Sat. Jul 20th, 2019

ਮੇਘਾਲਿਆ ਦੇ ਸ਼ਹਿਰ ਸ਼ਿਲਾਂਗ ‘ਚ ਵੱਸਦੇ ਸਿੱਖਾਂ ਤੇ ਬੇਘਰ ਹੋਣ ਦਾ ਖਤਰਾ ਵਧਿਆ

ਮੇਘਾਲਿਆ ਦੇ ਸ਼ਹਿਰ ਸ਼ਿਲਾਂਗ ‘ਚ ਵੱਸਦੇ ਸਿੱਖਾਂ ਤੇ ਬੇਘਰ ਹੋਣ ਦਾ ਖਤਰਾ ਵਧਿਆ

ਦਵਿੰਦਰ ਸਿੰਘ ਗੁਹਾਟੀ ਅਸਾਮ ਤੋਂ : ਸ਼ਿਲਾਂਗ ਦੇ ਉਮਾਵਲੋਂਗ (ਹਰੀਜਨ ਕੋਲੋਨੀ) ਦੇ ਵਸਨੀਕਾਂ ਲਈ ਬਣਾਈ ਗਈ ਵਸੇਵਾਂ ਕਮੇਟੀ ਦੀ ਮੀਟਿੰਗ ਵੀਰਵਾਰ ਨੂੰ ਸ਼ਿਲਾਂਗ ਦੇ ਸਚਿਵਾਲਿਆ ਵਿੱਚ ਹੋਈ, ਜਿਸ ਵਿੱਚ ਇਹ ਫੈਸਲਾਂ ਲਿਆ ਗਿਆ ਕਿ ਪੰਜਾਬੀ ਕਾਲੋਨੀ ਦੇ ਵਸਨੀਕਾਂ ਨੂੰ ਆਪਣੀ ਜ਼ਮੀਨ ਦੇ ਸਬੂਤ ਦੇਣ ਲਈ ਇੱਕ ਮਹੀਨੇ ਦਾ ਹੋਰ ਸਮਾਂ ਦਿੱਤਾ ਜਾਵੇ ਜਿਵੇੰ ਕਿ ਪਿੱਛਲੇ ਮਹੀਨੇ ਅਧਿਕਾਰੀਆਂ ਨੇ ਪੰਜਾਬੀ ਲੇਨ ਵਿੱਚ ਦਫ਼ਾ 144 ਲਾਕੇ ਸਾਰੇ ਸਿੱਖਾਂ ਨੂੰ ਨੋਟਿਸ ਜਾਰੀ ਕਰ ਦਿੱਤਾ ਸੀ ਕਿ ਉਹ ਇੱਕ ਮਹੀਨੇ ਦੇ ਅੰਦਰ ਅੰਦਰ ਆਪਣੀ ਜ਼ਮੀਨ ਦੇ ਪੁਖ਼ਤਾ ਸਬੂਤ ਪੇਸ਼ ਕਰਨ ਪਰ ਇੱਕ ਮਹੀਨਾ ਬੀਤਣ ਦੇ ਬਾਵਜੂਦ ਕਿਸੇ ਵੀ ਵਸਨੀਕ ਨੇ ਆਪਣੇ ਕਾਗਜ਼ ਜਮਾ ਨਹੀਂ ਕਰਵਾਏ, ਇਸ ਲਈ ਮੀਟਿੰਗ ਵਿੱਚ ਉਹਨਾਂ ਨੂੰ ਇੱਕ ਮਹੀਨੇ ਦਾ ਹੋਰ ਸਮਾਂ ਦਿੱਤਾ ਗਿਆ ਹੈ ! ਇੱਥੇ ਤੁਹਾਨੂੰ ਇਹ ਵੀ ਦੱਸਣਾ ਚਾਹੁੰਦੇ ਹਾਂ ਕਿ ਮੇਘਾਲਿਆ ਸਰਕਾਰ ਇਸ ਕਾਲੋਨੀ ਵਿੱਚ ਵੱਸਦੇ ਸਿੱਖਾਂ ਨੂੰ ਇਸ ਥਾਂ ਤੋਂ ਉਠਾਉਣਾ ਚਾਹੁੰਦੀ ਹੈ ਅਤੇ ਸਿਰਫ ਨਗਰ ਨਿਗਮ ਵਿੱਚ ਕੰਮ ਕਰਦੇ ਸਥਾਈ ਸਫਾਈ ਕਰਮਚਾਰੀਆਂ ਨੂੰ ਹੀ ਸ਼ਹਿਰ ਤੋਂ ਬਾਹਰ ਕਿਸੇ ਹੋਰ ਥਾਂ ਵਸਾਉਣਾ ਚਾਹੁੰਦੀ ਹੈ ਇਸ ਕੰਮ ਲਈ ਸਰਕਾਰ ਨੇ ਇੱਕ ਕਮੇਟੀ ਬਣਾਈ ਹੋਈ ਹੈ ਜੋ ਇਹ ਸਾਰਾ ਕੰਮ ਦੇਖ ਰਹੀ ਹੈ ! ਇਸ ਕਮੇਟੀ ਨੇ ਪਹਿਲਾਂ ਜੋ ਸੁਝਾਅ ਦਿੱਤੇ ਸੀ ਉਹਨਾਂ ਨੂੰ ਹਰੀਜਨ ਪੰਚਾਇਤ ਨੇ ਮੰਨਣ ਤੋਂ ਸਾਫ ਇਨਕਾਰ ਕਰ ਦਿੱਤਾ ਸੀ ਉਸ ਸਮੇਂ ਮੇਘਾਲਿਆ ਦੇ ਉਪ ਮੁੱਖਮੰਤਰੀ ਦਾ ਵਿਆਨ ਆਇਆ ਸੀ ਕਿ ਹਰੀਜਨ ਕਾਲੋਨੀ ਦੇ ਵਸਨੀਕਾਂ ‘ਚੋਂ 80 ਫੀਸਦੀ ਲੋਕ ਗ਼ੈਰ ਕਾਨੂੰਨੀ ਕਬਜ਼ਾ ਕਰ ਕੇ ਬੈਠੇ ਹਨ ਅਤੇ ਸਰਕਾਰ ਨਗਰ ਨਿਗਮ ਦੇ ਕਰਮਚਾਰੀਆਂ ਤੋਂ ਹੀ ਜ਼ਮੀਨ ਦੇ ਕਾਗਜ਼ ਨਹੀਂ ਮੰਗ ਰਹੀ ਸਗੋਂ ਸਾਰੇ ਵਸਨੀਕਾਂ ਦੇ ਕਾਗਜਾਂ ਦੀ ਪੜਤਾਲ ਕਰਨਾ ਚਾਹੁੰਦੀ ਹੈ,ਉਹਨਾਂ ਇਹ ਵੀ ਕਿਹਾ ਸੀ ਕਿ ਜ਼ੇਕਰ ਕਿਸੇ ਕੋਲ ਜ਼ਮੀਨ ਦੇ ਕਾਗਜ਼ ਹਨ ਤਾਂ ਉਹ ਦਿਖਾ ਦੇਣ, ਡਰਨ ਦੀ ਲੋੜ ਨਹੀਂ ਹੈ ਅਤੇ ਨਗਰ ਨਿਗਮ ਵਿੱਚ ਕੰਮ ਕਰਦੇ ਸਫਾਈ ਕਰਮਚਾਰੀਆਂ ਨੂੰ ਕਿਸੇ ਹੋਰ ਥਾਂ ਵਸਾਇਆ ਜਾਵੇਗਾ ਇਸ ਵਿੱਚ ਕਿਸੇ ਨੂੰ ਇਤਰਾਜ਼ ਨਹੀਂ ਹੋਣਾ ਚਾਹੀਦਾ, ਪਰ ਸਿੱਖ ਸਮੁਦਾਇ ਸਰਕਾਰ ਦੀ ਗੱਲ ਤੇ ਵਿਸ਼ਵਾਸ ਨਹੀਂ ਕਰ ਰਿਹਾ ! ਉਹ ਇਹ ਵੀ ਜਾਣਦੇ ਹਨ ਕਿ ਭਾਵੇਂ ਬਹੁਤੇ ਲੋਕ 70-80 ਸਾਲਾਂ ਤੋਂ ਉੱਥੇ ਪੱਕੇ ਤੋਰ ਤੇ ਰਹਿ ਰਹੇ ਹਨ ਪਰ ਕਈ ਲੋਕ ਜਮੀਨਾਂ ਦੇ ਕਾਗਜ਼ ਪੇਸ਼ ਨਹੀਂ ਕਰ ਸਕਣਗੇ ਜਿਸ ਨਾਲ ਉਹਨਾਂ ਨੂੰ ਬੇਘਰ ਹੋਣ ਦਾ ਖਤਰਾ ਬਣਿਆ ਹੋਇਆ ਹੈ !
ਇੱਥੇ ਤੁਹਾਨੂੰ ਇਹ ਵੀ ਦੱਸਣਾ ਚਾਹੁੰਦੇ ਹਾਂ ਕਿ ਜਦੋਂ ਅੰਗਰੇਜੀ ਹਕੂਮਤ ਨੇ ਮੇਘਾਲਿਆ ਦੇ ਸ਼ਹਿਰ ਸ਼ਿਲਾਂਗ ਵਿੱਚ ਆਪਣੇ ਪੈਰ ਪਸਾਰਨੇ ਸ਼ੁਰੂ ਕੀਤੇ ਤਾਂ ਉਹਨਾਂ ਨੂੰ ਆਪਣੇ ਪ੍ਰਸ਼ਾਸਨਿਕ ਅਦਾਰਿਆਂ ਲਈ ਅਤੇ ਫ਼ੌਜੀ ਛਾਉਣੀਆਂ ਦੇ ਪਖਾਨਿਆਂ ਦੀ ਸਾਫ ਸਫਾਈ ਲਈ ਆਦਮੀਆਂ ਦੀ ਲੋੜ ਪਈ, ਇਸਲਈ ਉਹਨਾਂ ਨੇ ਕੁੱਝ ਪੰਜਾਬੀ ਲੋਕਾਂ ਨੂੰ ਇਸ ਕੰਮ ਲਈ ਨੌਕਰੀ ਤੇ ਰੱਖਿਆ ! ਮਸ਼ਹੂਰ ਇਤਿਹਾਸਕਾਰ ਹਿਮਾਦਰੀ ਬੈਨਰਜੀ ਦੀ ਖੋਜ ਅਨੁਸਾਰ ਸਾਲ 1910 ਵਿੱਚ ਸ਼ਿਲਾਂਗ ਨਗਰ ਨਿਗਮ ਦੇ ਦਸਤਾਵੇਜਾਂ ਚ ਸਿੱਖ ਸਫਾਈ ਕਰਮਚਾਰੀਆਂ ਦੀ ਭਰਤੀ ਦਾ ਜ਼ਿਕਰ ਹੈ,ਸ਼ਾਇਦ ਉਸ ਵੇਲੇ ਤੋਂ ਹੀ ਸ਼ਿਲਾਂਗ ਵਿੱਚ ਸਵੀਪਰ ਕਾਲੋਨੀ ਜਾਂ ਪੰਜਾਬੀ ਕਾਲੋਨੀ ਹੋਂਦ ਵਿੱਚ ਆਈ ! ਸ਼ਿਲਾਂਗ ਵਿੱਚ ਵੱਸਦੇ ਸਿੱਖ ਸਮੁਦਾਇ ਅਨੁਸਾਰ ਸ਼ਿਲਾਂਗ ਵਿੱਚ ਸਿੱਖਾਂ ਦਾ ਵਸੇਵਾਂ ਬਹੁਤ ਪਹਿਲਾਂ ਉਨੀਵੀਂ ਸਦੀ ਦੇ ਸਠਵੇਂ ਦਹਾਕੇ ਵਿੱਚ ਹੋ ਚੁੱਕਾ ਸੀ ਉਸ ਸਮੇਂ ਇਹਨਾਂ ਸਫਾਈ ਕਰਮਚਾਰੀਆਂ ਨੂੰ ਸ਼ਹਿਰ ਤੋਂ ਥੋੜ੍ਹਾ ਹੱਟਕੇ ਵਸਾਇਆ ਗਿਆ ਸੀ ਜਿਹੜਾ ਕਿ ਹੁਣ ਸ਼ਹਿਰ ਦੇ ਵਿੱਚੋ-ਵਿੱਚ ਬੜਾ ਬਜ਼ਾਰ ਨਾਂ ਦੀ ਥਾਂ ਹੈ, ਜਿਸ ਅਹਿਮੀਅਤ ਬਹੁਤ ਵੱਧ ਗਈ ਹੈ ਇਸੇ ਕਰਕੇ ਸਰਕਾਰ ਇੱਥੇ ਵੱਸਦੇ ਸਿੱਖਾਂ ਨੂੰ ਇਥੋਂ ਉਜਾੜਨਾ ਚਾਹੁੰਦੀ ਹੈ !
ਪੰਜਾਬ ਸਰਕਾਰ ਅਤੇ ਕਈ ਹੋਰ ਜਥੇਬੰਦੀਆਂ ਸਿੱਖਾਂ ਨਾਲ ਹੋ ਰਹੇ ਦੁਰਵਿਵਹਾਰ ਤੋਂ ਚਿੰਤਤ ਤਾਂ ਹਨ ਪਰ ਹਾਲੇ ਤੱਕ ਇਸਦਾ ਕੋਈ ਪੱਕਾ ਹੱਲ ਨਹੀਂ ਹੋ ਸਕਿਆ, ਇਸ ਕਰਕੇ ਸ਼ਿਲਾਂਗ ਵਿੱਚ ਵੱਸਦੇ ਸਿੱਖ ਭਾਈਚਾਰੇ ਤੇ ਬੇਘਰ ਹੋਣ ਦੀ ਤਲਵਾਰ ਲਟਕੀ ਹੋਈ ਹੈ !

Leave a Reply

Your email address will not be published. Required fields are marked *

%d bloggers like this: