Sun. Jun 16th, 2019

ਮੇਲਿਆਂ ਕਾਰਨ ਪਸ਼ੂ ਪਾਲਣ ਕਿੱਤਾ ‘ਸੁਤੰਤਰ ਤੇ ਸਮਾਂਤਰ ਅਰਥਚਾਰੇ’ ਵਜੋਂ ਉੱਭਰਿਆ ‑ਸੁਖਬੀਰ ਸਿੰਘ ਬਾਦਲ

ਮੇਲਿਆਂ ਕਾਰਨ ਪਸ਼ੂ ਪਾਲਣ ਕਿੱਤਾ ‘ਸੁਤੰਤਰ ਤੇ ਸਮਾਂਤਰ ਅਰਥਚਾਰੇ’ ਵਜੋਂ ਉੱਭਰਿਆ ‑ਸੁਖਬੀਰ ਸਿੰਘ ਬਾਦਲ

ਸ੍ਰੀ ਮੁਕਤਸਰ ਸਾਹਿਬ ਦੇ ਕੌਮੀ ਪਸ਼ੂਧਨ ਮੁਕਾਬਲੇ ਦੇਸ਼ ਭਰ ਵਿਚ ਹੋਏ ਪ੍ਰਸਿੱਧ

ਸ੍ਰੀ ਮੁਕਤਸਰ ਸਾਹਿਬ, 5 ਦਸੰਬਰ (ਪ.ਪ.): ਪੰਜਾਬ ਦੇ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਪੰਜਾਬ ਵਿਚ ਪਸ਼ੂ ਪਾਲਣ, ਖੇਤੀ ਤੋਂ ‘ਸੁਤੰਤਰ ਅਤੇ ਸਮਾਂਤਰ ਅਰਥਚਾਰਾ’ ਬਣ ਕੇ ਉੱਭਰਿਆ ਹੈ ਜੋ ਕਿ ਸੂਬਾ ਸਰਕਾਰ ਵੱਲੋਂ ਉੱਤਮ ਨਸਲ ਦੇ ਪਸ਼ੂ ਪਾਲਕਾਂ ਨੂੰ ਉਤਸਾਹਿਤ ਕਰਨ ਲਈ ਆਰੰਭ ਕੀਤੇ ਜ਼ਿਲ੍ਹਾ, ਰਾਜ ਤੇ ਕੌਮੀ ਪੱਧਰ ਦੇ ਮੁਕਾਬਲਿਆਂ ਕਾਰਨ ਲੋਕਾਂ ਵਿਚ ਵਧੀ ਚੇਤਨਾ ਨਾਲ ਹੀ ਸੰਭਵ ਹੋਇਆ ਹੈ।

9ਵੀਂ ਕੌਮੀ ਪਸ਼ੂਧੰਨ ਚੈਂਪੀਅਨਸ਼ਿਪ ਅਤੇ ਐਕਸਪੋ-2016 ਦੇ ਜੇਤੂਆਂ ਨੂੰ ਇਨਾਮ ਵੰਡਨ ਮੌਕੇ ਪਸ਼ੁ ਪਾਲਕਾਂ ਨੂੰ ਸੰਬੋਧਨ ਕਰਦਿਆਂ ਉਪ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਵਿਚ ਪਸ਼ੂ ਪਾਲਣ ਪ੍ਰਤੀ ਸੌਂਕ ਨੂੰ ਵੇਖਦਿਆਂ ਪੰਜਾਬ ਸਰਕਾਰ ਨੇ 8 ਸਾਲ ਪਹਿਲਾਂ ਪਸ਼ੁਧਨ ਮੁਕਾਬਲੇ ਕਰਵਾਉਣ ਦਾ ਉਪਰਾਲਿਆਂ ਆਰੰਭਿਆ ਸੀ ਅਤੇ ਅੱਜ ਇਹ ਆਯੋਜਨ ਦੇਸ਼ ਦਾ ਸਭ ਤੋਂ ਪ੍ਰਮੁੱਖ ਪਸ਼ੂਧਨ ਮੇਲਾ ਬਣ ਚੁੱਕਾ ਹੈ ਜਿੱਥੇ ਪੰਜਾਬ ਤੋਂ ਇਲਾਵਾ ਉੱਤਰੀ ਭਾਰਤ ਦੇ ਰਾਜਾਂ ਤੋਂ ਵੱਡੀ ਗਿਣਤੀ ਵਿਚ ਪਸ਼ੂ ਪਾਲਕ ਸ਼ਿਰਕਤ ਕਰਦੇ ਹਨ।
ਉਪ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਇਸ ਉਦਮ ਸਦਕਾ ਸੂਬੇ ਵਿਚ ਜਾਨਵਰਾਂ ਦੀਆਂ ਨਸਲਾਂ ਸੁਧਾਰ ਦੇ ਪ੍ਰੋਗਰਾਮ ਨੂੰ ਵੱਡਾ ਹੁੰਗਾਰਾ ਮਿਲਿਆ ਹੈ ਅਤੇ ਅੱਜ ਪੰਜਾਬ ਉਤਮ ਨਸਲ ਦੇ ਜਾਨਵਰਾਂ ਨਾਲ ਦੁੱਧ ਉਤਪਾਦਨ ਵਿਚ ਪੰਜਾਬ ਦਾ ਪ੍ਰਮੁੱਖ ਸਥਾਨ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਵਿਚ ਖੇਤੀ ਦੇ ਨਾਲ ਨਾਲ ਪਸ਼ੁ ਪਾਲਣ ਸਹਾਇਕ ਕਿੱਤੇ ਤੋਂ ਹੁਣ ਮੁੱਖ ਕਿੱਤੇ ਵਜੋਂ ਮਕਬੂਲ ਹੋ ਰਿਹਾ ਹੈ। ਅੱਜ ਪੰਜਾਬ ਦੀ ਦੁੱਧ ਪੈਦਾਵਾਰ 107 ਮੀਲਿਅਨ ਟਨ ਤੋਂ ਵਧ ਹੈ ਅਤੇ ਪ੍ਰਤੀ ਵਿਅਕਤੀ ਦੁੱਧ ਦੀ ਉਪਲਬੱਧਤਾ 933 ਗ੍ਰਾਮ ਹੈ ਜੋ ਕਿ ਦੇਸ਼ ਦੀ ਔਸਤ ਨਾਲ ਲਗਭਗ 3 ਗੁਣਾ ਵਧੇਰੇ ਹੈ।
ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਨੇ ਦੱਸਿਆ ਕਿ ਇਸ ਵਾਰ ਚੈਂਪੀਅਨਸ਼ਿਪ ਵਿਚ ਇਨਾਮਾਂ ਦੀ ਰਕਮ 1.25 ਕਰੋੜ ਤੋਂ ਵਧਾ ਕੇ 1.5 ਕਰੋੜ ਰੁਪਏ ਕੀਤੀ ਗਈ ਸੀ। ਉਨ੍ਹਾਂ ਇਸ ਮੌਕੇ ਐਲਾਣ ਕੀਤਾ ਕਿ ਅਗਲੇ ਵਰ੍ਹੇ ਤੋਂ ਇਸ ਚੈਂਪੀਅਨਸ਼ਿਪ ਵਿਚ ਇਨਾਮਾਂ ਦੀ ਰਕਮ 2 ਕਰੋੜ ਰੁਪਏ ਕੀਤੀ ਜਾਵੇਗੀ ਤਾਂ ਜੋ ਚੰਗੀ ਨਸਲ ਦੇ ਪਸ਼ੂ ਪਾਲਕਾਂ ਨੂੰ ਉਤਸਾਹਿਤ ਕੀਤਾ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਪਸ਼ੂ ਪਾਲਣ ਵਿਭਾਗ ਚੰਗੀ ਨਸਲ ਦੇ ਜਾਨਵਰਾਂ ਦੀ ਰਜਿਸਟ੍ਰੇਸ਼ਨ ਕੀਤੀ ਜਾਂਦੀ ਹੈ ਤਾਂ ਜੋ ਚੰਗੀ ਨਸਲ ਦੇ ਜਾਨਵਰਾਂ ਦੀ ਪਹਿਚਾਣ ਯਕੀਨੀ ਬਣਾਈ ਜਾ ਸਕੇ। ਇਹ ਰਜਿਸਟ੍ਰੇਸ਼ਨ ਆਨਲਾਈਨ ਕੀਤੀ ਜਾਂਦੀ ਹੈ। ਇਸ ਮੌਕੇ ਉਨ੍ਹਾਂ ਨੇ ਸ੍ਰੀ ਮੁਕਤਸਰ ਸਾਹਿਬ ਦੇ ਸਟੇਡੀਅਮ ਦੇ ਨਵੀਨੀਕਰਨ ਲਈ 25 ਲੱਖ ਰੁਪਏ ਦੀ ਗ੍ਰਾਂਟ ਵੀ ਜਾਰੀ ਕਰਨ ਦਾ ਐਲਾਣ ਵੀ ਕੀਤਾ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਪ ਮੁੱਖ ਮੰਤਰੀ ਨੇ ਕਿਹਾ ਕਿ ਡੀ.ਜੀ.ਪੀ. ਨੂੰ ਕਿਹਾ ਗਿਆ ਹੈ ਕਿ ਵਿਆਹ ਸਮਾਗਮਾਂ ਵਿਚ ਅਸਲਾ ਚੁੱਕਣ ਨੂੰ ਸਖਤੀ ਨਾਲ ਰੋਕਿਆ ਜਾਵੇ। ਇਸੇ ਤਰਾਂ ਹੀ ਇਕ ਹੋਰ ਸਵਾਲ ਦੇ ਜਵਾਬ ਵਿਚ ਉਪ ਮੁੱਖ ਮੰਤਰੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਬੰਧਤ ਹਲਕੇ ਦੇ ਲੋਕਾਂ ਦੀਆਂ ਇੱਛਾਵਾਂ ਅਨੁਸਾਰ ਹੀ ਉਮੀਦਵਾਰ ਐਲਾਣੇ ਜਾ ਰਹੇ ਹਨ। ਉਨ੍ਹਾਂ ਨੇ ਇਕ ਵੱਖਰੇ ਸਵਾਲ ਦੇ ਜਵਾਬ ਵਿਚ ਕਿਹਾ ਕਿ ਨਾਭਾ ਜੇਲ੍ਹ ਤੋਂ ਭੱਜੇ ਦੋਸ਼ੀਆਂ ਨੂੰ ਜਲਦ ਕਾਬੂ ਕਰਨ ਲਈ ਪੁਲਿਸ ਵੱਲੋਂ ਵਿਸੇਸ਼ ਮੁਹਿੰਮ ਆਰੰਭੀ ਹੋਈ ਹੈ।
ਇਸ ਤੋਂ ਪਹਿਲਾਂ ਪੰਜਾਬ ਦੇ ਪਸ਼ੂ ਪਾਲਣ ਮੰਤਰੀ ਸ: ਗੁਲਜ਼ਾਰ ਸਿੰਘ ਰਣੀਕੇ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਨਸਲ ਸੁਧਾਰ ਲਈ ਰਾਜ ਸਰਕਾਰ ਵੱਲੋਂ ਅਹਿਮ ਉਪਰਾਲੇ ਕੀਤੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਪਸ਼ੁ ਪਾਲਕਾਂ ਨੂੰ ਉਤਸਾਹਿਤ ਕਰਨ ਲਈ ਸ਼ੁਰੂ ਕੀਤੇ ਮੇਲਿਆਂ ਕਾਰਨ ਰਾਜ ਵਿਚ ਪਸ਼ੂਧਨ ਦਾ ਮੁੱਲ ਵਾਧਾ ਹੋਇਆ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਮੁੱਖ ਮੰਤਰੀ ਦੇ ਸਲਾਹਕਾਰ ਸ੍ਰੀ ਪੀ. ਕੇ. ਉੱਪਲ, ਪੰਜਾਬ ਐਗਰੋ ਦੇ ਚੇਅਰਮੈਨ ਜੱਥੇਦਾਰ ਦਿਆਲ ਸਿੰਘ ਕੋਲਿਆਂਵਾਲੀ, ਸ਼੍ਰੋਮਣੀ ਅਕਾਲੀ ਦਲ ਮਾਲਵਾ ਜੋਨ ਇਕ ਦੇ ਪ੍ਰਧਾਨ ਸ: ਕੰਵਰਜੀਤ ਸਿੰਘ ਰੋਜ਼ੀ ਬਰਕੰਦੀ, ਸ: ਵਰਦੇਵ ਸਿੰਘ ਨੋਨੀ ਮਾਨ, ਸ: ਹਰਪਾਲ ਸਿੰਘ ਬੇਦੀ, ਡਿਪਟੀ ਕਮਿਸ਼ਨਰ ਸ੍ਰੀ ਸੁਮੀਤ ਜਾਰੰਗਲ ਆਈ.ਏ.ਐਸ. ਐਸ.ਐਸ.ਪੀ. ਸ: ਗੁਰਪ੍ਰੀਤ ਸਿੰਘ ਗਿੱਲ, ਡਾਇਰੈਕਟਰ ਪਸ਼ੂ ਪਾਲਣ ਡਾ: ਐਚ.ਐਸ. ਸੰਧਾ, ਡਾਇਰੈਕਟਰ ਡੇਅਰੀ ਵਿਕਾਸ ਡਾ: ਇੰਦਰਜੀਤ ਸਿੰਘ, ਡਿਪਟੀ ਡਾਇਰੈਕਟਰ ਸ: ਸੁਖਮਿੰਦਰ ਸਿੰਘ ਆਦਿ ਵੀ ਹਾਜਰ ਸਨ।

Leave a Reply

Your email address will not be published. Required fields are marked *

%d bloggers like this: