ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Thu. Jun 4th, 2020

ਮੈਂ ਤੇ ਮੈਂ ਦਾ ਝਗੜਾ, ਤੂੰ ਨੂੰ ਲਾਉਂਦਾ ਰਗੜਾ…

????????????????????????????????????

ਮੈਂ ਤੇ ਮੈਂ ਦਾ ਝਗੜਾ, ਤੂੰ ਨੂੰ ਲਾਉਂਦਾ ਰਗੜਾ…

ਪਿਆਰੇ ਪਾਠਕੋ ਇਸ ਅਸਲੀਅਤ ਤੋਂ ਕੋਈ ਵੀ ਨਾ-ਵਾਕਿਫ਼ ਨਹੀਂ ਹੈ ਕਿ ਜਿਹੜਾ ਵੀ ਜੀਵ ਇਸ ਧਰਤੀ ‘ਤੇ ਆਉਂਦਾ ਹੈ ਭਾਵ ਜਨਮ ਲੈਂਦਾ ਹੈ ਉਹ ਜ਼ਿੰਦਗੀ ਦਾ ਸਫ਼ਰ ਪੂਰਾ ਕਰਨ ਕਰਕੇ ਅਤੇ ਸਾਹਾਂ ਦੀ ਡੋਰੀ ਟੁੱਟਣ ਕਾਰਣ ਇਕ ਨਾ ਇਕ ਦਿਨ ਇਸ ਦੁਨੀਆਂ ਤੋਂ ਰੁਖ਼ਸਤ ਹੋ ਜਾਂਦਾ ਹੈ ਭਾਵ ਮਿੱਟੀ ਦਾ ਪੁਤਲਾ ਮਿੱਟੀ ਵਿੱਚ ਮਿਲ ਜਾਂਦਾ ਹੈ। ਇਸ ਮਿੱਟੀ ਦੇ ਭਾਂਡੇ ਦੀ ਸਿਰਜਣਾ ਕੌਣ ਕਰਦਾ ਹੈ? ਦੇ ਸਵਾਲ ਦਾ ਜੁਆਬ ਸਿਰਜਣਹਾਰ ਪਰਮਾਤਮਾ ਹੈ। ਸੋ ਇਸ ਤਰੀਕੇ ਦੇ ਨਾਲ ‘ਮੈਂ’ ਜੀਵ-ਆਤਮਾ ਦਾ ਇਕ ਰੂਪ ਹੈ ਤੇ ਤੂੰ ਸਿਰਜਣਹਾਰ ਪਰਮਾਤਮਾ ਹੈ। ‘ਮੈਂ’ ਜਨਮ-ਮਰਨ ਦੇ ਗੇੜ ਵਿੱਚ ਜ਼ਕੜਿਆ ਹੋਇਆ ਹੈ। ‘ਤੂੰ’ ਬੇਸ਼ੱਕ ਅਮਰ ਹੈ ਪਰ ‘ਮੈਂ’ ਇਸ ਤੋਂ ਕੰਨੀ ਖਿਸਕਾਉਂਦਾ ਨਜ਼ਰੀਂ ਪਿਆ ਹੈ।
ਹੁਣ ਜੇਕਰ ਅਸੀਂ ਇਤਿਹਾਸ ਵੀ ਪੜਦੇ ਹਾਂ ਤਾਂ ਉਸ ਵਿੱਚ ਵੀ ਜ਼ਿਆਦਾਤਰ ‘ਮੈਂ’ ਉੱਤੇ ‘ਮੈਂ’ ਹੀ ਹਾਵੀ ਰਿਹਾ ਹੈ। ‘ਮੈਂ’ ਹੀ ਰਾਜਾ-ਰੰਕ, ਅਮੀਰ ਗਰੀਬ, ਮਾਲਕ-ਨੌਕਰ, ਆਜ਼ਾਦ-ਗ਼ੁਲਾਮ ਆਦਿ ਪ੍ਰਵਿਰਤੀਆਂ ਵਿੱਚ ਵੰਡਿਆਂ ਹੋਇਆ ਨਜ਼ਰੀਂ ਪਿਆ ਹੈ। ‘ਮੈਂ’ ਨੇ ਹੀ ਰਾਜਾ-ਪਰਜਾ ਵਾਲਾ ਕਾਰਜ ਵੀ ਨੇਪੜੇ ਚਾੜਿਆ ਹੈ। ਇਕ ‘ਮੈਂ’ ਨੇ ਆਪਣੇ ਆਪ ਨੂੰ ਸਿਆਣਾ ਸਮਝ ਕੇ ਦੂਜੇ ‘ਮੈਂ’ ‘ਤੇ ਹੁਕਮ ਚਲਾਇਆ। ‘ਮੈਂ’ ਨੇ ‘ਮੈਂ’ ਨੂੰ ਕਦਮਾਂ ਵਿੱਚ ਝੁਕਾਇਆ ਜਾਂ ਦੂਜੇ ਸ਼ਬਦਾਂ ਵਿੱਚ ਇੰਝ ਕਹਿ ਲਓ ਕਿ ‘ਮੈਂ’ ਹੀ ‘ਮੈਂ ਦੇ ਕਦਮਾਂ ਵਿੱਚ ਝੁਕ ਕੇ ‘ਮੈਂ’ ਨੂੰ ਸਤਿਕਾਰ ਦਿੱਤਾ ਹੈ। ਜਿੱਥੇ ‘ਮੈਂ’ ਨੇ ‘ਮੈਂ’ ਨੂੰ ਸਤਿਕਾਰ ਉੱਥੇ ‘ਮੈਂ’ ਨੇ ਹੀ ‘ਮੈਂ’ ਨੂੰ ਅਪਮਾਨਿਤ ਕਰਨ ਵਿੱਚ ਵੀ ਕਸਰ ਨਹੀਂ ਛੱਡੀ। ਗੱਲ ਕੀ ਜੀ ਮੈਂ ਨੇ ਤਾਂ ਮੱਝ-ਬੱਕਰੀ ਤੱਕ ਤੋਂ ਉਹਨਾਂ ਦੀ ਭਾਸ਼ਾ ਖੋਹ ਕੇ ਉਨਾਂ ਨਾਲ ਵੀ ਬੇ-ਇਨਸਾਫ਼ੀ ਕੀਤੀ ਹੈ। ਮੈਂ ਨੇ ਆਪਣੀ ਪੀੜੀ ਥੱਲੇ ਸੋਟਾ ਫੇਰਨ ਦੀ ਬਜਾਏ ਦੂਜੇ ਦੇ ਥੱਲਿਓਂ ਪੀੜੀ ਖਿੱਚਣ ਦਾ ਧੰਦਾ ਹੀ ਕੀਤਾ ਹੈ।
ਅਰਥਾਤ ‘ਸਿੱਕੇ ਦੀ ਭਾਂਤੀ ‘ਮੈਂ’ ਦੇ ਵੀ ਦੋ ਪਾਸੇ ਅਰਥਾਤ ਬੁੱਤ ਤੇ ਚੈਨ ਹਨ’ ਵਾਲਾ ਕੜਵਾ ਸੱਚ ਕੋਈ ਝੁਠਲਾ ਨਹੀਂ ਸਕਦਾ। ਕਿਉਂਕਿ ਇਹ ਕੜਵਾਹਟ ਭਰਿਆ ਸੱਚ ਸਦੀਆਂ ਤੋਂ ਚਲਿਆ ਆ ਰਿਹਾ ਹੈ ਤੇ ਸ਼ਾਇਦ ਉਦੋਂ ਤੱਕ ਕਾਇਮ ਵੀ ਰਹੇ ਜਦੋਂ ਤੱਕ ਕਿ ਇਹ ਸ੍ਰਿਸ਼ਟੀ ਕਾਇਮ ਹੈ। ਗੱਲ ਕੀ ਜੀ ਇਕ ਪਾਸੇ ਤਾਂ ‘ਮੈਂ’ ਐਸ਼ਪ੍ਰਸਤੀ ਭਰੀ ਜ਼ਿੰਦਗੀ ਗੁਜ਼ਾਰ ਰਿਹਾ ਹੈ ਤੇ ਦੂਜੇ ਪਾਸੇ ਵਾਲਾ ‘ਮੈਂ’ ਸਮੇਂ ਦੀਆਂ ਠੋਕਰਾਂ ਸਹਿੰਦਾ ਹੋਇਆ ਭੁੱਖਾ ਮਰ ਰਿਹਾ ਹੈ। ਐਸਪ੍ਰਸਤ ‘ਮੈਂ’ ਭੁੱਖ ਨਾਲ ਮਰ ਰਹੇ ‘ਮੈਂ’ ਦਾ ਮਾਲਕ ਬਣ ਕੇ ਹੁਕਮ ਚਲਾ ਰਿਹਾ ਹੈ ਤੇ ਉਸ ਦੀ ਪ੍ਰੇਸ਼ਾਨੀ ਵਿੱਚ ਵਾਧਾ ਕਰਦਾ ਦਿਖਾਈ ਦੇ ਰਿਹਾ ਹੈ ਤੇ ਦੂਜਾ ‘ਮੈਂ’ ਭੁੱਬਾ ਮਾਰ-ਮਾਰ ਚੀਖਦਾ ਹੋਇਆ ਨਜ਼ਰੀ ਪੈਂਦਾ ਹੈ।
ਦੇਖਿਆ ਜਾਵੇ ਤਾਂ ਇਹੀ ‘ਮੈਂ’ ਵੱਡੇ-ਛੋਟੇ ਤੇ ਖਰੇ ਤੇ ਖੋਟੇ ਵਿੱਚ ਵੰਡਿਆ ਹੋਇਆ ਵੀ ਪ੍ਰਤੀਤ ਹੁੰਦਾ ਹੈ। ਅੱਜ ਦੇ ਜ਼ਮਾਨੇ ਵਿੱਚ ਫ਼ੁਕਰੀ ਸੋਚ ਵਾਲਾ ‘ਮੈਂ’ ਵੱਡਾ ਤੇ ਖ਼ਰਾ ਕਰ ਕੇ ਜਾਣਿਆਂ ਜਾਂਦਾ ਹੈ ਤੇ ਦੂਜੇ ਪਾਸੇ ਗਰੀਬ, ਮਜ਼ਲੂਮ, ਭਲਾ-ਮਾਨਸ ਕਿਸਮ ਦੇ ‘ਮੈਂ’ ਨੂੰ ਸਾਡਾ ਸਮਾਜ ‘ਛੋਟਾ’ ਤੇ ‘ਖੋਟਾ’ ਕਹਿ ਕੇ ਨਿਵਾਜਦਾ ਹੈ। ਜਿਸ ਕਰਕੇ ਇਕ ‘ਮੈਂ’ ਮੌਜ-ਮਸ਼ਤੀ ਨਾਲ ਭਰੀ ਐਸ-ਪ੍ਰਸਤ ਜਿੰਦਗੀ ਗੁਜਾਰਦਾ ਹੈ ਤੇ ਦੂਜਾ ‘ਮੈ’ ਕਿਸਮਤ ਨੂੰ ਕੋਸਦਾ ਹੋਇਆ ਅੰਤ ਸਮੇਂ ‘ਤੂੰ’ ਭਾਵ ਪਰਮਾਤਮਾ ਵਿੱਚ ਲੀਨ ਹੋ ਜਾਂਦਾ ਹੈ।
‘ਮੈਂ’ ਨੇ ‘ਮੈਂ’ ਦੇ ਹੱਕ ਅਤੇ ਉਸਦੀ ਆਜ਼ਾਦੀ ਖੋਹਣ ਲਈ ਅਤੇ ਰਾਜ-ਭਾਗ ਹਥਿਆਉਣ ਲਈ ਚੋਣ-ਪ੍ਰਣਾਲੀ ਦੇ ਪ੍ਰਬੰਧ ਦਾ ਵੀ ਬੜਾ ਨਜਾਇਜ਼ ਲਾਭ ਉਠਾਇਆ ਹੈ। ਚੋਣਾਂ ਲੜੀਆਂ ਜਾਂਦੀਆਂ ਹਨ। ‘ਮੈਂ’ ਹੀ ਚੋਣਾਂ ‘ਤੇ ਖੜਦਾ ਹੈ ਤੇ ‘ਮੈਂ’ ਵੋਟਾਂ ਪਾਉਂਦਾ ਹੈ। ‘ਮੈਂ’ ਹੀ ‘ਮੈਂ’ ਨੂੰ ਵੀਰੋ, ਭੈਣੋਂ, ਮਾਵੋਂ ਤੱਕ ਕਹਿ ਕੇ ਸਮਰਥਨ ਹਾਸਲ ਕਰ ਲੈਂਦਾ ਹੈ ਤੇ ‘ਮੈਂ’ ਦਾ ਮਾਲਕ ਬਣ ਜਾਂਦਾ ਹੈ। ਇਸ ਤਰਾਂ ‘ਮੈਂ’ ਦੋ ਕੈਟਾਗਰੀ ਵਿੱਚ ਵੰਡਿਆ ਜਾਂਦਾ ਹੈ। ਇਕ ਰਾਜਾ ਜਾਂ ਮਾਲਕ ਦੀ ਤੇ ਦੂਜੀ ਪਰਜਾ ਤੇ ਨੌਕਰ ਦੀ। ਅਰਥਾਤ ਜਿਸ ਗਧੇ ਹੱਥ ਮੁਫ਼ਤ ਦੀ ਖ਼ੀਰ ਲੱਗ ਜਾਏ ਉਹ ਮਾਲਕ ਤੇ ਸਮਰਥਨ ਦੇਣ ਵਾਲਾ ‘ਮੈਂ’ ਪਰਜਾ ਤੇ ਨੌਕਰ।
ਅਸਲ ਗੱਲ ਇਹ ਹੈ ਕਿ ‘ਮੈਂ’ ਹੀ ‘ਮੈਂ’ ਨਾਲ ਮਾਤਾ-ਪਿਤਾ, ਭੈਣ-ਭਾਈ, ਭੂਆ-ਫੁੱਫੜ ਆਦਿ ਜਿਹੀਆਂ ਰਿਸ਼ਤੇਦਾਰੀਆਂ ਵੀ ਗੰਢ ਲੈਂਦਾ ਹੈ। ਜਿਸ ਨੂੰ ਦੂਜੇ ਸ਼ਬਦਾਂ ਵਿੱਚ ਦੁਨੀਆਂਦਾਰੀ ਦਾ ਨਾਂ ਦੇ ਦਿੱਤਾ ਜਾਂਦਾ ਹੈ। ਫਿਰ ਜਿਸ ‘ਮੈਂ’ ਵਾਲਾ ਰਿਸ਼ਤਾ ਸਮਾਜਿਕ ਪੱਖ ‘ਤੇ ਵੱਡਾ ਹੈ ਉਸ ਤੋਂ ਮਾਨਤਾ ਮਿਲ ਜਾਂਦੀ ਹੈ ਕਿ ਉਹ ਛੋਟੇ ‘ਤੇ ਹੁਕਮ ਚਲਾਵੇ। ਇਹ ਹੀ ਮੰਨ ਲਿਆ ਜਾਂਦਾ ਹੈ ਕਿ ਸਮਾਜਿਕ ਪੱਖੋਂ ਵੱਡੇ ਰਿਸ਼ਤੇ ਵਾਲਾ ‘ਮੈਂ’ ਹੀ ਸਹੀ ਹੈ ਤੇ ਉਹ ਗ਼ਲਤ ਨਹੀਂ ਹੋ ਹੀ ਨਹੀਂ ਸਕਦਾ। ਜੋ ਕਿ ਸਮਾਜਿਕ ਨਾਤਿਆਂ ਵਿੱਚ ਫਿੱਕ ਪੈਣ ਦਾ ਕਾਰਨ ਬਣਦਾ ਹੈ ਤੇ ‘ਮੈਂ’ ਅਤੇ ‘ਮੈ’ ਵਿੱਚਲਾ ਅਜਿਹਾ ਰਿਸ਼ਤੇ ਚਿਰ-ਸਥਾਈ ਹੰਢਣਯੋਗ ਨਹੀਂ ਰਹਿੰਦਾ। ਗਧਾ ਕਿਸਮ ਦੇ ‘ਮੈਂ’ ਨੂੰ ਬਾਪ ਕਹਿਣ ਦੀ ਪ੍ਰਵਿਰਤੀ ਸਮਾਜਿਕ ਵਿਕਾਸ ਦੇ ਰਾਹ ‘ਤੇ ਵੀ ਸਵਾਲੀਆ ਚਿੰਨ ਖੜਾ ਕਰਦੀ ਹੋਈ ਰੁਕਾਵਟ ਪੈਦਾ ਕਰਦੀ ਹੈ।
ਆਪਸੀ ਰਿਸ਼ਤਿਆਂ ਵਿੱਚ ਗੰਢੇ ਹੋਏ ਇਸ ‘ਮੈਂ’ ਵਿੱਚੋਂ ਚਮਕੀਲੇ ਅਤੇ ਅਮਰਜੋਤ ਦੇ ਗੀਤ ਵਾਂਗ ‘ਵੇ ਮਿੱਤਰਾ ਖ਼ਤਰੇ ਦਾ ਘੁੱਗੂ ਬੋਲ ਪਿਆ’ ਵਾਲੀ ਧੁੰਨ ਆਉਂਦੀ ਹੋਈ ਪ੍ਰਤੀਤ ਹੁੰਦੀ ਹੈ। ‘ਮੈਂ’ ਹੀ ‘ਮੈਂ’ ਨੂੰ ਦੇਖ ਕੇ ਸੜਣ-ਬਲਣ ਦਾ ਕਾਰਜ ਵੀ ਕਰਦਾ ਹੈ, ਜੀਭਾਂ ਕੱਢਦਾ ਹੈ। ਜੇਕਰ ‘ਮੈਂ’ ਦੀ ਅਸਲੀਅਤ ਸਾਹਮਣੇ ਆ ਜਾਵੇ ਤਾਂ ਉਹ ਅੱਖਾਂ ਕੱਢਣ ਲੱਗਦਾ ਹੈ। ਕਿੱਥੇ ਇਹ ‘ਮੈਂ’ ਪਿੱਠ ਪਿੱਛੇ ਵਾਰ ਕਰਦਾ ਸੀ ਤੇ ਹੁਣ ਇਹੋ ‘ਮੈਂ ਅੱਗੇ ਹੋ ਕੇ ਡੰਗ ਮਾਰਨ ਤੋਂ ਵੀ ਗੁਰੇਜ਼ ਨਹੀਂ ਕਰਦਾ। ‘ਮੈਂ’ ਗੁਸਤਾਖ਼ੀ ਕਰਕੇ ਮੂੰਹ ‘ਤੇ ਮੁੱਕਰ ਜਾਂਦਾ ਹੈ। ਮੈਂ ਦੀਆਂ ਗੰਢੀਆਂ ਹੋਈਆਂ ਰਿਸ਼ਤੇਦਾਰੀਆਂ ਵੀ ਉਦੋਂ ਤੱਕ ਹਨ ਜਦ ਤੱਕ ਝੰਡੀ ਚੜੀ ਹੁੰਦੀ ਹੈ ਜਾਂ ਜ਼ੇਬ ਭਾਰੀ ਲੱਗਦੀ ਹੈ। ਬੱਸ ਝੰਡੀ ਥੱਲੇ ਉੱਤਰ ਗਈ ਜਾਂ ਜ਼ੇਬ ਖ਼ਾਲੀ ਹੋ ਗਈ ਤਾਂ ‘ਮੈਂ’ ਦੀਆਂ ਗੰਢੀਆਂ ਸਾਰੀਆਂ ਰਿਸ਼ਤੇਦਾਰੀਆਂ ਜ਼ੀਭਾਂ ਕੱਢਦੀਆਂ ਦਿਖਾਈ ਦਿੰਦੀਆਂ ਹਨ।
ਇਕ ‘ਮੈਂ’ ਦੇ ਦੂਜੇ ‘ਮੈਂ’ ਨੂੰ ਗ਼ੁਲਾਮ ਬਣਾ ਕੇ ਰੱਖਣ ਤੇ ਖ਼ੁਦ ਮਾਲਕ ਬਣ ਕੇ ਰਾਜ ਕਰਨ ਦੀ ਛੂਤ ਦੀ ਬਿਮਾਰੀ ਘਟਣ ਦੀ ਬਜਾਏ ਦਿਨ-ਬ-ਦਿਨ ਵਧਦੀ ਚਲੀ ਜਾ ਰਹੀ ਹੈ। ਜਿਸ ਕਰਕੇ ਇਕ ਮੈਂ ਤਾਂ ਭੁੱਬਾਂ ਮਾਰ ਕੇ ਰੋ ਰਿਹਾ ਹੈ ਤੇ ਦੂਜੇ ‘ਮੈਂ’ ਅਤੇ ‘ਤੂੰ’ (ਪਰਮਾਤਮਾ) ਅੱਗੇ ਹੱਥ ਜੋੜ ਕੇ ਆਪਣੇ ਮਾਨਸ ਜਾਮੇਂ ਵਿੱਚ ਆਉਣ ਦੀ ਗ਼ਲਤੀ ਦੀ ਭੁੱਲ ਬਖ਼ਸ਼ਾ ਰਿਹਾ ਹੈ। ਲੇਕਿਨ ਹਾਲਾਤ ਇਹੋ ਜਿਹੇ ਬਣੇ ਦਿਖਾਈ ਦੇ ਹਨ ਕਿ ਨਾ ਤਾਂ ‘ਮੈਂ’ ਅਤੇ ਨਾ ‘ਤੂੰ’ ਨੂੰ ਕੋਈ ਫ਼ਰਕ ਪੈ ਰਿਹਾ ਹੈ। ਇਹ ਦੋਨੋਂ ਭਾਵ ‘ਮੈਂ’ ਤੇ ‘ਤੂ’ ਪਹਿਲੇ ‘ਮੈਂ’ ਤੋਂ ਪਰੇ ਹਟ ਕੇ ਖਲੋਤੇ ਹੋਏ ਦਿਖਾਈ ਦੇ ਰਹੇ ਹਨ।
‘ਮੈਂ’, ‘ਤੂੰ’ ਅੱਗੇ ਬੜੇ ਤਰਲੇ-ਮਿੰਨਤਾ ਪਾਉਂਦਾ ਹੈ, ਹਾੜੇ ਕੱਢਦਾ ਹੈ, ਅਰਦਾਸਾਂ ਕਰਦਾ ਹੈ ਕਿ ‘ਮੈਂ’ ਨੂੰ ‘ਮੈਂ’ ਤੋਂ ‘ਤੂੰ’ ਹੀ ਛੁਡਾ ਸਕਦਾ ਹੈ ਪਰ ‘ਤੂੰ’ ਮੂਕ ਦਰਸ਼ਨ ਬਣਿਆ ਹੋਇਆ ਚੁੱਪ-ਚੁਪੀਤਾ ਸਭ ਕੁਝ ਦੇਖੀ ਜਾ ਰਿਹਾ ਹੈ। ਸਮਾਂ ਬੀਤਦਾ ਜਾਂਦਾ ਹੈ। ਇਕ ‘ਮੈਂ’ ਦੀ ਜ਼ਿੰਦਗੀ ਦੇ ਪਲ ਘਟਦੇ ਜਾਂਦੇ ਹਨ। ਅੰਤ ਸਮਾਂ ਪੂਰਾ ਹੋਣ ‘ਤੇ ਧੜਕਣ ਰੁਕ ਜਾਂਦੀ ਹੈ ਤਾਂ ‘ਮੈਂ’ ਤੂੰ ਵਿੱਚ ਜਾ ਕੇ ਮਿਲ ਜਾਂਦਾ ਹੈ। ਇਹ ਜੰਮਣ-ਮਰਨ ਦਾ ਸਿਲਸ਼ਿਲਾ ਨਿਰੰਤਰ ਆਪਣੀ ਚਾਲੇ ਚੱਲਦਾ ਰਹਿੰਦਾ ਹੈ ਤੇ ਜਨਮ-ਮਰਨ ਦੀ ਯਾਤਰਾ ‘ਤੇ ਨਿਕਲਿਆ ‘ਮੈਂ’ ਦਾ ਇਹ ਕਾਫ਼ਲਾ ਇੰਝ ਹੀ ਚੱਲਦਾ ਆ ਰਿਹਾ ਹੈ ਤੇ ਸ਼ਾਇਦ ਇੰਝ ਹੀ ਚੱਲਦਾ ਰਹਿਣਾ ਹੈ ਉਦੋਂ ਤੱਕ, ਜਦੋਂ ਤੱਕ ਕਿ ਸ੍ਰਿਸ਼ਟੀ ਕਾਇਮ ਹੈ।
ਜਨਮ-ਮਰਨ ਦੀ ਇਸ ਯਾਤਰਾ ਵਿੱਚ ‘ਮੈਂ’ ਕਈ ਤਰਾਂ ਦੀਆਂ ਗੁਸਤਾਖ਼ੀਆਂ ਕਰ ਰਿਹਾ ਹੈ, ਪਸ਼ੂ ਬਣ ਕੇ ਖ਼ਰੂਦ ਮਚਾ ਰਿਹਾ ਹੈ, ਕਹਿੰਦੇ ਨੇ ਅਜਿਹੀ ਪ੍ਰਸਿਥਤੀ ਵਿੱਚ ‘ਤੂੰ’ ਹੀ ‘ਮੈਂ’ ਦੀ ਰਾਖ਼ੀ ਕਰ ਰਿਹਾ ਹੈ। ਬੇਸ਼ੱਕ ‘ਤੂੰ’ ਭਾਵ ਪਰਮਾਤਮਾ ਦਾ ਗੁਰੂਘਰਾਂ ਵਿੱਚ ਰੌਲ਼ਾ ਪਿਆ ਹੋਇਆ ਹੈ। ਭਜਨ ਹੁੰਦੇ ਹਨ, ਟੱਲ ਖੜਕਾਏ ਜਾਂਦੇ ਹਨ, ਧੂਫ਼-ਬੱਤੀ ਕੀਤੀ ਜਾਂਦੀ ਹੈ, ਦੀਵੇ ਜਗਾਏ ਜਾਂਦੇ ਹਨ, ਸਪੀਕਰਾਂ ਵਿੱਚ ਉੱਚੀ-ਉੱਚੀ ‘ਤੂੰ’ ਦੇ ਨਾਮ ਦਾ ਰੌਲ਼ਾ ਨਿਰੰਤਰ ਜਾਰੀ ਹੈ, ਤਰਾਂ ਤਰਾਂ ਦੀ ਸਮੱਗਰੀ ਦੀ ਵਰਤੋਂ ਕੀਤੀ ਜਾਂਦੀ ਹੈ, ਭੋਗ ਲਗਾਏ ਜਾਂਦੇ ਹਨ, ਪਤਾ ਨਹੀਂ ਕੀ ਕੁਝ ਕੀਤਾ ਜਾਂਦਾ ਹੈ ‘ਤੂੰ’ ਭਾਵ ਪਰਮਾਤਮਾ ਨੂੰ ਰਿਝਾਉਣ ਲਈ, ਪਰ ਇਹ ਰੌਲ਼ਾ ਕੇਵਲ ਸ਼ੋਰ-ਸ਼ਰਾਭੇ ਤੱਕ ਹੀ ਸੀਮਿਤ ਹੋ ਕੇ ਰਹਿ ਗਿਆ ਹੈ। ਅਸਲ ਵਿੱਚ ‘ਮੈਂ’ ਨੇ ‘ਤੂੰ’ ਨੂੰ ਭੁਲਾ ਦਿੱਤਾ ਹੋਇਆ ਹੈ।
‘ਤੂੰ’ ਦੇ ਨਾਂ ਦਾ ਧੰਦਾ ਬਣਾ ਕੇ ‘ਮੈਂ’ ਨੇ ਬੇਸ਼ੱਕ ਤਰੱਕੀ ਦੇ ਰਾਹ ਲੱਭ ਰਹੇ ਹਨ ਪਰ ‘ਮੈਂ’ ਨੇ ‘ਮੈਂ’ ਤੋਂ ਸੜਨਾ-ਬਲਣਾ ਨਹੀਂ ਤਿਆਗਿਆ। ‘ਮੈਂ’ ਹੀ ‘ਮੈਂ’ ਦੀ ਤਰੱਕੀ ਨੂੰ ਦੇਖ ਕੇ ਖੁਸ਼ ਨਹੀਂ ਹੈ। ‘ਮੈਂ’ ਤੇ ‘ਤੂੰ’ ਦੇ ਨਾਂ ‘ਤੇ ਹੀ ‘ਮੈਂ’ ਅਤੇ ‘ਮੈਂ’ ਵਿੱਚ ਵਿਸ਼ਵ ਯੁੱਧ ਛਿੜਿਆ ਹੋਇਆ ਹੈ। ‘ਤੂੰ’ ਦੇ ਨਾਂ ‘ਤੇ ਵੀ ‘ਮੈਂ’ ਵੱਲੋਂ ਲੜਾਈਆਂ-ਝਗੜੇ ਕੀਤੇ ਜਾ ਰਹੇ ਹਨ। ‘ਗੋਲਕ’ ਦੀ ਲੜਾਈ ਅੱਜ ਸਿਖ਼ਰਾਂ ‘ਤੇ ਜਾ ਪੁੱਜੀ ਹੈ। ਆਪਣੀਆਂ ਕੀਤੀਆਂ ਗੁਸਤਾਖ਼ੀਆਂ ਦਾ ਭਾਂਡਾ ‘ਤੂੰ’ ਦੇ ਸਿਰ ਭੰਨ ਦਿੱਤਾ ਜਾਂਦਾ ਹੈ। ਕਿ ‘ਜੋ ਕੁਝ ਕਰਦਾ ਹੈ ‘ਤੂੰ’ ਦੀ ਮਰਜ਼ੀ ਮੁਤਾਬਕ, ਉਹਦੀ ਰਜ਼ਾ ਵਿੱਚ ਹੀ ਹੁੰਦਾ ਹੈ। ਸੋ ਇਸ ਤਰੀਕੇ ਨਾਲ ‘ਮੈਂ’ ਤੇ ‘ਮੈਂ ਦੀ ਆਪਸੀ ਲੜਾਈ ‘ਤੂੰ’ ਨੂੰ ਰਗੜਾ ਲਗਾਉਣ ਦਾ ਕਾਰਜ ਵੀ ਬਾਖ਼ੂਬੀ ਨੇਪੜੇ ਚਾੜ ਰਹੀ ਹੈ। ਅਰਥਾਤ :

‘ਮੈਂ’ ਤੇ ਮੈਂ ਦਾ ਝਗੜਾ, ਤੂੰ ਨੂੰ ਲਾਉਂਦਾ ਰਗੜਾ।

????????????????????????????????????

ਪਰਸ਼ੋਤਮ ਲਾਲ ਸਰੋਏ
92175-44348

Leave a Reply

Your email address will not be published. Required fields are marked *

%d bloggers like this: