Tue. Oct 15th, 2019

ਮੇਰੀ ਪਹਿਲੀ ਰਚਨਾ

ਮੇਰੀ ਪਹਿਲੀ ਰਚਨਾ

****************
~ ਮੂਲ: ਮੁਨਸ਼ੀ ਪ੍ਰੇਮ ਚੰਦ
~ ਅਨੁ: ਪ੍ਰੋ. ਨਵ ਸੰਗੀਤ ਸਿੰਘ

(ਪ੍ਰੇਮਚੰਦ: ਜਨਮ 31ਜੁਲਾਈ 1880 ਨੂੰ ਮੁਨਸ਼ੀ ਅਜਾਇਬ ਲਾਲ ਅਤੇ ਅਨੰਦੀ ਦੇਵੀ ਦੇ ਘਰ, ਲਮਹੀ (ਬਨਾਰਸ) ਵਿਖੇ।ਅਸਲੀ ਨਾਂ: ਧਨਪਤ ਰਾਏ। ਮੌਤ: 8 ਅਕਤੂਬਰ 1936, ਵਿਸ਼ਵ ਪੱਧਰ ਦਾ ਕਹਾਣੀਕਾਰ ਅਤੇ ਨਾਵਲਕਾਰ। ਉਸ ਦੀਆਂ ਰਚਨਾਵਾਂ ਵਿੱਚ ਲੋਕਾਂ ਦੇ ਦੁੱਖ- ਸੁੱਖ, ਆਸ਼ਾ- ਅਭਿਲਾਸ਼ਾ, ਉਨਤੀ- ਪਤਨ ਦਾ ਸਜੀਵ ਚਿਤਰਣ ਮਿਲਦਾ ਹੈ। ਮਨੋਰੰਜਨ ਅਤੇ ਸਿੱਖਿਆ ਦਾ ਅਨੂਠਾ ਮੇਲ ਹੈ ਉਹਦੀਆਂ ਕਹਾਣੀਆਂ ਵਿੱਚ। ਮਾਨਵੀ ਸੰਵੇਦਨਾ, ਸੰਸਕਾਰ ਅਤੇ ਨੈਤਿਕ- ਮੁੱਲਾਂ ਕਰਕੇ ਉਹਦੀਆਂ ਕਹਾਣੀਆਂ ਅੱਜ ਵੀ ਅਮਰ ਹਨ)
*** *** ***
ਉਦੋਂ ਮੇਰੀ ਉਮਰ ਕਰੀਬ ਤੇਰਾਂ ਵਰ੍ਹੇ ਦੀ ਹੋਵੇਗੀ। ਹਿੰਦੀ ਬਿਲਕੁਲ ਨਹੀਂ ਸਾਂ ਜਾਣਦਾ। ਉਰਦੂ ਦੇ ਨਾਵਲ ਪੜ੍ਹਨ- ਲਿਖਣ ਦਾ ਸ਼ੌਕ ਸੀ। ਮੌਲਾਨਾ ਸ਼ਰਰ, ਪੰਡਿਤ ਰਤਨ ਨਾਥ ਸਰਸ਼ਾਰ, ਮਿਰਜ਼ਾ ਰੁਸਵਾ, ਮੌਲਵੀ ਮੁਹੰਮਦ ਅਲੀ ਹਰਦੋਈ ਨਿਵਾਸੀ- ਉਸ ਵੇਲੇ ਦੇ ਲੋਕਪ੍ਰਿਯ ਨਾਵਲਕਾਰ ਸਨ। ਇਨ੍ਹਾਂ ਦੀਆਂ ਰਚਨਾਵਾਂ ਜਿੱਥੇ ਵੀ ਮਿਲ ਜਾਂਦੀਆਂ ਸਨ, ਸਕੂਲ ਦੀ ਯਾਦ ਭੁੱਲ ਜਾਂਦੀ ਸੀ ਅਤੇ ਕਿਤਾਬ ਖਤਮ ਕਰਕੇ ਹੀ ਸਾਹ ਲੈਂਦਾ ਸਾਂ। ਉਸ ਜ਼ਮਾਨੇ ਵਿੱਚ ਰੇਨਾਲਡ ਦੇ ਨਾਵਲਾਂ ਦੀ ਧੁੰਮ ਸੀ। ਉਰਦੂ ਵਿੱਚ ਉਨ੍ਹਾਂ ਦੇ ਅਨੁਵਾਦ ਧੜਾਧੜ ਛਪ ਰਹੇ ਸਨ ਅਤੇ ਹੱਥੋ-ਹੱਥ ਵਿਕਦੇ ਸਨ। ਮੈਂ ਵੀ ਉਨ੍ਹਾਂ ਦਾ ਆਸ਼ਕ ਸਾਂ। ਸਵਰਗੀ ਹਜ਼ਰਤ ਰਿਆਜ਼ ਨੇ, ਜੋ ਉਰਦੂ ਦੇ ਪ੍ਰਸਿੱਧ ਕਵੀ ਸਨ, ਰੇਨਾਲਡ ਦੀ ਇੱਕ ਰਚਨਾ ਦਾ ਅਨੁਵਾਦ ‘ਹਰਮ ਸਰਾਂ’ ਨਾਂ ਹੇਠ ਕੀਤਾ ਸੀ। ਉਸੇ ਜ਼ਮਾਨੇ ਵਿੱਚ ਲਖਨਊ ਦੇ ਸਪਤਾਹਿਕ ‘ਅਵਧ- ਪੰਚ’ ਦੇ ਸੰਪਾਦਕ ਸਵਰਗੀ ਮੌਲਾਨਾ ਸੱਜਾਦ ਹੁਸੈਨ ਨੇ, ਜੋ ਹਾਸਰਸ ਦੇ ਅਮਰ ਕਲਾਕਾਰ ਸਨ, ਰੇਨਾਲਡ ਦੇ ਹੋਰ ਨਾਵਲ ਦਾ ‘ਧੋਖਾ’ ਜਾਂ ‘ਤਿਲਿੱਸਮੀ ਫਾਨੂਸ’ ਨਾਂ ਹੇਠ ਅਨੁਵਾਦ ਕੀਤਾ ਸੀ। ਇਹ ਸਾਰੀਆਂ ਕਿਤਾਬਾਂ ਮੈਂ ਉਸੇ ਜ਼ਮਾਨੇ ਵਿੱਚ ਪੜ੍ਹ ਲਈਆਂ ਸਨ।
ਉਨੀੰ ਦਿਨੀਂ ਮੇਰੇ ਪਿਤਾ ਗੋਰਖਪੁਰ ਵਿੱਚ ਰਹਿੰਦੇ ਸਨ ਅਤੇ ਗੋਰਖਪੁਰ ਦੇ ਹੀ ਮਿਸ਼ਨ ਸਕੂਲ ਵਿੱਚ ਅੱਠਵੇਂ ਦਰਜੇ ਵਿੱਚ ਮੈਂ ਪੜ੍ਹਦਾ ਸਾਂ। ਇੱਥੇ ਇਕ ਬੁੱਕਸੈਲਰ ਬੁੱਧੀ ਲਾਲ ਸੀ। ਮੈਂ ਉਹਦੀ ਦੁਕਾਨ ਤੇ ਚਲਾ ਜਾਂਦਾ ਸਾਂ ਅਤੇ ਉਹਦੇ ਸਟਾਕ ‘ਚੋੱ ਨਾਵਲ ਲੈ ਕੇ ਪੜ੍ਹਦਾ ਸਾਂ। ਪਰ ਦੁਕਾਨ ਤੇ ਸਾਰਾ ਦਿਨ ਬੈਠ ਤਾਂ ਨਹੀਂ ਸਕਦਾ ਸਾਂ, ਇਸ ਲਈ ਮੈਂ ਉਹਦੀ ਦੁਕਾਨ ਤੋਂ ਅੰਗਰੇਜ਼ੀ- ਕਿਤਾਬਾਂ ਦੀਆਂ ਕੁੰਜੀਆਂ ਅਤੇ ਨੋਟਸ ਲੈ ਕੇ ਆਪਣੇ ਸਕੂਲ ਦੇ ਮੁੰਡਿਆਂ ਨੂੰ ਵੇਚਿਆ ਕਰਦਾ ਸਾਂ ਅਤੇ ਇਹਦੇ ਬਦਲੇ ਵਿੱਚ ਦੁਕਾਨ ਤੋਂ ਨਾਵਲ ਘਰ ਲਿਆ ਕੇ ਪੜ੍ਹਦਾ ਸਾਂ। ਦੋ- ਤਿੰਨ ਵਰ੍ਹਿਆਂ ਵਿੱਚ ਮੈਂ ਸੈਂਕੜੇ ਹੀ ਨਾਵਲ ਪੜ੍ਹ ਲਏ ਹੋਣਗੇ। ਜਦੋਂ ਨਾਵਲਾਂ ਦਾ ਸਟਾਕ ਮੁੱਕ ਗਿਆ ਤਾਂ ਮੈਂ ਨਵਲ ਕਿਸ਼ੋਰ ਪ੍ਰੈਸ ਤੋਂ ਛਪੇ ਹੋਏ ਪੌਰਾਣਾਂ ਦੇ ਉਰਦੂ ਅਨੁਵਾਦ ਵੀ ਪੜ੍ਹੇ ਅਤੇ ‘ਤਿਲਿੱਸਮੀ ਹੋਸ਼ਰੁਬਾ’ ਦੇ ਕਈ ਭਾਗ ਵੀ ਪੜ੍ਹੇ। ਇਸ ਵੱਡੇ ਤਲਿੱਸਮੀ ਗ੍ਰੰਥ ਦੇ ਸਤਾਰਾਂ ਭਾਗ ਉਸ ਵੇਲੇ ਛਪ ਚੁੱਕੇ ਸਨ ਅਤੇ ਇੱਕ- ਇੱਕ ਭਾਗ ਵੱਡੇ ਸੁਪਰ ਰਾਇਲ ਦੇ ਆਕਾਰ ਦੇ ਦੋ- ਦੋ ਹਜ਼ਾਰ ਪੰਨਿਆਂ ਤੋਂ ਘੱਟ ਨਾ ਹੁੰਦਾ ਅਤੇ ਇਨ੍ਹਾਂ ਸਤਾਰਾਂ ਭਾਗਾਂ ਪਿੱਛੋਂ ਉਸੇ ਕਿਤਾਬ ਦੇ ਅੱਡ- ਅੱਡ ਪ੍ਰਸੰਗਾਂ ਉੱਤੇ ਪੱਚੀ ਭਾਗ ਛੱਪ ਚੁੱਕੇ ਸਨ। ਇਨ੍ਹਾਂ ‘ਚੋਂ ਵੀ ਮੈਂ ਕਈ ਪੜ੍ਹੇ। ਜੀਹਨੇ ਇੱਥੇ ਵੱਡੇ ਗ੍ਰੰਥ ਦੀ ਰਚਨਾ ਕੀਤੀ, ਉਹਦੀ ਕਲਪਨਾ- ਸ਼ਕਤੀ ਕਿੰਨੀ ਪ੍ਰਬਲ ਹੋਵੇਗੀ- ਇਸਦਾ ਸਿਰਫ ਅੰਦਾਜ਼ਾ ਹੀ ਲਾਇਆ ਜਾ ਸਕਦਾ ਹੈ।ਕਹਿੰਦੇ ਹਨ, ਇਹ ਕਹਾਣੀਆਂ ਮੌਲਾਨਾ ਫੈਜੀ ਨੇ ਅਕਬਰ ਦੇ ਮਨੋਰੰਜਨ ਲਈ ਫਾਰਸੀ ਵਿੱਚ ਲਿਖੀਆਂ ਸਨ। ਇਨ੍ਹਾਂ ਵਿੱਚ ਕਿੰਨਾ ਸੱਚ ਹੈ, ਕਹਿ ਨਹੀਂ ਸਕਦਾ। ਪਰ ਇੰਨੀ ਵੱਡੀ ਕਹਾਣੀ ਸ਼ਾਇਦ ਹੀ ਸੰਸਾਰ ਦੀ ਕਿਸੇ ਭਾਸ਼ਾ ਵਿੱਚ ਹੋਵੇ। ਪੂਰਾ ਐਨਸਾਈਕਲੋਪੀਡੀਆ ਸਮਝ ਲਓ। ਇੱਕ ਆਦਮੀ ਤਾਂ ਆਪਣੇ ਸੱਠ ਸਾਲ ਦੇ ਜੀਵਨ ਵਿੱਚ ਉਨ੍ਹਾਂ ਦੀ ਨਕਲ ਵੀ ਕਰਨੀ ਚਾਹੇ, ਤਾਂ ਨਹੀਂ ਕਰ ਸਕਦਾ, ਰਚਨਾ ਕਰਨੀ ਤਾਂ ਦੂਰ ਦੀ ਗੱਲ ਹੈ।
ਉਸੇ ਜ਼ਮਾਨੇ ਵਿੱਚ ਮੇਰੇ ਰਿਸ਼ਤੇ ਵਿੱਚੋਂ ਇੱਕ ਮਾਮਾ ਜੀ ਕਦੇ- ਕਦੇ ਸਾਡੇ ਕੋਲ ਆਇਆ ਕਰਦੇ ਸਨ। ਅਧੇੜ ਹੋ ਗਏ ਸਨ, ਪਰ ਅਜੇ ਤੱਕ ਅਣਵਿਆਹੇ ਸਨ। ਥੋੜ੍ਹੀ ਜਿਹੀ ਜ਼ਮੀਨ ਸੀ, ਘਰ ਸੀ, ਪਰ ਪਤਨੀ ਤੋਂ ਬਿਨਾਂ ਸਭ ਕੁਝ ਸੁੰਨਾ ਸੀ। ਇਸ ਲਈ ਘਰੇ ਉਨ੍ਹਾਂ ਦਾ ਜੀਅ ਨਹੀਂ ਲੱਗਦਾ ਸੀ। ਰਿਸ਼ਤੇਦਾਰੀਆਂ ਵਿੱਚ ਘੁੰਮਦੇ ਰਹਿੰਦੇ ਅਤੇ ਸਭ ਤੋਂ ਇਹੀ ਉਮੀਦ ਕਰਦੇ ਕਿ ਕੋਈ ਉਨ੍ਹਾਂ ਦਾ ਵਿਆਹ ਕਰਵਾ ਦੇਵੇ। ਇਹਦੇ ਲਈ ਸੌ- ਦੋ ਸੌ ਖ਼ਰਚ ਕਰਨ ਨੂੰ ਵੀ ਤਿਆਰ ਰਹਿੰਦੇ ਸਨ। ਕਿਉਂ ਉਨ੍ਹਾਂ ਦਾ ਵਿਆਹ ਨਹੀਂ ਸੀ ਹੋਇਆ- ਇਹ ਹੈਰਾਨੀ ਦੀ ਗੱਲ ਸੀ! ਚੰਗੇ- ਭਲੇ ਰਿਸ਼ਟ- ਪੁਸ਼ਟ ਬੰਦੇ ਸਨ। ਵੱਡੀਆਂ- ਵੱਡੀਆਂ ਮੁੱਛਾਂ, ਔਸਤ ਕੱਦ, ਸਾਂਵਲਾ ਰੰਗ। ਗਾਂਜਾ ਪੀਂਦੇ ਸਨ, ਇਸ ਲਈ ਅੱਖਾਂ ਲਾਲ ਰਹਿੰਦੀਆਂ ਸਨ। ਆਪਣੇ ਢੰਗ ਦੇ ਧਾਰਮਿਕ ਸਨ। ਸ਼ਿਵ ਜੀ ਨੂੰ ਰੋਜ਼ ਪਾਣੀ ਚੜ੍ਹਾਉਂਦੇ ਸਨ ਅਤੇ ਮਾਸ- ਮੱਛੀ ਨਹੀਂ ਖਾਂਦੇ ਸਨ।
ਆਖਰ ਇੱਕ ਦਿਨ ਉਨ੍ਹਾਂ ਨੇ ਵੀ ਉਹੀ ਕੀਤਾ, ਜੋ ਅਣਵਿਆਹੇ ਲੋਕ ਅਕਸਰ ਕਰਦੇ ਹਨ। ਇੱਕ ਚਮਿਆਰੀ ਦੇ ਨੈਣ- ਤੀਰਾਂ ਨਾਲ ਜ਼ਖਮੀ ਹੋ ਗਏ। ਉਹ ਉੱਥੇ ਹੀ ਗੋਹਾ ਪੱਥਣ,ਬਲਦਾਂ ਨੂੰ ਪੱਠੇ ਪਾਉਣ ਅਤੇ ਇਸ ਤਰ੍ਹਾਂ ਦੇ ਹੋਰ ਫੁਟਕਲ ਕੰਮਾਂ ਲਈ ਨੌਕਰਾਣੀ ਸੀ। ਜਵਾਨ ਸੀ, ਛਬੀਲੀ ਸੀ ਅਤੇ ਆਪਣੀ ਜ਼ਾਤ ਦੀਆਂ ਹੋਰ ਕੁੜੀਆਂ ਵਾਂਗ ਹੱਸਮੁਖ ਅਤੇ ਮਜ਼ਾਕੀਆ ਸੀ। ਮਾਮਾ ਜੀ ਦਾ ਪਿਆਸਾ ਦਿਲ ਮਿੱਠੇ ਪਾਣੀ ਦੀ ਧਾਰ ਵੇਖਦਿਆਂ ਹੀ ਤਿਲ੍ਹਕ ਗਿਆ। ਉਹ ਇਨ੍ਹਾਂ ਦੇ ਮਨ ਦੀ ਭਾਸ਼ਾ ਤਾੜ ਗਈ। ਇੰਨੀ ਅੱਲ੍ਹੜ ਵੀ ਨਹੀਂ ਸੀ ਅਤੇ ਨਖ਼ਰੇ ਕਰਨ ਲੱਗੀ। ਵਾਲਾਂ ਵਿੱਚ ਤੇਲ ਵੀ ਲੱਗਣ ਲੱਗਿਆ, ਭਾਵੇਂ ਸਰ੍ਹੋਂ ਦਾ ਹੀ ਕਿਉਂ ਨਾ ਹੋਵੇ! ਅੱਖਾਂ ਦਾ ਸੁਰਮਾ ਵੀ ਚਮਕਿਆ, ਬੁੱਲ੍ਹਾਂ ਤੇ ਮੁਸਕਰਾਹਟ ਆਈ ਅਤੇ ਕੰਮ ਵਿੱਚ ਢਿੱਲਾਪਣ ਸ਼ੁਰੂ ਹੋ ਗਿਆ। ਕਦੇ ਦੁਪਹਿਰੇ ਆਉਂਦੀ ਅਤੇ ਝਲਕ ਵਿਖਾ ਕੇ ਚਲੀ ਜਾਂਦੀ। ਕਦੇ ਸ਼ਾਮ ਨੂੰ ਆਉਂਦੀ ਅਤੇ ਇੱਕ ਤੀਰ ਚਲਾ ਕੇ ਚਲੀ ਜਾਂਦੀ। ਬਲਦਾਂ ਨੂੰ ਪਾਣੀ- ਪੱਠੇ ਮਾਮਾ ਜੀ ਖੁਦ ਪਾ ਦਿੰਦੇ, ਗੋਹਾ ਹੋਰ ਚੁੱਕ ਕੇ ਲੈ ਜਾਂਦੇ, ਪਰ ਨੌਕਰਾਣੀ ਨਾਲ ਨਾ ਵਿਗਾੜਦੇ। ਏਧਰ ਤਾਂ ਹੁਣ ਪ੍ਰੇਮ ਜਾਗ੍ਰਿਤ ਹੋ ਗਿਆ ਸੀ। ਹੋਲੀ ਵਿੱਚ ਉਹਨੂੰ ਰਿਵਾਜ ਮੁਤਾਬਿਕ ਇੱਕ ਸਾੜ੍ਹੀ ਦਿੱਤੀ, ਪਰ ਇਸ ਵਾਰ ਐਵੇਂ ਜਿਹੀ ਸਾੜੀ ਨਹੀਂ ਸੀ, ਖੂਬਸੂਰਤ ਜਿਹੀ ਸਵਾ ਦੋ ਰੁਪਏ ਦੀ ਚੁੰਨੀ ਸੀ। ਹੋਲੀ ਦਾ ਸ਼ਗਨ ਵੀ ਮਾਮੂਲੀ ਨਾਲੋਂ ਚੌਗੁਣਾ ਸੀ। ਅਤੇ ਇਹ ਸਿਲਸਿਲਾ ਇਥੋਂ ਤੱਕ ਵੱਧ ਗਿਆ ਕਿ ਉਹ ਚਮਿਆਰੀ ਹੀ ਘਰ ਦੀ ਮਾਲਕਣ ਬਣ ਬੈਠੀ।
ਇੱਕ ਦਿਨ ਸ਼ਾਮ ਨੂੰ ਚਮਿਆਰਾਂ ਨੇ ਆਪਸ ਵਿੱਚ ਇਕੱਠ ਕੀਤਾ। ਵੱਡਾ ਆਦਮੀ ਹੈ ਤਾਂ ਕੀ ਹੋਇਆ, ਕਿਸੇ ਦੀ ਇਜ਼ਤ ਰੋਲਣ ਦਾ ਕੀ ਮਤਲਬ? ਇਹਦਾ ਪਿਓ ਸੀ ਕਿ ਕਿਸੇ ਔਰਤ ਵੱਲ ਅੱਖ ਚੁੱਕ ਕੇ ਨਹੀਂ ਸੀ ਵੇਖਦਾ (ਹਾਲਾਂਕਿ ਇਹ ਸਰਾਸਰ ਗ਼ਲਤ ਸੀ) ਅਤੇ ਇੱਕ ਇਹ ਹੈ ਕਿ ਨੀਚ ਜ਼ਾਤ ਦੀਆਂ ਨੂੰਹਾਂ- ਧੀਆਂ ਤੇ ਵੀ ਡੋਰੇ ਸੁੱਟਦਾ ਹੈ। ਸਮਝਾਉਣ- ਬੁਝਾਉਣ ਦਾ ਮੌਕਾ ਨਹੀਂ ਸੀ। ਸਮਝਾਉਣ ਨਾਲ ਇਹ ਮੰਨੇਗਾ ਨਹੀਂ। ਉਲਟਾ ਹੋਰ ਕੋਈ ਮਾਮਲਾ ਖੜ੍ਹਾ ਕਰ ਦੇਵੇਗਾ, ਇਹਦੇ ਕਲਮ ਚਲਾਉਣ ਦੀ ਤਾਂ ਦੇਰ ਹੈ। ਇਸ ਲਈ ਫੈਸਲਾ ਹੋਇਆ ਕਿ ਲਾਲਾ ਜੀ ਨੂੰ ਅਜਿਹਾ ਸਬਕ ਸਿਖਾਉਣਾ ਚਾਹੀਦਾ ਹੈ, ਜੋ ਹਮੇਸ਼ਾ ਲਈ ਯਾਦ ਹੋ ਜਾਵੇ। ਇਜ਼ਤ ਦਾ ਬਦਲਾ ਖ਼ੂਨ ਹੀ ਚੁਕਾਉਂਦਾ ਹੈ, ਪਰ ਮੁਰੰਮਤ ਨਾਲ ਵੀ ਕੁਝ ਭਰਪਾਈ ਹੋ ਸਕਦੀ ਹੈ।
ਅਗਲੇ ਦਿਨ ਸ਼ਾਮ ਨੂੰ ਜਦੋਂ ਚੰਪਾ ਮਾਮਾ ਜੀ ਦੇ ਘਰ ਆਈ ਤਾਂ ਉਨ੍ਹਾਂ ਨੇ ਅੰਦਰਲਾ ਦਰਵਾਜਾ ਬੰਦ ਕਰ ਦਿੱਤਾ। ਮਹੀਨਿਆਂ- ਬੱਧੀ ਦੁਚਿੱਤੀ ਅਤੇ ਝਿਜਕ ਅਤੇ ਧਾਰਮਕ ਸੰਘਰਸ਼ ਪਿੱਛੋਂ ਅੱਜ ਮਾਮਾ ਜੀ ਨੇ ਆਪਣੇ ਪ੍ਰੇਮ ਨੂੰ ਵਿਹਾਰਕ ਰੂਪ ਦੇਣ ਦਾ ਫੈਸਲਾ ਕਰ ਲਿਆ ਸੀ, ਚਾਹੇ ਕੁਝ ਹੋ ਜਾਵੇ। ਕੁੱਲ- ਮਰਿਯਾਦਾ ਰਹੇ ਜਾਂ ਜਾਵੇ, ਪਿਓ- ਦਾਦੇ ਦਾ ਨਾਂ ਡੁੱਬੇ ਜਾਂ ਤਰੇ।
ਉਧਰ ਚਮਿਆਰਾਂ ਦਾ ਟੋਲਾ ਵੀ ਉਡੀਕ ਵਿਚ ਸੀ। ਏਧਰ ਦਰਵਾਜ਼ੇ ਬੰਦ ਹੋਏ, ਓਧਰ ਉਨ੍ਹਾਂ ਨੇ ਦਰਵਾਜ਼ਾ ਖੜਕਾਉਣਾ ਸ਼ੁਰੂ ਕਰ ਦਿੱਤਾ। ਪਹਿਲਾਂ ਤਾਂ ਮਾਮਾ ਜੀ ਨੇ ਸਮਝਿਆ, ਕੋਈ ਮਿਲਣ ਵਾਲਾ ਆਇਆ ਹੋਵੇਗਾ, ਦਰਵਾਜ਼ਾ ਬੰਦ ਵੇਖ ਕੇ ਮੁੜ ਜਾਵੇਗਾ। ਪਰ ਜਦੋਂ ਬੰਦਿਆਂ ਦਾ ਰੌਲਾ ਸੁਣਿਆ ਤਾਂ ਘਬਰਾ ਗਏ। ਜਾ ਕੇ ਬੂਹੇ ਦੀ ਝੀਤ ‘ਚੋਂ ਵੇਖਿਆ। ਕੋਈ ਵੀਹ- ਪੱਚੀ ਚਮਿਆਰ ਲਾਠੀਆਂ ਲਈ, ਬੂਹਾ ਰੋਕੀ ਖੜ੍ਹੇ ਇਨ੍ਹਾਂ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੇ ਸਨ। ਹੁਣ ਮਾਮਾ ਜੀ ਕਰਨ ਤਾਂ ਕੀ ਕਰਨ। ਭੱਜਣ ਦਾ ਕੋਈ ਰਾਹ ਨਹੀਂ, ਚੰਪਾ ਨੂੰ ਕਿਤੇ ਛੁਪਾ ਨਹੀਂ ਸਕਦੇ। ਸਮਝ ਗਏ ਕਿ ਸ਼ਾਮਤ ਆ ਗਈ ਹੈ। ਆਸ਼ਿਕੀ ਇੰਨੀ ਛੇਤੀ ਰੰਗ ਵਿਖਾਏਗੀ- ਇਹ ਕੀ ਪਤਾ ਸੀ! ਨਹੀਂ ਤਾਂ ਇਸ ਚਮਿਆਰੀ ਉੱਤੇ ਦਿਲ ਨੂੰ ਆਉਣ ਹੀ ਕਿਉਂ ਦਿੰਦੇ! ਇੱਧਰ ਚੰਪਾ ਇਨ੍ਹਾਂ ਨੂੰ ਹੀ ਕੋਸ ਰਹੀ ਸੀ- ਤੁਹਾਡਾ ਕੀ ਵਿਗੜੇਗਾ, ਮੇਰੀ ਤਾਂ ਇੱਜ਼ਤ ਲੁੱਟੀ ਗਈ। ਘਰ ਵਾਲੇ ਸਿਰ ਹੀ ਵੱਢ ਦੇਣਗੇ। ਕਿੰਨਾ ਕਹਿੰਦੀ ਸਾਂ- ਦਰਵਾਜ਼ਾ ਬੰਦ ਨਾ ਕਰੋ, ਹੱਥ- ਪੈਰ ਜੋੜੇ, ਪਰ ਤੁਹਾਡੇ ਸਿਰ ਉੱਤੇ ਤਾਂ ਭੂਤ ਸਵਾਰ ਸੀ। ਹੁਣ ਮੂੰਹ ਤੇ ਕਾਲਖ਼ ਲੱਗ ਗਈ ਨਾ!
ਮਾਮਾ ਜੀ ਵਿਚਾਰੇ ਇਸ ਗਲੀ਼ ਵਿੱਚ ਕਦੇ ਨਹੀਂ ਆਏ ਸਨ। ਕੋਈ ਪੱਕਾ ਖਿਡਾਰੀ ਹੁੰਦਾ ਤਾਂ ਸੌ ਢੰਗ ਸੋਚ ਲੈਂਦਾ, ਪਰ ਮਾਮਾ ਜੀ ਦੀ ਤਾਂ ਜਿਵੇਂ ਮੱਤ ਹੀ ਮਾਰੀ ਗਈ। ਕੋਨੇ ਵਿੱਚ ਥਰਥਰ ਕੰਬਦੇ ‘ਹਨੂੰਮਾਨ ਚਾਲੀਸਾ’ ਦਾ ਪਾਠ ਕਰਦੇ ਹੋਏ ਖੜ੍ਹੇ ਸਨ। ਕੁਝ ਵੀ ਨਹੀਂ ਸੀ ਸੁਝ ਰਿਹਾ।
ਅਤੇ ਉਧਰ ਦਰਵਾਜ਼ੇ ਤੇ ਰੌਲਾ- ਰੱਪਾ ਵਧਦਾ ਹੀ ਜਾ ਰਿਹਾ ਸੀ ਇੱਥੋਂ ਤੱਕ ਕਿ ਸਾਰਾ ਪਿੰਡ ਇਕੱਠਾ ਹੋ ਗਿਆ। ਬਾਹਮਣ, ਠਾਕਰ, ਕਾਇਸਥ- ਸਾਰੇ ਤਮਾਸ਼ਾ ਵੇਖਣ ਅਤੇ ਹੱਥ ਦੀ ਖੁਰਕ ਮਿਟਾਉਣ ਲਈ ਆ ਪਹੁੰਚੇ। ਇਸ ਤੋਂ ਵੱਧ ਮਨੋਰੰਜਨ ਅਤੇ ਉਤਸ਼ਾਹ- ਵਧਾਊ ਤਮਾਸ਼ਾ ਹੋਰ ਕੀ ਹੋਵੇਗਾ ਕਿ ਇੱਕ ਮਰਦ ਇੱਕ ਔਰਤ ਨਾਲ ਘਰ ਵਿੱਚ ਬੰਦ ਪਾਇਆ ਜਾਵੇ! ਫਿਰ ਉਹ ਚਾਹੇ ਕਿੰਨਾ ਵੀ ਸਤਿਕਾਰਤ ਅਤੇ ਨਿਰਮਾਣ ਕਿਉਂ ਨਾ ਹੋਵੇ! ਜਨਤਾ ਉਹਨੂੰ ਕਿਸੇ ਵੀ ਤਰ੍ਹਾਂ ਮੁਆਫ਼ ਨਹੀਂ ਕਰ ਸਕਦੀ। ਤਰਖਾਣ ਸੱਦਿਆ ਗਿਆ, ਦਰਵਾਜ਼ੇ ਕੱਟੇ ਗਏ ਅਤੇ ਮਾਮਾ ਜੀ ਤੂੜੀ ਦੇ ਕੋਠੇ ਵਿੱਚ ਛੁਪੇ ਹੋਏ ਮਿਲੇ। ਚੰਪਾ ਵਿਹੜੇ ਵਿੱਚ ਖੜ੍ਹੀ ਰੋ ਰਹੀ ਸੀ। ਦਰਵਾਜ਼ਾ ਖੁੱਲ੍ਹਦਿਆਂ ਹੀ ਦੌੜ ਗਈ। ਕਿਸੇ ਨੇ ਉਹਨੂੰ ਕੁਝ ਨਹੀਂ ਕਿਹਾ। ਮਾਮਾ ਜੀ ਭੱਜ ਕੇ ਕਿੱਥੇ ਜਾਂਦੇ! ਉਹ ਜਾਣਦੇ ਸਨ ਕਿ ਉਨ੍ਹਾਂ ਕੋਲ ਭੱਜਣ ਦਾ ਕੋਈ ਰਾਹ ਨਹੀਂ ਹੈ। ਕੁੱਟ ਖਾਣ ਨੂੰ ਤਿਆਰ ਬੈਠੇ ਸਨ। ਕੁੱਟ ਪੈਣ ਲੱਗੀ ਅਤੇ ਗਾਲ੍ਹਾਂ ਵੀ ਪਈਆਂ। ਜੀਹਦੇ ਹੱਥ ਜੋ ਆਇਆ-ਜੁੱਤੀ, ਸੋਟੀ, ਛਤਰੀ, ਲੱਤਾਂ, ਮੁੱਕੇ- ਸਾਰੇ ਹਥਿਆਰ ਚੱਲੇ। ਇੱਥੋਂ ਤੱਕ ਕਿ ਮਾਮਾ ਜੀ ਬੇਹੋਸ਼ ਹੋ ਗਏ ਅਤੇ ਲੋਕਾਂ ਨੇ ਉਨ੍ਹਾਂ ਨੂੰ ਮੁਰਦਾ ਸਮਝ ਕੇ ਛੱਡ ਦਿੱਤਾ। ਹੁਣ ਇੰਨੀ ਦੁਰਗਤੀ ਤੋਂ ਬਾਅਦ ਉਹ ਬਚ ਵੀ ਗਏ ਤਾਂ ਪਿੰਡ ਵਿੱਚ ਨਹੀਂ ਸਨ ਰਹਿ ਸਕਦੇ ਅਤੇ ਉਨ੍ਹਾਂ ਨੂੰ ਜ਼ਮੀਨ ਠੇਕੇ ਤੇ ਦੇਣੀ ਪਈ।
ਇਸ ਦੁਰਘਟਨਾ ਦੀ ਖ਼ਬਰ ਉਡਦੀ-ਉਡਦੀ ਸਾਡੇ ਕੋਲ ਵੀ ਪਹੁੰਚ ਗਈ। ਮੈਂ ਇਹਦਾ ਖੂਬ ਆਨੰਦ ਲਿਆ। ਕੁੱਟ ਖਾਂਦੇ ਸਮੇਂ ਉਨ੍ਹਾਂ ਦੀ ਰੂਪ- ਰੇਖਾ ਕਿਹੋ ਜਿਹੀ ਹੋਈ ਹੋਵੇਗੀ- ਇਸ ਦੀ ਕਲਪਨਾ ਕਰਕੇ ਮੈਨੂੰ ਬਹੁਤ ਹਾਸਾ ਆਇਆ।
ਇੱਕ ਮਹੀਨੇ ਤੋਂ ਉਹ ਹਲਦੀ ਅਤੇ ਗੁੜ ਪੀਂਦੇ ਰਹੇ। ਜਿਉਂ ਹੀ ਚੱਲਣ- ਫਿਰਨ ਦੇ ਯੋਗ ਹੋਏ, ਸਾਡੇ ਕੋਲ ਆ ਗਏ। ਉਹ ਆਪਣੇ ਪਿੰਡ ਵਾਲਿਆਂ ‘ਤੇ ਡਾਕੇ ਦੀ ਰਿਪੋਰਟ ਦਰਜ ਕਰਵਾਉਣੀ ਚਾਹੁੰਦੇ ਸਨ।
ਜੇ ਉਨ੍ਹਾਂ ਨੇ ਕੁਝ ਨਰਮੀ ਵਿਖਾਈ ਹੁੰਦੀ, ਤਾਂ ਸ਼ਾਇਦ ਮੈਨੂੰ ਹਮਦਰਦੀ ਹੋ ਜਾਂਦੀ। ਪਰ ਉਨ੍ਹਾਂ ਦਾ ਉਹੀ ਰੋਅਬ-ਦਾਬ ਸੀ। ਮੈਨੂੰ ਖੇਡਦਿਆਂ ਜਾਂ ਨਾਵਲ ਪੜ੍ਹਦਿਆਂ ਵੇਖ ਕੇ ਗੁੱਸੇ ਹੋਣਾ, ਰੋਅਬ ਜਮਾਉਣਾ ਅਤੇ ਪਿਤਾ ਜੀ ਕੋਲ ਸ਼ਿਕਾਇਤ ਕਰਨ ਦੀ ਧਮਕੀ ਦੇਣਾ – ਇਹ ਹੁਣ ਮੈਂ ਸਹਿਣ ਨਹੀਂ ਸਾਂ ਕਰ ਸਕਦਾ। ਹੁਣ ਤਾਂ ਮੇਰੇ ਕੋਲ ਉਨ੍ਹਾਂ ਨੂੰ ਨੀਵਾਂ ਵਿਖਾਉਣ ਲਈ ਕਾਫੀ ਮਸਾਲਾ ਸੀ।
ਆਖਰ ਇੱਕ ਦਿਨ ਮੈਂ ਸਾਰੀ ਦੁਰਘਟਨਾ ਇੱਕ ਨਾਟਕ ਦੇ ਰੂਪ ਲਿਖ ਲਈ ਅਤੇ ਆਪਣੇ ਦੋਸਤਾਂ ਨੂੰ ਸੁਣਾਈ। ਸਾਰੇ ਹੀ ਖੂਬ ਹੱਸੇ। ਮੇਰਾ ਹੌਸਲਾ ਵਧ ਗਿਆ। ਮੈਂ ਘਟਨਾ ਨੂੰ ਸਾਫ਼-ਸਾਫ਼ ਲਿਖ ਕੇ ਮਾਮਾ ਜੀ ਦੇ ਸਿਰਹਾਣੇ ਰੱਖ ਦਿੱਤਾ ਅਤੇ ਸਕੂਲ ਚਲਾ ਗਿਆ। ਦਿਲ ਵਿੱਚ ਕੁਝ ਡਰ ਵੀ ਸੀ, ਕੁਝ ਖ਼ੁਸ਼ੀ ਵੀ ਸੀ, ਕੁਝ ਘਬਰਾਹਟ ਵੀ ਸੀ। ਸਭ ਤੋਂ ਵੱਡੀ ਉਥਲ- ਪੁਥਲ ਇਹ ਸੀ ਕਿ ਡਰਾਮਾ ਪੜ੍ਹ ਕੇ ਮਾਮਾ ਜੀ ਕੀ ਕਹਿੰਦੇ ਹਨ? ਸਕੂਲ ਵਿੱਚ ਮਨ ਨਹੀਂ ਲੱਗ ਰਿਹਾ ਸੀ। ਧਿਆਨ ਉਧਰ ਹੀ ਲੱਗਿਆ ਹੋਇਆ ਸੀ। ਛੁੱਟੀ ਹੁੰਦਿਆਂ ਹੀ ਘਰ ਪਹੁੰਚਿਆ, ਪਰ ਦਰਵਾਜ਼ੇ ਕੋਲ ਜਾ ਕੇ ਪੈਰ ਰੁਕ ਗਏ। ਡਰ ਲੱਗਿਆ, ਕਿਤੇ ਮਾਮਾ ਜੀ ਮੈਨੂੰ ਕੁੱਟਣ ਨਾ। ਪਰ ਇੰਨਾ ਜਾਣਦਾ ਸਾਂ ਕਿ ਉਹ ਇੱਕ- ਅੱਧ ਥੱਪੜ ਤੋਂ ਵੱਧ ਮੈਨੂੰ ਮਾਰ ਨਹੀਂ ਸਕਣਗੇ, ਕਿਉਂ ਕਿ ਮੈਂ ਮਾਰ ਖਾਣ ਵਾਲੇ ਮੁੰਡਿਆਂ ‘ਚੋਂ ਨਹੀਂ ਸਾਂ।
ਪਰ ਮੈਨੂੰ ਹੈਰਾਨੀ ਹੋਈ। ਮਾਮਾ ਜੀ ਮੰਜੇ ਤੇ ਨਹੀਂ ਸਨ, ਜਿੱਥੇ ਉਹ ਰੋਜ਼ ਲੇਟੇ ਹੋਏ ਮਿਲਦੇ ਸਨ। ਕੀ ਉਹ ਚਲੇ ਗਏ? ਅੰਦਰ ਵੇਖਿਆ, ਉੱਥੇ ਵੀ ਸੰਨਾਟਾ। ਮਾਮਾ ਜੀ ਦੀ ਜੁੱਤੀ, ਕੱਪੜੇ, ਗੰਢੜੀ- ਸਭ ਲਾਪਤਾ। ਅੰਦਰ ਜਾ ਕੇ ਪੁੱਛਿਆ, ਪਤਾ ਲੱਗਿਆ, ਮਾਮਾ ਜੀ ਕਿਸੇ ਜ਼ਰੂਰੀ ਕੰਮ ਕਰਕੇ ਘਰੋਂ ਚਲੇ ਗਏ। ਰੋਟੀ ਵੀ ਨਹੀਂ ਖਾਧੀ।
ਮੈਂ ਸਾਰਾ ਕਮਰਾ ਛਾਣ ਮਾਰਿਆ, ਪਰ ਮੇਰਾ ਡਰਾਮਾ, ਮੇਰੀ ਉਹ ਪਹਿਲੀ ਰਚਨਾ, ਕਿਤੇ ਨਾ ਮਿਲੀ। ਪਤਾ ਨਹੀਂ, ਮਾਮਾ ਜੀ ਨੇ ਉਹਨੂੰ ਚਿਰਾਗ਼ ਅਲੀ ਦੇ ਹਵਾਲੇ ਕਰ ਦਿੱਤਾ ਜਾਂ ਆਪਣੇ ਨਾਲ ਲੈ ਗਏ…।

ਪ੍ਰੋ. ਨਵ ਸੰਗੀਤ ਸਿੰਘ

ਨੇੜੇ ਗਿੱਲਾਂ ਵਾਲਾ ਖੂਹ,
ਤਲਵੰਡੀ ਸਾਬੋ-151302
ਬਠਿੰਡਾ
9417692015

Leave a Reply

Your email address will not be published. Required fields are marked *

%d bloggers like this: