ਮੇਰੇ ਹਿੱਸੇ ਦਾ ਤੇਰਾ ਸਿੰਘ ਚੰਨ (ਪਹਿਲੀ ਜਨਮ ਸ਼ਤਾਬਦੀ ਦੇ ਮੌਕੇ ‘ਤੇ)

ਮੇਰੇ ਹਿੱਸੇ ਦਾ ਤੇਰਾ ਸਿੰਘ ਚੰਨ (ਪਹਿਲੀ ਜਨਮ ਸ਼ਤਾਬਦੀ ਦੇ ਮੌਕੇ ‘ਤੇ)
ਮੇਰੀਆਂ ਯਾਦਾਂ ਦੇ ਝਰੋਖੇ ਵਿਚ ਤੇਰਾ ਸਿੰਘ ਚੰਨ ਦਾ ਇਕ ਵਿਸ਼ੇਸ਼ ਮੁਕਾਮ ਹੈ। ਉਹ ਪੰਜਾਬੀ ਸਾਹਿਤ ਦੀ ਨਾਮਵਰ ਤੇ ਬੇਨਿਆਜ਼ ਹਸਤੀ ਹੋਏ ਹਨ। ਉਪੇਰਾ ਥੀਏਟਰ ਅਤੇ ਕਾਲਮ ਨਵੀਸ ਵਜੋਂ ਵੀ ਉਨ੍ਹਾਂ ਸ਼ੁਹਰਤ ਦੇ ਡੰਕੇ ਵਜਾਏ ਹਨ। “ਲੱਕੜ ਦੀ ਲੱਤ” ਉਨ੍ਹਾਂ ਦਾ ਬੜਾ ਮਕਬੂਲ ਉਪੇਰਾ ਹੋਇਆ ਹੈ। ਉਹ ਇੰਡੀਅਨ ਪੀਪਲਜ਼ ਥੀਏਟਰ ਐਸੋਸੀਏਸ਼ਨ (ਇਪਟਾ) ਦੇ ਮੋਢੀਆਂ ਵਿੱਚੋਂ ਇਕ ਸਨ, ਜਿਨ੍ਹਾਂ ਨੇ ਅਮਨ ਲਹਿਰ ਵਿਚ ਵਧ ਚੜ੍ਹ ਕੇ ਹਿੱਸਾ ਲਿਆ। ਇਸ ਲਹਿਰ ਵਿਚ ਬਲਰਾਜ ਸਾਹਨੀ, ਸੁਰਿੰਦਰ ਕੌਰ, ਜੋਗਿੰਦਰ ਬਾਹਰਲਾ ਅਤੇ ਜਗਦੀਸ਼ ਫਰਿਆਦੀ ਉਨ੍ਹਾਂ ਦੇ ਸੰਗੀ ਸਾਥੀ ਰਹੇ।
ਲਹਿੰਦਾ ਪੰਜਾਬ, ਜਿਸ ਨੂੰ ਉਸ ਸਮੇਂ ਬ੍ਰਿਟਿਸ਼ ਪੰਜਾਬ ਵੀ ਕਿਹਾ ਜਾਂਦਾ ਸੀ, ਦੇ ਜ਼ਿਲਾ ਅੱਟਕ ਦੀ ਤਹਿਸੀਲ ਫਤਹਿਜੰਗ ਵਿਚ ਪੈਂਦੇ ਪਿੰਡ ਬਿਲਾਵਲ ਵਿਚ 6 ਜਨਵਰੀ 1921 ਨੂੰ ਖੱਤਰੀ ਪਰਿਵਾਰ ਵਿਚ ਮਾਤਾ ਜੀਵੀ ਦੀ ਕੁੱਖੋਂ ਪਿਤਾ ਸਰਦਾਰ ਮੇਲਾ ਸਿੰਘ ਦੇ ਘਰ ਪੈਦਾ ਹੋਏ। ਬੜੇ ਘੱਟ ਲੋਕਾਂ ਨੂੰ ਪਤਾ ਹੈ ਕਿ ਉਨ੍ਹਾਂ ਦਾ ਪਿਛੋਕੜ ਖੂਖਰੈਣ ਦੇ ਚੱਢਾ ਗੋਤ ਨਾਲ ਹੈ ਜਿਸ ਨੂੰ ਖੱਤਰੀਆਂ ਦਾ ਸਰਬਉਚ ਗੋਤ (ਜਾਤ) ਗਿਣਿਆਂ ਜਾਂਦਾ ਹੈ। ਪਰ ਚੰਨ ਜੀ ਦੀ ਫਿਤਰਤ ਵਿਚ ਕਦੇ ਵੀ ਜਾਤ ਪਾਤ, ਰੰਗ, ਨਸਲ, ਧਰਮ ਦਾ ਬੁਰਕਾ ਨਹੀਂ ਦਿਸਿਆ। ਉਨ੍ਹਾਂ ਹਰ ਸਮੇਂ “ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ” ਨੂੰ ਹੀ ਜੀਵਨ ਦਾ ਆਦਰਸ਼ ਰੱਖਿਆ।
ਉਨ੍ਹਾਂ ਨੇ ਜ਼ਿੰਦਗੀ ਵਿਚ ਸਭ ਤੋਂ ਪਹਿਲਾਂ ਇਕ ਅਧਿਆਪਕ ਦੇ ਤੌਰ ਤੇ ਕਾਰਜ ਕੀਤਾ। ਉਸ ਤੋਂ ਬਾਅਦ ਕੋਇਟਾ, ਜੇਹਲਮ ਤੇ ਰਾਵਲਪਿੰਡੀ ਵਿਚ ਇਕ ਦੁਕਾਨ ਤੇ ਸਹਾਇਕ ਦੇ ਤੌਰ ਤੇ ਕੰਮ ਕਰਦੇ ਰਹੇ। ਦੇਸ਼ ਦੀ ਵੰਡ ਤੋਂ ਬਾਅਦ “ਪ੍ਰੀਤਲੜੀ” ਅਤੇ ਫਿਰ “ਨਵਾਂ ਜ਼ਮਾਨਾ” ਵਿਚ ਕੰਮ ਕੀਤਾ। ਉਹ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪਹਿਲੇ ਸਕੱਤਰ ਸਨ, ਜੋ 1956 ਵਿਚ ਗਿਆਨੀ ਹੀਰਾ ਸਿੰਘ ਦਰਦ ਦੀ ਪ੍ਰਧਾਨਗੀ ਹੇਠ ਸਥਾਪਿਤ ਹੋਈ। ਉਨ੍ਹਾਂ ਇਹ ਕਾਰਜ ਨਿਰੰਤਰ 15 ਸਾਲ ਬਾਖੂਬੀ ਨਿਭਾਇਆ। ਉਨ੍ਹਾਂ ਲੰਮਾਂ ਸਮਾਂ ਸਹਾਇਕ ਸੰਪਾਦਕ ਦੇ ਤੌਰ ਤੇ ਸੂਚਨਾ ਕੇਂਦਰ ਸੋਵੀਅਤ ਸਫਾਰਤਖਾਨਾ ਨਵੀਂ ਦਿੱਲੀ ਵਿਚ ਕੰਮ ਕੀਤਾ। ਸੰਨ 1983 ਤੋਂ ਉਨ੍ਹਾਂ ਭਾਰਤੀ ਕਮਿਊਨਿਸਟ ਪਾਰਟੀ ਦੇ ਸੱਭਿਆਚਾਰਕ ਫਰੰਟ ਦੇ ਇੰਚਾਰਜ ਦੇ ਤੌਰ ਤੇ ਵੀ ਕੰਮ ਕੀਤਾ। ਉਨ੍ਹਾਂ ਦਾ ਸ਼ੁਰੂ ਤੋਂ ਹੀ ਝੁਕਾਅ ਮਾਰਕਸੀ ਵਿਚਾਰਧਾਰਾ ਵੱਲ ਸੀ। ਉਹ ਉਚਕੋਟੀ ਦੇ ਕਵੀ, ਓਪੇਰਾ ਲੇਖਕ, ਨਾਟਕਕਾਰ ਅਤੇ ਅਨੁਵਾਦਕ ਸਨ। ਉਨ੍ਹਾਂ ਦੀਆਂ ਰਚਨਾਵਾਂ ਭਖਦੇ ਮਸਲਿਆਂ ਬਾਰੇ, ਲੋਕਾਂ ਦੀ ਲੱਟ ਖਸੁੱਟ ਅਤੇ ਸਾਮਰਾਜ ਵਿਰੁੱਧ ਆਵਾਜ਼ ਉਠਾਉਂਦੀਆਂ ਰਹੀਆਂ ਹਨ। ਉਨ੍ਹਾਂ ਦੀਆਂ ਚੋਣਵੀਆਂ ਰਚਨਾਵਾਂ ਸਿਸਕੀਆਂ, ਜੈ ਹਿੰਦ, ਸਮੇਂ ਸਮੇਂ ਦੀਆਂ ਗੱਲਾਂ, ਕਾਗ ਸਮੇਂ ਦਾ ਬੋਲਿਆ, ਅਮਰ ਪੰਜਾਬ, ਸਾਂਝਾ ਵਿਹੜਾ, ਲੱਕੜ ਦੀ ਲੱਤ, ਪੰਜਾਬ ਦੀ ਆਵਾਜ਼, ਲੀਲ ਦੀ ਸ਼ਹਿਜ਼ਾਦੀ ਅਤੇ ਫੁੱਲਾਂ ਦਾ ਸੁਨੇਹਾ ਸਨ।
1981-82 ਦੇ ਨੇੜੇ ਤੇੜੇ ਤੇਰਾ ਸਿੰਘ ਚੰਨ ਸੋਵੀਅਤ ਸਫਾਰਤਖਾਨਾ ਦਿੱਲੀ ਤੋਂ ਸੇਵਾ ਮੁਕਤ ਹੋ ਕੇ ਚੰਡੀਗੜ੍ਹ ਆ ਗਏ। ਇੱਥੇ ਹੀ ਚੰਨ ਸਾਹਿਬ ਨਾਲ ਮੇਰੀ ਪਹਿਲੀ ਮੁਲਾਕਾਤ ਦਾ ਸਬੱਬ ਨਾਟਕਕਾਰ ਦੇਵਿੰਦਰ ਦਮਨ ਰਾਹੀਂ ਬਣਿਆ। ਉਹ ਉਸ ਸਮੇਂ ਆਪਣੇ ਜਵਾਈ ਡਾ. ਰਘਬੀਰ ਸਿੰਘ ਦੇ ਘਰ ਸੈਕਟਰ 15 ਵਿਚ ਰਹਿ ਰਹੇ ਸਨ। ਅਸੀਂ ਇਕ ਦਿਨ ਦੋਹੇਂ ਹੀ ਮਿਥੇ ਸਮੇਂ ਤੇ ਡਾ. ਰਘਬੀਰ ਸਿੰਘ ਦੇ ਘਰ ਚਲੇ ਗਏ। ਘਰ ਵਿਚ ਉਨ੍ਹਾਂ ਦੀ ਵੱਡੀ ਲੜਕੀ ਸੁਲੇਖਾ ਸੀ। ਚੰਨ ਸਾਹਿਬ ਕਿਉਂਕਿ ਦੇਵਿੰਦਰ ਦਮਨ ਦੇ ਪਹਿਲਾਂ ਤੋਂ ਹੀ ਚੰਗੀ ਤਰ੍ਹਾਂ ਵਾਕਿਫ਼ ਸਨ ਇਸ ਲਈ ਸਾਡੀ ਮੁਲਾਕਾਤ ਬੜੇ ਖੁਸ਼ਗਵਾਰ ਮਾਹੌਲ ਵਿਚ ਹੋਈ। ਦੇਵਿੰਦਰ ਦਮਨ ਨੇ ਮੇਰੇ ਬਾਰੇ ਦੱਸਿਆ ਕਿ ਇਹ ਪੰਜਾਬ ਦੇ ਨਾਮਵਰ ਫੋਟੋ ਕਲਾਕਾਰ ਹਨ। ਇਹ ਤੁਹਾਡਾ ਫੋਟੋ ਸੈਸ਼ਨ ਕਰਨਾ ਚਾਹੁੰਣਗੇ। ਉਨ੍ਹਾਂ ਬੇਹੱਦ ਖੁਸ਼ੀ ਪ੍ਰਗਟਾਈ ਅਤੇ ਸਹਿਯੋਗ ਵੀ ਦਿੱਤਾ। ਨਾਲ ਨਾਲ ਕੁਝ ਰਸਮੀ ਗੱਲਾਂ ਦਾ ਦੌਰ ਚੱਲਿਆ। ਚਾਹ ਦੀਆਂ ਚੁਸਕੀਆਂ ਵੀ ਲਈਆਂ ਤੇ ਉਨ੍ਹਾਂ ਨਾਲ ਇਕ ਘੰਟੇ ਤੋਂ ਵੱਧ ਸਮਾਂ ਬਿਤਾਇਆ।
ਮੇਰੀ ਪਹਿਲੀ ਨਜ਼ਰ ਵਿਚ ਉਹ ਇਕ ਜ਼ਿੰਦਾਦਿਲ ਤੇ ਫੱਕਰ ਤਬੀਅਤ ਦੇ ਮਾਲਕ ਜਾਪੇ। ਉਹ ਪੰਜਾਬੀ ਸਾਹਿਤ, ਵਿਰਸੇ ਅਤੇ ਵਿਰਾਸਤ ਦਾ ਤੁਰਦਾ ਫਿਰਦਾ ਇਤਿਹਾਸ ਸਨ। ਤੇਰਾ ਸਿੰਘ ਚੰਨ ਇਕ ਵਿਅਕਤੀ ਦਾ ਨਾਂਉਂ ਨਹੀਂ ਸੀ, ਉਹ ਇਕ ਸੰਸਥਾ ਦਾ ਨਾਂਉਂ ਸੀ। ਉਨ੍ਹਾਂ ਦਾ ਸਮੁੱਚਾ ਜੀਵਨ ਭਾਈਚਾਰੇ ਦੀ ਲੋਕ ਸੇਵਾ ਤੇ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਸੀ, ਉਹ ਸੱਚੇ ਸੁੱਚੇ ਕਿਰਦਾਰ ਦੇ ਮਾਲਕ ਸਨ, ਸਾਦਗੀ, ਈਮਾਨਦਾਰੀ ਅਤੇ ਉੱਚੀਆਂ ਕਦਰਾਂ ਕੀਮਤਾਂ ਦੀ ਮਿਸਾਲ ਸਨ। ਸਾਡੀ ਪਹਿਲੀ ਮੁਲਾਕਾਤ ਤੋਂ ਇੰਝ ਜਾਪਿਆ ਜਿਵੇਂ ਅਸੀਂ ਮੁੱਦਤਾਂ ਤੋਂ ਇਕ ਦੂਜੇ ਤੋਂ ਵਾਕਿਫ਼ ਸਾਂ।
ਕੁਝ ਸਮੇਂ ਬਾਅਦ ਉਹ ਸੈਕਟਰ 38 ਡੀ ਚੰਡੀਗੜ੍ਹ ਆ ਗਏ। ਦਸ ਮਰਲੇ ਦਾ ਖੁਲ੍ਹਾ ਡੁੱਲਾ ਮਕਾਨ ਸੀ। ਮੈਂ ਉਨ੍ਹਾਂ ਦੇ ਘਰ ਤੋਂ ਇਕ ਫਰਲਾਂਗ ਦੇ ਫਾਸਲੇ ਤੇ ਸੈਕਟਰ ਚਾਲੀ ਬੀ ਵਿਚ ਰਹਿੰਦਾ ਸਾਂ। ਹੁਣ ਸਾਡਾ ਅਕਸਰ ਮੇਲ ਮਿਲਾਪ ਹੋ ਜਾਂਦਾ ਸੀ। ਉਨ੍ਹਾਂ ਦਿਨਾਂ ਵਿਚ ਉਹ ਮੁੜ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਕੱਤਰ ਦੀ ਸੇਵਾ ਨਿਭਾ ਰਹੇ ਸਨ। ਮੈਂ ਜਦੋਂ ਵੀ ਉਨ੍ਹਾਂ ਦੇ ਘਰ ਜਾਣਾ ਤਾਂ ਉਨ੍ਹਾਂ ਨੂੰ ਕਾਗਜ਼ਾਂ, ਫਾਈਲਾਂ ਨੂੰ ਰੱਖਦੇ ਤੇ ਸਮੇਟਦੇ ਦੇਖਦਾ। ਅਨੇਕਾਂ ਵਾਰ ਉਨ੍ਹਾਂ ਸੈਰ ਕਰਦੇ ਹੋਏ ਵੀ ਆ ਜਾਣਾ ਪਰ ਹਮੇਸ਼ਾ ਇਹੋ ਆਖਣਾ “ਮੈਂ ਤੁਹਾਡੇ ਘਰ ਅੱਗੋਂ ਲੰਘ ਰਿਹਾ ਸਾਂ, ਸੋਚਿਆ ਤੁਹਾਡਾ ਹਾਲ ਚਾਲ ਪੁੱਛ ਲਵਾਂ।“
ਇਕ ਦਿਨ ਉਹ ਸਵੇਰੇ ਸਵੇਰੇ ਆ ਗਏ। ਆਏ ਆਪਣੇ ਕੰਮ ਸਨ ਪਰ ਕਹਿਣ ਤੋਂ ਝਿਜਕ ਮਹਿਸੂਸ ਕਰ ਰਹੇ ਸਨ। ਅੰਤ ਉਨ੍ਹਾਂ ਆਖ ਹੀ ਦਿੱਤਾ ਕਿ ਕਾਕਾ ਚਾਹੁੰਦਾ ਹੈ ਅੱਜ ਉਨ੍ਹਾਂ ਦੇ ਬੱਚੇ ਦਾ ਜਨਮ ਦਿਨ ਹੈ ਤੇ ਤੁਸੀਂ ਕੁਝ ਯਾਦਗਾਰੀ ਪਲ ਕੈਮਰੇ ਨਾਲ ਕਵਰ ਕਰ ਲਵੋ। ਫਿਲਮ ਤੁਹਾਨੂੰ ਲੜਕਾ ਦੇ ਦੇਵੇਗਾ। ਉਨ੍ਹਾਂ ਦਾ ਵੱਡਾ ਲੜਕਾ ਡਾ. ਮਨਦੀਪ ਸਿੰਘ, ਗੌਰਮਿੰਟ ਕਾਲਜ ਡੇਰਾ ਬੱਸੀ ਲੱਗਾ ਹੋਇਆ ਸੀ। ਮੈਂ ਉਨ੍ਹਾਂ ਦੀ ਇੱਛਾ ਤੇ ਖੁਸ਼ੀ ਪ੍ਰਗਟਾਉਂਦੇ ਹੋਏ ਕਿਹਾ ਇਹ ਗੱਲ ਤਾਂ ਮਨਦੀਪ ਵੀ ਆਖ ਸਕਦਾ ਸੀ।
ਸ਼ਾਮ ਨੂੰ ਸਾਰਾ ਪਰਿਵਾਰ ਬੱਚੇ ਦੀ ਖੁਸ਼ੀ ਸਾਂਝੀ ਕਰਨ ਹਿਤ ਇਕੱਠਾ ਹੋਇਆ ਸੀ। ਮੈਂ ਸਮੇਂ ਸਿਰ ਪਹੁੰਚ ਗਿਆ। ਇਸ ਸ਼ਾਮ ਵਿਚ ਜਿਹੜਾ ਇਕ ਵਿਸ਼ੇਸ਼ ਵਿਅਕਤੀ ਸ਼ਾਮਲ ਸੀ, ਉਸ ਦਾ ਨਾਉਂ ਅਵਤਾਰ ਸਿੰਘ ਮਲਹੋਤਰਾ ਸੀ, ਜੋ ਭਾਰਤੀ ਕਮਿਊਨਨਿਸਟ ਪਾਰਟੀ ਪੰਜਾਬ ਦਾ ਸਭ ਤੋਂ ਵੱਡਾ ਨੇਤਾ ਸੀ। ਮਲਹੋਤਰਾ, ਤੇਰਾ ਸਿੰਘ ਚੰਨ ਤੋਂ ਚਾਰ ਸਾਲ ਵੱਡਾ ਅਤੇ ਉਨ੍ਹਾਂ ਦਾ ਜਿਗਰੀ ਯਾਰ ਸੀ। ਮਲਹੋਤਰਾ ਮੇਰਾ ਵੀ ਥੋੜ੍ਹਾ ਬਹੁਤਾ ਵਾਕਿਫ਼ ਸੀ। ਦੋਨੋਂ ਕਿਉਂਕਿ ਪੋਠੋਹਾਰ ਦੀ ਧਰਤੀ ਤੇ ਪਲੇ ਹੋਏ ਹੋਣ ਕਾਰਨ ਦੋਹਾਂ ਦੀ ਇਕ ਸੁਰ ਸੀ। ਜਨਮ ਦਿਨ ਦੇ ਯਾਦਗਾਰੀ ਪਲ ਵੀ ਮੇਰੇ ਯਾਦਾਂ ਦੇ ਝਰੋਖੇ ਵਿਚ ਸਦਾ ਸਾਂਭੇ ਰਹਿਦਗੇ।
ਉਨ੍ਹਾਂ ਆਪਣੇ ਜੀਵਨ ਵਿਚ ਅਨੇਕਾਂ ਉਤਰਾਅ ਚੜ੍ਹਾਅ ਦੇਖੇ ਪਰ ਇਸ ਦੇ ਬਾਵਜੂਦ ਉਨ੍ਹਾਂ ਆਪਣੀ ਵਿਚਾਰਧਾਰਾ ਤੋਂ ਕਦੇ ਵੀ ਮੁੱਖ ਨਹੀਂ ਮੋੜਿਆ। ਇਖ਼ਲਾਕੀ ਕਦਰਾਂ ਕੀਮਤਾਂ ਬਣਾਏ ਰੱਖਣ ਵਿਚ ਵੀ ਉਨ੍ਹਾਂ ਦਾ ਬਹੁਤ ਵੱਡਾ ਯੋਗਦਾਨ ਹੈ। ਉਹ ਹਰਮਨ ਪਿਆਰੇ ਅਤੇ ਉਤਸ਼ਾਹੀ ਪੁਰਸ਼ ਸਨ। ਉਨ੍ਹਾਂ ਦਾ ਵਿਆਹ ਪਿੰਡ ਦੁੱਲਾ, ਨੇੜੇ ਨੀਲਾ ਪਿੰਡ, ਜ਼ਿਲਾ ਜੇਹਲਮ, ਬ੍ਰਿਟਿਸ਼ ਪੰਜਾਬ ਵਿਚ ਸ੍ਰੀ ਮਤੀ ਬਸੰਤ ਕੌਰ ਨਾਲ ਹੋਇਆ। ਉਨ੍ਹਾਂ ਦੀਆਂ ਤਿੰਨ ਧੀਆਂ ਸੁਲੇਖਾ, ਨਤਾਸ਼ਾ ਤੇ ਮਮਤਾ ਅਤੇ ਤਿੰਨ ਪੁੱਤਰ ਮਨਦੀਪ ਸਿੰਘ, ਦਿਲਦਾਰ ਸਿੰਘ ਤੇ ਜਨਮੀਤ ਸਿੰਘ ਸਨ। ਉਨ੍ਹਾਂ ਦਾ ਸਮੁੱਚਾ ਪਰਿਵਾਰ ਉਨ੍ਹਾਂ ਦੀ ਵਿਰਾਸਤ ਨੂੰ ਅੱਗੇ ਤੋਰ ਰਿਹਾ ਹੈ, ਜਿਨ੍ਹਾਂ ਵਿਚ ਉਨ੍ਹਾਂ ਦੀ ਵੱਡੀ ਲੜਕੀ ਸੁਲੇਖਾ, ਸ਼ਹੀਦ ਕਾਸ਼ੀ ਰਾਮ ਮੈਮੇਰੀਅਲ ਕਾਲਜ ਭੰਗੂ ਮਾਜਰਾ, ਖਰੜ ਵਿਚ ਅਧਿਆਪਕਾ ਅਤੇ ਜਵਾਈ ਡਾ. ਰਘਬੀਰ ਸਿੰਘ ਸਿਰਜਣਾ ਪੰਜਾਬੀ ਦੇ ਨਾਮਵਰ ਵਿਦਵਾਨ ਅਤੇ ਆਲੋਚਕ ਸ਼ਾਮਲ ਹਨ। ਚੰਨ ਸਾਹਿਬ ਦਾ ਵੱਡਾ ਲੜਕਾ ਗੌਰਮਿੰਟ ਕਾਲਜ ਮੋਹਾਲੀ ਵਿਚ ਬਤੌਰ ਲੈਕਚਰਾਰ ਰਿਹਾ ਹੈ। ਛੋਟਾ ਲੜਕਾ ਦਿਲਦਾਰ ਸਿੰਘ, ਜਿਨ੍ਹਾਂ ਨਾਲ ਰਹਿੰਦਿਆਂ ਚੰਨ ਜੀ ਨੇ 9 ਜੁਲਾਈ 2009 ਵਿਚ ਵਿਛੋੜਾ ਦਿੱਤਾ, ਮੋਹਾਲੀ ਵਿਚ ਰਹਿ ਰਿਹਾ ਹੈ। ਇਸ ਗੱਲ ਦਾ ਸਮੂਹ ਭਾਈਚਾਰੇ ਨੂੰ ਮਾਣ ਹੇ ਕਿ ਆਪ ਦੀ ਦੋਹਤੀ ਰਚਨਾ ਸਿੰਘ ਕੈਨੇਡਾ ਵਿਚ ਬ੍ਰਿਟਿਸ਼ ਕੋਲੰਬੀਆ ਤੋਂ ਦੂਜੀ ਵਾਰ ਐਮ.ਐਲ.ਏ. ਬਣ ਕੇ ਪੰਜਾਬੀ ਜਗਤ ਦੀ ਆਵਾਜ਼ ਬੁਲੰਦ ਕਰ ਰਹੀ ਹੈ।
ਆਓ! ਪੰਜਾਬੀ ਮਾਂ ਬੋਲੀ ਤੇ ਸਕਾਫ਼ਤ ਦੀ ਬੇਨਜ਼ੀਰ ਸ਼ਖ਼ਸੀਅਤ ਤੇਰਾ ਸਿੰਘ ਚੰਨ ਜੀ ਦੀ ਪਹਿਲੀ ਜਨਮ ਸ਼ਤਾਬਦੀ ਦੇ ਮੌਕੇ ਤੇ ਉਨ੍ਹਾਂ ਦੇ ਰੰਗਲੇ ਤੇ ਸੰਘਰਸ਼ਮਈ ਜੀਵਨ ਦੇ ਵੱਖ ਵੱਖ ਪੱਖਾਂ ਨੂੰ ਉਜਾਗਰ ਕਰੀਏ। ਉਹ ਪੰਜਾਬ ਦੇ ਸੱਚੇ ਸੁੱਚੇ ਸਪੂਤ ਸਨ। ਆਮੀਨ!
ਜੈਤੇਗ ਸਿੰਘ ਅਨੰਤ
ਮੋਬਾਈਲ : 778-385-8141