Fri. Aug 23rd, 2019

ਮੇਰੇ ਪਿੰਡ ਦੀ ਨੁਹਾਰ ਨਿਰਾ ਨਸ਼ੇ ਦਾ ਵਪਾਰ

ਮੇਰੇ ਪਿੰਡ ਦੀ ਨੁਹਾਰ ਨਿਰਾ ਨਸ਼ੇ ਦਾ ਵਪਾਰ

ਮੇਰਾ ਪਿੰਡ ਬਹੁਤ ਸੋਹਣਾ ਹੈ,ਮੇਰੇ ਪਿੰਡ ਵਿੱਚ ਹਰ ਸਹੂਲਤ ਮੌਜੂਦ ਹੈ: ਮੇਰਾ ਸੁਪਨਾ

ਚੱਲੋ ਤੁਹਾਨੂੰ ਵੀ ਆਪਣੇ ਪਿੰਡ ਦੀ ਸੈਰ ਕਰਵਾਵਾਂ,ਇਥੋਂ ਹੀ ਸ਼ੁਰੂ ਕਰਦੇ ਆਂ,ਪਹਿਲਾਂ ਸਾਡੇ ਤਿੰਨਾਂ ਪਿੰਡਾਂ ਦੀ ਪੰਚਾਇਤ ਸੀ।ਉਸ ਟਾਈਮ ਮੇਰੇ ਪਿਤਾ ਜੀ ਪਿੰਡ ਦੀ ਸਰਬ ਸੰਮਤੀ ਨਾਲ ਸਰਪੰਚ ਬਣੇ ਸਨ।ਪੰਜ ਸਾਲ ਸਰਪੰਚੀ ਕੀਤੀ ਤੇ ਪੰਚਾਇਤ ਦੀ 28 ਕਿੱਲੇ ਜਮੀਨ ਵੀ ਸੀ। ਹੁਣ ਵੀ ਹੈਗੀ ਆ ਉਸ ਵੇਲੇ ਸਾਡੇ ਦੋ ਪਿੰਡ ਜੋ ਕੋਲ ਕੋਲ ਆ ਦੋਨਾ ਪਿੰਡਾਂ ਦੇ ਵਿਚਕਾਰ ਗੁਰਦੁਆਰਾ ਸੀ ਤੇ ਹੁਣ ਵੀ ਹੈਗਾ।
ਜਿਸ ਦੀ ਬਿਲਡਿੰਗ ਬਹੁਤ ਪੁਰਾਣੀ ਸੀ। ਤੇ ਹੋਰ ਕੋਈ ਖ਼ਾਸ ਸਹੂਲਤ ਨਹੀਂ ਸੀ ਪਿੰਡ ਵਿੱਚ ਚਲੋ ਖ਼ੈਰ ਉਸ ਟਾਈਮ ਪਿੰਡ ਵਿੱਚ ਥੋੜਾ ਹਲਚਲ ਹੋਈ ਪਿਤਾ ਜੀ ਦੇ ਸਰਪੰਚ ਬਣਨ ਤੇ ਲੋਕਾਂ ਦੇ ਸਰਕਾਰੀ ਕੰਮ ਹੋਣੇ ਸ਼ੁਰੂ ਹੋਏ। ਥੋੜਾ ਜਾਗਰੂਕ ਹੋਏ ਪਰ ਕਿਸੇ ਵੀ ਤਰੱਕੀ ਬਾਰੇ ਨਹੀਂ ਸੋਚਿਆ, ਮੇਰੇ ਪਿਤਾ ਜੀ ਤੇ ਹੋਰ ਪਿੰਡ ਵਿੱਚੋਂ ਉਹਨਾ ਦੇ ਯਾਰ ਦੋਸਤ ਜਿੰਨਾ ਵਿੱਚੋਂ ਕੁੱਝ ਪੰਚਾਇਤੀ ਮੈਂਬਰ ਵੀ ਸਨ। ਸਬ ਨਾਲ ਹੁੰਦੇ ਸੀ ਰੋਜ਼ ਘਰੋਂ ਤਿਆਰ ਹੋ ਕੇ ਤੁਰ ਜਾਣਾ ਤੇ ਸ਼ਾਮਾਂ ਨੂੰ ਘਰ ਆਉਣਾ ਜਿਵੇਂ ਨੌਕਰੀ ਵਾਲੇ ਕਰਦੇ। ਅਸੀਂ ਇਹ ਸਬ ਦੇਖਦੇ ਕੇ ਸ਼ਾਇਤ ਸਰਪੰਚੀ ਏਦਾਂ ਹੀ ਹੁੰਦੀ ਕਿ ਰੋਜ਼ ਦਫਤਰ ਜਾਣਾ ਪੈਂਦਾ ਹੋਵੇ ,ਅਸੀਂ ਨਿੱਕੇ ਸੀ ਜ਼ਿਆਦਾ ਸੋਝੀ ਨਈ ਸੀ।
ਸਮਾਂ ਲੰਘਦਾ ਗਿਆ ਪਿੰਡ ਚ ਜਿਵੇਂ ਪਹਿਲਾਂ ਦੀ ਤਰਾਂ ਸੀ ਓਸੇ ਤਰਾਂ ਹੀ ਚੱਲਦਾ ਰਿਹਾ।
ਪਿਤਾ ਜੀ ਦੇ ਸਰਪੰਚ ਬਣਨ ਤੋਂ ਪਹਿਲਾਂ ਪੰਚਾਇਤੀ ਜਮੀਨ ਗੁਰਦੁਆਰੇ ਦੇ ਸੇਵਾਦਾਰ ਵਾਹੁੰਦੇ ਸੀ, ਪਰ ਉਸ ਵੇਲੇ ਗੁਰਦੁਆਰੇ ਦੀ ਬਿਲਡਿੰਗ ਜਿਆਦਾ ਵਧੀਆ ਹਾਲਤ ਵਿੱਚ ਨਹੀਂ ਸੀ।ਹਾਂ ਆ ਜੋ 2 ਕੁ ਕਮਰੇ ਦੇਖ ਰਹੇ ਹੋ ਇਹ ਸਾਡਾ ਪੰਜਵੀਂ ਦਾ ਸਕੂਲ ਸੀ,ਤੇ ਦੂਜੇ ਪਾਸੇ ਇਕ ਦੋ ਕਮਰੇ ਸੀ ਪੁਰਾਣੇ ਜਿਹੇ ਹਸਪਤਾਲ ਦੇ ਜਿਥੇ ਇਕ ਡਾਕਟਰ ਤੇ ਕੰਮਪੋਡਰ ਬੈਠਦੇ ਹੁੰਦੇ ਸੀ।ਅੱਜ ਮੈਂ ਆਪਣੇ ਪਿੰਡ ਤਕਰੀਬਨ ਤੇਰਾਂ ਚੌਦਾਂ ਵਰਿਆਂ ਬਾਅਦ ਆਇਆ ਤੇ ਮੈਨੂੰ ਕੁੱਝ ਵੀ ਨਵਾਂ ਨਹੀਂ ਮਿਲਿਆ,ਸਭ ਕੁਝ ਪੁਰਾਣਾ ਉਹੀ ਸਭ ਕਹੀ ਕੁਹਾੜੀ। ਪਿੰਡ ਦੇ ਲੋਕ ਵੀ ਉਹੀ ਤੇ ਸਕੂਲ ਵੀ ਪਰ ਡਿਸਪੈਂਸਰੀ ਤੇ ਕੀਤੇ ਗਾਇਬ ਹੀ ਹੋ ਗਈ,ਜੋ ਪੱਠੇ ਵਡਦੇ ਸਿ ਉਹ ਮੈਡੀਕਲ ਸਟੋਰ ਪਾ ਕੇ ਬੈਠ ਗਏ ਤੇ ਡਾਕਟਰ ਬਣ ਗਏ ਦਵਾਈਆਂ ਦੇ ਨਾਮ ਪੜਨੇ ਆਉਂਦੇ ਨਹੀਂ ਪਰ ਲੋਕਾਂ ਦਾ ਇਲਾਜ ਕਰ ਰਹੇ ਆ,ਜੋ ਆਉਣ ਵਾਲੇ ਸਮੇਂ ਚ ਖਤਰਨਾਕ ਸਾਬਿਤ ਹੋ ਸਕਦਾ।ਹੁਣ ਸੁਣਿਆਂ ਏ ਕਿ ਬਾਅਦ ਵਿੱਚ ਤਿੰਨਾਂ ਪਿੰਡਾਂ ਦੀ ਪੰਚਾਇਤ ਕਟ ਕੇ ਸਾਡੇ ਦੋਨਾ ਪਿੰਡਾਂ ਦੀ ਰਹਿ ਗਈ ਸੀ। ਕਹਿੰਦੇ ਨੇ ਕਿ ਪਹਿਲੇ ਸਰਪੰਚ ਨੇ ਗੁਰਦੁਆਰੇ ਦੀ ਬਿਲਡਿੰਗ ਵਿੱਚ ਕਾਫੀ ਵਾਧਾ ਕੀਤਾ, ਦੇਖ ਕੇ ਵਧੀਆ ਲਗਾ। ਹਾਂ ਇਕ ਹੋਰ ਚੀਜ਼ ਪਿੰਡ ਨੂੰ ਪਾਣੀ ਵਾਲੀ ਟੈਂਕੀ ਮਿਲੀ ਆ ਜੋ ਕਿ ਪਿੰਡ ਦੀਆਂ ਮੜ੍ਹੀਆਂ ਵਿੱਚ ਬਣਾਈ ਗਈ ਆ।
ਮੇਰੇ ਪਿੰਡ ਦਾ ਮੁੰਡਾ ਮੇਰਾ ਰਿਸ਼ਤੇਦਾਰ ਹਰਜੀਤ ਸਿੰਘ ਭੁੱਲਰ ਉਸ ਦੀ ਦੇਖ ਰੇਖ ਕਰਦਾ ਸੀ ।ਪਰ ਪਿੰਡ ਵਿੱਚੋਂ ਕਿਸੇ ਨੇ ਉਸਨੂੰ ਪਾਣੀ ਦਾ ਬਿੱਲ ਨਹੀਂ ਦਿੱਤਾ ਤਾਂ ਉਹ ਵੀ ਘਰ ਦੇ ਕੰਮਕਾਜ ਵਿੱਚ ਰੁੱਝ ਗਿਆ।ਉਸ ਤੋਂ ਪਿੰਡ ਦਾ ਹਾਲ ਚਾਲ ਪਤਾ ਲੱਗਾ ਕਿ ਆਪਣੇ ਦੋਨਾ ਪਿੰਡਾਂ ਨੂੰ ਨਸ਼ਾ ਲੈ ਕੇ ਬਹਿ ਗਿਆ,ਤਰੱਕੀ ਕਿਥੋਂ ਹੋਣੀ ਸੀ।ਸਾਡੇ ਪਿੰਡ ਦੇ ਵਿਹੜੇ ਵਿੱਚ ਗਿਆ ਤਾਂ ਬਹੁਤ ਬੁਰਾ ਹਾਲ ਗਲੀਆਂ,ਨਾਲੀਆਂ ਦਾ ਕੋਈ ਵੀ ਸੀਵਰੇਜ ਨਹੀਂ ਕੋਈ ਗਲੀ ਦੀ ਮੁਰੰਮਤ ਨਹੀਂ,ਹੋਰ ਤਾਂ ਹੋਰ ਸਾਡੇ ਪਿੰਡ ਵਿੱਚ ਕੋਈ ਮਰ ਜਾਵੇ ਤਾਂ ਉਸ ਨੂੰ ਫੂਕਣ ਲਈ ਮੜ੍ਹੀਆਂ ਵੀ ਨੀ ਹੈਗੀਆਂ।
ਬੱਸ ਓਹੀ ਥਾਂ ਜਿੱਥੇ ਪਾਣੀ ਵਾਲੀ ਟੈਂਕੀ ਬਣੀ ਏ,ਓਥੇ ਈ ਮੁਰਦੇ ਫੂਕੇ ਜਾਦੇ ਨੇ ਤੇ ਪਿੰਡ ਵਿੱਚ ਕੋਈ ਸ਼ਮਸ਼ਾਨ ਘਰ ਵੀ ਨਹੀਂ। ਸਿਰਫ ਥੋੜੀ ਜੀ ਜਗਾਹ ਹੈ,ਜਿੰਨੀ ਕੂ ਮੁਰਦੇ ਨੂੰ ਚਾਹੀਦੀ ਮਸਾਂ ਸਸਕਾਰ ਹੀ ਹੋ ਸਕੇ ਤੇ ਓਥੇ ਵੀ ਲਾਗੇ ਬਨੇ ਰਹਿ ਰਹੈ ਵਸਨੀਕ ਸਵੇਰ ਵੇਲੇ ਜੰਗਲ ਪਾਣੀ ਨੂੰ ਆ ਜਾਂਦੇ ਤੇ ਓਥੇ ਹੀ ਸਸਕਾਰ ਹੁੰਦੇ।ਹੁਣ ਰਹਾਇਸੀ ਜਗਾਹ ਜਿਆਦਾ ਹੋ ਗਈ ਪਹਿਲਾਂ ਕਾਫੀ ਖਾਲੀ ਥਾਂ ਸੀ।
ਮੰਦਭਾਗੀ ਪਿੰਡ ਦੇ ਮੁੰਡੇ ਏਸੇ ਜਗਾਹ ਤੇ ਖੇਡਦੇ ਹੁੰਦੇ ਸੀ.
ਕਿਉਕੇ ਸਾਡੇ ਪਿੰਡ ਕੋਲ ਗਰਾਂਊਡ ਨਹੀ ਹੈਗੀ ਤੇ ਨਾ ਕੋਈ ਸਟੇਡੀਅਮ ਬਣਿਆ। ਜਿਸ ਦਾ ਅਸਰ ਪਿੰਡ ਦੀ ਨੋਜਵਾਨੀ ਤੇ ਪਿਆ, ਜਵਾਨ ਮੁੰਡੇ ਨਸ਼ੇ ਕਰਨ ਲੱਗ ਗਏ ਤੇ ਅੱਜ ਹਲਾਤ ਹੋਰ ਬਦਤਰ ਹੋ ਗਏ।
ਖ਼ੈਰ ਹੁਣ ਸਾਡੇ ਪਿੰਡ ਨੂੰ ਕਿਸੇ ਵੀ ਪਾਸੇ ਤੋ ਤਰੱਕੀ ਵਾਲਾ ਪਿੰਡ ਤਾਂ ਕੀ ਸਗੋਂ ਪਛੜਿਆ ਹੋਇਆ ਕਿਹਾ ਜਾ ਸਕਦਾ ਏ।
ਆਏ ਵਾਰੀ ਸਰਪੰਚ ਬਦਲਦਾ ਤੇ ਇਲਾਕੇ ਦਾ ਮੰਤਰੀ ਵੀ ਬਦਲਦਾ ਰਿਹਾ ਪਰ ਪਿੰਡ ‘ਚ ਬਦਲਾਵ ਤਾ ਆਇਆ ਈ ਨਹੀ। ਜਿਸ ਦੇ ਬਦਲਣ ਦੀ ਜਿਆਦਾ ਲੋੜ ਸੀ।
ਪਿੰਡ ਵਿੱਚ ਸਹੂਲਤਾਂ ਤਾਂ ਮੀਲੀਆਂ ਹੀ ਨਹੀ।
ਮੈਨੂੰ ਯਾਦ ਏ ਸਾਡੇ ਪਿੰਡ ਵੋਟਾ ਵੇਲੇ ਇੱਕ ਮੰਤਰੀ ਨੂੰ ਪੈਸਿਆਂ ਨਾਲ ਤੋਲਿਆ ਗਿਆ ਤੇ ਉਸ ਗੱਲ ਦਾ ਅਹਿਸਾਸ ਹੁਣ ਹੋਇਆ ਕੇ ਪਿੰਡ ਦੇ ਆਗੂਆਂ ਨੇ ਇਹ ਪਾਖੰਡ ਰਚਾਇਆ ਤੇ ਮੰਤਰੀ ਸਾਬ ਨੂੰ ਦੱਸਿਆ ਕੇ ਸਾਡੇ ਪਿੰਡ ਦੇ ਲੋਕ ਬਹੁਤ ਭੋਲੇ ਭਾਲੇ ਆ ਜਾ ਕਹਿ ਲਵੋ ਕੇ ਬੇਵਕੂਫ ਆ ਤੁਸੀ ਆਪਣਾ ਭਾਡਾਂ ਮਰਜੀ ਨਾਲ ਭਰੋ ਕੋਈ ਪੁੱਛਣ ਵਾਲਾ ਨਹੀ , ਤੇ ਉਹਨਾ ਨੇ ਭਰਭੂਰ ਫਾਇਦਾ ਚੁੱਕਿਆ।
ਪਿੰਡ ਵਿੱਚ ਦੇਖਣ ਯੋਗ ਹੋਰ ਵੀ ਬਹੁਤ ਕੁੱਝ ਆ,ਪਰ ਓਹ ਸਬ ਫੇਰ ਕਿੱਤੇ ਦਿਖਾਇਆ ਜਾਵੇਗਾ।
ਫ਼ਿਲਹਾਲ ਮੈਂ ਆਪਣੇ ਪਿੰਡ ਦੀ ਨੌਜਵਾਨ ਪੀੜੀ ਨੂੰ ਦੱਸਣਾ ਚਾਹੁੰਦਾ ਹਾਂ ਕੇ ਆਪਣੇ ਪਿੰਡ ਦਾ ਭਵਿੱਖ ਬਹੁਤ ਹੀ ਖ਼ਤਰੇ ‘ਚ ਜਾ ਰਿਹਾ ਹੈ ਹਰ ਘਰ ਵਿੱਚ ਹਰ ਮਾਂ ਦਾ ਪੁੱਤ ਨਸ਼ੇ ਚ ਡੁੱਬ ਚੁੱਕਾ ਹੈ ਜਿਸ ਦਾ ਦਰਦ ਪਿੰਡ ਦੀ ਹਰ ਮਾਂ ਕੋਲ ਜਾ ਕੇ ਮਹਿਸੂਸ ਕਰੋ। ਹਾਂ ਜਾਗੋ-ਕੱਢੋ ਆਪਣੇ ਆਪ ਨੂੰ ਇਸ ਦਲਦਲ ਵਿੱਚੋਂ ਬਾਹਰ ਪਿਛਲੇ ਇੱਕ,ਦੋ ਮਹੀਨੇ ਤੋਂ ਫਿਰ ਸਰਪੰਚੀ ਦਾ ਭੂਤ ਸਵਾਰ ਹੋਇਆ ਹੈ।
ਇੱਕ ਵਾਰ ਫਿਰ ਪਿੰਡ ਨੂੰ ਲੁੱਟਿਆ ਜਾਵੇਗਾ ,ਬਚਾ ਵੱਲੋਂ ਅੱਗੇ ਹੋ ਕੇ ਰੋਕ ਲਵੋ ਇਸ ਬੀਮਾਰੀ ਨੂੰ ਜਿੰਨੀ ਛੇਤੀ ਹੋ ਸਕੇ ।
ਪਿੰਡ ਦੀ ਸਰਪੰਚੀ ਨਾਲ਼ੋਂ ਜ਼ਿਆਦਾ ਅਹਿਮ ਤੇ ਸੰਜੀਦਾ ਮੁੱਦਾ ਹੈ ਪਿੰਡ ਦੀ ਤਰੱਕੀ, ਜੋ ਕਿ ਇਸ ਵਕਤ ਬਹੁਤ ਹੀ ਅਹਿਮ ਤੇ ਜ਼ਰੂਰੀ ਹੈ।ਪਰ ਸਾਡੇ ਪਿੰਡ ਦੇ ਕੁਝ ਲੋਕ ਸਿਰਫ ਰੋਟੀਆਂ ਸੇਕਣ ਤੇ ਨਿਰਭਰ ਹੋਏ ਪਏ ਨੇ। ਅਸਲ ਗੱਲ ਤਾਂ ਪਿੰਡ ਚ ਕੋਈ ਉਠਾ ਈ ਨੀ ਰਿਹਾ ਜਦ ਕਿ ਪਿੰਡ ਦੇ ਨੌਜਵਾਨ ਗੱਭਰੂ ਚਾਹੁੰਦੇ ਨੇ ਪਿੰਡ ਦਾ ਵਿਕਾਸ ਤੇ ਨਿਕਾਸ ਹੋਵੇ। ਪਿੰਡ ਵਿੱਚ ਹਰ ਸਹੂਲਤ ਮੁਹੱਈਆ ਕਰਾਈ ਜਾਣੀ ਚਾਹੀਦੀ ਹੈ ਜਿਵੇਂ ਕਿ ਸਭ ਤੋਂ ਪਹਿਲਾਂ ਪਿੰਡ ਦੀ ਗਰਾਊਂਡ ਚਾਹੀਦੀ ਹੈ, ਸਪੋਰਟਸ ਕਲੱਬ ,ਚੰਗਾ ਸਕੂਲ,ਹਸਪਤਾਲ,ਲਾਇਬ੍ਰੇਰੀ,ਸ਼ਮਸ਼ਾਨ ਘਾਟ,ਸੀਵਰੇਜ,ਨਗਰ ਨਿਗਮ ਤੇ ਹੋਰ ਵੀ ਲੋੜਦੀਆਂ ਸਹੂਲਤਾਂ ਦੀ ਜ਼ਰੂਰਤ ਹੈ। ਮੇਰੀ ਅਪੀਲ ਸਾਡੇ ਹਲਕੇ ਦੇ ਮੰਤਰੀ ਸਾਹਿਬ,ਨੌਜਵਾਨ ਪੀੜੀ ਤੇ ਖੇਡਾਂ ਵਿੱਚ ਭਾਗ ਲੈਣ ਵਾਲੇ ਖਿਡਾਰੀਆਂ ਨੂੰ ਹੈ ਕਿ ਇਕ ਜੁੱਟ ਹੋ ਕੇ ਇਕੱਠੇ ਹੋਵੋ ਤੇ ਪਿੰਡ ਦੀ ਤਰੱਕੀ ਬਾਰੇ ਸੋਚੋ,ਜੋ ਵੀ ਸਰਕਾਰ ਗਰਾਂਟ ਅਲਾਟ ਕਰਦੀ ਹੈ,ਸਹੀ ਸਮੇਂ ਤੇ ਸਹੀ ਜਗਾ ਤੇ ਲਗਾਈ ਜਾਵੇ ਤੇ ਇੱਕ ਸੋਹਣਾ ਪਿੰਡ ਬਣਕੇ ਸਾਹਮਣੇ ਆਵੇ।
ਪਿੰਡ ਦੀ ਤਰੱਕੀ ਤੁਹਾਡੇ ਹੱਥ ਐ ਆਪਣੇ ਮਾਪਿਆਂ ਨੇ ਮਤਲਬ ਵੱਡੇ ਵਡੇਰਿਆਂ ਨੇ ਆਪਣੀ ਜ਼ਿੰਦਗੀ ਹੰਡਾ ਲਈ ਹੈ। ਅਓ ਆਪਾ ਰਲ ਕੇ ਆਪਣੀ ਆਉਣ ਵਾਲੀ ਨਸਲ (ਪੀੜੀ ) ਲਈ ਪਿੰਡ ਦੀ ਨੁਹਾਰ ਨੂੰ ਬਦਲ ਲਈਏ ,ਕੱਢ ਲਈਏ ਪਿੰਡ ਦੀ ਨੌਜਵਾਨੀ ਨੂੰ ਨਸ਼ਿਆਂ ਤੋਂ ਬਾਹਰ ਸਾਰੇ ਮਿਲ ਕੇ ਇੱਕ ਨਵੀਂ ਮੁਹਿੰਮ ਛੇੜੀਏ।
ਪਿੰਡ ਦੇ ਸੂਝਵਾਨ ਪੜੇ ਲਿੱਖੇ ਨੌਜਵਾਨਾਂ ਨੂੰ ਅੱਗੇ ਲਾਈਏ ਪਿੰਡ ਦੀ ਤਰੱਕੀ ਲਈ ਨਵਾਂ ਅਗਾਜ ਕਰੀਏ ਮੈਂ ਕਹਿਣਾ ਤਾਂ ਬਹੁਤ ਕੁੱਝ ਐ ਪਰ ਉਮੀਦ ਹੈ ਤੁਸੀਂ ਸਾਰੇ ਸਮਝ ਗਏ ਹੋਵੋਗੇ ਤੇ ਜੋ ਇਸ ਸਤੀਥੀ ਤੋਂ ਜਾਗ੍ਰਿਤ ਨਹੀਂ ਹਨ ਉਹਨਾ ਨੂੰ ਸਮਝਾਉਣਾ ਆਪਣਾ ਫਰਜ ਹੈ। ਚੰਗੇ ਕੰਮ ਲਈ ਕੋਈ ਵੀ ਸਮਝਦਾਰ ਨਾਂਹ ਨਈ ਕਰੇਗਾ। ਖੁੱਦ ਤੈਅ ਕਰੀਏ ਕੇ ਪਿੰਡ ਨੂੰ ਕਿਵੇਂ ਸਵਾਰਨਾਂ ਹੈ। ਖੁੱਦ ਪਿੰਡ ਦੀ ਸਹਿਮਤੀ ਨਾਲ ਚੁਣੀਏ ਪਿੰਡ ਦਾ ਸਰਪੰਚ ਮਤਲਬ ਸਾਰੇ ਪਿੰਡ ਨੂੰ ਸਰਪੰਚ ਬਣਨ ਦੀ ਲੋੜ ਹੈ ਆਪਣੇ ਘਰ ਲਈ ਆਪਣੇ ਹੱਕਾਂ ਲਈ ਪਿੰਡ ਲਈ ਤਾਂ ਹੀ ਆਉਣ ਵਾਲੀ ਪੀੜੀ ਪੜੀ ਲਿੱਖ ਤੇ ਤਰੱਕੀ ਕਰ ਸਕੇਗੀ।

ਸਰਕਾਰਾਂ ਪਿੰਡਾਂ ਦੀ ਤਰੱਕੀ ਲਈ ਬਹੁਤ ਫੰਡ ਜਾ ਗ੍ਰਾਂਟ ਕਹਿ ਲੋ ਬਹੁਤ ਦਿੰਦੀਆਂ ਹਨ ਜਿਸ ਦੀ ਵਰਤੋਂ ਹਰ ਵਾਰ ਗਲਤ ਤਰੀਕੇ ਨਾਲ ਗੱਲਤ ਕੰਮਾਂ ਲਈ ਕੀਤਾ ਜਾਂਦੀ ਹੈ। ਸਾਰੇ ਮਿਲ ਕੇ ਜੋ ਪਿੰਡ ਦੀ ਭਲਾਈ ਬਾਰੇ ਚੰਗੀ ਸੋਚ ਰੱਖਦੇ ਉਹਨਾ ਨਾਲ ਮਿਲ ਕੇ ਮਤਾ ਪਾਸ ਕਰੀਏ ਕੇ ਕੋਈ ਵੀ ਪਿੰਡ ਦੇ ਫੰਡ ਦੀ ਗਲਤ ਵਰਤੋਂ ਨਾਂ ਕਰੇ।

ਨੋਟਿਸ:: ਮੇਰੀ ਤੇ ਸਾਡੇ ਪਿੰਡ ਦੇ ਹਰ ਨੌਜਵਾਨ ਦੀ ਸਾਡੇ ਹਲਕੇ ਦੇ ਮੰਤਰੀ ਸਾਬ ਸ੍ਰ: ਸੁਖਪਾਲ ਸਿੰਘ ਭੁੱਲਰ ਨੂੰ ਵੀ ਅਪੀਲ ਹੈ ਕੇ ਸਾਡੇ ਇਸ ਓਪਰਾਲੇ ਵਿੱਚ ਪੂਰਾ-ਪੂਰਾ ਸਾਥ ਦੇਣ ਤਾਂ ਜੋ ਸਾਨੂੰ ਅੱਗੇ ਜਾ ਕੇ ਕੋਈ ਮੁਸ਼ਕਿਲ ਨਾ ਆਵੇ। ਧੰਨਵਾਦ

ਆਪਣੀ ਵੋਟ ਆਪਾਂ ਨੂੰ ਇਹ ਅਧਿਕਾਰ ਦਿੰਦੀ ਹੈ ਕੇ ਵੋਟ ਆਪਣੀ ਤਾਕਤ ਹੈ ਆਪਣਾ ਭਵਿੱਖ ਹੈ।

ਆਪ ਸਬ ਦਾ ਦਾਸ

ਸੁੱਖ ਭੁੱਲਰ
ਪਿੰਡ ਭਾਈ ਲੱਧੂ
ਤਹਿ:ਪੱਟੀ
ਜਿਲਾ : ਤਰਨ ਤਾਰਨ
97816 36247

4 thoughts on “ਮੇਰੇ ਪਿੰਡ ਦੀ ਨੁਹਾਰ ਨਿਰਾ ਨਸ਼ੇ ਦਾ ਵਪਾਰ

Leave a Reply

Your email address will not be published. Required fields are marked *

%d bloggers like this: