Tue. Feb 25th, 2020

ਮੇਲ-ਫੀਮੇਲ

ਮੇਲ-ਫੀਮੇਲ

ਇਸ ਵਿਸ਼ੇ ਤੇ ਗੱਲ ਕਰਨ ਲੱਗਿਆਂ ਬਹੁਤ ਸੋਚਣਾ ਸਮਝਣਾਂ ਪੈ ਰਿਹਾ ਹੈ ਜਿਵੇਂ ਹਰ ਸਿੱਕੇ ਦੇ ਦੋ ਪਹਿਲੂ ਹੁੰਦੇ ਹਨ ਓਦਾਂ ਹੀ ਕਈ ਵਾਰ ਕੁਝ ਸਮਝ ਨਹੀਂ ਆਉਂਦਾ ਪਰ ਆਪਣੇ ਸਮਾਜ ਵਿੱਚ ਤਾਂ ਸਾਫ਼ ਨਜ਼ਰ ਆ ਰਿਹਾ ਹੈ ਕਈ ਲੋਕ ਸਭ ਜਾਣਦੇ ਹੋਏ ਵੀ ਗੱਲ ਨਹੀਂ ਕਰਨੀ ਚਾਹੁੰਦੇ। ਆਪਣੇ ਸਮਾਜ ਵਿੱਚ ਮੁੰਡਿਆਂ ਨੂੰ ਜ਼ਿਆਦਾ ਤਵੱਜੋ ਦਿੱਤੀ ਜਾਂਦੀ ਹੈ ਕੁੜੀਆਂ ਨਾਲੋਂ ਤੇ ਬਾਅਦ ਵਿੱਚ ਓਹੀ ਮੁੰਡੇ ਆਪਣੇ ਬੁੱਢੇ ਮਾਪਿਆਂ ਨੂੰ ਬਿਰਧ ਆਸ਼ਰਮ ਛੱਡ ਕੇ ਆਉਂਦੇ ਨੇ ਜਾਂ ਘਰੋਂ ਕੱਢ ਦਿੰਦੇ ਨੇ ਇੱਥੇ ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ ਪਰ ਬਹੁਤੇ ਇਸ ਤਰ੍ਹਾਂ ਹੀ ਕਰਦੇ ਨੇ ਅਕਸਰ ਕੁੜੀਆਂ ਹਰ ਕੰਮ ਚ ਅੱਗੇ ਨਿੱਕਲ ਜਾਂਦੀਆਂ ਨੇ ਜਿਵੇਂ ਸਕੂਲਾਂ ਵਿੱਚ ਹੀ ਫੇਲ੍ਹ ਜ਼ਿਆਦਾਤਰ ਮੁੰਡੇ ਹੀ ਹੁੰਦੇ ਨੇ ਕੁੜੀਆਂ ਬਹੁਤ ਘੱਟ।

ਥੋੜ੍ਹੀਆਂ ਬਹੁਤੀਆਂ ਹੋਣਗੀਆਂ ਜਿਨ੍ਹਾਂ ਨੇ ਸ਼ਰਮ ਸੰਗ ਨਾ ਮੰਨਦੇ ਹੋਏ ਮਾਪਿਆਂ ਦੀ ਇੱਜ਼ਤ ਰੋਲਤੀ ਹੋਵੇ ਕਈ ਚੰਨ ਚਾੜ੍ਹਤੇ ਹੋਣ ਪਰ ਬਹੁਤ ਸਾਰੀਆਂ ਨੇ ਤਾਂ ਆਪਣੇ ਮਾਪਿਆਂ ਦਾ ਨਾਮ ਚਮਕਾਇਆ ਹੈ ਜੋ ਕਿ ਬਹੁਤ ਸੂਝਵਾਨ ਸੰਸਕਾਰੀ ਜਿਹੜੀਆਂ ਮਾਪਿਆਂ ਦੀ ਪੱਗ ਨੂੰ ਦਾਗ਼ ਨਹੀਂ ਲੱਗਣ ਦਿੰਦੀਆਂ। ਆਪਾਂ ਗੱਲ ਕਰਦੇ ਹਾਂ ਮੇਲ-ਫੀਮੇਲ ਦੀ ਅੱਜ 21ਵੀਂ ਸਦੀ ਵਿੱਚ ਜਿਊਣ ਦੇ ਬਾਵਜੂਦ ਵੀ ਸਾਡੀ ਸੋਚ ਬਹੁਤ ਪਿੱਛੇ ਖੜ੍ਹੀ ਹੈ ਅਸੀਂ ਅੱਜ ਆਪਣੇ ਦਿਮਾਗ ਵਿਚੋਂ ਕੁੜੀ ਮੁੰਡੇ ਵਾਲਾ ਫ਼ਰਕ ਨਹੀਂ ਖ਼ਤਮ ਕਰ ਸਕੇ।ਉਪਰੋਂ ਮੇਰੇ ਭਾਰਤ ਮਹਾਨ ਦੇਸ਼ ਵਿੱਚ ਤਿਉਹਾਰ ਵੀ ਇੱਦਾਂ ਦੇ ਰੱਖੜੀ ਲੋਹੜੀ ਵਰਗੇ ਜਿੱਥੇ ਹਮੇਸ਼ਾ ਕੁੜੀ ਮੁੰਡੇ ਵਿੱਚ ਫਰਕ ਝਲਕੇ। ਰੱਖੜੀ ਨੂੰ ਕਹਿਣਗੇ ਕਿ ਔਰਤ ਦੀ ਰਾਖ਼ੀ ਸਿਰਫ ਮਰਦ ਹੀ ਕਰ ਸਕਦਾ ਹੈ । ਝਾਤ ਮਾਰਿਓ ਪਿੰਡਾਂ ਸ਼ਹਿਰਾਂ ਵਿੱਚ ਲੱਗੇ ਬੈਨਰ ਟੀਵੀ ਚੈਨਲਾਂ ਦੀ ਐਡ ਕੀ ਕਹਿੰਦੀਆਂ ਨੇ ਕਿ ਮਰਦਾਨਾ ਕਮਜ਼ੋਰੀ ਵਾਲੇ ਇੱਥੇ ਮਿਲੋ। ਕਿਸੇ ਦੇ ਘਰ ਧੀ ਪੈਦਾ ਹੋਵੇ ਇੱਥੇ ਤਾਂ ਕਹਿਣਗੇ ਕਿ ਰੱਬ ਜੀਅ ਦੇ ਦਿੰਦਾ, ਕੁੜੀ ਕੋਈ ਜੀਅ ਨਹੀਂ ਯਰ ਓਹਦੇ ਵੀ ਲੱਤਾਂ ਬਾਹਾਂ ਹੈਗੀਆ ਭਾਈ , ਸਾਹ ਚਲਦੇ ਨੇ, ਧੀਆਂ ਨਾਲ ਹੀ ਪਰਿਵਾਰ ਅੱਗੇ ਵਧਦੇ ਨੇ, ਓਹਨਾ ਨੇ ਹੀ ਬਹੂ ਬੇਟੀਆਂ ਮਾਵਾਂ ਬਣਨਾ ਭਾਈ !

ਸਮਝੋ ਕੁੱਝ ਪਰ ਨਹੀਂ ਇੱਥੇ ਤਾਂ ਸਿਰਫ ਮੁੰਡਾ ਹੀ ਚਾਹੀਦਾ ਓਹੀ ਬਣੂ ਬਾਹੂਬਲੀ । ਧੀ ਤਾਂ ਕਿਸੇ ਕੰਮ ਦੀ ਨਹੀਂ, ਆਪਣੇ ਘਰਾਂ ਵਿੱਚ ਨਿਗ੍ਹਾ ਮਾਰ ਲਿਓ ਇਨਾਂ ਜਿਨ੍ਹਾਂ ਕੋਈ ਘਰਦੇ ਕੰਮ-ਕਾਜ ਨਹੀਂ ਕਰਦਾ, ਜਦੋਂ ਆਪਾਂ ਲੰਮੀਆਂ ਤਾਣ ਕੇ ਰਜਾਈਆਂ ਵਿੱਚ ਵੜ ਜਾਨੇ ਆ ਸਭ ਕੁਝ ਬੈੱਡ ਤੇ ਬੈਠਿਆ ਨੂੰ ਫੜਾਉਣ ਵਾਲੀ ਵੀ ਔਰਤ ਹੀ ਹੈ ,ਤੇ ਓਹ ਵੀ ਔਰਤ ਹੀ ਆ ਜਿਹੜਾ ਸਭ ਭਾਂਡਾ ਠੀਕਰ ਸਾਂਭ ਸੰਭਾਲ ਕੇ ਸਭ ਤੋਂ ਲੇਟ ਸੌਂਦੀ ਹੈ । ਤੜਕੇ ਉੱਠ ਕੇ ਹੀ ਲੱਗ ਜਾਣਾ ਰੋਟੀ ਪਾਣੀ ਕਰਨ, ਕੰਮਾਂ ਕਾਰਾਂ ਤੇ ਭੇਜਣਾ ਰੋਟੀ ਬੰਨ੍ਹ ਕੇ, ਮਰਦ ਤਾਂ ਵੀ ਫਿਰ ਵੀ 8-10 ਜਾਂ ਬਾਰਾਂ ਘੰਟੇ ਡਿਊਟੀ ਕਰਦਾ ਤਨਖ਼ਾਹ ਵੀ ਲੈਂਦਾ ਤੇ ਐਤਵਾਰ ਦੀ ਛੁੱਟੀ ਵੀ ਕਰਦਾ ।ਓਹ ਔਰਤ ਹੀ ਹੈ ਜੀਹਨੂੰ ਕੋਈ ਛੁੱਟੀ ਨਹੀਂ ਕੋਈ ਟਾਈਮ ਨੀ ਕੰਮ ਦਾ 24 ਘੰਟੇ ਆਲਾ ਹਸਾਬ ਕਤਾਬ ਤੇ ਤਨਖ਼ਾਹ ਵੀ ਨਹੀਂ ਮਿਲਦੀ ਕੋਈ ।

ਧੰਨ ਆ ਫੀਮੇਲ….

ਸਲਾਮ ਉਹਨਾਂ ਨੂੰ ਜਿਹੜੇ ਕੋਈ ਵਿਤਕਰਾ ਨਹੀਂ ਕਰਦੇ ਧੀਆਂ ਦੀ ਲੋਹੜੀ ਮਨਾਉਂਦੇ ਹਨ। ਕਿਤੇ ਪੜਿਆ ਸੀ ਕਿ ਜਿਵੇਂ ” ਦੋਹਤੀ ਪੈਦਾ ਹੋਣ ਤੇ ਤੁਹਾਡੀ ਬੇਟੀ ਦਾ ਕੋਈ ਕਸੂਰ ਨਹੀਂ ਓਵੇਂ ਹੀ ਪੋਤੀ ਪੈਦਾ ਹੋਣ ਤੇ ਤੁਹਾਡੀ ਨੂੰਹ ਕਸੂਰਵਾਰ ਨਹੀਂ”। ਇੱਥੇ ਲੋਕ ਤਾਂ ਅਜਿਹੇ ਨੇ ਇੱਕ ਵਾਰ ਮੈਂ ਕਿਸੇ ਘਰ ਦੂਜੀ ਕੁੜੀ ਪੈਦਾ ਹੋਣ ਤੇ ਵਧਾਈਆਂ ਦੇ ਦਿੱਤੀਆਂ ਸੀ ਤੇ ਓਹਦੀ ਸੱਸ ਨੇ ਸਾਡੇ ਘਰੇ ਲਾਭਾਂ ਭੇਜਤਾ ਕਿ ਸਾਡੇ ਕੁੜੀ ਹੋਈ ਆ ਥੋਡਾ ਮੁੰਡਾ ਵਧਾਈਆਂ ਦਿੰਦਾ ਕੀ ਬਣੂੰ ਸਾਡਾ ਸਮਝ ਤੋਂ ਬਾਹਰ ਆ। ਜਿੰਨਾ ਦੇ ਘਰ ਸਿਰਫ ਧੀ ਹੋਵੇ ਓਹ ਵੀ ਕਹਿੰਦੇ ਨੇ ਕਿ ਇਹ ਤਾਂ ਮੇਰਾ ਪੁੱਤ ਹੈ ਧੀ ਵਾਲਾ ਤਾਂ ਪਿਆਰ ਮਿਲਿਆ ਨੀ, ਗੱਲ ਤਾਂ ਫੇਰ ਪੁੱਤ ਤੇ ਆ ਕੇ ਖੜਗੀ, ਮਤਲਬ ਧੀ ਹੋਣਾ ਇੱਕ ਗੁਨਾਹ ਜਿਹਾ ਜਾਪਦਾ। ਜੇ ਇਕੱਲਾ ਮੁੰਡਾ ਹੋਵੇ ਕਦੇ ਨੀ ਕਹਿਣਗੇ ਕਿ ਇਹ ਸਾਡੀਆਂ ਧੀ ਹੈ, ਹਾਂ ਜੇ ਮੁੰਡਾ ਗਲਤ ਸੰਗਤ ਵਿੱਚ ਹੋਵੇ ਜਲੂਸ ਕਢਾਵੇ ਘਰਦਿਆਂ ਤਾਂ ਭਾਵੇਂ ਕਹਿ ਦੇਣ ਕਿ ਤੇਰੇ ਨਾਲੋਂ ਚੰਗੀ ਇੱਕ ਧੀ ਹੁੰਦੀ ਵਿਆਹ ਕੇ ਤੋਰ ਦਿੰਦੇ ।

ਇਹ ਬੱਚੇ ਇੱਕ ਕੁਦਰਤੀ ਪ੍ਰਕਿਰਿਆ ਨਾਲ ਮਰਦ ਔਰਤ ਦੇ ਸੁਮੇਲ ਨਾਲ ਪੈਦਾ ਹੁੰਦੇ ਨੇ ਪਰ ਆਪਾਂ ਰੱਬ ਨੂੰ ਗਾਲ਼ਾਂ ਦਿੰਦੇ ਹਾਂ ਕਿ ਸਾਨੂੰ ਕੁੜੀ ਦੇਤੀ ਤੇ ਜਿੰਨਾ ਦੇ ਮੁੰਡਾਂ ਹੋ ਗਿਆ ਓਹ ਰੱਬ ਦਾ ਸ਼ੁਕਰ ਮਨਾਉਂਦੇ ਨੇ ਸਮਝ ਨਹੀਂ ਆਉਂਦੀ ਇਹਦੇ ਵਿੱਚ ਰੱਬ ਕਿੱਥੋਂ ਆ ਗਿਆ ਪਿਛਲੇ ਸਮਿਆਂ ਚ 12-12 ਬੱਚੇ ਪੈਦਾ ਹੁੰਦੇ ਸੀ ਅੱਜ ਓਹੀ 2-3 ਰਹਿਗੇ ਇਹ ਰੱਬ ਦੀ ਮਰਜ਼ੀ ਨਹੀਂ ਬੰਦੇ ਦੀ ਮਰਜ਼ੀ ਹੈ , ਕੁੜੀ ਜਾਂ ਮੁੰਡਾ ਪੈਦਾ ਹੋਣਾ ਵੀ ਮਰਦ ਦੇ ਹੱਥ ਵਿੱਚ ਹੈ ਇਸ ਵਿੱਚ ਔਰਤ ਦਾ ਕੋਈ ਰੋਲ ਨਹੀਂ। ਗਰਭ ਠਹਿਰਨ ਤੋਂ ਇੱਕ ਮਿੰਟ ਬਾਅਦ ਇਹ ਫਾਈਨਲ ਹੋ ਜਾਂਦਾ ਕਿ ਕੁੜੀ ਹੋਊ ਕਿ ਮੁੰਡਾ, ਇਹਨੂੰ ਦੁਨੀਆਂ ਦੀ ਕੋਈ ਬਾਬਾ/ਸ਼ਕਤੀ ਨਹੀਂ ਬਦਲ ਸਕਦੀ ਪਰ ਹਾਂ ਜੇ ਥੋਡੇ ਕੋਲ ਰੁਪਈਆ ਪਾਵਰ ਹੈ ਤਾਂ ਤੁਸੀਂ ਆਪਣੀ ਮਰਜ਼ੀ ਨਾਲ ਬੱਚਾ ਲੈ ਸਕਦੇ ਹੋ ਮੈਂ ਦੇਖਿਆ ਇੱਕ ਪਰਿਵਾਰ ਜਿੰਨਾ ਦੇ ਸਿਰਫ਼ ਮੁੰਡਾ ਹੀ ਹੁੰਦਾ ਤੁਸੀਂ ਵੀ ਨੋਟ ਕਰਲਿਓ ਕਦੇ ਆਪਣੇ ਨੇੜੇ ਤੇੜੇ ਪੈਸੇ ਜਾਂ ਪਾਵਰ ਵਾਲੇ ਪਰਿਵਾਰ ਨੂੰ। ਜੇ ਕੁੜੀਆਂ ਦੀ ਗੱਲ ਕਰਾਂ ਤਾਂ ਸਾਇਨਾ ਨੇਹਵਾਲ ਦਾ ਜਦੋਂ ਜਨਮ ਹੋਇਆ ਤਾਂ ਓਹ ਆਪਣੇ ਮਾਪਿਆਂ ਦੀ ਚੌਥੀ ਧੀ ਸੀ ਤੇ ਓਹਦੀ ਦਾਦੀ ਨੇ ਉਸਦਾ ਮੂੰਹ ਨਹੀਂ ਦੇਖਿਆ ਸੀ ਬੁਰਾ ਭਲਾ ਕਹਿੰਦੀ ਰਹੀ ਪਰ ਅੱਜ ਸਾਇਨਾ ਨੇਹਵਾਲ ਨੂੰ ਕੌਣ ਨਹੀਂ ਜਾਣਦਾਂ ਅੱਜ ਓਹ ਬੈਡਮਿੰਟਨ ਦੀ ਸਟਾਰ ਖਿਡਾਰਨ ਹੈ ਤੇ ਆਉਣ ਵਾਲੇ ਸਮੇਂ ਵਿੱਚ ਉਸ ਦੀ ਜ਼ਿੰਦਗੀ ਤੇ ਫਿਲਮ ਵੀ ਬਣ ਰਹੀ ਹੈ।

ਕੀਹਦੀ ਕੀਹਦੀ ਗੱਲ ਕਰਾਂ ਚਾਹੇ ਓਹ ਕਲਪਨਾ ਚਾਵਲਾ ਹੋਵੇ ਸਵਿੱਤਰੀ ਫੂਲੇ, ਮਾਈ ਭਾਗੋ, ਕਿਰਨ ਬੇਦੀ, ਮੈਰੀ ਕਾਮ, ਸੁਨੀਤਾ ਵਿਲੀਅਮਜ਼ ਜਾਂ ਰੇਡੀਅਮ ਦੀ ਖੋਜ ਕਰਨ ਵਾਲੀ ਮੈਡਮ ਮੈਰੀ ਕਿਊਰੀ ਬਹੁਤ ਉਦਾਹਰਣਾਂ ਨੇ ਕੁੜੀਆਂ ਦੀਆਂ ਜੋ ਬਹੁਤ ਕਿੱਤਿਆਂ ਚ ਮੁੰਡਿਆਂ ਨਾਲੋਂ ਅੱਗੇ ਨੇ । ਜਿਹੜੇ ਔਰਤ ਨੂੰ ਪੈਰ ਦੀ ਜੁੱਤੀ ਸਮਝਦੇ ਹਨ ਜਾਂ ਕਹਿਣ ਕਿ ਇਨ੍ਹਾਂ ਦੀ ਮੱਤ ਗੁੱਤ ਥੱਲੇ ਹੁੰਦੀ ਹੈ ਓਹ ਆਪਣੇ ਆਪ ਨੂੰ ਮਰਦ ਕਹਿਲਾਉਣ ਦੇ ਲਾਇਕ ਨਹੀਂ ਹਨ। ਜਾਂਦੇ ਜਾਂਦੇ ਥੋੜੀ ਜਿਹੀ ਗੱਲ ਜਾਨਵਰਾਂ ਦੀ ਵੀ ਓਥੇ ਵੀ ਮੇਲ-ਫੀਮੇਲ ਵਾਲਾ ਹੀ ਵਿਤਕਰਾ ਚਲਦਾ ਓਥੇ ਵੀ ਸਾਡੀ ਘਟੀਆ ਸੋਚ ਮੁਤਾਬਕ ਹੀ ਹੁੰਦਾ ਸਭ ਕੁਝ। ਜੇ ਮੱਝ-ਗਾਂ ਨੇ ਕੱਟਾ ਵੱਛਾ ਦੇਤਾ ਤਾਂ ਓਹਦੀ ਕੋਈ ਪੁੱਛ ਪ੍ਰਤੀਤ ਨਹੀਂ ਜੇ ਕੱਟੀ ਜਾਂ ਵੱਛੀ ਹੋਵੇ ਤਾਂ ਅਸੀਂ ਓਹਦੇ ਕੰਨ ਵਿੱਚ ਮੁੰਦਰੀ/ਫੁੱਲ ਵਗੈਰਾ ਜ਼ਰੂਰ ਪਾਉਨੇ ਦੱਸਦੇ ਆ ਕਿ ਛੱਡ ਘਰ ਜੀਅ ਆਇਆ ਵਧਾਈਆਂ ਵੀ ਮਿਲਦੀਆਂ ਤੁਸੀਂ ਵੱਡੇ ਡੈਅਰੀ ਫ਼ਾਰਮ ਵਿੱਚ ਦੇਖਲਿਓ ਜੇ ਤਾਂ ਮੇਲ ਹੋਇਆ ਤਾਂ ਅਵਾਰਾ ਪਸ਼ੂਆਂ ਵਾਂਗ ਛੱਡ ਦਿੱਤਾ ਜਾਊ ਜੇ ਫੀਮੇਲ ਹੋਈ ਤਾਂ ਪੂਰੀ ਸਾਂਭ-ਸੰਭਾਲ ਹੁੰਦੀ ਆ ਕਿ ਵੱਡੀ ਹੋਊ ਮੱਝ ਗਾਂ ਬਣੂ ਦੁੱਧ ਬਣੂੰ।

ਅਵਾਰਾ ਪਸ਼ੂਆਂ ਦੀ ਗਿਣਤੀ ਕਿੰਨੀ ਹੋ ਗਈ ਹੈ ਸੜਕਾਂ ਤੇ ਨਿੱਤ ਐਕਸੀਡੈਂਟ ਦੀਆਂ ਖਬਰਾਂ ਤਸਵੀਰਾਂ ਛਪਦੀਆਂ ਕਿੰਨੀਆਂ ਜਾਨਾਂ ਜਾਂਦੀਆਂ ਇਹਦੇ ਲਈ ਕੋਈ ਕਾਰਵਾਈ ਨਹੀਂ, ਸ਼ਾਇਦ ਕਾਗਜ਼ਾਂ ਵਿੱਚ ਕਾਨੂੰਨ ਜ਼ਰੂਰ ਬਣੇਂ ਹੋਣ, ਇਹਦੇ ਬਾਰੇ ਮੈਨੂੰ ਪਤਾ ਨਹੀਂ ਹੋਰ ਨਿੱਤ ਨਵੇਂ ਬਿੱਲ ਕਾਨੂੰਨ ਪਾਸ ਹੋ ਜਾਂਦੇ ਨੇ। ਤੁਸੀਂ ਇੱਕ ਗੱਲ ਨੋਟ ਕਰਲਿਓ ਜਿੰਨੇ ਵੀ ਅਵਾਰਾ ਪਸ਼ੂ ਫਿਰਦੇ ਨੇ ਇਨ੍ਹਾਂ ਵਿੱਚ ਛੋਟੇ ਪਸ਼ੂ ਮੇਲ ਹੋਣਗੇ ਤੇ ਜਿੰਨੇ ਵੀ ਵੱਡੇ ਹੋਣਗੇ ਓਹ ਫੀਮੇਲ ਹੋਣਗੇ। ਮੇਲ ਓਹ ਜਿਹੜੇ ਪੈਦਾ ਹੋਣ ਤੇ ਛੱਡ ਦਿੱਤੇ ਜਾਂਦੇ ਨੇ ਤੇ ਫੀਮੇਲ ਓਹ ਜਿਹੜੀਆਂ ਦੁੱਧ ਦੇਣੋਂ ਹਟ ਜਾਣ ਫੰਡਰ ਹੋ ਜਾਣ। ਸਾਡੀ ਮਾਨਸਿਕਤਾ ਕਿੱਥੇ ਆ ਕੇ ਖੜ ਗਈ ਹੈ ਕੀ ਅਸੀਂ ਮੁੰਡਾ ਕੁੜੀ ਵਿੱਚ ਮੇਲ ਭਾਲਦੇ ਹਾਂ ਤੇ ਡੰਗਰਾਂ ਪਸ਼ੂਆਂ ਵਿੱਚ ਫੀਮੇਲ ਭਾਲਦੇ ਹਾਂ ਕੁੱਤਿਆਂ ਦੇ ਵਪਾਰ ਵਿੱਚ ਵੀ ਬਹੁਤ ਕਮਾਈ ਹੈ ਮੇਲ-ਫੀਮੇਲ ਤੋਂ। ਮੁੱਕਦੀ ਗੱਲ ਇਹ ਹੈ ਕਿ ਅੱਜ ਦੇ ਸਮੇਂ ਵਿੱਚ ਕੁੜੀਆਂ ਮੁੰਡਿਆਂ ਨਾਲੋਂ ਘੱਟ ਨਹੀਂ ਹਨ ਚਾਹੇ ਓਹ ਕੋਈ ਵੀ ਕੰਮ ਹੋਵੇ। ਵੈਸੇ ਅੱਜ ਦੀ ਪੀੜ੍ਹੀ ਤੇਜ਼ ਬਹੁਤ ਹੈ ਨੌਜਵਾਨਾਂ ਨੂੰ ਗੱਲ ਸਮਝ ਆ ਰਹੀ ਹੈ ਥੋੜ੍ਹੀ ਬਹੁਤ, ਦਿਮਾਗ ਵਿੱਚ ਸਵਾਲ ਪੈਦਾ ਹੋ ਰਹੇ ਹਨ, ਕਈ ਨੌਜਵਾਨ ਤਰਕ ਦਾ ਪੱਲਾ ਫੜ ਰਹੇ ਨੇ। ਪਰ ਕਿਤੇ ਅਸੀਂ ਆਪਣੇ ਵਾਲ਼ੀ ਓਹੀ ਪੁਰਾਣੀ ਮੇਲ-ਫੀਮੇਲ ਵਾਲੀ ਸੋਚ ਤਾਂ ਨੀ ਥੋਪ ਰਹੇ ਬੱਚਿਆਂ ਤੇ ਕਿਤੇ ਹਿੰਦੂ ਮੁਸਲਿਮ ਊਚ ਨੀਚ ਜਾਤ ਪਾਤ ਧਰਮ ਮਜ੍ਹਬ ਦੀ ਲੜਾਈ ਤਾਂ ਨਹੀਂ ਸਿਖਾ ਰਹੇ। ਦੇਖਣਾਂ ਇਹ ਹੋਊ ਕਿ ਅਸੀਂ ਅੱਜ ਆਪਣੇ ਬੱਚਿਆਂ ਨੂੰ ਕੀ ਪਰੋਸ ਰਹੇ ਹਾਂ ਓਹ ਅੱਗੇ ਜਾ ਕੇ ਕੀ ਕਰਨਗੇ ।

ਚੰਗੇ ਮਾੜੇ ਦੀ ਪਰਖ ਕਰਨੀ ਸਿਖਾਈਏ ਆਪਣੇ ਹੱਕਾਂ ਤੋਂ ਜਾਣੂ ਕਰਵਾਈਏ ਸੰਵਿਧਾਨ ਕੀ ਕਹਿੰਦਾ ਧਰਮ ਕੀ ਕਹਿੰਦਾ ਇਨਸਾਨੀਅਤ ਦੀ ਗੱਲ ਸਿਖਾਈਏ, ਤਾਂ ਜੋ ਇਹ ਅੱਗੇ ਜਾ ਕੇ ਦੇਸ਼ ਨੂੰ ਸਹੀ ਦਿਸ਼ਾ ਵੱਲ ਲੈ ਜਾ ਸਕਣ । ਨੰਨ੍ਹੀ ਛਾਂ ਬੇਟੀ ਪੜ੍ਹਾਓ ਬੇਟੀ ਬਚਾਓ ਵਰਗੀ ਮੁਹਿੰਮ ਕੀ ਰੋਲ ਅਦਾ ਕਰ ਰਹੀ। ਦਿੱਲੀ ਵਿੱਚ ਕਦੇ ਦਾਮਨੀ ਕਦੇ ਨਿਰਭੈਆ ਕਾਂਡ ਤੇ ਹੁਣ ਆ ਪਿੱਛੇ ਜਿਹੇ ਵੈਟਰਨਰੀ ਡਾਕਟਰ ਰੈੱਡੀ ਵਾਲੀ ਘਟਨਾ ਸਭ ਸਾਹਮਣੇ ਹੈ ਆਪਣੇ। ਈਵ ਟੀਜਿੰਗ ਜਾਂ ਸੈਕਸੂਅਲ ਹਰਾਸਮੈਂਟ ਦੀ ਵੀ ਸ਼ਾਇਦ ਕੋਈ ਕਾਗਜ਼ਾਂ ਵਿੱਚ ਸਜਾ ਹੋਵੇ ਇਹਦਾ ਵੀ ਮੈਨੂੰ ਪਤਾ ਨਹੀਂ। ਜੇ ਮੁੰਡੇ ਕੁੜੀ ਨੂੰ ਘਰੋਂ ਚੰਗੀਆਂ ਸਿੱਖਿਆ ਮਿਲੂ, ਵਧੀਆ ਵਾਤਾਵਰਨ ਚੰਗਾ ਮਹੌਲ ਹੋਊ ਤਾਂ ਸ਼ਾਇਦ ਹੀ ਕੋਈ ਗ਼ਲਤ ਕੰਮ ਬਾਰੇ ਸੋਚੇਗਾ ।

ਬਾਕੀ ਹਵਸ ਦੇ ਭੁੱਖੇ ਗੁੰਡਿਆਂ ਵੱਲੋਂ ਨਿੱਤ ਦੀ ਛੇੜਛਾੜ, ਬਲਾਤਕਾਰ ਦੀਆਂ ਘਟਨਾਵਾਂ ਨੀਂਦ ਦੀਆਂ ਗੋਲੀਆਂ, ਹੋਸਟਲ, ਪੀ ਜੀ, ਹੋਟਲਾਂ ਦੇ ਸੁਣਨ ਵਿੱਚ ਆਉਂਦੇ ਗਲਤ ਕਹਾਣੀਆਂ ਕਿੱਸੇ ਤੇ ਸੱਭਿਆਚਾਰ ਰਾਹੀਂ ਦਿਖਾਇਆ ਜਾ ਰਿਹਾ ਨੰਗੇਜ਼ਪਣ ਤੇ ਪਰੋਸਿਆ ਜਾ ਰਿਹਾ ਗੰਦ ਵੀ ਮਾਪਿਆਂ ਨੂੰ ਧੀਆਂ ਨੂੰ ਕੁੱਖ ਵਿਚ ਕਤਲ ਕਰਵਾਉਣ ਲਈ ਮਜਬੂਰ ਕਰਦਾ ਹੈ।। ‘ ਸੋ ਕਿਓਂ ਮੰਦਾ ਆਖੀਏ ਜਿਤੁ ਜੰਮਹਿ ਰਾਜਾਨ’ ਨੂੰ ਵੀ ਕਈ ਵਾਰ ਪੜ੍ਹ ਸੁਣ ਲਿਆ ਬਸ ਫ਼ਰਕ ਇਹੀ ਕਿ ਅਸੀਂ ਗੁਰੂਆਂ ਬਾਬਿਆਂ ਨੂੰ ਮੰਨਦੇ ਆ ਪਰ ਉਹਨਾਂ ਦੀ ਕਹੀ ਗੱਲ ਨੂੰ ਨਹੀਂ ਮੰਨਦੇ । ਅੱਜ ਦੇ ਹਾਲਾਤ ਤਾਂ ਸਭ ਦੇ ਸਾਹਮਣੇ ਨੇ ਜੋ ਵੀ ਭਾਰਤ ਮਹਾਨ ਦੇਸ਼ ਵਿੱਚ ਹੋ ਰਿਹਾ ਹੈ। ਸੋ ਭਾਈ ਛੱਡੀਏ ਪੁਰਾਣੀ ਸੋਚ ਨੂੰ ਕੁਦਰਤ ਨੂੰ ਜਾਣੀਏਂ ਕੁਦਰਤ ਨੂੰ ਪਛਾਣੀਏ ਕੁਦਰਤ ਨੂੰ ਪਿਆਰ ਕਰੀਏ ਕੁਦਰਤ ਦੀ ਸੰਭਾਲ ਕਰੀਏ ਕੁਦਰਤ ਦਾ ਅਨੰਦ ਮਾਣੀਏ, ਬਾਕੀ ਉਦੋਂ ਤੱਕ ਦੁਨੀਆ ਤੇ ਮਰਦ ਪ੍ਰਧਾਨ ਹੀ ਰਹੂ ਜਦੋਂ ਤੱਕ ਔਰਤ ਆਪਣੇ ਢਿੱਡ ਚੋਂ ਪੈਦਾ ਹੋਣ ਵਾਲੇ ਬੱਚੇ ਵਿੱਚੋਂ ਮੁੰਡਾ ਮੰਗਣਾ ਨਹੀਂ ਛੱਡਦੀ।

ਮਨਦੀਪ ਸਿੰਘ ਕਾਲਖ਼
9814378755

Disclaimer

We do not guarantee/claim that the information we have gathered is 100% correct. Most of the information used in articles are collected from social media and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing.

Leave a Reply

Your email address will not be published. Required fields are marked *

%d bloggers like this: