Mon. Sep 23rd, 2019

ਮੇਰੀ ਪਹਿਲੀ ਤੇ ਆਖ਼ਰੀ ਚੋਣ ਡਿਊਟੀ

ਮੇਰੀ ਪਹਿਲੀ ਤੇ ਆਖ਼ਰੀ ਚੋਣ ਡਿਊਟੀ

ਪ੍ਰੋ. ਨਵ ਸੰਗੀਤ ਸਿੰਘ

ਦੇਸ਼ ਵਿੱਚ ਕੋਈ ਨਾ ਕੋਈ ਚੋਣਾਂ ਆਈਆਂ ਹੀ ਰਹਿੰਦੀਆਂ ਹਨ। ਕਦੇ ਲੋਕ ਸਭਾ ਦੀਆਂ, ਕਦੇ ਵਿਧਾਨ ਸਭਾ ਦੀਆਂ, ਕਦੇ ਨਗਰ- ਪਾਲਿਕਾ ਦੀਆਂ, ਕਦੇ ਨਗਰ ਪੰਚਾਇਤ ਦੀਆਂ, ਕਦੇ ਸਰਪੰਚੀ ਦੀਆਂ, ਕਦੇ ਕਿਸੇ ਸੰਸਥਾ- ਕਾਲਜ/ ਯੂਨੀਵਰਸਿਟੀ ਦੀਆਂ, ਕਦੇ ਸ਼੍ਰੋਮਣੀ ਕਮੇਟੀ ਦੀਆਂ ਆਦਿ-ਆਦਿ। ਇਨ੍ਹਾਂ ਚੋਣਾਂ ਵਿੱਚ ਹੋਰ ਕਿਸੇ ਵਰਗ ਦੀ ਡਿਊਟੀ ਲੱਗੇ ਜਾਂ ਨਾ ਲੱਗੇ, ਅਧਿਆਪਕ ਜ਼ਰੂਰ ‘ਫਸਦਾ’ ਹੈ। ਮੈਂ ਇੱਥੇ ‘ਫਸਦਾ’ ਸ਼ਬਦ ਜਾਣਬੁੱਝ ਕੇ ਵਰਤਿਆ ਹੈ, ਕਿਉਂਕਿ ਮੇਰੇ ਜਿਹੇ ਸੰਵੇਦਨਸ਼ੀਲ ਵਿਅਕਤੀ ਲਈ ਇਹ ਚੋਣਾਂ ‘ਫਸਣ’ ਦਾ ਹੀ ਸਬੱਬ ਬਣਦੀਆਂ ਹਨ।
ਮੈਂ ਇੱਥੇ ਨਿੱਕੀਆਂ- ਮੋਟੀਆਂ ਚੋਣ ਡਿਊਟੀਆਂ ਦੀ ਗੱਲ ਨਹੀਂ ਕਰ ਰਿਹਾ, ਵਿਧਾਨ ਸਭਾ ਚੋਣ- ਡਿਊਟੀ ਬਾਰੇ ਗੱਲ ਕਰ ਰਿਹਾ ਹਾਂ। ਆਮ ਤੌਰ ਤੇ ਕੁਝ ਇਕ ਲੋਕਾਂ ਲਈ ਚੋਣ- ਡਿਊਟੀ ਇੱਕ ਮਨੋਰੰਜਨ ਹੁੰਦੀ ਹੈ। ਅਜਿਹੇ ਲੋਕਾਂ ਨੂੰ ਉੱਥੇ ਖਾਣ ਪੀਣ, ਮੌਜ ਮਸਤੀ, ਮੇਲੇ ਜਿਹਾ ਮਾਹੌਲ ਮਿਲਦਾ ਹੈ ਤੇ ਉਹ ਅਕਸਰ ਇਹੋ ਜਿਹੀਆਂ ਚੋਣਾਂ ਲਈ ਤਾਂਘਦੇ ਰਹਿੰਦੇ ਹਨ। ਉਨ੍ਹਾਂ ਦੀ ਇੱਛਾ ਤਾਂ ਇਹੋ ਹੁੰਦੀ ਹੈ ਕਿ ਚੋਣਾਂ ਰੋਜ਼ ਹੀ ਆਈਆਂ ਰਹਿਣ ਤੇ ‘ਉਤਸਵ’ ਬਣਿਆ ਰਹੇ। (ਸਰਕਾਰ ਵੀ ਤਾਂ ਇਸ ਨੂੰ ‘ਉਤਸਵ’ ਹੀ ਆਖ ਰਹੀ ਹੈ।) ਅਕਸਰ ਉਹ ਤਾਂ ਜ਼ਿਮਨੀ ਚੋਣਾਂ ਦੀ ਵੀ ਉਡੀਕ ਕਰਦੇ ਰਹਿੰਦੇ ਹਨ।
ਖ਼ੈਰ, ਮੈਂ ਦੇਸ਼/ ਰਾਜ ਦੀਆਂ ਚੋਣਾਂ ਡਿਊਟੀਆਂ ਦਾ ਹਿੱਸਾ ਬਣਨ ਤੋਂ ਬਚਦਾ ਰਿਹਾ ਹਾਂ। ਪਰ ਮੇਰੀ ਇਕਲੌਤੀ ਤੇ ਆਖਰੀ ਚੋਣ ਡਿਊਟੀ ਮੇਰੇ ਲਈ ਬੜਾ ਦੁਖਦਾਈ ਅਨੁਭਵ ਰਿਹਾ।
ਵਿਧਾਨ ਸਭਾ ਦੀਆਂ ਚੋਣਾਂ ਵਿੱਚ ਮੈਨੂੰ ਪ੍ਰੀਜਾਈਡਿੰਗ ਅਫ਼ਸਰ ਵਜੋਂ ਨਾਮਜ਼ਦ ਕੀਤਾ ਗਿਆ। ਜ਼ਿਲੇ ਵਿੱਚ ਚੋਣ ਡਿਊਟੀ ਦੀ ਰਿਹਰਸਲ ਸੀ। ਨਵੀਂ- ਨਵੀਂ ਬਣੀ ਇੱਕ ਏਡੀਸੀ ਇਹਦੀ ਪ੍ਰਬੰਧਕ ਸੀ। ਉਸ ਵਿੱਚ ਬੜਾ ਜੋਸ਼ ਸੀ ਤੇ ਉਹ ਚਾਹੁੰਦੀ ਸੀ ਕਿ ਸਾਰੇ ਚੋਣ ਅਮਲੇ ਵਿੱਚ ਉਹਦੇ ਵਰਗਾ ਹੀ ਜੋਸ਼/ ਉਤਸ਼ਾਹ ਹੋਵੇ। ਚੋਣ ਡਿਊਟੀ ਲਈ ਇੱਕ ਦਿਨ ਨਹੀਂ, ਚਾਰ ਦਿਨ ਰਿਹਰਸਲ ਹੋਈ। ਰਿਹਰਸਲ ਕਰਵਾਉਣ ਵਾਲੇ ਅਮਲੇ ਦਾ ਕੇਂਦਰ ਬਿੰਦੂ ਪ੍ਰੀਜ਼ਾਈਡਿੰਗ ਅਫ਼ਸਰ ਸੀ। ਪ੍ਰੀਜ਼ਾਈਡਿੰਗ ਅਫ਼ਸਰ ਨੂੰ ਸਾਰੀ ਪਾਰਟੀ ਦਾ ਜ਼ਿੰਮੇਵਾਰ ਮੰਨਿਆ ਜਾਂਦਾ ਸੀ। ਉਹਨੇ ਹੀ ਆਪਣੀ ਪਾਰਟੀ ਨੂੰ ਕਾਬੂ ਵਿੱਚ ਰੱਖਣਾ ਸੀ। ਉਹਦੇ ਲਈ ਸਾਰੇ ਚੋਣ- ਅਮਲ ਨੂੰ ਪ੍ਰੈਕਟੀਕਲ ਤੌਰ ਤੇ ਸਿੱਖਣਾ/ ਕਰਨਾ ਜ਼ਰੂਰੀ ਸੀ।
ਮੇਰੇ ਅਧੀਨ ਚਾਰ ਵਿਅਕਤੀ ਸਨ- ਦੋ ਮਰਦ, ਦੋ ਔਰਤਾਂ। ਪਹਿਲੇ ਦਿਨ ਅਸੀਂ ਦੋ ਜਣੇ ਹੀ ਰਿਹਰਸਲ ਵਿੱਚ ਪਹੁੰਚੇ। ਦੂਜੇ ਦਿਨ ਚਾਰ, ਜਿਨ੍ਹਾਂ ਵਿੱਚ ਦੋ ਔਰਤਾਂ ਸਨ। ਆਖ਼ਰੀ ਦਿਨ ਦੀ ਰਿਹਰਸਲ ਤੱਕ ਅਸੀਂ ਚਾਰ ਜਣੇ ਹੀ ਸਾਂ,ਪੰਜਵਾਂ ਬੰਦਾ ਪਤਾ ਨਹੀਂ ਕੌਣ ਸੀ? ਸ਼ਾਇਦ ਉਹਨੇ ਡਿਊਟੀ ਕਟਵਾ ਲਈ ਸੀ ਜਾਂ ਕੁਝ ਹੋਰ…ਖ਼ੈਰ, ਚੋਣ- ਸਮੱਗਰੀ ਵੰਡਣ ਤੱਕ ਸਾਨੂੰ ਇੱਕ ਪੰਜਵਾਂ ਬੰਦਾ ਵੀ ਮਿਲ ਗਿਆ। ਮੈਥੋਂ ਬਿਨਾਂ ਬਾਕੀ ਸਾਰੇ ਪਹਿਲਾਂ ਇਹੋ ਜਿਹੀ ਚੋਣ- ਡਿਊਟੀ ਵਿੱਚੋਂ ਲੰਘ ਚੁੱਕੇ ਸਨ। ਇਸ ਲਈ ਉਨ੍ਹਾਂ ਨੂੰ ਕੋਈ ਟੈਨਸ਼ਨ ਨਹੀਂ ਸੀ। ਉਹ ਸਾਰੇ ਖੂਬ ਹੱਸ- ਖੇਡ ਰਹੇ ਸਨ। ਮੈਨੂੰ ਬੜਾ ਅਜੀਬ ਲੱਗ ਰਿਹਾ ਸੀ, ਕਿ ਕਿੱਥੇ ਫਸ ਗਿਆ! ਡਿਊਟੀ ਕਟਵਾਉਣ ਦੀ ਕਾਫੀ ਕੋਸ਼ਿਸ਼ ਵੀ ਕੀਤੀ ਸੀ, ਪਰ ਸਫਲ ਨਹੀਂ ਸੀ ਹੋ ਸਕਿਆ।
ਜ਼ਿਲ੍ਹੇ ਦੇ ਇੱਕ ਪਿੰਡ ਦੇ ਸਕੂਲ ਵਿੱਚ ਸਾਡੀ ਡਿਊਟੀ ਸੀ। ਸ਼ਾਮ/ ਰਾਤ ਹੁੰਦੇ- ਹੁੰਦੇ ਅਸੀਂ ਉਥੋਂ ਤੱਕ ਸਰਕਾਰੀ ਪੱਧਰ ਤੇ ਪਹੁੰਚੇ। ਕੇਂਦਰ ਵਿੱਚ ਜਾ ਕੇ ਸਭ ਤੋਂ ਪਹਿਲਾਂ ਚੋਣ- ਸਮੱਗਰੀ ਸੈੱਟ ਕੀਤੀ। ਕਾਗਜ਼/ ਲਿਫਾਫੇ ਤੇ ਹੋਰ ਲੋੜੀਂਦੀਆਂ ਚੀਜ਼ਾਂ ਨੂੰ ਦੂਜੇ ਅਨੁਭਵੀ ਵਿਅਕਤੀਆਂ ਦੀ ਮਦਦ ਨਾਲ ਥਾਂ ਸਿਰ ਰੱਖਿਆ। ਹਾਂ, ਇੱਕ ਗੱਲ, ਦੋਵੇਂ ਔਰਤਾਂ, ਜੋ ਸਕੂਲ ਅਧਿਆਪਕਾਵਾਂ ਸਨ, ਰਾਤ ਨੂੰ ਮੈਨੂੰ ਕਹਿ ਕੇ ਆਪੋ ਆਪਣੇ ਘਰੀਂ ਚਲੀਆਂ ਗਈਆਂ।ਅਸੀਂ ਤਿੰਨ ਜਣੇ ਹੀ ਕੇਂਦਰ ਵਿੱਚ ਠਹਿਰੇ। ਰਾਤ ਦਾ ਖਾਣਾ ਸਰਕਾਰੀ ਤੌਰ ਤੇ ਮਿਲਿਆ। ਰਾਤੀਂ ਮੈਂ ਤਾਂ ਲੱਗਭੱਗ ਜਾਗਦਾ ਹੀ ਰਿਹਾ। ਪਹਿਲੀ ਵਾਰ ਜੋ ਚੋਣ ਡਿਊਟੀ ਦੇ ਰਿਹਾ ਸਾਂ! ਡਰ ਸੀ, ਕਿ ਕਿਤੇ ਕੋਈ ਗੜਬੜ ਨਾ ਹੋ ਜਾਵੇ!
ਅਗਲੇ ਦਿਨ ਸਵੇਰੇ-ਸਵੱਖਤੇ ਤਿੰਨ ਵਜੇ ਹੀ ਮੇਰੀ ਅੱਖ ਖੁੱਲ੍ਹ ਗਈ। ਮੈਂ ਇਸ਼ਨਾਨ ਤੋਂ ਵਿਹਲਾ ਹੋ ਕੇ ਆਪਣਾ ਨਿੱਤਨੇਮ ਕੀਤਾ ਤੇ ਫਿਰ ਚੋਣ- ਪ੍ਰਕਿਰਿਆ ਵਿੱਚ ਰੁੱਝ ਗਿਆ। ਅੱਠ ਵਜੇ ਵੋਟਿੰਗ ਸ਼ੁਰੂ ਹੋ ਗਈ। ਇਸ ਤੋਂ ਅੱਧਾ ਕੁ ਘੰਟਾ ਪਹਿਲਾਂ ਦੋਵੇਂ ਇਸਤਰੀ- ਅਧਿਆਪਕਾਵਾਂ ਆ ਚੁੱਕੀਆਂ ਸਨ ਤੇ ਅਸੀਂ ਨਾਸ਼ਤਾ ਕਰਕੇ ਆਪੋ- ਆਪਣੀ ਡਿਊਟੀ ਸੰਭਾਲ ਲਈ ਸੀ।
ਚੋਣ- ਪ੍ਰਕਿਰਿਆ ਦੌਰਾਨ ਵੱਡੀਆਂ ਪਾਰਟੀਆਂ ਦੇ ਕੁਝ ਨੇਤਾ ਵੀ ਆਏ ਤੇ ਉਨ੍ਹਾਂ ਨੇ ਚੋਣ ਪ੍ਰਕਿਰਿਆ ਤੇ ਤਸੱਲੀ ਪ੍ਰਗਟ ਕੀਤੀ। ਸੁਖ- ਸ਼ਾਂਤੀ ਨਾਲ ਚੋਣ- ਅਮਲ ਠੀਕ ਪੰਜ ਵਜੇ ਖਤਮ ਹੋਇਆ ਤੇ ਅਸੀਂ ਰਾਤੀਂ ਸੱਤ ਵਜੇ ਤੱਕ ਆਪੋ ਆਪਣੇ ਕਾਗਜ਼- ਪੱਤਰ ਸੰਭਾਲ ਲਏ। ਦੋਵੇਂ ਔਰਤਾਂ ਫਿਰ ਆਪੋ- ਆਪਣੇ ਘਰੀਂ ਚਲੀਆਂ ਗਈਆਂ। ਅਸੀਂ ਨਿਸ਼ਚਿਤ ਸਥਾਨ ਤੇ, ਜਿੱਥੇ ਚੋਣ- ਪੇਟੀਆਂ ਤੇ ਹੋਰ ਕਾਗਜ਼ਾਤ ਜਮ੍ਹਾਂ ਕਰਵਾਉਣੇ ਸਨ, ਕਰੀਬ ਨੌਂ ਵਜੇ ਪਹੁੰਚੇ। ਉੱਥੇ ਇੱਕ ਤਰ੍ਹਾਂ ਦਾ ਜਮਘਟਾ ਲੱਗਿਆ ਹੋਇਆ ਸੀ। ਮੇਰੇ ਨਾਲ ਦੋ ਹੋਰ ਮਰਦ- ਮੈਂਬਰ ਸਨ। ਉਨ੍ਹਾਂ ‘ਚੋਂ ਇੱਕ ਜਣਾ ਮੈਨੂੰ ‘ਹੁਣੇ ਆਇਆ’ ਕਹਿ ਕੇ ਪੱਤਰਾ ਵਾਚ ਗਿਆ। ਦੂਜਾ ਬੀਮਾਰ ਵਿਅਕਤੀ ਸੀ ਤੇ ਉਹ ਕੁਝ ਵੀ ਕਰਨੋਂ ਅਸਮਰੱਥ ਸੀ। ਮੈਂ ਇਕੱਲਾ ਕਦੇ ਇੱਕ ਪਾਸੇ ਜਾਵਾਂ,ਕਦੇ ਦੂਜੇ ਪਾਸੇ। ਕਦੇ ਸਾਮਾਨ ਲੈਣ ਵਾਲੇ ਕਹਿੰਦੇ ਫਲਾਂ ਚੀਜ਼ ਦਿਖਾਓ, ਕਦੇ ਫਲਾਂ। ਮੈਨੂੰ ਲੱਗਭਗ ਰੋਣਾ ਹੀ ਆ ਗਿਆ। ਰਾਤ ਦੇ ਸਾਢੇ ਬਾਰਾਂ ਵੱਜ ਚੁੱਕੇ ਸਨ। ਇੱਕ ਭਲੇ ਆਦਮੀ (ਸੈਕਟਰ ਅਫ਼ਸਰ) ਨੇ ਮੇਰੀ ਅਵਸਥਾ ਵੇਖ ਕੇ ਮੇਰੀ ਮਦਦ ਕੀਤੀ ਤੇ ਮੈਨੂੰ ਰਿਲੀਵਿੰਗ ਸਲਿੱਪ ਦੇ ਦਿੱਤੀ।

ਮੈਂ ਰੱਬ ਦਾ ਸ਼ੁਕਰ ਮਨਾਉਂਦਾ ਹੋਇਆ ਆਪਣਾ ਸਕੂਟਰ ਚੁੱਕ ਕੇ ਸਵੇਰੇ ਤਿੰਨ ਵਜੇ ਦੇ ਕਰੀਬ ਘਰੇ ਪਹੁੰਚਿਆ। ਰਾਤ ਬਿਲਕੁਲ ਹਨੇਰੀ ਸੀ ਤੇ ਉੱਤੋਂ ਹਨੇਰੀ ਵੀ ਚੱਲਣ ਲੱਗ ਪਈ ਸੀ। ਪਰ ਮੈਂ ਪਰਮਾਤਮਾ ਦਾ ਨਾਂ ਧਿਆਉਂਦਾ ਸੁੱਖ- ਸ਼ਾਂਤੀ ਨਾਲ ਆਪਣੇ ਘਰ ਪੁੱਜਿਆ। ਪਤਨੀ ਜਾਗ ਰਹੀ ਸੀ। ਉਹ ਵੀ ਪਿਛਲੇ ਦੋ ਦਿਨਾਂ ਤੋਂ ਚੰਗੀ ਤਰਾਂ ਨਹੀਂ ਸੀ ਸੁੱਤੀ, ਪਾਠ ਕਰਦੀ ਰਹੀ ਸੀ।ਘਰ ਆ ਕੇ ਮੈਂ ਰੋਟੀ ਖਾਧੀ ਤੇ ਸ਼ੁਕਰ ਕੀਤਾ ਕਿ ਸਾਰਾ ਕੰਮ ਠੀਕ- ਠਾਕ ਹਾਲਤ ਵਿੱਚ ਨਿੱਬੜ ਗਿਆ। ਮੈਨੂੰ ਉਦੋਂ ਤੱਕ ਚੈਨ ਨਾ ਆਇਆ ਜਦੋਂ ਤੱਕ ਚੋਣ ਰਿਜ਼ਲਟ ਨਹੀਂ ਆ ਗਿਆ। ਕਿਉਂਕਿ ਡਰ ਸੀ, ਕਿਤੇ ਸਾਡੇ ਕੇਂਦਰ ਦੀ ਚੋਣ ਰੱਦ ਹੋ ਗਈ, ਤਾਂ ਦੁਬਾਰਾ ਉਸੇ ਨਰਕ ‘ਚੋਂ ਲੰਘਣਾ ਪਵੇਗਾ।
ਮੇਰੀ ਜਾਚੇ, ਇਹੋ ਜਿਹੀ ਡਿਊਟੀ ਤੇ ਅਧਿਆਪਕ ਵਰਗ ਨੂੰ ਲਾਉਣਾ ਉਚਿਤ ਨਹੀਂ ਹੈ ਅਤੇ ਕੇਵਲ ਪ੍ਰੀਜ਼ਾਈਡਿੰਗ ਅਫ਼ਸਰ ਤੇ ਹੀ ਸਾਰੀ ਜ਼ਿੰਮੇਵਾਰੀ ਨਹੀਂ ਮੜ੍ਹਨੀ ਚਾਹੀਦੀ, ਸਾਰਿਆਂ ਦੀ ਬਰਾਬਰ ਜ਼ਿੰਮੇਵਾਰੀ ਹੋਣੀ ਚਾਹੀਦੀ ਹੈ। ਤੇ ਜਿਵੇਂ ਰਿਹਰਸਲ ਸਮੇਂ ਹਰੇਕ ਦੀ ਹਾਜ਼ਰੀ ਲੱਗਦੀ ਹੈ, ਉਵੇਂ ਹੀ ਰਿਲੀਵ ਕਰਨ ਸਮੇਂ ਵੀ ਹਰੇਕ ਦੀ ਹਾਜ਼ਰੀ ਲੱਗੇ ਤੇ ਬਕਾਇਦਾ ਹਰੇਕ ਨੂੰ ਰਿਲੀਵਿੰਗ ਸਲਿੱਪ ਜਾਰੀ ਹੋਵੇ। ਇਕੱਲਾ ਪ੍ਰੀਜ਼ਾਈਡਿੰਗ ਅਫ਼ਸਰ ਹੀ ਬਲੀ ਦਾ ਬੱਕਰਾ ਨਾ ਬਣੇ। ਸਾਰੇ ਚੋਣ ਅਮਲੇ ਨੂੰ ਘਰੋਂ ਲਿਆਉਣਾ ਤੇ ਛੱਡਣਾ ਸਰਕਾਰ ਦੀ ਡਿਊਟੀ ਹੋਵੇ; ਚਾਹ ਤੇ ਖਾਣੇ ਦਾ ਸਰਕਾਰੀ ਪੱਧਰ ਤੇ ਚੰਗਾ ਤੇ ਉਚਿਤ ਪ੍ਰਬੰਧ ਹੋਵੇ।

# ਨੇੜੇ ਗਿੱਲਾਂ ਵਾਲਾ ਖੂਹ
ਤਲਵੰਡੀ ਸਾਬੋ-151302
ਬਠਿੰਡਾ
9417692015

Leave a Reply

Your email address will not be published. Required fields are marked *

%d bloggers like this: