Sat. Jun 15th, 2019

ਮੂਰਤੀਆਂ ਦੀ ਰਾਜਨੀਤੀ

ਮੂਰਤੀਆਂ ਦੀ ਰਾਜਨੀਤੀ

ਸ਼ਹਿਰਾਂ, ਸਮਾਰਕਾਂ ਦੇ ਨਾਂਅ ਬਦਲਣ ਅਤੇ ਆਪਣੇ ਸਾਰਵਜਨਿਕ ਥਾਵਾਂ ‘ਤੇ ਆਪਣੇ ਚਹਿਤਿਆਂ ਦੀਆਂ ਮੂਰਤੀਆਂ ਲਗਵਾਉਣ ਨਾਲ ਜੇਕਰ ਭਾਰਤ ਮਹਾਨ ਬਣ ਸਕਦਾ ਹੁੰਦਾ ਤਾ ਇਹ ਮਹਾਂਦੇਸ਼ ਹੁਣ ਤੱਕ ਵਿਸ਼ਵ ਦੇ ਵਿਕਸਤ ਦੇਸ਼ਾਂ ਦੀ ਕਤਾਰ ਵਿੱਚ ਖਲੋਤਾ ਹੁੰਦਾ।ਫਿਰ ਅਮਰੀਕਾ ਐਨੀ ਹਿੰਮਤ ਨਹੀਂ ਕਰ ਪਾਉਂਦਾ ਕਿ ਰੂਸ ਤੋਂ ਰੱਖਿਆ ਪ੍ਰਣਾਲੀ ਖਰੀਦਣ ਜਾਂ ਇਰਾਨ ਤੋਂ ਤੇਲ ਖਰੀਦਣ ‘ਤੇ ਰੋਕ ਲਗਾਉਣ ਦੀ ਧਮਕੀ ਦੇ ਸਕਦਾ।ਇਸੇ ਤਰ੍ਹਾਂ ਪਾਕਿਸਤਾਨ ਅਤੇ ਚੀਨ ਜਿਹੇ ਦੇਸ਼ ਭਾਰਤ ਵੱਲ ਅੱਖ ਚੱਕਣ ਤੋਂ ਪਹਿਲਾਂ ਲੱਖ ਵਾਰੀ ਸੋਚਦੇ।ਇਸ ਤੋਂ ਉਲਟ ਸਚਾਈ ਇਹ ਹੈ ਕਿ ਆਜਾਦੀ ਤੋਂ ਹੁਣ ਤੱਕ ਨਾਂਅ ਬਦਲਣ ਜਾਂ ਮੂਰਤੀਆਂ ਸਥਾਪਿਤ ਕਰਨ ਦੇ ਬਾਅਦ ਵੀ ਭਾਰਤ ਦੇ ਹਾਲਾਤ ਨਹੀਂ ਬਦਲੇ। ਵਿਸ਼ਵਪੱਧਰੀ ਮਾਪਦੰਡਾ ‘ਤੇ ਭਾਰਤ ਬੇਹੱਦ ਪਿਛੜਿਆ ਹੋਇਆ ਹੈ। ਦੇਸ਼ ਦੀ ਅੱਧੀ ਤੋਂ ਜਿਆਦਾ ਆਬਾਦੀ ਅੱਜ ਵੀ ਮੁਢਲੀਆਂ ਸਹੂਲਤਾਂ ਤੋਂ ਵਾਂਝੀ ਹੈ।
ਥਾਵਾਂ ਦੇ ਨਾਂਅ ਬਦਲਣ ਅਤੇ ਮੂਰਤੀਆਂ ਨਾਲ ਦੇਸ਼ ਪ੍ਰੇਰਣਾ ਗ੍ਰਹਿਣ ਨਹੀਂ ਕਰ ਸਕਿਆ। ਰਾਜਨੀਤਿਕ ਦਲਾਂ ਦਾ ਇਹ ਮਕਸਦ ਸਿਰਫ ਦਿਖਾਵੇ ਦੇ ਤੌਰ ‘ਤੇ ਹੁੰਦਾ ਹੈ। ਆਮ ਲੋਕਾਂ ਨੇ ਬੇਸ਼ੱਕ ਇਸ ਤੋਂ ਕੁਝ ਗ੍ਰਹਿਣ ਕੀਤਾ ਵੀ ਹੋਵੇ ਪਰ ਰਾਜਨੀਤਿਕ ਦਲਾਂ ਨੇ ਮਾੜਾ ਮੋਟਾ ਵੀ ਨਹੀਂ ।ਇਸ ਤੋਂ ਉਲਟ ਸਰਕਾਰੀ ਪੈਸੇ ਨਾਲ ਕੀਤੇ ਗਏ ਅਜਿਹੇ ਕੰਮ ਰਾਜਨੀਤਿਕ ਪ੍ਰਚਾਰ ਪ੍ਰਸਾਰ ਦਾ ਬਹਾਨਾ ਅਤੇ ਵੋਟਾਂ ਬਟੋਰਨ ਦੇ ਸੌਦੇ ਜਰੂਰ ਸਾਬਤ ਹੋਏ। ਮਹਾਨ ਲੋਕਾਂ ਦੀਆਂ ਮੂਰਤੀਆਂ ਲਗਵਾਉਣ ਵਾਲੀਆਂ ਸੱਤਾਧਿਰ ਪਾਰਟੀਆਂ ਨੇ ਖੁਦ ਵੀ ਪ੍ਰੇਰਣਾ ਗ੍ਰਹਿਣ ਨਹੀਂ ਕੀਤੀ। ਉਨ੍ਹਾਂ ਦੇ ਦੱਸੇ ਇਮਾਨਦਾਰੀ,ਦੇਸ਼ਭਗਤੀ,ਅਨੁਸ਼ਾਸਨ ਅਤੇ ਮਿਹਨਤ ਦੇ ਉਪਦੇਸ਼ ਤੋਂ ਸਬਕ ਲੈਣ ਦੀ ਬਜਾਏ ਉਲਟੀ ਗੰਗਾ ਵਹਾਈ ਗਈ।ਇਸ ਮਾਮਲੇ ਵਿੱਚ ਖੇਤਰੀ ਹੋਣ ਜਾਂ ਰਾਸ਼ਟਰੀ ਸਾਰੀਆਂ ਰਾਜਨੀਤਿਕ ਪਾਰਟੀਆਂ ਲਕੀਰ ਦੀਆਂ ਫਕੀਰ ਹੀ ਸਾਬਤ ਹੋਈਆਂ।ਕਿਸੇ ਨੇ ਵੀ ਮਹਾਨ ਲੋਕਾਂ ਦੀਆਂ ਸਿਖਾਈਆਂ ਸਮਝਾਈਆਂ ਗੱਲਾਂ ‘ਤੇ ਅਮਲ ਨਹੀਂ ਕੀਤਾ।
ਭਾਜਪਾ ਅਤੇ ਉਸ ਦੀ ਗੁਜਰਾਤ ਸਰਕਾਰ ਨੇ ਬੜੇ ਜ਼ੋਰ ਸ਼ੋਰ ਨਾਲ ਵੱਲਭ ਭਾਈ ਪਟੇਲ ਵੀ ਵੱਡੀ ਮੂਰਤੀ ਸਥਾਪਿਤ ਕਰਵਾਈ ਹੈ।ਇਸਦੀ ਆੜ ਵਿੱਚ ਕਾਂਗ੍ਰਸ ਨੂੰ ਰੱਜ ਕੇ ਕੋਸਿਆ ਵੀ ਹੈ। ਇਹ ਵੀ ਕਿਹਾ ਗਿਆ ਹੈ ਕਿ ਇਕ ਪਰਿਵਾਰ ਨੇ ਅੱਗੇ ਵਧਣ ਦੇ ਲਈ ਵੱਲਭ ਭਾਈ ਜਿਹੇ ਵੱਡੇ ਨੇਤਾ ਨੂੰ ਹਾਸ਼ੀਏ ‘ਤੇ ਰੱਖ ਦਿੱਤਾ।ਇਸੇ ਤਰ੍ਹਾਂ ਇਲਾਹਾਬਾਦ ਦਾ ਨਾਂਅ ਬਦਲ ਕੇ ਪ੍ਰਰਿਆਗਰਾਜ ਰੱਖ ਦਿੱਤਾ।ਇਸ ਤੋਂ ਪਹਿਲਾਂ ਗੁੜਗਾਂਵ ਦਾ ਨਾਂਅ ਬਦਲ ਕੇ ਗੁਰੂਗ੍ਰਾਮ ਰੱਖ ਦਿੱਤਾ ਗਿਆ। ਕਾਂਗ੍ਰਸ ਵੀ ਇਸ ਦੌੜ ਵਿੱਚ ਕਦੇ ਪਿੱਛੇ ਨਹੀਂ ਰਹੀ। ਦੇਸ਼ ਦਾ ਸ਼ਾਇਦ ਹੀ ਅਜਿਹਾ ਕੋਈ ਸ਼ਹਿਰ ਨਹੀਂ ਹੋਵੇਗਾ ਜਿੱਥੇ ਕਾਂਗ੍ਰਸ ਦੇ ਲੀਡਰਾਂ ਦੀਆਂ ਮੂਰਤੀਆਂ ਜਾਂ ਉਨ੍ਹਾਂ ਦੇ ਨਾਂਅ ਦੇ ਸਮਾਰਕ ਨਹੀਂ ਹਨ। ਕਿਉਂਕਿ ਭਾਜਪਾ ਹੁਣੇ ਸੱਤਾ ਵਿੱਚ ਆਈ ਹੈ,ਇਸਲਈ ਪਾਰਟੀ ਦੇ ਕੋਲ ਆਪਣੇ ਅਜਿਹੇ ਨੇਤਾ ਨਹੀਂ ਹਨ,ਜ੍ਰਿੰਨ੍ਹਾਂ ਦੀਆਂ ਮੂਰਤੀਆਂ ਲਗਾਈਆਂ ਜਾ ਸਕਣ,ਜਾਂ ਉਨ੍ਹਾਂ ਦੇ ਨਾਂਅ ‘ਤੇ ਸਾਰਵਜਨਿਕ ਥਾਵਾਂ ਦਾ ਨਾਮਕਰਣ ਕੀਤਾ ਜਾ ਸਕੇ।
ਭਾਜਪਾ ਇਸ ਦੀ ਕਸਰ ਇਤਹਾਸ ਨਾਲ ਪੂਰਾ ਕਰਨ ਵਿੱਚ ਜੁਟੀ ਹੋਈ ਹੈ।ਜਦੋਂ ਅਜਿਹੇ ਮਾਮਲੇ ਵੋਟ ਬੈਂਕ ਬਣਦੇ ਹੋਣ ਤਾਂ ਖੇਤਰੀ ਪਾਰਟੀਆਂ ਭਲਾਂ ਕਿਉਂ ਪਿੱਛੇ ਰਹਿਣ ਲੱਗੀਆਂ। ਉੱਤਰ ਪ੍ਰਦੇਸ਼ ਵਿੱਚ ਬਸਪਾ ਸੱਤਾ ਵਿੱਚ ਰਹਿੰਦੇ ਹੋਏ ਸਾਰੀਆਂ ਹੱਦਾਂ ਹੀ ਪਾਰ ਕਰ ਗਈ।ਬਸਪਾ ਨੇ ਆਪਣਾ ਚੌਣ ਨਿਸ਼ਾਨ ਹਾਥੀ ਹੀ ਕਈ ਸ਼ਹਿਰਾਂ ਵਿੱਚ ਲਗਾ ਦਿੱਤਾ। ਇਹਨਾਂ ਲਈ ਬੇਹੱਦ ਗਰੀਬੀ ਨਾਲ ਜੂਝ ਰਹੇ ਉਤਰ ਪ੍ਰਦੇਸ਼ ਦੇ ਖਜਾਨੇ ਚੋਂ ਕਈ ਕਰੋੜਾ ਰੁਪਏ ਖਰਚ ਕੀਤੇ ਗਏ।ਇਸੇ ਤਰ੍ਹਾਂ ਮਰਾਠੀ ਵੋਟ ਬੈਂਕ ਦੀ ਆੜ ਵਿੱਚ ਮੁਬਈ ਵਿੱਚ ਕਰੋੜਾਂ ਦੀ ਲਾਗਤ ਨਾਲ ਸ਼ਿਵਾਜੀ ਦੀ ਮੂਰਤੀ ਸਥਾਪਿਤ ਕਰਨ ‘ਤੇ ਵੀ ਰੱਜ ਕੇ ਰਾਜਨੀਤੀ ਹੋ ਰਹੀ ਹੈ। ਦੇਸ਼ ਵਿੱਚ ਦਲਿਤਾਂ ਦੀ ਦਸ਼ਾ ਦਿਸ਼ਾ ਭਾਵੇਂ ਹੀ ਨਹੀਂ ਸੁਧਰੀ ਹੋਵੇ ਪਰ ਭੀਮਰਾਓ ਅੰਬੇਦਕਰ ਮੌਜੂਦਾ ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਲਈ ਦਲਿਤਾਂ ਦਾ ਵੋਟ ਬੈਂਕ ਖਿੱਚਣ ਦੇ ਲਈ ਮਸੀਹਾ ਬਣੇ ਹੋਏ ਹਨ। ਉੱਤਰ ਭਾਰਤ ਵਿੱਚ ਅਹਿਜਾ ਕੋਈ ਇਲਾਕਾ ਨਹੀਂ ਹੈ,ਜਿੱਥੇ ਅੰਬੇਦਕਰ ਦੇ ਨਾਂਅ ‘ਤੇ ਕੋਈ ਥਾਂ ਨਾ ਹੋਵੇ।ਸ਼ਹਿਰਾਂ ਦੇ ਨਾਂਅ ਬਦਲਣ ਅਤੇ ਮੂਰਤੀਆਂ ਲਗਵਾਉਣ ਵਿੱਚ ਵੀ ਰਾਜਨੀਤਿਕ ਪਾਰਟੀਆਂ ਦੀ ਮੰਸ਼ਾ ਵਿੱਚ ਖੋਟ ਹੈ। ਦੋਹਾਂ ਹੀ ਮਾਮਲਿਆਂ ਵਿੱਚ ਵੋਟਾਂ ਦੀ ਰਾਜਨੀਤੀ ਸਾਫ ਝਲਕਦੀ ਹੈ। ਖਾਸਤੌਰ ‘ਤੇ ਮੂਰਤੀਆਂ ਦੇ ਮਾਮਲੇ ਵਿੱਚ ਦੇਸ਼ ਵਿੱਚ ਕੋਈ ਨੀਤੀ ਨਹੀਂ ਹੈ। ਜੋ ਵੀ ਰਾਜਨੀਤਿਕ ਪਾਰਟੀਆਂ ਸੱਤਾ ਵਿੱਚ ਆਉਂਦੀਆਂ ਹਨ,ਆਪਣੇ ਚਹਿਤਿਆਂ ਦੀਆਂ ਮੂਰਤੀਆਂ ਲਗਾਉਣ ਵਿੱਚ ਜੁਟ ਜਾਂਦੀਆਂ ਹਨ। ਕਿਸ ਨੇਤਾ,ਮਹਾਂਪੁਰਸ਼ ਜਾਂ ਸੰਤ ਮਹਾਤਕਾ ਦੀ ਮੂਰਤੀ ਲੱਗੇਗੀ,ਇਸ ਦਾ ਫੈਸਲਾ ਸੱਤਾਧਾਰੀ
ਰਾਜਨੀਤਿਕ ਪਾਰਟੀ ਵੋਟਾਂ ਦੇ ਸਮੀਕਰਨ ਦੇ ਆਧਾਰ ‘ਤੇ ਕਰਦੀ ਹੈ ।ਦੇਸ਼ ਵਿੱਚ ਆਜਾਦੀ ਦਵਾਉਣ ਵਾਲੇ ਕ੍ਰਾਂਤੀਕਾਰੀਆਂ ਦੀ ਕਮੀ ਨਹੀਂ ਹੈ ।ਪਰ ਕਾਂਗ੍ਰਸ ਨੇ ਹਮੇਸ਼ਾ ਨਹਿਰੂ ਗਾਂਧੀ ਪਰਿਵਾਰ ਨੁੰ ਪਹਿਲ ਦਿੱਤੀ ਹੈ। ਇਸ ਤੋਂ ਉਲਟ ਭਾਜਪਾ ਨੇ ਆਪਣੀ ਵਿਚਾਰਧਾਰਾ ਨਾਲ ਕੁਝ ਮੇਲ ਖਾਣ ਵਾਲੇ ਗਰਮ ਮਿਜ਼ਾਜ਼ ਕ੍ਰਾਂਤੀਕਾਰੀਆਂ ਨੂੰ ਤਰਜੀਹ ਦਿੱਤੀ ਹੈ। ਇਹੀ ਕਾਰਨ ਹੈ ਕਿ ਸਰਦਾਰ ਭਗਤ ਸਿੰਘ ,ਚੰਦਰਸ਼ੇਖਰ,ਸੁਭਾਸ਼ਚੰਦਰ ਬੋਸ ਅਤੇ ਪਾਰਟੀ ਦੇ ਸੰਸਥਾਪਕ ,ਧਾਰਮਿਕ ਦੇਵੀ ਦੇਵਤਾਵਾਂ ਨੂੰ ਭਾਜਪਾ ਨੇ ਪਹਿਲ ਦਿੱਤੀ ਹੈ,ਜੋ ਕਿ ਪਾਰਟੀ ਦੇ ਰੀਤੀਰਿਵਾਜ ਨਾਲ ਮੇਲ ਖਾਂਦੇ ਹੋਣ।ਇਸ ਵਿੱਚ ਵੀ ਕਮਿਊਨਿਸਟ ਵਿਚਾਰਧਾਰਾ ਦੇ ਕਾਰਨ ਭਾਜਪਾ ਭਗਤ ਸਿੰਘ ਦੇ ਮਾਮਲੇ ਤੋਂ ਬਚਦੀ ਰਹੀ ਹੈ।
ਇਸੇ ਤਰ੍ਹਾਂ ਖੇਤਰੀ ਪਾਰਟੀਆਂ ਨੇ ਜਿਆਦਾਤਰ ਆਪਣੇ ਸੰਸਥਾਪਕਾਂ ਅਤੇ ਵਿਸ਼ੇਸ਼ ਖੇਤਰਾਂ ਦੇ ਅਜਿਹੇ ਵੱਡੇ ਨਾਵਾਂ ਨੂੰ ਪੈਮਾਨਾ ਬਣਾਇਆ ਹੈ ,ਜਿਹਨਾਂ ਨਾਲ ਮੌਜੂਦਾ ਰਾਜਨਤੀ ਨੂੰ ਫਾਇਦਾ ਹੁੰਦਾ ਹੈ।ਜਿੰਨ੍ਹਾਂ ਪਿੱਛੇ ਕਿਸੇ ਜਾਤੀ ਵਿਸ਼ੇਸ਼ ਜਾਂ ਵਿਚਾਰਧਾਰਾ ਦਾ ਵੱਡਾ ਵੋਟ ਬੈਂਕ ਹੋਵੇ ।ਮੂਰਤੀ ਸਥਾਪਿਤ ਕਰਨ ਦੇ ਮਾਮਲੇ ਵਿੱਚ ਆਜਾਦੀ ਤੋਂ ਪਹਿਲਾਂ ਅਤੇ ਬਾਅਦ ਵਿੱਚ ਵਿਸ਼ਵਪੱਧਰ ‘ਤੇ ਇਕ ਮਾਤਰ ਰਾਜਨੇਤਾ ਮਹਾਤਮਾ ਗਾਂਧੀ ਹੀ ਰਹੇ ਹਨ। ਵਿਸ਼ਵ ਭਰ ਵਿੱਚ 10 ਥਾਵਾਂ ‘ਤੇ ਮਹਾਤਮਾ ਗਾਂਧੀ ਦੀਆਂ ਮੂਰਤੀਆਂ ਲੱਗੀਆਂ ਹੋਈਆਂ ਹਨ। ਆਜਾਦੀ ਤੋਂ ਬਾਅਦ ਹਾਲਾਂਕਿ ਜਵਾਹਰ ਲਾਲ ਨਹਿਰੂ ਵਿਸ਼ਵ ਪੱਧਰ ਦੇ ਨੇਤਾ ਜਰੂਰ ਮੰਨੇ ਗਏ ,ਪਰ ਵਿਦੇਸ਼ਾਂ ਵਿੱਚ ਮਹਾਤਮਾ ਗਾਂਧੀ ਦੀਆਂ ਮੂਰਤੀਆਂ ਦੇ ਮਾਮਲੇ ਵਿੱਚ ਨਹਿਰੂ ਨੇੜੇ ਤੇੜੇ ਵੀ ਨਹੀਂ ਹਨ।
ਦੱਖਣੀ ਭਾਰਤ ਵਿੱਚ ਲੀਡਰਾਂ ਦੀਆਂ ਮੂਰਤੀਆਂ ਨੂੰ ਲੈਕੇ ਅਜੀਬ ਮੁਕਾਬਲਾ ਰਿਹਾ ਹੈ।ਇਸ ਮਾਮਲੇ ਵਿੱਚ ਦੱਖਣ ਵਿੱਚ ਨੈਤਿਕਤਾ ਦੇ ਸਾਰੇ ਪੈਮਾਨੇ ਢਹਿ ਗਏ।ਕਾਂਗ੍ਰਸ ਦੇ ਪ੍ਰਮੁੱਖ ਅਤੇ ਤਮਿਲਨਾਡੂ ਦੇ ਹਰਮਨ ਪਿਆਰੇ ਨੇਤਾ ਰਹੇ ਕਾਮਰਾਜ ਦੇ ਮਾਮਲੇ ਵਿੱਚ ਹੱਦ ਕਰ ਦਿੱਤੀ ਗਈ। ਕਾਮਰਾਜ ਨੇ ਆਪਣੇ ਜਿੰਦਾ ਰਹਿੰਦੇ ਹੋਏ ਹੀ ਆਪਣੀ ਮੂਰਤੀ ਮਦਰਾਸ ਦੇ ਸਿਟੀ ਕਾਰਪੋਰੇਸ਼ਨ ਵਿੱਚ ਸਥਾਪਿਤ ਕਰਵਾ ਦਿੱਤੀ। ਕਰੇਲਾ ਅਤੇ ਨਿੰਮ ਚੱੜਿਆ ਇਹ ਕਿ ਜਵਾਹਰਲਾਲ ਨਹਿਰੂ ਨੇ ਇਸ ਦਾ ਉਦਘਾਟਨ ਕੀਤਾ।ਇਸ ‘ਤੇ ਨਹਿਰੂ ਦੇ ਵੱਲੋਂ ਇਹ ਦਲੀਲ ਦਿੱਤੀ ਗਈ ਕਿ ਉਹ ਆਪਣੇ ਪਿਆਰੇ ਦੋਸਤ ਅਤੇ ਸਾਥੀ ਦੇ ਸਨਮਾਨ ਵਿੱਚ ਇਥੇ ਆਏ ਹਨ। ਇਸ ਤੋਂ ਉਲਟ ਡੀਐਮਕੇ ਦੇ ਨੇਤਾ ਅੰਨਾਦੁਰਾਈ ਦੀ ਇਸੇ ਤਰ੍ਹਾਂ ਦੀ ਮੂਰਤੀ ਸਥਾਪਿਤ ਕਰਨ ਦਾ ਵਿਰੋਧ ਜਤਾਇਆ ਗਿਆ।
ਦੱਖਣੀ ਭਾਰਤ ਵਿੱਚ ਮੂਰਤੀ ਰਾਜਨੀਤੀ ਇਸ ਕਦਰ ਹਾਵੀ ਹੋ ਗਈ ਕਿ ਜਦੋਂ ਡੀਐਮਕੇ ਸੱਤਾ ਵਿੱਚ ਆਈ ਤਾਂ ਆਪਣੇ ਲੀਡਰਾਂ ਦੀਆਂ ਮੂਰਤੀਆਂ ਦੀ ਲਾਈਨ ਲਗਾ ਦਿੱਤੀ। ਇਸ ਤੋਂ ਵੀ ਅੱਗੇ ਡੀਐਮਕੇ ਨੇ ਮੈਰੀਨ ਬੀਚ ਨੂੰ ਵੀ ਨਹੀਂ ਬਖਸ਼ਿਆ।ਕਾਂਗ੍ਰਸ ਨੇ ਜਦੋਂ ਵੀ ਸੱਤਾ ਵਿੱਚ ਵਾਪਿਸੀ ਕੀਤੀ ਤਾਂ ਇਸੇ ਮੁਕਾਬਲੇ ਦੇ ਅਧੀਨ ਮੈਰੀਨ ਬੀਚ ਜਿਹੇ ਖੂਬਸੂਰਤ ਸੈਲਾਨੀ ਸਥਲ ‘ਤੇ ਕਾਮਰਾਜ ਦੀ ਮੂਰਤੀ ਸਥਾਪਿਤ ਕਰਵਾਈ। ਹੈਰਾਨੀ ਵਾਲੀ ਗੱਲ ਇਹ ਹੈ ਕਿ ਨਹਿਰੂ ਨੇ ਸੰਸਦ ਵਿੱਚ ਮਹਾਤਮਾ ਗਾਂਧੀ ਦੀ ਮੂਰਤੀ ਲਗਾਉਣ ਦਾ ਵਿਰੋਧ ਕੀਤਾ ਸੀ। ਕਾਂਗ੍ਰਸ ਦੀ ਦੇਣ ਰਹੀ ਮੂਰਤੀਆਂ ਦੀ ਇਸ ਰਾਜਨੀਤੀ ਵਿੱਚ ਕਾਂਗ੍ਰਸ ਦੀ ਕਿਰਕਿਰੀ ਉਦੋਂ ਹੋਈ ਜਦੋਂ ਨਹਿਰੂ ਦੀ ਮੌਤ ਤੋਂ ਬਾਅਦ ਦੇਸ਼ ਭਰ ਵਿੱਚ ਉਨ੍ਹਾਂ ਦੇ ਸਮਾਰਕ ਬਣਾਏ ਜਾਣ ਦੇ ਲਈ ਨਹਿਰੂ ਮੈਮੋਰੀਅਨ ਟ੍ਰਸਟ ਦਾ ਮਕਸਦ ਦੇਸ਼ ਭਰ ਵਿੱਚੋਂ ਪੈਸਾ ਇਕੱਠਾ ਕਰਨਾ ਸੀ। ਦੋ ਸਾਲ ਦੀਆਂ ਪੂਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਸਿਰਫ ਇਕ ਕਰੋੜ ਰਪੁਏ ਹੀ ਜਮ੍ਹਾਂ ਹੋ ਸਕੇ ,ਜਦਕਿ ਟੀਚਾ 20 ਕਰੋੜ ਰੁਪਏ ਦਾ ਸੀ। ਦੱਖਣ ਦੇ ਵਾਂਗ ਮਹਾਰਾਸ਼ਟਰ ਵਿੱਚ ਸ਼ਿਵਸੈਨਾ ਨੇ ਸ਼ਿਵਾਜੀ ਪਾਰਕ ਵਿੱਚ ਪਾਰਟੀ ਦੇ ਸੰਸਥਾਪਕ ਬਾਲਾ ਸਾਹਿਬ ਠਾਕਰੇ ਦੀ ਮੂਰਤੀ ਸਥਾਪਿਤ ਕਰਨ ਦੇ ਲਈ ਕੋਸ਼ਿਸ਼ ਕੀਤੀ ,ਜਿਸ ਨੂੰ ਸਰਕਾਰ ਨੇ ਖਾਰਿਜ ਕਰ ਦਿੱਤਾ।ਇਸ ਗੱਲ ‘ਤੇ ਬਹੁਤ ਰੌਲਾ ਰੱਪਾ ਅਤੇ ਰਾਜਨੀਤੀ ਹੋਈ। ਮਸ਼ਹੂਰ ਲੇਖਿਕਾ ਇਰਿਕਾ ਡੋਸ ਨੇ ਆਪਣੀ ਕਿਤਾਬ ਮੈਮੋਰੀਅਲ ਮੈਨੀਆ ਵਿੱਚ ਲਿਖਿਆ ਹੈ ਕਿ ਕਿਸੇ ਦੀ ਮੂਰਤੀ ਲਗਾਉਣ ਦੇ ਪਿੱਛੇ ਭੌਤਿਕ ਮਕਸਦ ਕਿੰਨਾ ਵੀ ਹੋਵੇ,ਪਰ ਅਸਲ ਵਿੱਚ ਇਸਦੇ ਪਿੱਛੇ ਅਸਲ ਮਕਸਦ ਰਾਜਨੀਤਿਕ ਹੀ ਹੁੰਦਾ ਹੈ,ਭਾਰਤ ਵਿੱਚ ਮੂਰਤੀਆਂ ਅਤੇ ਬੱਤ ਸਥਾਪਿਤ ਕਰਨ ਦੇ ਪਿੱਛੇ ਲੇਖਿਕਾ ਡੋਸ ਦਾ ਇਹ ਸਿੱਟਾ ਕਾਫੀ ਹੱਦ ਤੱਕ ਸਾਰਥਕ ਸਾਬਿਤ ਹੁੰਦਾ ਹੈ।

ਹਰਪ੍ਰੀਤ ਸਿੰਘ ਬਰਾੜ
CERTIFIED COUNSELOR
ਸਾਬਕਾ ਡੀ ਓ ,174 ਮਿਲਟਰੀ ਹਸਪਤਾਲ
ਮੇਨ ਏਅਰ ਫੋਰਸ ਰੋਡ,ਬਠਿੰਡਾ

Leave a Reply

Your email address will not be published. Required fields are marked *

%d bloggers like this: