ਮੁੱਖ ਮੰਤਰੀ ਵੱਲੋਂ ਸੋਸ਼ਲ ਮੀਡੀਆ ’ਤੇ ਚਲ ਰਹੀ ਭੜਕਾਊ ਤੇ ਗਰਮ ਖਿਆਲੀ ਮੁਹਿੰਮ ਤੋਂ ਚੌਕਸ ਰਹਿਣ ਦੇ ਪੁਲਿਸ ਨੂੰ ਨਿਰਦੇਸ਼

ss1

ਮੁੱਖ ਮੰਤਰੀ ਵੱਲੋਂ ਸੋਸ਼ਲ ਮੀਡੀਆ ’ਤੇ ਚਲ ਰਹੀ ਭੜਕਾਊ ਤੇ ਗਰਮ ਖਿਆਲੀ ਮੁਹਿੰਮ ਤੋਂ ਚੌਕਸ ਰਹਿਣ ਦੇ ਪੁਲਿਸ ਨੂੰ ਨਿਰਦੇਸ਼

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਫੇਸਬੁੱਕ ਵਰਗੇ ਸੋਸ਼ਲ ਮੀਡੀਆ ’ਤੇ ਚੱਲ ਰਹੀ ਭੜਕਾਊ ਅਤੇ ਗਰਮ ਖਿਆਲੀ ਮੁਹਿੰਮ ਤੋਂ ਪੁਲਿਸ ਨੂੰ ਚੌਕਸ ਰਹਿਣ ਦੇ ਨਿਰਦੇਸ਼ ਦਿੱਤੇ ਹਨ ਅਤੇ ਇਸ ਦੇ ਨਾਲ ਹੀ ਉਨਾਂ ਨੇ ਖਿੱਤੇ ਵਿਚ ਬਦਲ ਰਹੇ ਮੌਸਮ ਦੇ ਕਾਰਨ ਭਾਰਤ-ਪਾਕਿ ਸਰਹੱਦ ’ਤੇ ਘੁਸਪੈਠ ਦੀਆਂ ਸਰਗਰਮੀਆਂ ਦੱਖਣ ਵਾਲੇ ਪਾਸੇ ਵੱਧਣ ਤੋਂ ਵੀ ਚੌਕਸ ਰਹਿਣ ਲਈ ਆਖਿਆ ਹੈ।

ਸੂਬੇ ਵਿਚ ਅਪਰਾਧ ਅਤੇ ਕਾਨੂੰਨ ਵਿਵਸਥਾ ਦੀ ਸਥਿਤੀ ਬਾਰੇ ਇਕ ਉੱਚ-ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਅੱਤਵਾਦੀ ਜੁਰਮਾਂ ’ਤੇ ਰੋਕ ਲਾਉਣਾ ਉਨਾਂ ਦੀ ਸਰਕਾਰੀ ਦੀ ਮੁੱਖ ਪ੍ਰਾਥਮਿਕਤਾ ਹੈ ਅਤੇ ਉਨਾਂ ਨੇ ਪੰਜਾਬ ਦੀ ਸ਼ਾਂਤੀ ਅਤੇ ਸਥਿਰਤਾ ਲਈ ਅਜਿਹੀਆਂ ਚੁਣੌਤੀਆਂ ਦਾ ਟਾਕਰਾ ਕਰਨ ਲਈ ਐਸ.ਐਸ.ਪੀਜ਼ ਤੇ ਸੀ.ਪੀਜ਼ ਨੂੰ ਨਿਰਦੇਸ਼ ਦਿੱਤੇ ਹਨ।

ਮੁੱਖ ਮੰਤਰੀ ਨੇ 31 ਜਨਵਰੀ ਨੂੰ ਬਠਿੰਡਾ ਦੇ ਮੌੜ ਵਿਖੇ ਹੋਏ ਬੰਬ ਧਮਾਕੇ, ਭੈਣੀ ਸਾਹਿਬ ਵਿਖੇ ਚੰਦ ਕੌਰ ਦੀ ਹੱਤਿਆ ਅਤੇ ਲੁਧਿਆਣਾ ਵਿਖੇ ਢਡਰੀਆਂਵਾਲਾ ਉੱਤੇ ਹੋਏ ਹਮਲੇ ਵਰਗੇ ਮਾਮਲਿਆਂ ਦੀ ਤੈਅ ਵਿਚ ਸਮੇਂ-ਸੀਮਾ ਵਿਚ ਜਾਣ ਲਈ ਪੁਲਿਸ ਨੂੰ ਸਾਰੀਆਂ ਕੋਸ਼ਿਸ਼ਾਂ ਕਰਨ ਦੇ ਹੁਕਮ ਦਿੱਤੇ ਹਨ।

ਪੁਲਿਸ ਅਫਸਰਾਂ ਨੂੰ ਸੂਬੇ ਵਿਚ ਅੱਤਵਾਦ ਅਤੇ ਅਪਰਾਧ ਨਾਲ ਨਜਿੱਠਣ ਲਈ ਕਮਰਕੱਸੇ ਕਰਨ ਲਈ ਆਖਦੇ ਹੋਏ ਮੁੱਖ ਮੰਤਰੀ ਨੇ ਵਿਧਾਇਕਾਂ ਅਤੇ ਹੋਰ ਚੁਣੇ ਹੋਏ ਅਹੁਦੇਦਾਰਾਂ ਦੇ ਮਾਣ-ਸਤਿਕਾਰ ਦੇਣ ਵਿਚ ਕਿਸੇ ਵੀ ਤਰਾਂ ਦੀ ਅਸਫਲਤਾ ਦੇ ਖਿਲਾਫ ਵੀ ਉਨਾਂ ਨੂੰ ਚਿਤਾਵਨੀ ਦਿੱਤੀ ਹੈ। ਉਨਾਂ ਕਿਹਾ ਕਿ ਉਨਾਂ ਨੂੰ ਇਸ ਸਬੰਧ ਵਿਚ ਵੱਖ ਵੱਖ ਜ਼ਿਲਿਆਂ ਤੋਂ ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ ਅਤੇ ਉਹ ਚੁਣੇ ਹੋਏ ਨੁਮਾਇੰਦਿਆਂ ਨੂੰ ਘਟਾ ਕੇ ਦੇਖੇ ਜਾਣ ਦੀ ਸਥਿਤੀ ਬਨਣ ਦੀ ਕਿਸੇ ਵੀ ਸੂਰਤ ਵਿਚ ਆਗਿਆ ਨਹੀਂ ਦੇਣਗੇ।

ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਪੁਲਿਸ ਦੀ ਵਰਦੀ ਅਤੇ ਅਥਾਰਟੀ ਦਾ ਸਤਿਕਾਰ ਬਣਾਏ ਰੱਖਣ ਦਾ ਵੀ ਸੱਦਾ ਦਿੱਤਾ ਹੈ। ਉਨਾਂ ਨੇ ਫੀਲਡ ਪੱਧਰ ਦੇ ਪੁਲਿਸ ਅਫਸਰਾਂ ਅਤੇ ਹੈੱਡਕੁਆਟਰ ਦੇ ਸੀਨੀਅਰ ਸਰਕਾਰੀ ਅਧਿਕਾਰੀਆਂ ਵਿਚਕਾਰ ਖੁੱਲੀ ਗੱਲਬਾਤ ਦੀ ਜ਼ਰੂਰਤ ’ਤੇ ਵੀ ਜ਼ੋਰ ਦਿੱਤਾ ਹੈ।

ਬੇਅਦਬੀ ਦੇ ਮਾਮਲਿਆਂ ਦੇ ਸਬੰਧ ਵਿਚ ਰੱਤੀ ਭਰ ਵਿਚ ਊਣਤਾਈ ਸਹਿਣ ਨਾ ਕਰਨ ਦੀ ਆਪਣੀ ਸਰਕਾਰ ਦੀ ਪਹੁੰਚ ਉੱਤੇ ਜ਼ੋਰ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੀ ਫਿਰਕੂ ਸਦਭਾਵਨਾ ਨੂੰ ਭੰਗ ਕਰਨ ਦੇ ਕਿਸੇ ਵੀ ਯਤਨ ਨੂੰ ਸਖ਼ਤੀ ਨਾਲ ਮਸਲ ਦਿੱਤਾ ਜਾਵੇਗਾ। ਉਨਾਂ ਕਿਹਾ ਕਿ ਡਿਪਟੀ ਕਮਿਸ਼ਨਰ ਅਤੇ ਸੀ.ਪੀਜ਼/ਐਸ.ਐਸ.ਪੀਜ਼ ਆਪੋ-ਆਪਣੇ ਖੇਤਰਾਂ ਵਿਚ ਬੇਅਦਬੀ ਦੀ ਕਿਸੇ ਵੀ ਘਟਨਾ ਦੇ ਲਈ ਜ਼ਿੰਮੇਵਾਰ ਹੋਣਗੇ। ਉਨਾਂ ਨੇ ਤੁਰੰਤ ਲੋਕਾਂ ਦੀ ਭਾਈਵਾਲੀ ਨਾਲ ਸੀ.ਸੀ.ਟੀ.ਵੀ ਕੈਮਰੇ ਲਾਏ ਜਾਣ ਦੇ ਨਿਰਦੇਸ਼ ਦਿੱਤੇ ਅਤੇ ਜਿੱਥੇ ਇਹ ਕੈਮਰੇ ਨਹੀਂ ਲੱਗੇ ਹਨ ਉੱਥੇ ਧਾਰਮਿਕ ਗ੍ਰੰਥਾਂ ਦੀ ਪਵਿੱਤਰਤਾ ਨੂੰ ਪ੍ਰਬੰਧਕਾਂ ਦੇ ਅਧੀਨ ਯਕੀਨੀ ਬਣਾਉਣ ਲਈ ਕਿਹਾ ਹੈ।

ਮੁੱਖ ਮੰਤਰੀ ਨੇ ਭ੍ਰਿਸ਼ਟਾਚਾਰ ’ਚ ਸ਼ਾਮਲ ਹੋਣ ਦੇ ਸਬੰਧ ’ਚ ਵੀ ਪੁਲਿਸ ਨੂੰ ਸਖ਼ਤ ਸੰਕੇਤ ਦਿੱਤੇ ਅਤੇ ਕਿਹਾ ਕਿ ਉਨਾਂ ਦੀ ਸਰਕਾਰ ਸੂਬੇ ਦੇ ਲੋਕਾਂ ਨੂੰ ਸਾਫ ਅਤੇ ਪਾਰਦਰਸ਼ੀ ਸ਼ਾਸਨ ਮੁਹੱਈਆ ਕਰਾਉਣ ਲਈ ਵਚਨਬੱਧ ਹੈ।

ਕੈਪਟਨ ਅਮਰਿੰਦਰ ਸਿੰਘ ਨੇ ਪੁਲਿਸ ਅਧਿਕਾਰੀਆਂ ਨੂੰ ਨਸ਼ਾ ਤਸਕਰਾਂ ਅਤੇ ਵਪਾਰੀਆਂ ਵਿਰੁੱਧ ਵੀ ਸ਼ਿਕੰਜਾ ਕੱਸਣ ਦੇ ਨਿਰਦੇਸ਼ ਦਿੱਤੇ। ਉਨਾਂ ਨੇ ਇਸ ਸਬੰਧ ਵਿਚ ਵੱਡੀਆਂ ਮੱਛੀਆਂ ਉੱਤੇ ਵਿਸ਼ੇਸ਼ ਤੌਰ ’ਤੇ ਜ਼ੋਰ ਦਿੱਤਾ। ਉਨਾਂ ਕਿਹਾ ਕਿ ਪੁਲਿਸ ਕਮਿਸ਼ਨਰ, ਐਸ.ਐਸ.ਪੀਜ਼, ਡੀ.ਐਸ.ਪੀਜ਼ ਅਤੇ ਐਸ.ਐਚ.ਓਜ਼ ਆਪਣੇ ਆਪਣੇ ਅਧਿਕਾਰ ਖੇਤਰਾਂ ਵਿਚ ਨਸ਼ਿਆਂ ਦੀ ਸਪਲਾਈ ਅਤੇ ਵਿਕਰੀ ਲਈ ਸਿੱਧੇ ਜਵਾਬਦੇਹ ਹੋਣਗੇ।

ਮੁੱਖ ਮੰਤਰੀ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਸਾਰੇ ਸੀ.ਪੀਜ਼ ਅਤੇ ਐਸ.ਐਸ.ਪੀਜ਼ ਅੱਤਵਾਦੀਆਂ, ਨਸ਼ਾ ਤਸਕਰਾਂ/ਵਪਾਰੀਆਂ ਵਿਰੁੱਧ ਆਪਣੀ ਨਿੱਜੀ ਨਿਗਰਾਨੀ ਹੇਠ ਛਾਪੇ ਮਾਰਨ ਦੀ ਮੁਹਿੰਮ ਚਲਾਉਣ। ਉਨਾਂ ਨੇ ਡੀ.ਐਸ.ਪੀ ਅਤੇ ਐਸ.ਐਚ.ਓਜ਼ ਸਮੇਤ ਵੱਖ-ਵੱਖ ਰੈਂਕਾਂ ਦੇ ਫੀਲਡ ਅਫਸਰਾਂ ਵਿਰੁੱਧ ਭ੍ਰਿਸ਼ਟਾਚਾਰ ਦੀਆਂ ਬੀਤੇ ਸਮੇਂ ਦੌਰਾਨ ਸ਼ਿਕਾਇਤਾਂ ਪ੍ਰਾਪਤ ਹੋਣ ਦਾ ਵੀ ਜ਼ਿਕਰ ਕੀਤਾ। ਉਨਾਂ ਕਿਹਾ ਕਿ ਇਹ ਗੈਰ-ਮੁਆਫੀ ਯੋਗ ਹਨ। ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਭਵਿੱਖ ਵਿੱਚ ਅਜਿਹਾ ਕੋਈ ਮਾਮਲਾ ਸਾਹਮਣੇ ਆਉਂਦਾ ਹੈ ਤਾਂ ਸਖ਼ਤ ਸਜ਼ਾ ਯਕੀਨੀ ਬਣਾਈ ਜਾਵੇਗੀ।

ਜੇਲਾਂ ਵਿੱਚ ਫੌਜਦਾਰੀ ਕਾਰਵਾਈਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਮੁੱਖ ਮੰਤਰੀ ਨੇ ਤਕਨਾਲੋਜੀ ਆਦਿ ਨਾਲ ਜੇਲਾਂ ਉੱਤੇ ਸਖ਼ਤ ਨਿਯੰਤਰਣ ਕਰਨ ਦੇ ਹੁਕਮ ਦਿੱਤੇ। ਉਨਾਂ ਨੇ ਅਜਿਹੀਆਂ ਗਤੀਵਿਧੀਆਂ ਰੋਕਣ ਲਈ ਸੰਚਾਰ ਬੰਦ ਕਰਨ ਲਈ ਵੀ ਆਖਿਆ। ਉਨਾਂ ਨੇ ਜੇਲ ਮੈਨੂਅਲ ਅਤੇ ਜੇਲ ਨਿਯਮਾਂ ਵਿਚ ਸੋਧ ਲਈ ਵੀ ਕਿਹਾ।

ਉਨਾਂ ਨੇ ਅਧਿਕਾਰੀਆਂ ਨੂੰ ਪੰਜਾਬ ਦੇ ਨਾਗਰਿਕਾਂ ਵਿਚ ਸੁਰੱਖਿਆ ਅਤੇ ਭਰੋਸੇ ਦੀ ਭਾਵਨਾ ਪੈਦਾ ਕਰਨ ਲਈ ਗੈਂਗਸਟਰਾਂ ਅਤੇ ਛੋਟੀ ਛੋਟੀ ਅਪਰਾਧਿਕ ਕਾਰਵਾਈਆਂ ਵਿਰੁੱਧ ਤਿੱਖੇ ਕਦਮ ਚੁੱਕਣ ਲਈ ਆਖਿਆ।

ਵੀ.ਆਈ.ਪੀ ਕਲਚਰ ਖਤਮ ਕਰਨ ਅਤੇ ਪੁਲਿਸ ਭਲਾਈ ਨੂੰ ਉਤਸ਼ਾਹਤ ਕਰਨ ’ਤੇ ਆਪਣੀ ਸਰਕਾਰ ਦਾ ਮੁੱਖ ਜ਼ੋਰ ਹੋਣ ਦੀ ਗੱਲ ਕਰਦਿਆਂ ਮੁੱਖ ਮੰਤਰੀ ਨੇ ਵੀ.ਆਈ.ਪੀ ਸੁਰੱਖਿਆ ਡਿਊਟੀ ਦੌਰਾਨ ਰੂਟ ਲਾਈਨ ਆਦਿ ਅਮਲ ਨੂੰ ਖਤਮ ਕਰਨ ਲਈ ਆਖਿਆ। ਉਨਾਂ ਕਿਹਾ ਕਿ ਪੁਲਿਸ ਦੇ ਕੰਮਕਾਜੀ ਘੰਟਿਆਂ ਦੀ ਹੱਦਬੰਦੀ ਕੀਤੀ ਜਾਵੇ ਅਤੇ ਇੱਕ ਹਫਤਾਵਾਰੀ ਛੁੱਟੀ ਨੂੰ ਅਮਲ ਵਿਚ ਲਿਆਂਦਾ ਜਾਵੇ। ਉਨਾਂ ਇਹ ਵੀ ਕਿਹਾ ਕਿ ਪੁਲਿਸ ਫੋਰਸ ਦਾ ਮਨੋਬਲ ਹਰ ਸਮੇਂ ਉੱਚਾ ਰੱਖਣਾ ਜ਼ਰੂਰੀ ਹੈ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਵੱਖ ਵੱਖ ਜ਼ਿਲਿਆਂ ਦੇ ਪ੍ਰਬੰਧਕੀ ਕੰਪਲੈਕਸਾਂ ਵਿਚ ਪੂਰਾ ਸਾਜੋ ਸਮਾਨ ਹੋਵੇ। ਉਨਾਂ ਨੇ ਸੂਬਾ ਪੱਧਰੀ ਆਰਮਜ਼ ਡਾਟਾਬੇਸ ਅਤੇ ਹਥਿਆਰ ਡੀਲਰਾਂ ਦਾ ਡਾਟਾ ਵੀ ਬਣਾਏ ਜਾਣ ਲਈ ਗ੍ਰਹਿ ਵਿਭਾਗ ਨੂੰ ਹਦਾਇਤ ਦਿੱਤੀ ਤਾਂ ਜੋ ਹਥਿਆਰ ਅਤੇ ਗੋਲੀ-ਸਿੱਕੇ ਉੱਤੇ ਨਿਗਰਾਨੀ ਰੱਖੀ ਜਾ ਸਕੇ।

ਮੁੱਖ ਮੰਤਰੀ ਨੇ ਵੱਖ ਵੱਖ ਜ਼ਿਲਿਆਂ ਖਾਸ ਤੌਰ ’ਤੇ ਪਠਾਨਕੋਟ, ਬਟਾਲਾ ਅਤੇ ਮੋਗਾ ਵਿੱਚ ਪੁਲਿਸ ਲਾਈਨਾਂ ਵਾਸਤੇ ਪੁਲਿਸ ਵਿਭਾਗ ਨੂੰ ਜ਼ਮੀਨ ਤਬਦੀਲ ਕੀਤੇ ਜਾਣ ਦੇ ਹੁਕਮ ਜਾਰੀ ਕੀਤੇ।

ਆਪਣੇ ਆਪਣੇ ਇਲਾਕਿਆਂ ਵਿਚ ਕਾਰਗੁਜ਼ਾਰੀ ਦੇ ਸਬੰਧ ਵਿਚ ਸੀ.ਪੀਜ਼ ਅਤੇ ਐਸ.ਐਸ.ਪੀਜ਼ ਨੂੰ ਜਵਾਬਦੇਹ ਬਣਾਉਣ ’ਤੇ ਜ਼ੋਰ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਸੜਕ ਸੁਰੱਖਿਆ ਅਤੇ ਸੜਕ ਹਾਦਸਿਆਂ ਵਿਚ ਗੰਭੀਰ ਜਖ਼ਮੀ ਹੋਣ ਤੋਂ ਲੋਕਾਂ ਨੂੰ ਬਚਾਉਣਾ ਵੀ ਉਨਾਂ ਦੀ ਸਰਕਾਰ ਦੀ ਪ੍ਰਾਥਮਿਕਤਾ ਹੈ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਡੀ.ਜੀ.ਪੀ ਸੁਰੇਸ਼ ਅਰੋੜਾ, ਡੀ.ਜੀ.ਪੀ ਇੰਟੈਲੀਜੈਂਸ ਦਿਨਕਰ ਗੁਪਤਾ, ਡੀ.ਜੀ.ਪੀ ਲਾਅ ਐਂਡ ਆਰਡਰ ਐਚ.ਐਸ. ਢਿੱਲੋਂ, ਸਾਰੇ ਜ਼ਿਲਿਆਂ ਦੇ ਐਸ.ਐਸ.ਪੀਜ਼ ਅਤੇ ਸੀ.ਪੀਜ਼ ਮੌਜੂਦ ਸਨ।

Share Button

Leave a Reply

Your email address will not be published. Required fields are marked *