Fri. Jul 19th, 2019

ਮੇਲਾ ਮਾਘੀ ਦੀਆਂ ਕੁਝ ਯਾਦਾਂ

ਮੇਲਾ ਮਾਘੀ ਦੀਆਂ ਕੁਝ ਯਾਦਾਂ

ਮਾਘੀ ਦਾ ਤਿਉਹਾਰ ਪੂਰੇ ਭਾਰਤ ‘ਚ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ।ਇਸ ਦਿਨ ਲੋਕੀੰ ਨਦੀਆਂ, ਦਰਿਆਵਾਂ ਅਤੇ ਸਰੋਵਰਾਂ ਆਦਿ ਵਿੱਚ ਇਸ਼ਨਾਨ ਕਰਨ ਨੂੰ ਮਹੱਤਵਪੂਰਨ ਮੰਨਦੇ ਹਨ। ਇਲਾਹਾਬਾਦ ਵਿੱਚ ਸੰਗਮ ਦੇ ਸਥਾਨ ਉੱਤੇ ਧਾਰਮਿਕ ਭਾਵਨਾਵਾਂ ਨਾਲ ਪੂਜਾ ਅਤੇ ਇਸ਼ਨਾਨ ਕੀਤਾ ਜਾਂਦਾ ਹੈ। ‘ਪੋਹ ਰਿਧੀ ਮਾਘ ਖਾਧੀ’ ਮੁਤਾਬਕ ਪੋਹ ਦੇ ਆਖਰੀ ਦਿਨ ਬਣਾਈ ਖਿੱਚੜੀ,ਖੀਰ ਜਾਂ ਕੋਈ ਹੋਰ ਵਸਤੂ ਅਗਲੇ ਦਿਨ, ਭਾਵ ਮਾਘ ਵਿੱਚ ਖਾਣਾ ਸ਼ੁਭ ਮੰਨਿਆ ਜਾਂਦਾ ਹੈ।
ਪੰਜਾਬ ਵਿੱਚ ਮਾਘੀ ਦਾ ਮੇਲਾ ਮੁਕਤਸਰ ਵਿਖੇ ਧਾਰਮਿਕ ਜੋਸ਼ੋ-ਖਰੋਸ਼ ਅਤੇ ਪੂਰੇ ਜਲੌਅ ਨਾਲ ਮਨਾਇਆ ਜਾਂਦਾ ਹੈ।ਸ਼ਹਿਰ ਵਿੱਚ ਨਗਰ- ਕੀਰਤਨ ਦਾ ਆਯੋਜਨ ਹੁੰਦਾ ਹੈ ਅਤੇ ਨਿਹੰਗ ਸਿੰਘਾਂ ਤੇ ਹੋਰ ਜਥੇਬੰਦੀਆਂ ਵੱਲੋਂ ਮਹੱਲੇ ਅਤੇ ਗੱਤਕੇ ਦਾ ਪ੍ਰਦਰਸ਼ਨ ਹੁੰਦਾ ਹੈ। ਮੁਕਤਸਰ ਦੇ ਗੁਰਦੁਆਰਾ ਟੁੱਟੀ ਗੰਢੀ ਦੇ ਸਰੋਵਰ ਵਿੱਚ ਪਹਿਲੀ ਮਾਘ ਦੀ ਆਮਦ ਤੇ ਮੂੰਹ ਹਨੇਰੇ ਹੀ ਇਸ਼ਨਾਨ ਕਰਨਾ ਪਵਿੱਤਰ ਸਮਝਿਆ ਜਾਂਦਾ ਹੈ।ਗੁਰੂ ਗੋਬਿੰਦ ਸਿੰਘ(1666-1708 ਈ.)ਦੇ ਸਮੇਂ ਵਿੱਚ ਇਸ ਸ਼ਹਿਰ ਦਾ ਨਾਮ ਖਿਦਰਾਣਾ ਸੀ ਅਤੇ ਇੱਥੇ ਪਾਣੀ ਦਾ ਸੋਮਾ ਹੋਣ ਕਰਕੇ ਇਸਨੂੰ ‘ਖਿਦਰਾਣੇ ਦੀ ਢਾਬ’ ਕਿਹਾ ਜਾਂਦਾ ਸੀ। ਮੌਜੂਦਾ ਸਮੇਂ ਇਹ ਪੰਜਾਬ ਦਾ ਇੱਕ ਜ਼ਿਲ੍ਹਾ ਬਣ ਚੁੱਕਾ ਹੈ ਤੇ ਇਸਨੂੰ ‘ਸ੍ਰੀ ਮੁਕਤਸਰ ਸਾਹਿਬ’ ਦਾ ਨਾਮ ਦਿੱਤਾ ਗਿਆ ਹੈ।
ਦਸ਼ਮੇਸ਼ ਪਿਤਾ ਨੇ ਮੁਗ਼ਲਾਂ ਨਾਲ ਆਖਰੀ ਜੰਗ ਮਈ 1704 ਈ. ਵਿੱਚ ਇੱਥੇ ਹੀ ਲੜੀ ਸੀ।ਇੱਥੇ ਹੀ ਆਨੰਦਪੁਰ ਸਾਹਿਬ ਤੋਂ ਭਾਈ ਮਹਾਂ ਸਿੰਘ ਦੀ ਅਗਵਾਈ ਵਿੱਚ ਗੁਰੂ ਜੀ ਨੂੰ ਬੇਦਾਵਾ ਦੇ ਗਏ ਚਾਲੀ ਸਿੰਘਾਂ ਨੇ ਮਾਈ ਭਾਗੋ ਦੀ ਕਮਾਨ ਹੇਠ ਜੰਗ ਵਿੱਚ ਹਿੱਸਾ ਲਿਆ ਸੀ।ਇਸੇ ਥਾਂ ਗੁਰੂ ਜੀ ਨੇ ਭਾਈ ਮਹਾਂ ਸਿੰਘ ਦੇ ਸਾਹਮਣੇ ਬੇਦਾਵੇ ਦਾ ਕਾਗਜ਼ ਪਾੜ ਕੇ ਟੁੱਟੀ ਗੰਢ ਦਿੱਤੀ ਸੀ।ਦਸਮ ਪਾਤਸ਼ਾਹ ਨੇ ਜੰਗ ਵਿੱਚ ਜੂਝ ਮੋਏ ਸਿੰਘਾਂ ਦਾ ਆਪਣੇ ਹੱਥੀਂ ਸਸਕਾਰ ਕਰਕੇ ਇਸ ਧਰਤੀ ਨੂੰ ‘ਮੁਕਤ-ਸਰ’ ਦਾ ਨਾਂ ਦਿੱਤਾ ਸੀ। ਬੇਦਾਵੀਏ ਸਿੰਘਾਂ ਦੀ ਗੁਰੂ ਜੀ ਹੱਥੋਂ ਮੁਕਤੀ ਹੋਣ ਦੀ ਗਾਥਾ ਇਨ੍ਹਾਂ ਪੰਕਤੀਆਂ ਵਿੱਚ ਸੁੰਦਰ ਢੰਗ ਨਾਲ ਬਿਆਨੀ ਗਈ ਹੈ:
ਖਿਦਰਾਣਾ ਕਰ ਮੁਕਤਸਰ, ਮੁਕਤ ਮੁਕਤ ਸਭ ਕੀਨ।
ਹੋਇ ਸਾਬਤ ਜੂਝੈ ਜਬੈ, ਬਡੋ ਮਰਤਬੋ ਲੀਨ ।
ਗੁਰੂ ਸਾਹਿਬ ਦੀ ਯਾਦ ਵਿੱਚ ਮੁਕਤਸਰ ਵਿਖੇ ਬਹੁਤ ਸਾਰੇ ਗੁਰਦੁਆਰੇ ਸੁਭਾਇਮਾਨ ਹਨ, ਜੋ ਆਪ ਦੀ ਮੁਗਲੀਆ ਹਕੂਮਤ ਨਾਲ ਅੰਤਿਮ ਲੜਾਈ ਵਿੱਚ ਵਿਜੈ ਦੇ ਪ੍ਰਤੀਕ ਹਨ। ਇਹ ਹਨ: ਗੁਰਦੁਆਰਾ ਟਿੱਬੀ ਸਾਹਿਬ, ਜਿੱਥੋਂ ਗੁਰੂ ਜੀ ਮੁਗਲ ਸੈਨਾ ਉੱਤੇ ਤੀਰਾਂ ਦੇ ਵਾਰ ਕਰਦੇ ਰਹੇ; ਗੁਰਦੁਆਰਾ ਤੰਬੂ ਸਾਹਿਬ, ਜਿੱਥੇ ਝਾੜੀਆਂ ਉੱਤੇ ਸਿੰਘਾਂ ਨੇ ਆਪਣੇ ਪਰਨੇ- ਕਛਹਿਰੇ ਸੁੱਕਣੇ ਪਾ ਕੇ ਮੁਗ਼ਲਾਂ ਨੂੰ ਯੁੱਧ ਲਈ ਲਲਕਾਰਿਆ; ਗੁਰਦੁਆਰਾ ਟੁੱਟੀ ਗੰਢੀ, ਜਿੱਥੇ ਗੁਰੂ ਜੀ ਨੇ ਭਾਈ ਮਹਾਂ ਸਿੰਘ ਦੇ ਸਾਹਮਣੇ ਬੇਦਾਵੇ ਦਾ ਕਾਗਜ਼ ਪਾੜਿਆ; ਗੁਰਦੁਆਰਾ ਸ਼ਹੀਦਗੰਜ, ਇੱਥੇ ਗੁਰੂ ਜੀ ਨੇ ਆਪਣੇ ਹੱਥੀਂ ਚਾਲੀ ਮੁਕਤਿਆਂ ਦਾ ਸਸਕਾਰ ਕੀਤਾ।
ਮੈਂ ਬਚਪਨ ਤੋਂ ਹੀ ਆਪਣੇ ਪਿਤਾ ਜੀ ਨਾਲ ਮੇਲਾ ਮਾਘੀ ਦੇ ਦਿਨਾਂ(11 ਜਨਵਰੀ ਤੋਂ 15 ਜਨਵਰੀ) ਵਿੱਚ ਮੁਕਤਸਰ ਵਿਖੇ ਜੀਵਨ ਦੇ ਕਰੀਬ ਪੰਤਾਲੀ ਵਰ੍ਹੇ ਜਾਂਦਾ ਰਿਹਾ ਹਾਂ। ਮੇਰੇ ਪਿਤਾ ਗਿਆਨੀ ਕਰਤਾਰ ਸਿੰਘ(1921-2013) ਨੇ ਆਪਣੀ ਪੜ੍ਹਾਈ ਅਤੇ ਅਧਿਆਪਨ ਦਾ ਵਧੇਰੇ ਸਮਾਂ ਮੁਕਤਸਰ ਦੇ ਖਾਲਸਾ ਹਾਈ ਸਕੂਲ ਵਿਖੇ ਬਿਤਾਇਆ। ਇਸ ਸ਼ਹਿਰ ਨਾਲ ਖਾਸ ਲਗਾਓ ਹੋਣ ਕਰਕੇ ਉਨ੍ਹਾਂ ਨੇ ਆਪਣੇ ਨਾਂ ਨਾਲ ‘ਮੁਕਤਸਰੀ’ ਲਿਖਣਾ ਸ਼ੁਰੂ ਕਰ ਦਿੱਤਾ ਅਤੇ ਇਸ ਦੇ ਪ੍ਰਮਾਣ ਵਜੋਂ ਰਬੜ ਦੀ ਇੱਕ ਮੋਹਰ ਵੀ ਤਿਆਰ ਕਰਵਾਈ, ਜੋ ਅਜੇ ਤੱਕ ਮੇਰੇ ਕੋਲ਼ ਸਾਂਭੀ ਹੋਈ ਹੈ।ਮੇਰੇ ਪਿਤਾ ਜੀ ਨੇ ਆਪਣੇ ਮੁੱਖ ਅਧਿਆਪਕ ਸ. ਇਕਬਾਲ ਸਿੰਘ ਦੀ ਸੰਗਤ ਵਿੱਚ ਪੰਜਵੀਂ ਵਿੱਚ ਪੜ੍ਹਦਿਆਂ ਹੀ ਮੇਲੇ ਦੇ ਦਿਨੀੰ ਸੰਗਤਾਂ ਦੀ ਸੇਵਾ ਵਿੱਚ ਜਾਣਾ ਸ਼ੁਰੂ ਕਰ ਦਿੱਤਾ ਸੀ।ਪਿੱਛੋਂ ਅਧਿਆਪਕ ਬਣਨ ਤੇ ਮੇਰੇ ਪਿਤਾ ਜੀ ਨੇ ਕੁਝ ਵਿਦਿਆਰਥੀਆਂ ਸਮੇਤ ਮੇਲੇ ਸਮੇਂ ਯਾਤਰੀਆਂ ਦੇ ਸਾਈਕਲ ਸੰਭਾਲਣ ਦੀ ਸੇਵਾ ਨਿਭਾਈ। ਹੌਲੀ- ਹੌਲੀ ਗੁਰਦੁਆਰੇ ਵੱਲੋਂ ਉਨ੍ਹਾਂ ਦੀ ਪੱਕੀ ਡਿਊਟੀ ਹੀ ਲੱਗ ਗਈ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਕਾਸ਼ਿਤ ਇਸ਼ਤਿਹਾਰਾਂ ਵਿੱਚ ਵੀ ਉਨ੍ਹਾਂ ਦਾ ਨਾਂ ਛਾਪਿਆ ਜਾਣ ਲੱਗ ਪਿਆ। ਸਰਕਾਰੀ ਸੇਵਾ ਵਿੱਚ ਆਉਣ ਅਤੇ ਸੇਵਾਮੁਕਤੀ ਤੋਂ ਪਿੱਛੋਂ ਵੀ ਉਹ ਮੇਲਾ ਮਾਘੀ ਮੁਕਤਸਰ ਸਮੇੰ ਪਹਿਲਾਂ ਸਾਈਕਲ ਅਤੇ ਪਿੱਛੋਂ ਸਾਮਾਨ ਸੰਭਾਲਣ ਦੀ ਸੇਵਾ ਲਈ ਜਾਂਦੇ ਰਹੇ।ਕਰੀਬ ਸੱਤਰ ਕੁ ਸਾਲ ਦੀ ਉਮਰ ਤੱਕ ਉਨ੍ਹਾਂ ਨੇ ਨਿਰਵਿਘਨ ਇਹ ਸੇਵਾ ਨਿਭਾਈ, ਜਿਸ ਲਈ ਉਨ੍ਹਾਂ ਨੂੰ ਕਈ ਵਾਰੀ ਗੁਰਦੁਆਰੇ ਦੇ ਮੈਨੇਜਰ ਵੱਲੋਂ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।ਪਿੱਛੋਂ ਵਡੇਰੀ ਉਮਰ ਹੋਣ ਕਰਕੇ ਉਨ੍ਹਾਂ ਨੇ ਇਹ ਸੇਵਾ ਨਿਭਾਉਣ ਤੋਂ ਖਿਮਾ ਸਹਿਤ ਮੁਆਫੀ ਮੰਗ ਲਈ ਅਤੇ ਸਾਲ 2011 ਤੋਂ ਪਿੱਛੋਂ ਉਨ੍ਹਾਂ ਦਾ ਨਾਂ ਇਸ਼ਤਿਹਾਰਾਂ ਵਿੱਚ ਛਪਣਾ ਬੰਦ ਹੋ ਗਿਆ।
ਮੇਰੇ ਪਿਤਾ ਜੀ ਨੂੰ ਉਨ੍ਹਾਂ ਦੇ ਵਿਦਿਆਰਥੀ, ਆਂਢੀ- ਗੁਆਂਢੀ ਅਤੇ ਸ਼ਹਿਰ- ਵਾਸੀ ‘ਗਿਆਨੀ ਜੀ’ ਕਹਿ ਕੇ ਬੁਲਾਉਂਦੇ ਸਨ। ਉਨ੍ਹਾਂ ਨੇ ਵੱਖ -ਵੱਖ ਸਰਕਾਰੀ ਸਕੂਲਾਂ ਵਿੱਚ ਨੌਕਰੀ ਕਰਦਿਆਂ ਪਰਿਵਾਰ ਅਤੇ ਵਿਦਿਆਰਥੀਆਂ ਨਾਲ ਮੇਲਾ ਮਾਘੀ ਦੇ ਦਿਨੀੰ ਮੁਕਤਸਰ ਜਾਣ ਦੇ ਨਿਯਮ ਨੂੰ ਬਰਕਰਾਰ ਰੱਖਿਆ। ਕੋਟਕਪੂਰਾ ਅਤੇ ਗੋਨਿਆਣਾ ਮੰਡੀ ਵਿਖੇ ਨੌਕਰੀ ਕਰਦਿਆਂ ਅਸੀਂ ਪਿਤਾ ਜੀ ਨਾਲ ਰੇਲ ਗੱਡੀ ਰਾਹੀਂ ਮੁਕਤਸਰ ਜਾਂਦੇ ਸਾਂ। ਉੱਥੇ ਰਿਹਾਇਸ਼ ਦਾ ਪ੍ਰਬੰਧ ਗੁਰਦੁਆਰੇ ਵੱਲੋਂ ਸਰਾਂ ਵਿੱਚ ਕੀਤਾ ਜਾਂਦਾ ਸੀ ਅਤੇ ਅਸੀਂ ਹੇਠਾਂ ਪਰਾਲੀ ਉੱਤੇ ਬਿਸਤਰੇ ਵਿਛਾ ਕੇ ਸੌਂਦੇ ਸਾਂ। ਉਨ੍ਹਾਂ ਦਿਨਾਂ ਵਿੱਚ ਦੋ ਤਰ੍ਹਾਂ ਦੀਆਂ ਰੇਲ- ਗੱਡੀਆਂ ਚੱਲਦੀਆਂ ਸਨ, ਜਿਨ੍ਹਾਂ ਨੂੰ ਆਮ ਲੋਕੀਂ ਵੱਡੀ ਗੱਡੀ ਅਤੇ ਛੋਟੀ ਗੱਡੀ ਕਹਿੰਦੇ ਸਨ। ਅਸਲ ਵਿੱਚ ਇਹ ‘ਬਰਾਡਗੇਜ’ ਅਤੇ ‘ਨੈਰੋਗੇਜ’ ਦਾ ਖੁੱਲ੍ਹਾ ਜਿਹਾ ਅਨੁਵਾਦ ਹੈ। ਇਨ੍ਹੀੰ ਦਿਨੀਂ ਛੋਟੀਆਂ ਗੱਡੀਆਂ (ਨੈਰੋਗੇਜ) ਬੰਦ ਹਨ, ਸਿਰਫ ਵੱਡੀਆਂ ਗੱਡੀਆਂ ਹੀ ਚੱਲਦੀਆਂ ਹਨ।
ਕੋਟਕਪੂਰਾ ਨੇੜੇ ਪਿੰਡ ਲਾਲੇਆਣਾ ਦਾ ਪੰਡਤਾਂ ਦਾ ਇੱਕ ਮੁੰਡਾ, ਜਗਨਨਾਥ, ਇੱਕ ਵਾਰ ਕਿਸੇ ਕਾਰਨ ਮੇਰੇ ਪਿਤਾ ਜੀ ਦੇ ਜੱਥੇ ਨਾਲ ਮੁਕਤਸਰ ਜਾਣੋਂ ਖੁੰਝ ਗਿਆ ਤੇ ਉਹ ਅਗਲੇ ਦਿਨ ਪਹੁੰਚਿਆ ਸੀ। ਮੈਨੂੰ ਅੱਜ ਕਰੀਬ ਪੰਤਾਲੀ ਸਾਲਾਂ ਬਾਅਦ ਵੀ ਇੰਨਬਿੰਨ ਯਾਦ ਹੈ ਕਿ ਉਹਨੇ ਬਿਨਾਂ ਟਿਕਟ ਸਫਰ ਕਰਨ ਦੀ ਸਾਰੀ ਘਟਨਾ ਪਿਤਾ ਜੀ ਨੂੰ ਸੁਣਾਈ ਸੀ ਕਿ ਰਾਹ ਵਿੱਚ ਇੱਕ ਥਾਂ ਟਿਕਟ- ਚੈੱਕਰ ਆ ਗਿਆ ਤਾਂ ਜਗਨਨਾਥ ਨੇ ਟਿਕਟ ਨਾ ਲਈ ਹੋਣ ਦੀ ਵਜ੍ਹਾ ਦੱਸਦਿਆਂ ਬੇਝਿਜਕ ਹੋ ਕੇ ਚੈੱਕਰ ਨੂੰ ਕਿਹਾ ਸੀ, “ਮੈਂ ਤਾਂ ਗਿਆਨੀ ਜੀ ਨਾਲ ਮੇਲਾ ਮਾਘੀ ਮੁਕਤਸਰ ਵਿਖੇ ਸੇਵਾ ਕਰਨ ਜਾ ਰਿਹਾ ਹਾਂ।” ਚੈੱਕਰ ਨੇ ਪੁੱਛਿਆ ਸੀ, “ਕਿਹੜੇ ਗਿਆਨੀ ਜੀ?” ਮੁੰਡੇ ਨੇ ਹੁਸ਼ਿਆਰੀ ਨਾਲ ਜਵਾਬ ਦਿੱਤਾ ਸੀ, “ਤੁਸੀਂ ਗਿਆਨੀ ਜੀ ਨੂੰ ਨਹੀਂ ਜਾਣਦੇ? ਉਨ੍ਹਾਂ ਨੂੰ ਤਾਂ ਸਾਰੀ ਦੁਨੀਆਂ ਜਾਣਦੀ ਹੈ…” ਤੇ ਚੈੱਕਰ ਨੇ ਜਗਨ ਨਾਥ ਨੂੰ ਬਿਨਾਂ ਟਿਕਟ ਹੀ ਸਫਰ ਕਰਨ ਦੀ ਆਗਿਆ ਦੇ ਦਿੱਤੀ ਸੀ।
ਉਨ੍ਹਾਂ ਦਿਨਾਂ ਵਿੱਚ ਹਫ਼ਤਾ- ਦਸ ਦਿਨ ਮੇਲੇ ਦਾ ਮਾਹੌਲ ਬਣਿਆ ਰਹਿੰਦਾ ਸੀ। ਦੂਰ- ਦੁਰਾਡੇ ਤੋਂ ਲੋਕੀਂ ਹੁੰਮ- ਹੁਮਾ ਕੇ ਮੇਲੇ ਵਿੱਚ ਸੱਜ- ਧੱਜ ਕੇ ਜਾਂਦੇ ਸਨ। ਮੇਲੇ ਵਿੱਚ ਕਾਨਫਰੰਸਾਂ, ਝੂਲੇ, ਸਰਕਸਾਂ, ਜਾਦੂ ਦੇ ਸ਼ੋਅ, ਖਾਣ- ਪੀਣ ਦੀਆਂ ਦੁਕਾਨਾਂ, ਖਜਲਾ ਮਿਠਾਈ, ਰੈਗਜ਼ ਵਾਲੇ ਕੱਪੜੇ ਆਦਿ ਕਈ ਕੁਝ ਹੁੰਦਾ ਸੀ। ਮੈਂ ਪਹਿਲੀ ਵੇਰ ਖਜਲਾ ਮਿਠਾਈ ਮੁਕਤਸਰ ਦੇ ਮੇਲੇ ਵਿੱਚ ਹੀ ਵੇਖੀ ਅਤੇ ਖਾਧੀ ਸੀ। ਚਿੱਟੇ ਰੰਗ ਦੀ, ਪਾਥੀ ਜਿਹੇ ਆਕਾਰ ਦੀ, ਅਜੀਬ ਮਿਠਾਈ ਵੇਖ ਕੇ ਮੈਂ ਦੰਗ ਰਹਿ ਗਿਆ ਸਾਂ। ਮੇਲੇ ਦੇ ਆਖ਼ਰੀ ਦਿਨਾਂ ਵਿੱਚ ਭੀੜ ਘਟਣ ਤੇ ਮੇਰੇ ਪਿਤਾ ਜੀ ਸਾਰੇ ਪਰਿਵਾਰ ਤੇ ਵਿਦਿਆਰਥੀਆਂ ਨੂੰ ਸਰਕਸ ਵਿਖਾ ਕੇ ਲਿਆਉੰਦੇ ਸਨ। ਮੈਂ ਆਪਣੇ ਜੀਵਨ ਵਿੱਚ ਪਹਿਲੀ ਵਾਰੀ ਸਰਕਸ (ਗ੍ਰੇਟ ਰੇਮਨ ਸਰਕਸ) ਮੁਕਤਸਰ- ਮੇਲੇ ਵਿੱਚ ਹੀ ਵੇਖੀ ਸੀ। ਪਿਤਾ ਜੀ ਮੈਨੂੰ ਰਾਜਸੀ ਕਾਨਫਰੰਸਾਂ, ਖਾਸ ਕਰਕੇ ਧਾਰਮਿਕ ਇਕੱਠਾਂ, ਵਿੱਚ ਵੀ ਲੈ ਕੇ ਜਾਂਦੇ ਤੇ ਮੈਨੂੰ ਸਟੇਜ ਉੱਤੇ ਭਾਸ਼ਣ ਕਰਨ ਦਾ ਪਹਿਲਾ ਮੌਕਾ ਮੇਲਾ ਮਾਘੀ, ਮੁਕਤਸਰ ਵਿਖੇ ਹੀ ਮਿਲਿਆ ਸੀ।
ਅੱਜਕੱਲ੍ਹ ਮੇਲਾ ਮਾਘੀ ਤੇ ਉਹੋ ਜਿਹੀ ਸ਼ਰਧਾ ਅਤੇ ਚਾਅ ਵੇਖਣ ਨੂੰ ਨਹੀਂ ਮਿਲਦਾ। ਲੋਕਾਂ ਕੋਲ ਸਮੇਂ ਦੀ ਘਾਟ ਹੈ- ਉਹ ਕਾਹਲੀ ਨਾਲ ਆਉਂਦੇ ਹਨ ਤੇ ਕਾਹਲੀ ਵਿੱਚ ਹੀ ਮੁੜ ਜਾਂਦੇ ਹਨ। ਸੰਗਤ ਵਿੱਚ ਬੈਠਣ, ਗੁਰੂ-ਜੱਸ ਸੁਣਨ, ਸੇਵਾ ਕਰਨ, ਲੰਗਰ ‘ਚੋਂ ਪ੍ਰਸ਼ਾਦਾ ਛਕਣ ਆਦਿ ਦਾ ਨਾ ਨਵੀਂ ਪੀੜ੍ਹੀ ਨੂੰ ਸ਼ੌਕ ਹੈ, ਨਾ ਵਿਸ਼ਵਾਸ। ਮੇਲਿਆਂ ਦਾ ਰੰਗ- ਰੂਪ ਬਦਲਦਾ ਜਾ ਰਿਹਾ ਹੈ। ਇੱਥੇ ਧਰਮ ਨਾਲੋਂ ਰਾਜਨੀਤੀ ਭਾਰੂ ਹੋ ਰਹੀ ਹੈ, ਜਿਸ ਕਰਕੇ ਲੋਕੀੰ ਪੁਰਾਣੇ ਸਰੋਕਾਰਾਂ ਨੂੰ ਤਿਆਗ ਰਹੇ ਹਨ। ਲੋਕੀਂ ਹੁਣ ਘਰੇ ਬੈਠੇ ਹੀ ਇੰਟਰਨੈੱਟ/ ਟੀ. ਵੀ. ਆਦਿ ਰਾਹੀਂ ਮੇਲੇ ਬਾਰੇ ਜਾਣਕਾਰੀ ਹਾਸਲ ਕਰ ਲੈਂਦੇ ਹਨ। ਮੇਰੇ ਪਿਤਾ ਜੀ ਨੇ ਮੈਨੂੰ ਸਿੱਖ- ਸਥਾਨਾਂ, ਇਕੱਠਾਂ ਤੇ ਜਾਣ ਦਾ ਜੋ ਮੌਕਾ/ ਸਿਖਿਆ ਦਿੱਤੀ ਸੀ, ਉਹਨੂੰ ਮੈਂ ਆਪਣੇ ਪਰਿਵਾਰ ਨਾਲ ਅਜੇ ਵੀ ਸਾਂਝਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ।

ਪ੍ਰੋ. ਨਵ ਸੰਗੀਤ ਸਿੰਘ
ਨੇੜੇ ਗਿੱਲਾਂ ਵਾਲਾ ਖੂਹ
ਤਲਵੰਡੀ ਸਾਬੋ-151302 (ਬਠਿੰਡਾ)
9417693015

Leave a Reply

Your email address will not be published. Required fields are marked *

%d bloggers like this: