤਰ੍ਹਾਂ ਲੱਗ ਰਿਹਾ ਸੀ, ਪਰ ਅੱਜ ਮੇਰਾ ਇਹ ਸੁਪਨਾ ਸੱਚ ਹੋ ਗਿਆ ਸੀ ਕਿਉਂਕਿ ਮੈਂ ਸਰਕਾਰੀ ਸਕੂਲ ਦਾ ਵਿਦਿਆਰਥੀ ਹਾਂ ।
ਮੇਰਾ ਕੋਮਲ ਮਨ ਖੁਸ਼ੀ ਨਾਲ ਭਰੀਆਂ ਹੋਈਆਂ ਸੀ ਤੇ ਸਕੂਲ ਦੀ ਪੁਰੀ ਛੁੱਟੀ ਦੀ ਉਡੀਕ, ਜੋ ਮੈਂ ਪਹਿਲਾਂ ਕਦੇ ਵੀ ਨਹੀਂ ਕੀਤੀ ਸੀ ਅੱਜ ਕਰ ਰਿਹਾ ਸੀ। ਇੰਝ ਜਾਪਦਾ ਸੀ ਕਿ ਜਿਵੇਂ ਸਮਾਂ ਠਹਿਰ ਗਿਆ ਹੋਵੇ ਜਾਂ ਕਿਸੇ ਨੇ ਉਸ ਨੂੰ ਰੋਕ ਦਿੱਤਾ ਹੋਵੇ। ਮੈਂ ਜਲੱਦ ਤੋਂ ਜਲੱਦ ਘਰ ਜਾਣਾ ਚਾਹੁੰਦਾ ਸੀ ਤਾਂ ਕਿ ਆਪਣੀ ਖੁਸ਼ੀ ਆਪਣੇ ਦਾਦੇ ਤੇ ਗਰੀਬ ਬਾਪ ਨੂੰ ਦੱਸ ਸਕਾ। ਉਨ੍ਹਾਂ ਨੂੰ ਵੀ ਇਹ ਅਹਿਸਾਸ ਕਰਵਾ ਸਕਾ ਕਿ ਭਾਵੇਂ ਉਨ੍ਹਾਂ ਨੇ ਹਾਲਾਤਾਂ ਅੱਗੇ ਸਮਝੌਤਾ ਕਰ ਲਿਆ ਹੈ ਪਰ ਉਮੀਦ ਦੀ ਇਕ ਕਿਰਨ ਅਜੇ ਵੀ ਜਿੰਦਾ ਹੈ ਕਿਉਂਕਿ ਮੈਂ ਸਰਕਾਰੀ ਸਕੂਲ ਦਾ ਵਿਦਿਆਰਥੀ ਹਾਂ, ਜਿਸ ਲਈ ਅਸੰਭਵ ਕੁੱਝ ਵੀ ਨਹੀਂ।
ਲਓ ਜੀ, ਲੰਮੀ ਉਡੀਕ ਦੀ ਘੜੀਆਂ ਆਖਿਰ ਖਤਮ ਹੋਇਆ ਤੇ ਛੁੱਟੀ ਦਾ ਸਮਾਂ ਵੀ ਆ ਗਿਆ। ਮੈਂ ਬੰਦੂਕ ਤੋਂ ਨਿਕਲੀ ਗੋਲੀ ਦੀ ਤਰ੍ਹਾਂ ਆਪਣੇ ਸਕੂਲ ਤੋਂ ਬਾਹਰ ਨਿਕਲਿਆ ਤੇ ਘਰ ਵੱਲ ਨੂੰ ਦੌੜ ਲਾ ਦਿੱਤੀ। ਪਲਾਂ ਵਿਚ ਹੀ ਮੈਂ ਘਰ ਵੱਲ ਜਾਂਦੀ ਗਲੀ ਦੇ ਮੋੜ ਤੇ ਪੁੱਜ ਗਿਆ। ਪਰ ਇਹ ਕਿ !!! ਜੋ ਗਲੀ ਬਿਲਕੁੱਲ ਖਾਲੀ ਹੁੰਦੀ ਸੀ ਅੱਜ ਉਥੇ ਲੋਕਾਂ ਦੀ ਭੀੜ ਸੀ। ਮੈਂ ਬੜੀ ਮੁਸ਼ਕਿਲ ਨਾਲ ਲੋਕਾਂ ਦੀ ਭੀੜ ਵਿਚੋਂ ਰਸਤਾ ਬਣਾਉਂਦਾ ਹੋਇਆ ਆਪਣੇ ਘਰ ਦੇ ਨੇੜੇ ਪਹੁੰਚਿਆ। ਉਥੋਂ ਦਾ ਨਜ਼ਰਾ ਵੇਖ ਕੇ ਮੇਰੀ ਅੱਖਾਂ ਫਟਿਆ ਰਹਿ ਗਈਆਂ। ਇਕ ਲੰਮੀ ਚਿੱਟੇ ਰੰਗ ਦੀ ਕਾਰ ਸਾਡੇ ਟੁੱਟੇ ਫੁੱਟੇ ਘਰ ਦੇ ਅੱਗੇ ਖੜੀ ਸੀ। ਇਕ ਮੋਟਾ ਜਿਹਾ ਆਦਮੀ, ਸੁਨਹਿਰੀ ਰੰਗ ਦਾ ਸੁੱਟ ਤੇ ਸਫੇਦ ਰੰਗ ਦੇ ਬੁਟ ਪਾਏ ਹੋਏ ਮੇਰੇ ਦਾਦਾ ਜੀ ਨੂੰ ਕੁੱਝ ਕਹਿ ਰਿਹਾ ਸੀ। ਦਾਦਾ ਜੀ ਉਸ ਅੱਗੇ ਹੱਥ ਜੋੜੀ ਝੁਕ ਕੇ ਖੜ੍ਹੇ ਹੋਏ ਸਨ, ਮੈਨੂੰ ਇਹ ਸਭ ਚੰਗਾ ਨਹੀਂ ਲੱਗਾ ਤੇ ਮੈਂ ਦਾਦਾ ਜੀ ਦੇ ਕੋਲ ਜਾ ਖਲੋਤਾ। ਦਾਦਾ ਜੀ ਨੇ ਮੈਨੂੰ ਪਿਆਰ ਨਾਲ ਆਪਣੇ ਗੱਲ ਨਾਲ ਲਾਇਆ ਤੇ ਬੋਲੇ, ” ਪੁੱਤਰ, ਇਹ ਸੇਠ ਕਰੋੜੀ ਮੱਲ ਜੀ ਦੇ ਪੁੱਤਰ ਹਨ। ਇਹ ਤੇਨੂੰ ਆਪਣੇ ਸਕੂਲ ਵਿਚ ਪੜ੍ਹਨ ਦਾ ਮੌਕਾ ਦੇਣ ਆਏ ਹਨ, ਉਹ ਵੀ ਬਿਲਕੁੱਲ ਮੁਫ਼ਤ।” ਮੈਂ ਕਿਹਾ, ” ਦਾਦਾ ਜੀ, ਮੈਂ ਕਿਉਂ ਇਨ੍ਹਾਂ ਦੇ ਸਕੂਲ ਵਿਚ ਪੜ੍ਹਨ ਜਾਵਾ ??? ਮੈਂ ਤਾਂ ਸਰਕਾਰੀ ਸਕੂਲ ਦਾ ਵਿਦਿਆਰਥੀ ਹਾਂ ।”
ਮੇਰਾ ਇਹ ਜਵਾਬ ਸੁਣ ਕੇ ਮੇਰੇ ਦਾਦਾ ਜੀ ਦੇ ਨਾਲ ਨਾਲ ਸੇਠ ਕਰੋੜੀ ਮੱਲ ਦਾ ਪੁੱਤਰ ਵੀ ਹੈਰਾਨ ਹੋ ਗਿਆ। ਜਿਸ ਸਕੂਲ ਵਿਚ ਪੜ੍ਹਨਾ ਹਰੇਕ ਵਿਦਿਆਰਥੀ ਦਾ ਸੁਪਨਾ ਸੀ, ਉਸ ਸਕੂਲ ਦਾ ਮਾਲਕ ਆਪ ਸਾਡੇ ਘਰ ਆਇਆ ਸੀ। ਮੈਨੂੰ ਆਪਣੇ ਚਮਚਮਾਉਂਦੇ ਸਕੂਲ ਵਿਚ ਪੜ੍ਹਨ ਦਾ ਮੌਕਾ ਦੇਣ, ਉਹ ਵੀ ਬਿਲਕੁੱਲ ਮੁਫਤ। ਪਰ ਹੁਣ ਸਮਾਂ ਬਦਲ ਚੁੱਕਾ ਸੀ, ਇਕ ਗਰੀਬ ਘਰ ਦਾ ਬੱਚਾ ਪੜ੍ਹਾਈ ਦੀ ਜੰਗ ਜਿੱਤ ਚੁੱਕਾ ਸੀ ਕਿਉਂਕਿ ਉਹ ਸਰਕਾਰੀ ਸਕੂਲ ਦਾ ਵਿਦਿਆਰਥੀ ਸੀ। ਇੰਨੇ ਨੂੰ ਸਾਡੇ ਸਕੂਲ ਦੇ ਮੁੱਖ ਅਧਿਆਪਕ ਜੀ ਤੇ ਬਾਕੀ ਸਾਰੇ ਅਧਿਆਪਕ ਮੈਨੂੰ ਮੇਰੇ ਘਰ ਵੱਲ ਆਉਂਦੇ ਨਜ਼ਰ ਆਏ। ਮੈਂ ਭੱਜ ਕੇ ਉਨ੍ਹਾਂ ਸਾਰਿਆਂ ਦੇ ਪੈਂਰੀ ਹੱਥ ਲਾ ਕੇ ਅਸ਼ੀਰਵਾਦ ਲਿਆ। ਮੁੱਖ ਅਧਿਆਪਕ ਜੀ ਮੇਰੇ ਦਾਦਾ ਜੀ ਨੂੰ ਦੱਸਣ ਲੱਗੇ ਕਿ ਸਕੂਲ ਦੇ ਸਮੂਹ ਅਧਿਆਪਕਾਂ ਨੇ ਇਹ ਫੈਸਲਾ ਕੀਤਾ ਹੈ ਕਿ ਇਸ ਬੱਚੇ ਦੀ ਪੜ੍ਹਾਈ ਤੇ ਜਿਨ੍ਹਾਂ ਵੀ ਖਰਚ ਆਵੇਗਾ, ਉਹ ਸਾਰੇ ਮਿਲ ਕੇ ਇਹ ਖਰਚ ਦੇਣਗੇ। ਇਹ ਸੁਣ ਕੇ ਦਾਦਾ ਜੀ ਅੱਖਾਂ ਭਰ ਆਈਆਂ ਤੇ ਮੈਨੂੰ ਇਸ ਗੱਲ ਤੇ ਮਾਣ ਮਹਿਸੂਸ ਹੋਣ ਲੱਗਾ ਕਿ ਮੈਂ ਸਰਕਾਰੀ ਸਕੂਲ ਦਾ ਵਿਦਿਆਰਥੀ ਹਾਂ ।

ਨੀਰਜ ਯਾਦਵ

Disclaimer

We do not guarantee/claim that the information we have gathered is 100% correct. Most of the information used in articles are collected from social media and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing.

Leave a Reply

Your email address will not be published. Required fields are marked *

%d bloggers like this: