ਮੈਂ ਕਿਸੇ ਦੀ ਮਾਂ ਨਹੀਂ

ਮੈਂ ਕਿਸੇ ਦੀ ਮਾਂ ਨਹੀਂ

ਮੈਂ ਇੱਕ ਅਵਾਰਾ ਗਾਂ ਹਾਂ। ਮੇਰੇ ਕੁਝ ਭਗਤ ਕਹਿੰਦੇ ਹਨ ਕਿ ਗਊ ਮਾਤਾ ਅਵਾਰਾ ਨਹੀਂ, ਬੇਸਹਾਰਾ ਹੈ। ਪਰ ਮੈਨੂੰ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਮੈਂ ਅਵਾਰਾ ਹਾਂ ਜਾਂ ਬੇਸਹਾਰਾ। ਇਹ ਮੇਰੀ ਬਦਕਿਸਮਤੀ ਹੈ ਕਿ ਮੈਂ ਪਖੰਡੀ ਲੋਕਾਂ ਦੇ ਦੇਸ ਭਾਰਤ ਵਿੱਚ ਪੈਦਾ ਹੋ ਗਈ ਹਾਂ, ਜਿੱਥੇ ਲੱਖਾਂ ਨਹੀਂ ਕਰੋੜਾਂ ਲੋਕ ਮੈਨੂੰ ਗਊ ਮਾਤਾ ਕਹਿ ਕੇ ਮਾਣ ਦਿੰਦੇ ਹਨ ਪਰ ਮੈਨੂਸ਼ੰ ਪਤਾ ਹੈ ਕਿ ਮੈਂ ਕਿਸੇ ਦੀ ਮਾਂ ਨਹੀਂ। ਇਹ ਸਭ ਪਖੰਡੀ ਲੋਕ 100 ਵਰ੍ਹੇ ਪਹਿਲਾਂ ਦੀਆਂ ਗੱਲਾਂ ਹੀ ਦੁਹਰਾਈ ਜਾਂਦੇ ਹਨ। ਅੱਜ ਤੋਂ ਸੌ ਸਾਲ ਪਹਿਲਾਂ ਜਦੋਂ ਸਾਡੀਆਂ ਪੜਦਾਦੀਆਂ, ਨਕੜਦਾਦੀਆਂ, ਪੜਨਾਨੀਆਂ ਦੇਸੀ ਗਊਆਂ ਹੁੰਦੀਆਂ ਸਨ, ਉਹ ਉਦੋਂ ਵਾਕਈ ਗਊ ਮਾਤਾ ਹੁੰਦੀਆਂ ਹੋਣਗੀਆਂ। ਉਹ ਸਾਡੇ ਵਰਗੀਆਂ ਨਹੀਂ ਸਨ ਕਿ ਦੋ ਚਾਰ ਸਾਲ ਦੁੱਧ ਦਿੱਤਾ ਫਿਰ ਕਦੇ ਨਾ ਮਾਵਾਂ ਬਣੀਆਂ ਅਤੇ ਨਾ ਦੁੱਧ ਦਿੱਤਾ ਅਤੇ ਘਰ ਵਾਲਿਆਂ ਨੇ ਡੰਡੇ ਮਾਰਕੇ ਘਰੋਂ ਬਾਹਰ ਕੱਢ ਦਿੱਤਾ। ਉਹ ਗਊ ਮਾਤਾਵਾਂ ਆਪਣੀ ਉਮਰ ਦੇ ਅਖੀਰਲੇ ਵਰ੍ਹਿਆਂ ਤੱਕ ਦੁੱਧ ਦੇਈ ਜਾਂਦੀਆਂ ਸਨ। ਵੱਛੇ-ਵੱਛੀਆਂ ਦੇਈ ਜਾਂਦੀਆਂ ਸਨ। ਉਨ੍ਹਾਂ ਸਾਮਿਆਂ ਵਿੱਚ ਹਰ ਘਰ ਮੱਝ ਨਹੀਂ ਸੀ ਰੱਖ ਸਕਦਾ ਪਰ ਗਊ ਹਰ ਅਮੀਰ ਗਰੀਬ ਰੱਖ ਲੈਂਦਾ ਸੀ। ਸਾਰੀ ਉਮਰ ਲੋਕ ਗਊ ਦਾ ਦੁੱਧ ਪੀਂਦੇ ਰਹਿੰਦੇ ਸਨ। ਆਪਣੀ ਮਾਤਾ ਦਾ ਦੁੱਧ ਤਾਂ ਹਰ ਬੱਚਾ ਸਾਲ ਦੋ ਸਾਲ ਹੀ ਪੀ ਸਕਦਾ ਹੈ। ਸਾਇਦ ਇਸੇ ਲਈ ਗਊ ਨੂੰ ਗਊ ਮਾਤਾ ਕਹਿੰਦੇ ਹੋਣ। ਫਿਰ ਉਨ੍ਹਾਂ ਦੇ ਵੱਛੇ ਵੱਡੇ ਹੋ ਕੇ ਬਲਦ ਬਣਦੇ ਸਨ। ਉਨ੍ਹਾਂ ਨਾਲ ਖੇਤੀ ਕਰਕੇ ਕਿਸਾਨ ਆਪਣੇ ਲਈ ਆਪਣੇ ਪਸੂਆਂ ਲਈ ਅਤੇ ਬਾਕੀ ਦੁਨੀਆਂ ਲਈ ਅਨਾਜ ਪੈਦਾ ਕਰਦੇ ਸਨ।
ਪਰ ਹੁਣ ਦੁਨੀਆਂ ਬਦਲ ਗਈ ਹੈ। ਮੱਝਾਂ ਦੀ ਵੀ ਕੋਈ ਕਮੀ ਨਹੀਂ। ਬਾਹਰੋਂ ਰੰਡੇ ਮੁਲਕਾਂ ਤੋਂ ਮੇਰੀ ਨਸਲ ਦੀਆਂ ਗਊਆਂ ਆਉਣ ਕਰਕੇ ਦੁੱਧ ਆਮ ਹੋ ਗਿਆ ਹੈ। ਕਈ ਲੋਕ ਸਾਡੀ ਠੀਕ ਸੇਵਾ ਸੰਭਾਲ ਨਹੀਂ ਕਰ ਸਕਦੇ, ਜਿਸ ਕਰਕੇ ਮੇਰੀਆਂ ਬਹਤੁ ਭੈਣਾ ਫੰਡਰ ਹੋ ਗਈਆਂ ਹਨ। ਦੁੱਧ ਦਿੰਦੀਆਂ ਨਹੀਂ, ਇਸ ਲਈ ਕੋਈ ਘਰ ਰੱਖ ਕੇ ਰਾਜ਼ੀ ਨਹੀਂ, ਪਰ ਇਸ ਵਿੱਚ ਸਾਡਾ ਕੋਈ ਕਸੂਰ ਨਹੀਂ। ਖੇਤੀ ਲਈ ਲੋੜ ਤੋਂ ਜਿਆਦਾ ਟ੍ਰੈਕਟਰ ਆ ਗਏ ਹਨ। ਬਲਦਾਂ ਦੀ, ਖੇਤੀ ਲਈ ਕੋਈ ਲੋੜ ਨਹੀਂ ਰਹੀ। ਹਰਾ ਚਾਰਾ ਲਿਆਉਣ ਲਈ ਇੱਕ ਬਲਦ ਰੱਖਦੇ ਹਨ। ਹੁਣ ਉਹ ਵੀ ਛੱਡਦੇ ਜਾਂਦੇ ਹਨ। ਕਿਸੇ ਨੇ ਟ੍ਰੈਕਟਰ ਦੇ ਪਿੱਛੇ ਹਰੇ ਚਾਰੇ ਵਾਲੀ ਗੱਡੀ ਬਣਵਾ ਲਈ, ਕਿਸੇ ਨੇ ਸਕੂਟਰ ਜਾਂ ਮੋਟਰਸਾਈਕਲ ਪਿੱਛੇ ਛੋਟੀ ਜਿਹੀ ਗੱਡੀ ਬਣਵਾ ਲਈ ਹੈ। ਇੱਕ ਬਲਦ ਨੂੰ ਵੀ ਲੋਕ ਘਰਾਂ ਵਿੱਚੋਂ ਕੱਢ ਰਹੇ ਹਨ। ਦਿਨੋਂ ਦਿਨ ਸਾਡੀ ਬੇਕਦਰੀ ਵੱਧ ਰਹੀ ਹੈ।
ਤੁਹਾਨੂੰ ਦੱਸਾਂ ਕਿ ਤੁਹਾਡੀ ਇਸ ਗਊ ਮਾਤਾ ਦੀ ਜਿੰਦਗੀ ਕਿਵੇਂ ਬੀਤ ਰਹੀ ਹੈ। ਵੈਸੇ ਤਾਂ ਅੱਜ ਕੱਲ੍ਹ ਮੈਂ ਬਠਿੰਡੇ ਸਹਿਰ ਦੀ ਵਸਨੀਕ ਹਾਂ। ਮੇਰੇ ਵਰਗੀਆਂ ਅਤੇ ਹੋਰ ਅਮਰੀਕਨ ਵੱਛੇ, ਢੱਠੇ ਤਕਰੀਬਨ ਬਠਿੰਡਾ ਸ਼ਹਿਰ ਵਿੱਚ 2200-2300 ਫਿਰਦੇ ਹਨ। ਸਾਨੂੰ ਵਿਹਲੇ ਨਾ ਸਮਝਿਓ। ਅਸੀਂ ਦਿਨ ਚੜ੍ਹਦੇ ਨਾਲ ਤੁਰ ਪੈਂਦੇ ਹਾਂ। ਗਲੀ ਗਲੀ, ਮੁਹੱਲੇ ਮੁਹੱਲੇ, ਘਰ ਘਰ ਪਾਪੀ ਪੇਟ ਦੀ ਅੱਗ ਬੁਝਾਉਣ ਖਾਤਰ। ਕਿਸੇ ਦੇ ਗੇਟ ਅੱਗੇ ਰਾਤ ਦੀ ਬਚੀ ਹੋਈ ਰੋਟੀ ਜਾਂ ਆਟਾ ਪਿਆ ਹੁੰਦਾ ਹੈ, ਉਹ ਖਾ ਲਈਦਾ ਹੈ। ਕਿਸੇ ਨੇ ਸਬਜੀ ਚੀਰ ਛਿੱਲ ਕੇ ਵਾਧੂ ਪੱਤੇ ਸੁੱਟੇ ਹੁੰਦੇ ਹਨ, ਉਹ ਖਾ ਲਈਦੇ ਹਨ। ਕਈਆਂ ਨੇ ਕੂੜੇ ਕਬਾੜ ਦਾ ਲਿਫਾਫਾ ਭਰਕੇ ਸੁੱਟਿਆ ਹੁੰਦਾ ਹੈ, ਉਸ ਨੂੰ ਮੂੰਹ ਨਾਲ ਫਰੋਲਦੇ ਹਾਂ ਕਿ ਕੁਝ ਖਾਣ ਨੂੰ ਮਿਲ ਜਾਵੇ। ਕਈ ਵਾਰੀ ਖਾਣ ਵਾਲੀ ਚੀਜ ਨਾਲ ਲਿਬੜਿਆ ਲਿਫਾਫਾ ਹੀ ਖਾ ਲਈਦਾ ਹੈ। ਲਗਭਗ ਅੱਧੇ ਸਹਿਰ ਵਿੱਚ ਚੱਕਰ ਲਾ ਲਈਦਾ ਹੈ। ਰੇਹੜੀ ਤੇ ਵੀ ਝਪਟਾ ਮਾਰ ਲਈਦਾ ਹੈ। ਕਿਧਰੇ ਕਿਧਰੇ ਚੰਗੇ ਲੋਕ ਸਾਨੂੰ ਹਰੇ ਦੀ ਟਾਲ ਤੋਂ ਮੁੱਲ ਖਰੀਦ ਕੇ ਵੀ ਹਰਾ ਚਾਰਾ ਪਾ ਦਿੰਦੇ ਹਨ। ਕਦੇ ਕਦੇ ਸਹੇਲੀਆਂ ਨਾਲ ਰਲ ਕੇ ਰਾਤ ਨੂੰ ਹਰੀਆਂ ਕਣਕਾਂ ਚਰਨ ਲਈ ਕਿਸੇ ਪਿੰਡਾਂ ਵੱਲ ਨਿੱਕਲ ਜਾਈਦਾ ਹੈ। ਕਦੇ ਕਦੇ ਤਾਂ ਚੰਗਾ ਦਾਅ ਲੱਗ ਜਾਂਦਾ ਹੈੌ ਅਤੇ ਢਿੱਡ ਭਰ ਲਈਦਾ ਹੈ। ਪਰ ਬਹੁਤੀ ਵਾਰੀ ਡਾਂਗਾਂ ਨਾਲ ਸੇਵਾ ਵੀ ਹੋ ਜਾਂਦੀ ਹੈ। ਸਿੱਧੇ ਗੰਡਾਸੇ ਅਤੇ ਬਰਛੇ ਵੀ ਵੱਜਦੇ ਹਨ। ਮੈਨੂੰ ਗਊ ਮਾਤਾ ਕਹਿਣ ਵਾਲੇ ਕੁੱਤਿਆਂ ਤੋਂ ਲੱਤਾਂ ਵੀ ਪੜਵਾ ਦਿੰਦੇ ਹਨ। ਕਦੇ ਕਦੇ ਘੋੜਿਆਂ ਤੋਂ ਚੜ੍ਹੇ ਰਾਖੇ ਵੀ ਸਾਨੂੰ ਬਹੁਤ ਭਜਾਉਂਦੇ ਹਨ ਅਤੇ ਘੋੜਿਆਂ ਤੋ ਦੰਦੀਆਂ ਵਢਵਾਉਂਦੇ ਹਨ। ਅਸੀਂ ਡਿਗਦੀਆਂ ਢਹਿੰਦੀਆਂ ਵਾਪਸ ਸਹਿਰ ਆ ਜਾਂਦੀਆਂ ਹਾਂ। ਪਤਾ ਨਹੀਂ ਕਿੰਨੇ ਘਰਾਂ ਦੇ ਚਿਰਾਗ ਸਾਡੇ ਕਰਕੇ ਹੋਏ ਐਕਸੀਡੈਂਟਾਂ ਕਾਰਨ ਬੁੱਝ ਚੁੱਕੇ ਹਨ।
ਸ਼ਹਿਰ ਵਿੱਚ ਭੁੱਖੀਆਂ ਤਿਹਾਈਆਂ ਤੁਰੀਆਂ ਫਿਰਦੀਆਂ ਹਾਂ। ਕਈ ਵਾਰੀ ਸਾਰਾ ਸਾਰਾ ਦਿਨ ਪੀਣ ਲਈ ਪਾਣੀ ਵੀ ਨਹੀਂ ਮਿਲਦਾ। ਸਰਦੀਆਂ ਵਿੱਚ ਇੱਕ ਭੁੱਖ ਨਾਲ ਮਰਦੀਆਂ ਹਾਂ, ਦੂਜਾ ਠੰਡ ਨਾਲ। ਵੇ ਮੈਨੂੰ ਗਊ ਮਾਤਾ ਕਹਿਣ ਵਾਲਿਓ ਮੇਰੇ ਹਰਾਮੀ ਪੁੱਤਰੋ ਜੇ ਮੇਰੀ ਸਹੀ ਹਾਲਤ ਦਾ ਅੰਦਾਜਾ ਲਾਉਣਾ ਹੈ ਤਾਂ ਇੱਕ ਰਾਤ ਭੁੱਖੇ ਰਹਿ ਕੇ, ਬਿਨਾਂ ਗਰਮ ਕੱਪੜਿਆਂ ਦੇ, ਸਰਦੀ ਵਿੱਚ ਇੱਕ ਰਾਤ ਮਕਾਨ ਦੇ ਬਾਹਰ ਕੱਟ ਕੇ ਵੇਖੋ। ਫਿਰ ਤੁਹਾਨੂੰ ਪਤਾ ਲੱਗੇਗਾ ਕਿ ਭੁੱਖ ਅਤੇ ਠੰਡ ਵਿੱਚ ਰਾਤਾਂ ਕਿੰਨੀਆਂ ਲੰਮੀਆਂ ਹੋ ਜਾਂਦੀਆਂ ਹਨ। ਫਿਰ ਤੁਹਾਨੂੰ ਪਤਾ ਲੱਗੇਗਾ ਕਿ ਤੁਸੀਂ ਗਊ ਦੀ ਜਿੰਦਗੀ ਮਾਤਾ ਬਣਾ ਕੇ ਕਿਵੇਂ ਨਰਕ ਬਣਾ ਦਿੱਤੀ ਹੈ। ਵੇ ਪਾਪੀਓ ਨਾ ਤੁਸੀਂ ਸਾਨੂੰ ਜਿਉਣ ਦਿੰਦੇ ਹੋ, ਨਾ ਮਰਨ ਦਿੰਦੇ ਹੋ।
ਜੇ ਮੈਂ ਕਿਸੇ ਅਮਰੀਕਾ ਕੈਨੇਡਾ ਵਰਗੇ ਮੁਲਕਾਂ ਵਿੱਚ ਜੰਮੀ ਹੁੰਦੀ, ਜਿਨ੍ਹਾ ਚਿਰ ਜਿਉਂਦੀ ਵਧੀਆ ਹਰਾ ਚਾਰਾ ਵਧੀਆ ਦਾਣਾ ਰੱਜਵਾਂ ਖਾਂਦੀ। ਹੁਣ ਨਾਲੋਂ ਮੇਰੀ ਸਿਹਤ ਦੁੱਗਣੀ ਤਿਗਣੀ ਹੁੰਦੀ, ਜਿਨ੍ਹਾਂ ਚਿਰ ਦੁੱਧ ਦਿੰਦੀ, ਅਗਲੇ ਦੁੱਧ ਪੀਂਦੇ। ਦੁੱਧ ਦੇਣੋਂ ਬੇਕਾਰ ਹੋ ਜਾਂਦੀ ਹੈ ਤਾਂ ਅਗਲੇ ਵੱਢ ਕੇ ਮੀਟ ਬਣਾ ਲੈਂਦੇ। ਵੱਢਣ ਦੀ ਤਕਲੀਫ ਤਾਂ ਦੋ ਚਾਰ ਮਿੰਟ ਹੁੰਦੀ, ਜਿੰਨਾਂ ਚਿਰ ਜਿਉਂਦੀ ਸਾਨ ਨਾਲ ਜਿਉਂਦੀ। ਮਰਨਾ ਤਾਂ ਸਭ ਨੇ ਹੀ ਇੱਕ ਦਿਨ ਹੈ। ਇੱਥੇ ਸਰਦੀਆਂ ਵਿੱਚ ਤਾਂ ਮੈਂ ਚੌਵੀ ਘੰਟੇ ਹੀ ਭੁੱਖ ਅਤੇ ਠੰਡ ਨਾਲ ਤਿਲ ਤਿਲ ਮਰਦੀ ਹਾਂ। ਇਹੋ ਜਿਹੋ ਜਿਉਣ ਨਾਲੋਂ ਤਾਂ ਆਰੇ ਹੇਠ ਆ ਕੇ ਮਰਨਾ ਹਜ਼ਾਰ ਗੁਣਾ ਚੰਗਾ ਹੈ।
ਤੁਸੀਂ ਕਦੇ ਕੋਈ ਕੱਟਾ-ਕੱਟੀ, ਝੋਟੀ-ਝੋਟਾ, ਮੱਝ, ਬੱਕਰੀ, ਬੱਕਰਾ, ਭੇਡ, ਭੇਡੂ ਸਾਡੇ ਵਾਂਗ ਭੁੱਖਾ ਤਿਹਾਇਆ, ਗਰਮੀ ਸਰਦੀ ਵਿੱਚ ਮਰਦਾ, ਬੇਸਹਾਰਾ ਅਵਾਰਾ ਫਿਰਦਾ ਵੇਖਿਆ ਹੈ। ਨਹੀਂ ਵੇਖਿਆ ਹੋਣਾ। ਪਤਾ ਕਿਉਂ ਨਹੀਂ ਵੇਖਿਆ ਕਿਉਂ ਤੁਹਾਡੇ ਵਰਗੇ ਪਖੰਡੀਆਂ ਨੇ ਉਨ੍ਹਾਂ ਨੂੰ ਮਾਤਾ-ਪਿਤਾ ਨਹੀਂ ਮੰਨਿਆ। ਉਨ੍ਹਾਂ ਨੂੰ ਤੁਸੀਂ ਪਸ਼ੂ ਹੀ ਸਮਝਦੇ ਹੋ। ਜਿੰਨਾਂ ਚਿਰ ਉਹ ਕੰਮ ਕਾਰ ਦੇ ਰਹਿੰਦੇ ਹਨ, ਉਨਾਂ ਚਿਰ ਉਨ੍ਹਾਂ ਦੇ ਮਾਲਕ ਰੱਖਦੇ ਹਨ। ਉਸ ਤੋਂ ਬਾਅਦ ਵੇਚ ਦਿੰਦੇ ਹਨ ਅਤੇ ਤੁਹਾਡੇ ਵਰਗਿਆਂ ਦੇ ਖਾਣੇ ਦੇ ਕੰਮ ਆਉਂਦੇ ਹਨ ਅਤੇ ਉਨ੍ਹਾਂ ਦੀ ਜੂਨੀ ਕੱਟੀ ਜਾਂਦੀ ਹੈ। ਵੇ ਪਾਖੰਡੀਓ ਸਾਡੇ ਤੇ ਰਹਿਮ ਕਰੋ। ਸਾਨੂੰ ਗਊ ਮਾਤਾ ਕਹਿਣਾ ਬੰਦ ਕਰੋ। ਤੁਹਾਨੂੰ ਸਾਫ ਲਫ਼ਜਾਂ ਵਿੱਚ ਦੱਸਾਂ ਕਿ ਤੁਹਾਡੇ ਵਲੋਂ ਸਾਨੂੰ ਮਾਤਾ ਕਹਿਣ ਕਰਕੇ ਸਾਡੇ ਵਾਸਤੇ ਭਾਰਤ ਦੇਸ਼ ਜਿਉਂਦਾ ਜਾਗਦਾ ਨਰਕ ਹੈ। ਸਾਡੀ ਜਿੰਦਗੀ ਜਿਉਣ ਜੋਗੀ ਬਣਾਉਣ ਵਾਸਤੇ ਇਸ ਨਰਕ ਵਿੱਚੋਂ ਸਾਨੂੰ ਕੱਢਣ ਵਾਸਤੇ ਤੁਹਾਡੇ ਕੋਲ ਦੋ ਤਰੀਕੇ ਹਨ :
ਪਹਿਲਾ ਤਰੀਕਾ : ਸਾਨੂੰ ਗਊ ਮਾਤਾ ਕਹਿਣਾ ਬੰਦ ਕਰੋ। ਸਾਨੂੰ ਰੱਬ ਦੇ ਬਣਾਏ ਪਸ਼ੂ ਹੀ ਸਮਝੋ। ਜੇ ਅਸੀਂ ਤੁਹਾਡੇ ਕੰਮ ਦੇ ਨਹੀਂ ਅਤੇ ਤੁਸੀਂ ਸਾਨੂੰ ਖਾਣ ਪੀਣ ਨੂੰ ਨਹੀਂ ਦੇ ਸਕਦੇ ਤਾਂ ਸਾਨੂੰ ਜੋ ਮਾਰਦਾ ਹੈ, ਮਾਰਣ ਦੇਵੋ, ਖਾਣ ਦੇਵੋ। ਸਾਡਾ ਮਾਸ ਬਾਹਰਲੇ ਮੁਲਕਾਂ ਵਿੱਚ ਖਾਣ ਲਈ ਭੇਜਣ ਦੇਵੋ। ਸਾਡੀ ਜੂਨੀ ਕੱਟ ਜਾਣ ਦਿਓ। ਤੁਸੀਂ ਅੜਿੱਕਾ ਨਾ ਡਾਹੋ। ਵੈਸੇ ਤਾਂ ਸਾਨੂੰ ਖਾਣ ਵਾਲੇ, ਵੱਢਣ ਵਾਲੇ ਇੱਥੇ ਹੀ ਬਹੁਤ ਹਨ, ਪਰ ਸਾਡਾ ਇੱਥੇ ਵੱਢਿਆ ਜਾਣਾ ਚੰਗਾ ਨਹੀਂ ਲੱਗਦਾ ਤਾਂ ਹਿੱਕ ਕੇ ਸਾਨੂੰ ਗੁਆਂਢੀ ਮੁਲਕ ਵਿੱਚ ਭੇਜ ਦਿਓ। ਉਹ ਸਾਡੀ ਜੂਟ ਕੱਟ ਦੇਣਗੇ। ਜੇ ਉਹ ਵੀ ਚੰਗਾ ਨਹੀਂ ਲੱਗਦਾ ਤਾਂ ਸਾਨੂੰ ਸ਼ੇਰਾਂ ਵਾਲੇ ਜੰਗਲ ਵਿੱਚ ਛੱਡ ਆਓ। ਉਥੇ ਕੁਝ ਦਿਨ ਜਾਂ ਕੁਝ ਮਹੀਨੇ ਤਾਂ ਰੱਜ ਕੇ ਘਾਹ ਫੂਸ ਖਾ ਲਵਾਂਗੀਆਂ। ਫੇਰ ਕਿਸੇ ਦਿਨ ਕੋਈ ਸ਼ੇੇਰ ਸਾਡੀ ਜੂਨੀ ਕੱਟ ਹੀ ਦੇਵੇਗਾ। ਜੇ ਕੋਈ ਪਾਪ ਲੱਗੇਗਾ ਤਾਂ ਸਾਨੂੰ ਮਾਰਨ ਵਾਲੇ ਨੂੰ, ਖਾਣ ਵਾਲੇ ਨੂੰ ਲੱਗੇਗਾ। ਤੁਸੀਂ ਤਾਂ ਇਸ ਪਾਪ ਤੋਂ ਮੁਕਤ ਹੋ ਜਾਵੋਗੇ। ਜੇ ਤੁਸੀਂ ਸਾਨੂੰ ਅਜਿਹੀ ਜਿੰਦਗੀ ਦੇ ਕੇ ਕਰ ਰਹੇ ਹੋ।
ਦੂਸਰਾ ਤਰੀਕਾ : ਜੇ ਸਾਨੂੰ ਗਊ ਮਾਤਾ ਕਹਿਣਾ ਹੀ ਹੈ ਤਾਂ ਸਾਨੂੰ ਭੁੱਖੀਆਂ, ਤਿਹਾਈਆਂ, ਗਰਮੀ ਸਰਦੀ ਨਾਲ ਨਾ ਮਰੋ। ਸਾਨੂੰ ਖਾਣ ਲਈ ਵੰਡ ਵੜੇਵੇਂ ਨਹੀਂ ਚਾਹੀਦੇ। ਅਸੀਂ ਸੁੱਕੀ ਤੂੜੀ ਅਤੇ ਪਰਾਲੀ ਨਾਲ ਵੀ ਗੁਜਾਰਾ ਕਰ ਲਵਾਂਗੀਆਂ। ਸਾਡਾ ਦੁੱਧ ਪੀਣਾ ਹੈ ਤਾਂ ਸਾਡਾ ਇਲਾਜ ਕਰਾਓ। ਪੰਜਾਬ ਵਿੱਚ ਹਰ ਸਾਲ ਐਨੀ ਪਰਾਲੀ ਸਾੜੀ ਜਾਂਦੀ ਹੈ ਕਿ ਇਸ ਨਾਲ 25 ਲੱਖ ਬੇਸਹਾਰਾ ਪਸੂਆਂ ਦੇ ਚਾਰੇ ਦਾ ਇੰਤਜਾਮ ਹੋ ਸਕਦਾ ਹੈ। ਜਦੋਂ ਕਿ ਸਾਡੀ ਗਿਣਤੀ ਤਾਂ ਪੰਜਾਬ ਵਿੱਚ ਦੋ ਢਾਈ ਲੱਖ ਹੀ ਹੈ। ਹੁਣ ਤਾਂ ਇੰਨੀ ਤਰੱਕੀ ਹੋ ਚੁੱਕੀ ਹੈ ਕਿ ਵੱਛਿਆਂ ਦੀ ਗਿਣਤੀ ਵੀ ਦੋ ਤਿਹਾਈ ਘਟਾਈ ਜਾ ਸਕਦੀ ਹੈ। ਵੇ ਜ਼ਮੀਨਾਂ, ਜਾਇਦਾਦਾਂ ਵਾਲਿਓ, ਕਾਰਖਾਨੇਦਾਰੋ, ਵਪਾਰੀਓ, ਸਰਕਾਰੇ, ਦਸ ਪੰਦਰਾਂ ਪਿੰਡਾਂ ਪਿੱਛੇ ਇੱਕ ਗਊਸਾਲਾ ਬਣਾਓ। ਪਰਾਲੀ ਅੱਗ ਨਾਲ ਸਾੜਨ ਦੀ ਬਜਾਏ, ਮਸ਼ੀਨਾਂ ਨਾਲ ਇਕੱਠੀ ਕਰਕੇ ਗਊਸ਼ਾਲਾ ਵਿੱਚ ਭੇਜੋ। ਅਸੀਂ ਕੱਲੀ ਪਰਾਲੀ ਖਾ ਕੇ ਅਤੇ ਪਾਣੀ ਪੀ ਕੇ ਗੁਜ਼ਾਰਾ ਕਰ ਲਵਾਂਗੀਆਂ। ਜੇ ਚੰਗੀ ਸੇਵਾ ਸੰਭਾਲ ਕਰੋਗੇ ਤਾਂ ਸਾਡੀਆਂ ਕਈ ਭੈਣਾਂ ਦੁੱਧ ਵੀ ਦੇਣਗੀਆਂ। ਸੱਚ ਜਾਣਿਓ ਅਸੀਂ ਤੁਹਾਡੇ ਤੇ ਬੋਝ ਨਹੀਂ ਬਣਾਂਗੀਆਂ। ਦੁੱਧ ਵੀ ਦੇਵਾਂਗੀਆਂ, ਵਧੀਆ ਖਾਦ ਵੀ ਬਣਾਵਾਂਗੀਆਂ, ਚੰਗੀ ਨਸਲ ਦੀਆਂ ਵੱਛੀਆਂ ਵੀ ਦੇਵਾਂਗੀਆਂ, ਰੁਜ਼ਗਾਰ ਵੀ ਦੇਵਾਂਗੀਆਂ। ਬਸ ਸਾਨੂੰ ਸੰਭਾਲਣ ਵਾਲੇ ਸਿਆਣੇ ਹੋਣੇ ਚਾਹੀਦੇ ਹਨ। ਬਸ ਹੁਣ ਇੱਕ ਪਾਸ ਕਰ ਦਿਓ। ਦੋਨਾਂ ਵਿੱਚ ਜਿਹੜਾ ਤਰੀਕਾ ਤੁਹਾਨੂੰ ਪਸੰਦ ਹੈ, ਅਪਣਾ ਲਓ। ਪਰ ਸੁੱਕਾ ਹੀ ਗਊ੍ਵ ਮਾਤਾ, ਗਊ ਮਾਤਾ ਕਰਕੇ ਸਾਨੂੰ ਮੌਤੋਂ ਹਜ਼ਾਰ ਗੁਣਾ ਭੈੜੀ ਜ਼ਿੰਦਗੀ ਜਿਉਣ ਲਈ ਮਜਬੂਰ ਨਾ ਕਰੋ।

IMG_0446ਪਰਵਿੰਦਰਜੀਤ ਸਿੰਘ ਮੋਬਾ: 99152-22122, ਬਠਿੰਡਾ

Share Button

Leave a Reply

Your email address will not be published. Required fields are marked *

%d bloggers like this: