Thu. Aug 22nd, 2019

ਮੇਰੇ ਵਾਸਤੇ “ਸੱਸੇ” ਦਾ ਮਹੱਤਵ

ਮੇਰੇ ਵਾਸਤੇ “ਸੱਸੇ” ਦਾ ਮਹੱਤਵ

ਮੇਰੇ ਨਾਮ ਦਾ ਇਹ ਪਹਿਲਾ ਅੱਖਰ ਜੋ ਗੁਰਮੁਖੀ ਪੈਂਤੀ ਚ ਚੌਥੇ ਸਥਾਨ ਉਚਾਰਿਆ ਜਾਂਦਾ ਹੈ । ਉਂਜ ਤਾਂ ਗੁਰਮੁਖੀ ਪੈਂਤੀ ਦੇ ਸਾਰੇ ਅੱਖਰ ਹੀ ਬਹੁਤ ਮਹੱਤਵਪੂਰਨ ਹਨ ਤੇ ਆਪੋ ਆਪਣੀ ਜਗਾ ਮਹਾਨ ਹਨ, ਪਰ ਸੱਸਾ ਮੇਰੇ ਵਾਸਤੇ ਖ਼ਾਸ ਮਹੱਤਵ ਦਾ ਪਾਤਰ ਇਸ ਕਰਕੇ ਹੈ ਕਿਉਕਿ ਇਹ ਮੇਰੇ ਨਾਮ ਦਾ, ਇਸ ਦੁਨੀਆ ਚ ਮਾਰੀ ਪਹਿਚਾਣ ਦਾ ਪਹਿਲਾ ਅੱਖਰ ਹੈ । ਏਹੀ ਮੁੱਖ ਕਾਰਨ ਹੈ ਕਿ ਮੈਂ ਇਸ ਅੱਖਰ ਦੇ ਬਾਰੇ ਚ ਹਮੇਸ਼ਾ ਹੀ ਸੋਚਦਾ ਰਹਿੰਦਾ ਹੈ ਤੇ ਇਸ ਦੀ ਮਹਿਮਾ ਬਾਰੇ ਨਿਰੰਤਰ ਖੋਜ ਪੜਤਾਲ ਕਰਦਾ ਰਹਿੰਦਾ ਹਾਂ । ਸਿੱਟੇ ਵਜੋਂ ਸੱਸੇ ਦੇ ਮਹੱਤਵ ਦੇ ਵੱਡੇ ਵੱਡੇ ਰਹੱਸ ਮੇਰੇ ਸਾਹਮਣੇ ਆਉਂਦੇ ਰਹਿੰਦੇ ਹਨ । ਮਿਸਾਲ ਵਜੋਂ ਸੰਸਾਰ, ਸਰੀਰ ਤੇ ਸ਼ਾਹ ਦਾ ਪਹਿਲਾ ਅੱਖਰ ਵੀ ਸੱਸਾ ਹੀ ਹੈ । ਮਨੁੱਖ ਸੰਸਾਰ ਦਾ ਇਕ ਅਨਿੱਖੜਵਾਂ ਹਿੱਸਾ ਹੈ । ਉਹ ਸੰਸਾਰ ਵਿੱਚ ਹੀ ਜਨਮਦਾ, ਵੱਡਾ ਹੁੰਦਾ, ਪਰਵਾਨ ਚੜ੍ਹਦਾ ਤੇ ਮਰਦਾ ਹੈ ਤੇ ਸਾਹ ਨਾਲ ਹਰ ਪ੍ਰਾਣੀ ਦੀ ਜੀਵਨ ਲੀਲਾ ਬੱਝੀ ਹੋਈ ਹੈ । ਜਿੰਨਾ ਚਿਰ ਸਰੀਰ ਚ ਸਾਹਾ ਦੀ ਲੜੀ ਨਿਰੰਤਰ ਬਣੀ ਰਹਿੰਦੀ ਹੈ, ਉਂਨਾਂ ਚਿਰ ਸਭ ਕੁੱਜ ਠੀਕ ਠਾਕ ਹੈ ਨਹੀਂ ਚਕਲੋ ਚਕਲੋ ਹੋ ਜਾਂਦੀ ਹੈ । ਜਿਹਨਾ ਨੂੰ ਆਪਣਾ ਸਮਝਦੇ ਰਹੇ, ਉਹਨਾਂ ਨੂੰ ਵੀ ਮੋਏ ਸਰੀਰ ਤੋਂ ਭੈਅ ਆਉਣ ਲੱਗ ਜਾਂਦਾ ਹੈ ਤੇ ਜਲਦੀ ਫੂਕਣ ਦੀ ਕਿਰਿਆ ਕਰਨ ਵਾਸਤੇ ਦੌੜ ਭੱਜ ਕਰਦੇ ਨਜ਼ਰ ਆਉਣ ਲੱਗ ਜਾਂਦੇ ਹਨ ।
ਸੱਸਾ, ਸੱਚ, ਸੰਦੇਸ਼, ਸਬਰ, ਸ਼ਾਂਤੀ, ਸੰਤੋਖ, ਸੰਜਮ ਤੇ ਸੰਤੁਸ਼ਟੀ ਦਾ ਵੀ ਵਾਹਕ ਹੈ । ਉਕਤ ਸਭ ਗੁਣਾ ਦੀ ਮਨੁਖੀ ਜੀਵਨ ਵਿੱਚ ਬਹੁਤ ਮਹਾਨਤਾ ਹੈ ਤੇ ਇਕ ਸੱਭਿਅਕ ਸਮਾਜ ਵਿੱਚ ਏਹਨਾ ਗੁਣਾ ਦਾ ਹੋਣਾ ਜ਼ਰੂਰੀ ਹੁੰਦਾ ਹੈ । ਜਿਸ ਵੀ ਵਿਅਕਤੀ ਚ ਉਕਤ ਗੁਣਾ ਦੀ ਘਾਟ ਹੋਵੇ, ਉਸ ਤੋਂ ਹਮੇਸ਼ਾ ਹੀ ਬਚਕੇ ਰਹਿਣ ਦੀ ਸਲਾਹ ਸਿਆਣੇ ਆਮ ਹੀ ਦਿੰਦੇ ਹਨਕਿਉਕਿ ਉਕਤ ਗੁਣਾ ਦੀ ਗ਼ੈਰ ਹਾਜ਼ਰੀ ਵਾਲਾ ਬੰਦਾ ਸਿਰੇ ਦੇ ਮਤਲਬੀ, ਮਕਾਰ ਤੇ ਦਗਾਬਾਜ ਮੰਨਿਆ ਜਾਂਦਾ ਹੈ । ਅਜਿਹੇ ਲੋਕਾਂ ਦੇ ਦਿਮਾਗ ਚ ਸੱਸੇ ਨਾਲ ਹੀ ਸ਼ੁਰੂ ਹੋਣ ਵਾਲੇ ਸਵਾਰਥ, ਸੰਪਤੀ ਤੇ ਸ਼ੋਹਰਤ ਦਾ ਭੂਤ ਸਵਾਰ ਹੁੰਦਾ ਹੈ ਜਿਸ ਦੀ ਪਰਾਪਤੀ ਵਾਸਤੇ ਉਹ ਕਿਸੇ ਹੱਦ ਤੱਕ ਵੀ ਗਿਰ ਸਕਦੇ ਹਨ । ਇਹ ਵੀ ਜਿਕਰਯੋਗ ਹੈ ਕਿ ਉਕਤ ਭਾਂਤੀ ਲੋਕ ਸੱਸੇ ਨਾਲ ਹੀ ਸ਼ੁਰੂ ਹੋਣ ਵਾਲੇ ਸਦਾਚਾਰਕ, ਸੱਭਿਆਚਾਰਕ ਤੇ ਸੂਝ ਸਮਝ ਵਾਲੇ ਗੁਣਾਂ ਤੋਂ ਪੂਰੀ ਤਰਾਂ ਪੈਦਲ ਹੁੰਦੇ ਹਨ ਜਦ ਕਿ ਉਹਨਾਂ ਦੀ ਸੋਚ ‘ਤੇ ਸਾੜਾ ਤੇ ਈਰਖਾ ਪ੍ਰਧਾਨ ਹੁੰਦੇ ਹਨ ।
ਸੱਸਾ, ਸੱਚ ਦਾ ਵੀ ਪਹਿਲਾ ਅੱਖਰ ਹੈ ਜਿਸ ਨੂੰ ਅਜੋਕੇ ਯੁੱਗ ਚ ਫਾਂਸੀ ਹੈ । ਬੇਸ਼ੱਕ ਸੁੱਖ ਸ਼ਾਂਤੀ ਵਾਲੇ ਸੱਸੇ ਵਾਸਤੇ ਅਸੀਂ ਸਾਰੇ ਤਰਾਂ ਤਰਾਂ ਦੇ ਪਾਪੜ ਵੇਲਦੇ ਰਹਿੰਦੇ ਹਾਂ ਪਰ ਸੱਸੇ ਵਾਲੀ ਸੁਚਾਰੂ ਸੋਚ ਦੀ ਘਾਟ ਕਾਰਨ ਕਾਮਯਾਬ ਸਾਡੇ ਚੋ ਬਹੁਤ ਹੀ ਘੱਟ ਹੁੰਦੇ ਹਨ ।
ਸੱਸਾ, ਸੱਪ ਤੇ ਸ਼ੇਰ ਦੇ ਨਾਮ ਦਾ ਪਹਿਲਾ ਅੱਖਰ ਵੀ ਹੈ । ਦੋਵੇਂ ਹੀ ਬਹੁਤ ਖ਼ਤਰਨਾਕ ਜੀਵ ਹਨ । ਇਕ ਦਾ ਡੰਗਿਆ ਪਾਣੀ ਨਹੀਂ ਮੰਗਦਾ ਕੇ ਦੂਸਰੇ ਦੇ ਪੰਜੇ ਚ ਜੋ ਵੀ ਫਸ ਜਾਂਦਾ ਉਸ ਦਾ ਲੀਰਾ ਲੀਰਾਂ ਹੋਣਾ ਤਹਿ ਹੁੰਦਾ ਹੈ । ਪਰ ਸੁਣਿਆ ਹੈ ਕਿ ਸੱਸੇ ਨਾਲ ਸ਼ੁਰੂ ਹੋਣ ਵਾਲੇ ਅੱਖਰ ਸੁਨੇਹ ਨਾਲ ਕਿਸੇ ਵੀ ਖੂੰਖਾਰ ਤੋਂ ਖੂੰਖਾਰ ਜੀਵ ਨੂੰ ਵੀ ਵੱਸ ਚ ਕੀਤਾ ਜਾ ਸਕਦਾ ਹੈ ।
ਸੱਸਾ, ਸੁਰ, ਸੰਗੀਤ ਤੇ ਸਾਜ ਦੀ ਬਾਤ ਪਾਉਂਦਾ ਹੈ ਤਾਂ ਪੰਛੀ ਉਡਾਰੀ ਮਾਰਨਾ ਭੁੱਲ ਜਾਂਦੇ ਹਨ । ਸੱਸਾ, ਸ਼ਬਦ ਦੀ ਮਹਿਮਾ ਹੈ, ਸਿਰਸਟੀ ਦਾ ਗਿਆਨ ਹੈ, ਸੋਹਜ ਤੇ ਸ਼ਿੰਗਾਰ ਹੈ । ਇਹ ਨੌਂ ਰੱਸਾ ਚੋ ਸ਼ਿੰਗਾਰ ਰਸ ਦਾ ਪ੍ਰਤੀਕ ਹੈ ।
ਸੱਸਾ, ਸ਼ਖਸ਼ੀਅਤ ਦੀ ਪਹਿਚਾਣ ਹੈ, ਸੱਜਣਾਂ ਵਾਸਤੇ ਸਜ ਸੰਵਰ ਕੇ ਸੁਹਜਮਈ ਹੋਣ ਦੀ ਕਲਾ ਤੇ ਸੁੰਦਰ ਬਣਨ ਦੀ ਜੁਗਤ ਹੈ ।
ਸੱਸਾ, ਸ਼ਬਦਾਂ ਦਾ ਜਾਦੂ ਵੀ ਹੈ ਜੋ ਸ਼ਬਦਾਂ ਦੀ ਸ਼ਕਤੀ ਦਾ ਪ੍ਰਤੀਕ ਹੈ । ਕਿਸੇ ਨੂੰ ਹਜ਼ਾਰਾਂ ਮੀਲ ਦੂਰ ਬੈਠਿਆ ਹੀ ਸ਼ਬਦਜਾਲ ਨਾਲ ਫਾਹ ਲੈਂਦਾ ਹੈ ਤੇ ਕਿਸੇ ਨੂੰ ਕੋਹਾਂ ਦੂਰ ਪਰੇ ਵਗਾਹ ਮਾਰਦਾ ਹੈ । ਸੱਸਾ, ਸੱਸ ਤੇ ਨੂੰਹ ਰਾਣੀ ਦਾ ਰਿਸ਼ਤਾ ਹੈ ਜੋ ਦੋਹਾ ਰਿਸ਼ਤਿਆਂ ਦੀ ਪਹਿਚਾਣ ਨਿਰਧਾਰਤ ਕਰਦਾ ਹੈ ।
ਗੱਲ ਕੀ, ਸੱਸਾ ਸਿਰਫ ਮੇਰੇ ਨਾਮ ਦਾ ਹੀ ਪਹਿਲਾ ਅੱਖਰ ਨਹੀਂ ਸਗੋਂ ਇਸ ਦਾ ਇਕ ਆਪਣਾ ਪੂਰਾ ਸੰਸਾਰ ਹੈ ਜਿਸ ਦੀ ਥਹੁ ਪਾਉਣਾ ਅਸੰਭਵ ਹੈ । ਮੈਨੂੰ ਮਾਣ ਹੈ ਇਹ ਮੇਰੇ ਨਾਮ ਦਾ ਪਹਿਲਾ ਅੱਖਰ ਹੈ, ਮੇਰੀ ਪਹਿਚਾਣ ਹੈ । ਮੇਰੀ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਕਿ ਸੱਸੇ ਦੇ ਵੱਖ ਵੱਖ ਪਸਾਰਾਂ ਵਾਂਗ ਹੀ ਜ਼ਿੰਦਗੀ ਦੇ ਪਸਾਰਾਂ ਨੂੰ ਸਮਝਣ ਦੀ ਸੱਚੀ ਕੋਸ਼ਿਸ਼ ਕਰਦਾ ਰਹਾਂ, ਇਹ ਕੋਸ਼ਿਸ਼ ਜਾਰੀ ਹੈ ਤੇ ਚੱਲਦੇ ਸਾਹਾਂ ਤੱਕ ਜਾਰੀ ਰਹੇਗੀ । ਸੱਚੇ ਦਿਲੋਂ ਕੀਤੀ ਇਹ ਕੋਸ਼ਿਸ਼ ਤੁਹਾਨੂੰ ਕਿਵੇਂ ਲੱਗੀ ਸੱਚੀ ਰਾਇ ਜ਼ਰੂਰ ਦੇਣਾ ।

ਪ੍ਰੋ ਸ਼ਿੰਗਾਰਾ ਸਿੰਘ ਢਿੱਲੋਂ

Leave a Reply

Your email address will not be published. Required fields are marked *

%d bloggers like this: