ਮੁੱਖ ਸਕੱਤਰ ਵੱਲੋਂ ਚਿੱਟੀ ਮੱਖੀ ਦੀਆਂ ਚੁਣੌਤੀਆਂ ਨਾਲ ਸਿੱਝਣ ਲਈ ਅੰਤਰਰਾਜੀ ਕਮੇਟੀ ਕਾਇਮ

ਮੁੱਖ ਸਕੱਤਰ ਵੱਲੋਂ ਚਿੱਟੀ ਮੱਖੀ ਦੀਆਂ ਚੁਣੌਤੀਆਂ ਨਾਲ ਸਿੱਝਣ ਲਈ ਅੰਤਰਰਾਜੀ ਕਮੇਟੀ ਕਾਇਮ

ਚਿੱਟੀ ਮੱਖੀ ਦੇ ਪ੍ਰਭਾਵ ਦੀ ਸੂਹ ਲਾਉਣ ਤੇ ਫੌਰੀ ਹੱਲ ਦੀ ਲੋੜ ’ਤੇ ਜ਼ੋਰ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਉਪ ਕੁਲਪਤੀ ਅਤੇ ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਨੂੰ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਕਰਨ ਲਈ ਆਖਿਆ
ਖੇਤੀਬਾੜੀ ਅਧਿਕਾਰੀਆਂ ਨੂੰ ਚਿੱਟੀ ਮੱਖੀ ਵਿਰੁੱਧ ਕੋਈ ਢਿੱਲ ਮੱਠ ਨਾ ਰਹਿਣ ਦੇਣ ਲਈ ਕਿਹਾ
ਬਠਿੰਡਾ, ਮਾਨਸਾ ਅਤੇ ਸ੍ਰੀ ਮੁਕਤਸਰ ਸਾਹਿਬ ਦੇ ਜ਼ਿਲ੍ਹਿਆਂ ਵਿੱਚ ਹਾਲਾਤ ’ਤੇ ਨਿਰੰਤਰ ਨਿਗਰਾਨੀ ਰੱਖਣ ਲਈ ਡਿਪਟੀ ਕਮਿਸ਼ਨਰ ਤਾਇਨਾਤ
ਮਾਹਿਰਾਂ ਵੱਲੋਂ ਚਿੱਟੀ ਮੱਖੀ ਹਮਲੇ ਦੀ ਰੋਕਥਾਮ ਲਈ ਕਪਾਹ ਦੇ ਖੇਤਾਂ ਦੁਆਲੇ ਮੱਕੀ, ਜਵਾਰ ਤੇ ਬਾਜਰੇ ਦੀ ਬਿਜਾਈ ਕਰਨ ਦੀ ਸਿਫਾਰਸ਼
ਡਿਊਟੀ ’ਚ ਕੁਤਾਹੀ ਨਾ-ਸਹਿਣਯੋਗ
ਮੁੱਖ ਸਕੱਤਰ ਪਿੰਡ ਨਰੂਆਣਾ ਵਿੱਚ ਕਪਾਹ ਦੇ ਖੇਤ ਦਾ ਦੌਰਾ

ਬਠਿੰਡਾ, 4 ਜੂਨ(ਪਰਵਿੰਦਰਜੀਤ ਸਿੰਘ) ਪੰਜਾਬ ਦੇ ਮੁੱਖ ਸਕੱਤਰ ਸ੍ਰੀ ਸਰਵੇਸ਼ ਕੌਸ਼ਲ ਨੇ ਅੱਜ ਇਸ ਰੁੱਤ ਦੌਰਾਨ ਚਿੱਟੀ ਮੱਖੀ ਦੇ ਹਮਲੇ ਨੂੰ ਠੱਲ੍ਹ ਪਾਉਣ ਲਈ ਪ੍ਰਬੰਧਾਂ ਤੇ ਤਿਆਰੀਆਂ ਦਾ ਜਾਇਜ਼ਾ ਲੈਂਦਿਆਂ ਅੰਤਰਰਾਜੀ ਕਮੇਟੀ ਦਾ ਗਠਨ ਕੀਤਾ ਹੈ ਜੋ ਚਿੱਟੀ ਮੱਖੀ ਨਾਲ ਸਬੰਧਤ ਰੋਕਥਾਮ ਦੇ ਨੁਕਤਿਆਂ ਨੂੰ ਸਾਂਝੇ ਤੌਰ ’ਤੇ ਵਿਚਾਰਦਿਆਂ ਢੁਕਵੇਂ ਹੱਲ, ਖੋਜ ਆਦਿ ਨੂੰ ਅਸਰਦਾਰ ਤਰੀਕੇ ਨਾਲ ਅਮਲ ਵਿੱਚ ਲਿਆਵੇਗੀ।
ਅਬੋਹਰ ਤੇ ਫਾਜ਼ਿਲਕਾ ਦੇ ਖੇਤਰਾਂ ਵਿੱਚ ਚਿੱਟੀ ਮੱਖੀ ਦੇ ਪ੍ਰਭਾਵ ਦਾ ਪਤਾ ਲੱਗਣ ਦਾ ਗੰਭੀਰ ਨੋਟਿਸ ਲੈਂਦਿਆਂ ਮੁੱਖ ਸਕੱਤਰ ਨੇ ਡਾਇਰੈਕਟਰ ਖੇਤੀਬਾੜੀ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਉਪ ਕੁਲਪਤੀ ਅਤੇ ਯੂਨੀਵਰਸਿਟੀ ਦੇ ਮਾਹਿਰਾਂ ਨੂੰ ਇਨ੍ਹਾਂ ਵਿਸ਼ੇਸ਼ ਖੇਤਰਾਂ ਵਿੱਚ ਠੋਸ ਮੁਹਿੰਮ ਚਲਾਉਣ ਲਈ ਆਖਿਆ ਤਾਂ ਕਿ ਚਿੱਟੀ ਮੱਖੀ ਦਾ ਮਾਮਲਾ ਸਾਹਮਣੇ ਆਉਣ ’ਤੇ ਤੁਰੰਤ ਸਿੱਝਿਆ ਜਾ ਸਕੇ। ਮੀਟਿੰਗ ਵਿੱਚ ਇਹ ਵੀ ਫੈਸਲਾ ਕੀਤਾ ਗਿਆ ਕਿ ਜ਼ੋਰਦਾਰ ਢੰਗ ਨਾਲ ਜਾਗਰੂਕਤਾ ਮੁਹਿੰਮ ਚਲਾ ਕੇ ਕਿਸਾਨਾਂ ਨੂੰ ਦੱਸਿਆ ਜਾਵੇ ਕਿ ਚਿੱਟੀ ਮੱਖੀ ਹਮਲੇ ਦੀ ਰੋਕਥਾਮ ਲਈ ਮੱਕੀ, ਜਵਾਰ ਤੇ ਬਾਜਰਾ ਦੀ ਬਿਜਾਈ ਕਰਨੀ ਸਮੇਂ ਦੀ ਲੋੜ ਹੈ।
ਬਠਿੰਡਾ, ਸ੍ਰੀ ਮੁਕਤਸਰ ਸਾਹਿਬ, ਮਾਨਸਾ ਅਤੇ ਫਾਜ਼ਿਲਕਾ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਤੇ ਖੇਤੀ ਮਾਹਰਾਂ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਉਪ ਕੁਲਪਤੀ ਅਤੇ ਦੇਸ਼ ਦੇ ਉੱਘੇ ਖੋਜ ਕੇਂਦਰਾਂ ਦੇ ਨੁਮਾਇੰਦਿਆਂ ਨਾਲ ਮੁੱਖ ਸਕੱਤਰ ਦੀ ਪ੍ਰਧਾਨਗੀ ਹੇਠ ਲੰਮਾਂ ਸਮਾਂ ਮੀਟਿੰਗ ਹੋਈ ਜਿਸ ਵਿੱਚ ਵਧੀਕ ਮੁੱਖ ਸਕੱਤਰ (ਵਿਕਾਸ) ਸ੍ਰੀ ਐਨ.ਐਸ. ਕਲਸੀ, ਸਕੱਤਰ ਖੇਤੀਬਾੜੀ ਸ੍ਰੀ ਵਿਵੇਕ ਪ੍ਰਤਾਪ ਸਿੰਘ ਅਤੇ ਫਰੀਦਕੋਟ ਦੇ ਮੰਡਲ ਕਮਿਸ਼ਨਰ ਸ੍ਰੀ ਵੀ.ਕੇ. ਮੀਨਾ ਹਾਜ਼ਰ ਸਨ। ਮੁੱਖ ਸਕੱਤਰ ਨੇ ਪੰਜਾਬ, ਹਰਿਆਣਾ ਤੇ ਰਾਜਸਥਾਨ ਦੇ ਮੈਂਬਰਾਂ ’ਤੇ ਅਧਾਰਿਤ ਕਮੇਟੀ ਦਾ ਗਠਨ ਕੀਤਾ ਹੈ। ਇਹ ਕਮੇਟੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਬਲਦੇਵ ਸਿੰਘ ਢਿੱਲੋਂ ਦੀ ਪ੍ਰਧਾਨਗੀ ਅਤੇ ਦੋ ਵਿਸ਼ੇਸ਼ ਇਨਵਾਇਟੀ ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਸ੍ਰੀ ਜਸਬੀਰ ਸਿੰਘ ਬੈਂਸ ਅਤੇ ਬਾਗਬਾਨੀ ਵਿਭਾਗ ਦੇ ਡਾਇਰੈਕਟਰ ਡਾ. ਗੁਰਕੰਵਲ ਸਿੰਘ ਨਾਲ ਤਾਲਮੇਲ ਬਿਠਾ ਕੇ ਕਾਰਜ ਕਰੇਗੀ। ਇਸ ਕਮੇਟੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਡਾ. ਆਰ.ਕੇ. ਗੁੰਬਰ, ਡਾਇਰੈਕਟਰ ਪਾਸਾਰ ਸੇਵਾਵਾਂ ਸ੍ਰੀ ਆਰ.ਐਸ. ਸਿੱਧੂ, ਹਰਿਆਣਾ ਖੇਤੀਬਾੜੀ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਡਾ. ਐਸ.ਐਚ. ਸਿਵਾਚ, ਕੇਂਦਰੀ ਕਪਾਹ ਖੋਜ ਸੰਸਥਾ, ਸਿਰਸਾ ਦੇ ਮੁਖੀ ਡਾ. ਦਿਲੀਪ ਮੌਂਗਾ, ਰਾਜਸਥਾਨ ਖੇਤੀਬਾੜੀ ਯੂਨੀਵਰਸਿਟੀ, ਬੀਕਾਨੇਰ ਤੋਂ ਡਾ. ਪ੍ਰੇਮ ਲਾਲ ਨਹਿਰਾ, ਡਾਇਰੈਕਟਰ ਖੇਤਰੀ ਖੋਜ ਸਟੇਸ਼ਨ ਦੇ ਡਾਇਰੈਕਟਰ ਡਾ. ਪਰਮਜੀਤ ਸਿੰਘ ਅਤੇ ਡਿਪਟੀ ਡਾਇਰੈਕਟਰ ਕਾਟਨ ਸ੍ਰੀ ਸੁਖਦੇਵ ਸਿੰਘ ਸਿੱਧੂ ਮੈਂਬਰ ਹੋਣਗੇ।
ਇਸ ਕਮੇਟੀ ਬਾਰੇ ਚਾਨਣਾ ਪਾਉਂਦਿਆਂ ਸ੍ਰੀ ਕੌਸ਼ਲ ਨੇ ਕਿਹਾ ਕਿ ਉਨ੍ਹਾਂ ਨੇ ਸਲਾਹਕਾਰ ਤੇ ਨਿਗਰਾਮ ਕਮੇਟੀ ਦਾ ਗਠਨ ਕੀਤਾ ਹੈ ਜੋ ਹਰ ਪੰਦਰਵਾੜੇ ਚਿੱਟੀ ਮੱਖੀ ਦੀ ਰੋਕ ਲਈ ਵਿਚਾਰ-ਚਰਚਾ, ਖੇਤਾਂ ਦੇ ਦੌਰੇ, ਖੋਜ ਕਾਰਜ ਅਤੇ ਤਕਨੀਕ ਸਾਂਝੀ ਕਰਨ ਤੋਂ ਇਲਾਵਾ ਕਪਾਹ ਦੀ ਫਸਲ ਇਸ ਦੀ ਮਾਰ ਤੋਂ ਬਚਾਉਣ ਲਈ ਕਿਸਾਨਾਂ ਨੂੰ ਜਾਗਰੂਕ ਕਰੇਗੀ।
ਖੇਤੀਬਾੜੀ ਵਿਭਾਗ ਦੇ ਵਿਭਾਗ ਦੇ ਸਬੰਧਤ ਅਧਿਕਾਰੀਆਂ ਨੂੰ ਸਪੱਸ਼ਟ ਸੰਦੇਸ਼ ਦਿੰਦਿਆ ਆਖਿਆ ਕਿ ਅਧਿਕਾਰੀ ਹਰ ਵੇਲੇ ਚੌਕਸ ਰਹਿਣਗੇ ਅਤੇ ਜੇਕਰ ਚਿੱਟੀ ਮੱਖੀ ਦੇ ਹਮਲੇ ਬਾਰੇ ਕੋਈ ਸੂਚਨਾ ਮਿਲੀ ਤਾਂ ਤੁਰੰਤ ਉਸ ਖੇਤ ਦਾ ਦੌਰਾ ਕਰਕੇ ਸਥਿਤੀ ਦਾ ਜਾਇਜ਼ਾ ਲੈਣ ਨੂੰ ਯਕੀਨੀ ਬਣਾਉਣਗੇ। ਉਨ੍ਹਾਂ ਕਿਹਾ ਕਿ ਅਧਿਕਾਰੀ ਹਮਲੇ ਦੇ ਫੌਰੀ ਹੱਲ ਲਈ ਮੌਕੇ ’ਤੇ ਪਹੁੰਚਣ।
ਮੁੱਖ ਸਕੱਤਰ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਉਪ ਕੁਲਪਤੀ ਤੇ ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਨੂੰ ਆਖਿਆ ਕਿ ਕਿਸਾਨਾਂ ਦੇ ਹਿੱਤਾਂ ਦੀ ਰੱਖਿਆ ਹਰ ਕੀਮਤ ’ਤੇ ਕੀਤੀ ਜਾਣੀ ਚਾਹੀਦੀ ਹੈ ਅਤੇ ਉਨ੍ਹਾਂ ਦੀਆਂ ਟੀਮਾਂ ਵੱਲੋਂ ਖੇਤਾਂ ਦਾ ਦੌਰਾ ਕਰਕੇ ਅਸਲ ਸਥਿਤੀ ਦਾ ਪਤਾ ਲਾਇਆ ਜਾਵੇ। ਉਨ੍ਹਾਂ ਕਿਹਾ ਕਿ ਇਹ ਟੀਮਾਂ ਕਿਸਾਨਾਂ ਵੱਲੋਂ ਵਰਤੀ ਜਾ ਰਹੀਆਂ ਕੀਟਨਾਸ਼ਕ ਦੇ ਕਿਤੋਂ-ਕਿਤੋਂ ਨਮੂਨੇ ਲਏ ਜਾਣਗੇ ਤਾਂ ਕਿ ਉਨ੍ਹਾਂ ਦੇ ਹਿੱਤ ਸੁਰੱਖਿਅਤ ਰੱਖੇ ਜਾ ਸਕਣ। ਉਨ੍ਹਾਂ ਨੇ ਖੇਤੀਬਾੜੀ ਅਧਿਕਾਰੀਆਂ ਨੂੰ ਚਿੱਟੀ ਮੱਖੀ ਦੇ ਹਮਲੇ ਤੇ ਫੈਲਾਅ ਦੀ ਰੋਕਥਾਮ ਲਈ ਕੋਈ ਢਿੱਲ-ਮੱਠ ਨਾ ਰਹਿਣ ਦੇਣ ਦੀ ਹਦਾਇਤ ਕੀਤੀ।
ਸ੍ਰੀ ਕੌਸ਼ਲ ਨੇ ਬਠਿੰਡਾ ਦੇ ਡਿਪਟੀ ਕਮਿਸ਼ਨਰ ਡਾ. ਬਸੰਤ ਗਰਗ, ਮਾਨਸਾ ਦੇ ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਸ਼ਰਮਾ, ਫਾਜ਼ਿਲਕਾ ਦੀ ਡਿਪਟੀ ਕਮਿਸ਼ਨਰ ਸ੍ਰੀਮਤੀ ਈਸ਼ਾ ਕਾਲੀਆ ਅਤੇ ਸ੍ਰੀ ਮੁਕਤਸਰ ਸਾਹਿਬ ਦੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਕੇ.ਕੇ.ਐਸ. ਮਾਹੀ ਨੂੰ ਸਥਿਤੀ ’ਤੇ ਨਜ਼ਰ ਰੱਖਣ ਦਾ ਜ਼ਿੰਮਾ ਸੌਂਪਿਆ। ਉਨ੍ਹਾਂ ਨੇ ਡਿਪਟੀ ਕਮਿਸ਼ਨਰਾਂ ਨੂੰ ਇਹ ਵੀ ਆਖਿਆ ਕਿ ਜ਼ਮੀਨੀ ਹਾਲਾਤ ਦਾ ਪਤਾ ਲਾਉਣ ਲਈ ਉਹ ਨਿਰੰਤਰ ਮੀਟਿੰਗਾਂ ਕਰਨ ਜਦਕਿ ਖੇਤੀ ਅਧਿਕਾਰੀ ਚਿੱਟੀ ਮੱਖੀ ਦੀ ਰੋਕਥਾਮ ਲਈ ਕਿਸਾਨਾਂ ਨੂੰ ਸਿੱਖਿਅਤ ਕਰਨ ਲਈ ਜਾਗਰੂਕਤਾ ਕੈਂਪ ਜਾਰੀ ਰੱਖਣਗੇ।
ਹਰਿਆਣਾ ਤੇ ਰਾਜਸਥਾਨ ਦੇ ਮਾਹਿਰਾਂ ਵੱਲੋਂ ਚਿੱਟੀ ਮੱਖੀ ਦੀ ਰੋਕਥਾਮ ਲਈ ਕਪਾਹ ਹੇਠ ਖੇਤਾਂ ਦਆਲੇ ਮੱਕੀ, ਬਾਜਰਾ ਤੇ ਜਵਾਰ ਵਰਗੀਆਂ ਫਸਲਾਂ ਦੀ ਬਿਜਾਈ ’ਤੇ ਜ਼ੋਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਇਹ ਪ੍ਰਿਆ ਲਾਜ਼ਮੀ ਤੌਰ ’ਤੇ ਚਿੱਟੀ ਮੱਖੀ ਨੂੰ ਖੇਤਾਂ ਤੋਂ ਪਰ੍ਹੇ ਰੱਖਣ ਲਈ ਕਿਸਾਨਾਂ ਲਈ ਲਾਹੇਵੰਦ ਸਿੱਧ ਹੋਵੇਗੀ।
ਸ੍ਰੀ ਸਰਵੇਸ਼ ਕੌਸ਼ਲ ਨੇ ਕੀਟਨਸ਼ਾਕਾਂ ਦੇ ਪਹਿਲਾਂ ਹੀ ਪਾਸ ਕੀਤੇ ਨਮੂਨਿਆਂ ਵਿੱਚੋਂ ਕੁਝ ਦੀ ਜਾਂਚ ਕਰਦੇ ਰਹਿਣ ਦੀ ਲੋੜ ’ਤੇ ਜ਼ੋਰ ਦਿੱਤਾ ਤਾਂ ਕਿ ਇਨ੍ਹਾਂ ਵਸਤੂਆਂ ਦੀ ਮਿਆਰਤਾ ਵੱਖ-ਵੱਖ ਲੈਬਾਰਟਰੀਆਂ ਤੋਂ ਪਰਖੀ ਜਾ ਸਕੇ।
ਮੁੱਖ ਮੰਤਰੀ ਨੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੂੰ ਆਖਿਆ ਕਿ ਚਾਲੂ ਸੀਜ਼ਨ ਦੌਰਾਨ ਉਹ ਪੂਰੀ ਤਰ੍ਹਾਂ ਚੌਕਸ ਰਹਿਣ ਅਤੇ ਕਿਸੇ ਕਿਸਮ ਦੀ ਕੁਤਾਹੀ ਸਹਿਣ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਅਧਿਕਾਰੀ ਦੀ ਕੁਤਾਹੀ ਦਾ ਮਾਮਲਾ ਸਾਹਮਣੇ ਆਇਆ ਤਾਂ ਉਸ ਨੂੰ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ।
ਮੁੱਖ ਸਕੱਤਰ ਪਿੰਡ ਨਰੂਆਣਾ ਵਿੱਚ ਕਪਾਹ ਦੇ ਖੇਤ ਦਾ ਦੌਰਾ-ਕਿਸਾਨ ਸੁਖਪਾਲ ਸਿੰਘ ਨਾਲ ਗੱਲਬਾਤ
ਇਸ ਦੌਰਾਨ ਮੁੱਖ ਸਕੱਤਰ ਸ੍ਰੀ ਸਰਵੇਸ਼ ਕੌਸ਼ਲ ਨੇ ਅੱਜ ਵਧੀਕ ਮੁੱਖ ਸਕੱਤਰ ਸ੍ਰੀ ਐਨ.ਐਸ. ਕਲਸੀ, ਸਕੱਤਰ ਖੇਤੀਬਾੜੀ ਸ੍ਰੀ ਵਿਵੇਕ ਪ੍ਰਤਾਪ ਸਿੰਘ, ਡਿਪਟੀ ਕਮਿਸ਼ਨਰ ਡਾ. ਬਸੰਤ ਗਰਗ, ਮਾਨਸਾ ਦੇ ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਸ਼ਰਮਾ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਬੀ.ਐਸ. ਢਿੱਲੋਂ ਅਤੇ ਹੋਰ ਸੂਬਿਆਂ ਦੇ ਖੇਤੀ ਮਾਹਿਰਾਂ ਨਾਲ ਪਿੰਡ ਨਰੂਆਣਾ ਦਾ ਦੌਰਾ ਕੀਤਾ। ਉਨ੍ਹਾਂ ਨੇ ਕਿਸਾਨ ਸੁਖਪਾਲ ਸਿੰਘ ਦੇ ਕਪਾਹ ਦੇ ਖੇਤ ਦਾ ਦੌਰਾ ਕੀਤਾ ਅਤੇ ਕਿਸਾਨ ਨਾਲ ਗੱਲਬਾਤ ਕਰਕੇ ਅਸਲ ਸਥਿਤੀ ਦੀ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਨੇ ਇਸ ਖੇਤਰ ਦੇ ਕਪਾਹ ਦੀ ਬਿਜਾਈ ਹੇਠਲੇ ਖੇਤਾਂ ਦੇ ਨਿਰੀਖਣ ਲਈ ਖੇਤੀ ਮਾਹਿਰਾਂ ਦੀ ਇਕ ਟੀਮ ਨੂੰ ਤਾਇਨਾਤ ਕੀਤਾ। ਉਨ੍ਹਾਂ ਨੇ ਡਾਇਰੈਕਟਰ ਖੇਤੀਬਾੜੀ ਸ੍ਰੀ ਜਸਬੀਰ ਸਿੰਘ ਬੈਂਸ ਨੂੰ ਪਿੰਡਾਂ ਵਿੱਚ ਜਾਗਰੂਕਤਾ ਕੈਂਪਾਂ ਦੀ ਨਫਰੀ ਵਧਾੳਣ ਦੀ ਹਦਾਇਤ ਕੀਤੀ।

Share Button

Leave a Reply

Your email address will not be published. Required fields are marked *

%d bloggers like this: