Tue. Sep 24th, 2019

ਮੁੱਖ ਮੰਤਰੀ ਵੱਲੋਂ ਲੋਕਾਂ ਨੂੰ ਸਿੱਖ ਤੇ ਪੰਜਾਬ ਵਿਰੋਧੀ ਸ਼ਕਤੀਆਂ ਤੋਂ ਸੁਚੇਤ ਰਹਿਣ ਦੀ ਅਪੀਲ

ਸ੍ਰੀ ਅਨੰਦਪੁਰ ਸਾਹਿਬ ਵਿਖੇ ਸ਼ਹੀਦ ਭਾਈ ਜੈਤਾ ਜੀ ਯਾਦਗਾਰ ਦਾ ਨੀਂਹ ਪੱਥਰ ਰੱਖਿਆ
ਕਾਂਗਰਸ ਅਤੇ ਆਮ ਆਦਮੀ ਪਾਰਟੀ ਦੀਆਂ ਪੰਜਾਬ ਵਿਰੋਧੀ ਕਾਰਵਾਈਆਂ ਦੀ ਤਿੱਖੀ ਅਲੋਚਨਾ
ਕੇਜਰੀਵਾਲ ਦੀ ਕਾਰਵਾਈ ਨਾ-ਮੁਆਫੀਯੋਗ

ਆਮ ਆਦਮੀ ਪਾਰਟੀ ਦੇ ਮੈਨੀਫੈਸਟੋ ’ਤੇ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਨਾਲ ਚੋਣ ਨਿਸ਼ਾਨ ਨੂੰ ਦਰਸਾਉਣਾ ਗੰਦਲੀ ਮਾਨਸਿਕਤਾ ਦਾ ਨਤੀਜਾ

ਸਾਲ ਵਿੱਚ ਪੰਜ ਤੋਂ ਵੱਧ ਯਾਦਗਾਰਾਂ ਦੇਸ਼ ਨੂੰ ਸਮਰਪਿਤ ਕੀਤੀਆਂ ਜਾਣਗੀਆਂ

ਮੁੱਖ ਮੰਤਰੀ ਵੱਲੋਂ ਸਮਾਜਿਕ ਸਭਿਆਚਾਰਕ ਵਿਰਾਸਤ ਸੰਭਾਲਣ ਲਈ ਕੀਤੀਆਂ ਕੋਸ਼ਿਸ਼ਾਂ ਦੀ ਅਟਵਾਲ, ਮਿੱਤਲ, ਚੰਦੂਮਾਜਰਾ, ਠੰਡਲ ਅਤੇ ਰਾਣੀਕੇ ਵੱਲੋਂ ਪ੍ਰਸੰਸਾ

19-40

ਸ੍ਰੀ ਅਨੰਦਪੁਰ ਸਾਹਿਬ, 18 ਜੁਲਾਈ: ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਅੱਜ ਸੂਬੇ ਵਿਚ ਖਾਸ ਤੌਰ ’ਤੇ ਸਿੱਖਾਂ ’ਤੇ ਮੰਡਰਾ ਰਹੇ ਖਤਰੇ ਦੇ ਬੱਦਲਾਂ ਦਾ ਜ਼ਿਕਰ ਕਰਦਿਆਂ ਪੰਜਾਬੀਆਂ ਨੂੰ ਸੱਤਾ ਹਾਸਲ ਕਰਨ ਦੇ ਯਤਨਾਂ ਵਿਚ ਲੱਗੀਆਂ ਪੰਜਾਬ ਤੇ ਸਿੱਖ ਵਿਰੋਧੀ ਤਾਕਤਾਂ ਤੋਂ ਚੌਕਸ ਰਹਿਣ ਲਈ ਸੁਚੇਤ ਕੀਤਾ।
ਅੱਜ ਇਥੇ ਭਾਈ ਜੈਤਾ ਜੀ ਯਾਦਗਾਰ ਦਾ ਨੀਂਹ ਪੱਥਰ ਰੱਖਣ ਤੋਂ ਬਾਅਦ ਇਕ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਨੂੰ ਉਨ੍ਹਾਂ ਲੋਕਾਂ ਤੋਂ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜੋ ਸਦਾ ਹੀ ਸੂਬੇ ਅਤੇ ਲੋਕਾਂ ਦੇ ਹਿੱਤਾਂ ਵਿਰੋਧੀ ਰਹੇ ਹਨ। ਉਨ੍ਹਾਂ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ’ਤੇ ਹਮਲਾ ਕਰਨ ਅਤੇ 1984 ਵਿਚ ਬੇਗੁਨਾਹ ਸਿੱਖਾਂ ਦਾ ਕਤਲੇਆਮ ਕਰਨ ਵਾਲੇ ਲੋਕ ਹੁਣ ਸੂਬੇ ਵਿਚ ਸਿਆਸੀ ਸੱਤਾ ਹਥਿਆਣਾ ਚਾਹੁੰਦੇ ਹਨ। ਸ. ਬਾਦਲ ਨੇ ਕਿਹਾ ਕਿ ਇਸੇ ਤਰ੍ਹਾਂ ਹੀ ਸਤਲੁਜ-ਯਮੁਨਾ ਲਿੰਕ ਨਹਿਰ ਦੇ ਸਬੰਧ ਵਿਚ ਸੂਬੇ ਦੇ ਹਿੱਤਾਂ ਵਿਰੁੱਧ ਖੜ੍ਹੀ ਇਕ ਹੋਰ ਸ਼ਕਤੀ ਵਿਚ ਸੂਬੇ ਵਿਚ ਸਿਆਸੀ ਸੱਤਾ ਹਥਿਆਣਾ ਚਾਹੁੰਦੀ ਹੈ।
ਮੁੱਖ ਮੰਤਰੀ ਨੇ ਇਨ੍ਹਾਂ ਸ਼ਕਤੀਆਂ ਦੀ ਸ਼ਨਾਖਤ ਕਰਨ ਅਤੇ ਇਨ੍ਹਾਂ ਨੂੰ ਢੁਕਵਾਂ ਉੱਤਰ ਦੇਣ ਦੀ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਨ੍ਹਾਂ ਸ਼ਕਤੀਆਂ ਕੋਲੋਂ ਚੰਗੇ ਦੀ ਕੋਈ ਵੀ ਆਸ ਨਹੀਂ ਕੀਤੀ ਜਾ ਸਕਦੀ ਜੋ ਪੰਜਾਬ ਵਿਰੋਧੀ ਖਾਸ ਕਰ ਸਿੱਖਾਂ ਦੇ ਵਿਰੋਧੀ ਹਨ। ਉਨ੍ਹਾਂ ਕਿਹਾ ਕਿ ਜਿਨ੍ਹਾਂ ਸ਼ਕਤੀਆਂ ਨੇ ਇਕ ਸਮੇਂ ਸਿੱਖਾਂ ਉਪਰ ਅੱਤਵਾਦੀ ਅਤੇ ਵੱਖਵਾਦੀ ਹੋਣ ਦਾ ਠੱਪਾ ਲਾਇਆ ਹੈ, ਉਹ ਹੁਣ ਪੰਜਾਬੀਆਂ ਉਤੇ ਨਸ਼ੱਈ ਹੋਣ ਦਾ ਠੱਪਾ ਲਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਮਾਨਦਾਰੀ ਅਤੇ ਪੂਰੇ ਉਤਸ਼ਾਹ ਨਾਲ ਦੇਸ਼ ਦੀ ਸੇਵਾ ਕਰਨ ਵਾਲੇ ਦੇਸ਼ ਭਗਤ ਅਤੇ ਬਹਾਦਰ ਪੰਜਾਬੀਆਂ ਨੂੰ ਨਸ਼ੱਈ ਆਖ ਕੇ ਬਦਨਾਮ ਕੀਤਾ ਜਾ ਰਿਹਾ ਹੈ। ਸ. ਬਾਦਲ ਨੇ ਕਿਹਾ ਕਿ ਸੂਬੇ ਵਿਚ ਇੱਕ ਵੀ ਤੋਲਾ ਨਸ਼ੇ ਦਾ ਉਤਪਾਦ ਨਹੀਂ ਹੁੰਦਾ, ਇਸ ਦੇ ਬਾਵਜੂਦ ਇਹ ਸ਼ਕਤੀਆਂ ਲੋਕਾਂ ਉਪਰ ਧੱਬਾ ਲਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ।
ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਉਪਰ ਚੋਣ ਮੈਨੀਫੈਸਟੋ ਵਿਚ ਬੇਅਦਬੀ ਕਰਨ ’ਤੇ ਤਿੱਖਾ ਹਮਲਾ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਆਗੂਆਂ ਨੇ ਅਜਿਹਾ ਕਰਕੇ ਸਮੁੱਚੀ ਮਾਨਵਤਾ ਦੀ ਮਾਨਸਿਕਤਾ ਨੂੰ ਠੇਸ ਪਹੁੰਚਾਈ ਹੈ। ਉਨ੍ਹਾਂ ਅੱਗੇ ਕਿਹਾ ਕਿ ਇਨ੍ਹਾਂ ਨਾ ਬਖਸ਼ੇ ਜਾਣ ਵਾਲੇ ਅਪਰਾਧਾਂ ਲਈ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਮਾਨਵਤਾ ਵਿਰੋਧੀ ਇਸ ਘਿਨਾਉਣੇ ਕਾਰੇ ਤੋਂ ਮੁਕਤ ਨਹੀਂ ਹੋ ਸਕਦੀ। ਸ. ਬਾਦਲ ਨੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਹਰਿਮੰਦਰ ਸਾਹਿਬ ਜਾ ਕੇ ਭੁੱਲ ਬਖਸ਼ਾਉਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਇਸ ਦਾ ਕੋਈ ਵੀ ਲਾਭ ਨਹੀਂ ਹੈ ਕਿਉਂਕਿ ਇਹ ਅਪਰਾਧ ਨਾ ਸਹਿਣਯੋਗ ਅਤੇ ਨਾ ਪ੍ਰਵਾਨ ਕਰਨ ਯੋਗ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਦਾ ਇਹ ਕਾਰਾ ਉਨ੍ਹਾਂ ਦੀ ਗੰਦਲੀ ਮਾਨਸਿਕਤਾ ਦਾ ਪ੍ਰਤੀਬਿੰਬ ਹੈ ਜੋ ਕਿ ਪੂਰੀ ਤਰ੍ਹਾਂ ਸੂਬੇ ਅਤੇ ਸੂਬੇ ਦੇ ਲੋਕਾਂ ਵਿਰੋਧੀ ਹੈ।
ਸੂਬੇ ਦੇ ਪਾਣੀਆਂ ਦੀ ਰੱਖਿਆ ਲਈ ਲੋਕਾਂ ਕੋਲ ਪੂਰਾ ਸਮਰਥਨ ਅਤੇ ਸਹਿਯੋਗ ਦੀ ਮੰਗ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬੀਆਂ ਨੂੰ ਪਾਣੀਆਂ ਦੀ ਰਾਖੀ ਲਈ ਸੰਘਰਸ਼ ਲਈ ਤਿਆਰ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗਠਜੋੜ ਦੀ ਸਰਕਾਰ ਸੂਬੇ ਨਾਲ ਸਮਾਜਿਕ, ਆਰਥਿਕ ਜਾਂ ਸਿਆਸੀ ਖੇਤਰ ਵਿਚ ਹੋਣ ਵਾਲੇ ਕਿਸੇ ਵੀ ਤਰ੍ਹਾਂ ਦੇ ਬੇਇਨਸਾਫੀ ਵਿਰੁੱਧ ਲੜਣ ਲਈ ਵਚਨਬੱਧ ਹੈ।
ਸੂਬੇ ਦੀ ਅਮੀਰ ਸਭਿਆਚਾਰਕ ਵਿਰਾਸਤ ਨੂੰ ਸੰਭਾਲਣ ਵਾਸਤੇ ਆਪਣੀ ਦ੍ਰਿੜ ਵਚਨਬੱਧਤਾ ਦੁਹਰਾਉਂਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਸੂਬੇ ਵਿਚ ਉਨ੍ਹਾਂ ਯਾਦਗਾਰਾਂ ਦੇ ਨਿਰਮਾਣ ਵਾਸਤੇ 1000 ਕਰੋੜ ਰੁਪਏ ਖਰਚੇ ਹਨ। ਉਨ੍ਹਾਂ ਕਿਹਾ ਕਿ ਚਾਲੂ ਵਿੱਤੀ ਸਾਲ ਦੌਰਾਨ ਜੰਗੇ-ਏ-ਆਜ਼ਾਦੀ, ਜੰਗੀ ਯਾਦਗਾਰ ਅੰਮ੍ਰਿਤਸਰ, ਭਗਵਾਨ ਵਾਲਮੀਕਿ ਯਾਦਗਾਰ, ਸ੍ਰੀ ਗੁਰੂ ਰਵਿਦਾਸ ਯਾਦਗਾਰ, ਬਾਬਾ ਮੋਤੀਲਾਲ ਮਹਿਰਾ ਯਾਦਗਾਰ ਅਤੇ ਹੋਰ ਯਾਦਗਾਰਾਂ ਦੇਸ਼ ਨੂੰ ਸਮਰਪਿਤ ਕੀਤੀਆਂ ਜਾਣਗੀਆਂ। ਉਨ੍ਹਾਂ ਸਪੱਸ਼ਟ ਕਿਹਾ ਕਿ ਸੂਬੇ ਦੀ ਅਮੀਰ ਵਿਰਾਸਤ ਨੂੰ ਸੰਭਾਲਣ ਦੀ ਸੇਵਾ ਉਨ੍ਹਾਂ ਨੂੰ ਪਰਮਾਤਮਾ ਨੇ ਲਾਈ ਹੈ।
ਅਮਰ ਸ਼ਹੀਦ ਭਾਈ ਜੈਤਾ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਯਾਦਗਾਰ 25 ਕਰੋੜ ਰੁਪਏ ਦੀ ਲਾਗਤ ਨਾਲ ਬਣਾਈ ਜਾਵੇਗੀ ਜੋ ਮਹਾਨ ਸਿੱਖ ਸ਼ਹੀਦ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ ਜਿਨ੍ਹਾਂ ਨੇ ਪੰਥ ਦੀ ਮਹਾਨ ਸੇਵਾ ਕੀਤੀ ਅਤੇ ਉਹ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸੀਸ ਚਾਂਦਨੀ ਚੌਂਕ ਦਿੱਲੀ ਤੋਂ ਸ੍ਰੀ ਅਨੰਦਪੁਰ ਸਾਹਿਬ ਲੈ ਕੇ ਆਏ। ਉਨ੍ਹਾਂ ਕਿਹਾ ਕਿ ਬਾਬਾ ਜੀਵਨ ਸਿੰਘ ਜੀ ਨੇ ਦਿੱਲੀ ਤੋਂ ਸ੍ਰੀ ਅਨੰਦਪੁਰ ਸਾਹਿਬ ਦੇ ਰਾਹ ’ਤੇ ਭਾਰੀ ਮੁਸ਼ਕਲਾਂ ਆਈਆਂ ਜਿਨ੍ਹਾਂ ਦਾ ਬਹਾਦਰੀ ਨਾਲ ਸਾਹਮਣਾ ਕੀਤਾ। ਸ. ਬਾਦਲ ਨੇ ਕਿਹਾ ਕਿ ਇਹ ਯਾਦਗਾਰ ਮਹਾਨ ਸਿੱਖ ਯੋਧੇ ਵੱਲੋਂ ਵਿਖਾਏ ਮਿਸਾਲੀ ਹੌਸਲੇ ਨੂੰ ਆਉਣ ਵਾਲੀਆਂ ਪੀੜੀਆਂ ਨੂੰ ਯਾਦ ਕਰਵਾਏਗੀ।
ਸੂਬੇ ਦੇ ਲੋਕਾਂ ਨੂੰ ਜਾਤ ਅਤੇ ਫਿਰਕਾਪ੍ਰਸਤੀ ਤੋਂ ਉਪਰ ਉਠਣ ਦਾ ਸੱਦਾ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਲੋਕਾਂ ਨੂੰ ਸਾਡੇ ਮਹਾਨ ਸਿੱਖ ਗੁਰੂਆਂ ਦੇ ਦਰਸਾਏ ਮਾਰਗ ਉਤੇ ਚਲਣਾ ਚਾਹੀਦਾ ਹੈ ਜਿਨ੍ਹਾਂ ਨੇ ਸਮਾਜਵਾਦ ਅਤੇ ਧਰਮ ਨਿਰਪੱਖਤਾ ਦਾ ਸੁਨੇਹਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਸੰਦੇਸ਼ ਸਮਾਜਿਕ ਤੰਦਾਂ ਨੂੰ ਹੋਰ ਮਜ਼ਬੂਤ ਕਰਦਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਸਮਾਜ ਦੇ ਦੱਬੇ-ਕੁਚਲੇ ਲੋਕਾਂ ਦੀ ਭਲਾਈ ਲਈ ਬਹੁਤ ਸਾਰੀਆਂ ਪਹਿਲਕਦਮੀਆਂ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਸੂਬੇ ਦੇ ਮੈਰੀਟੋਰੀਅਸ ਸਕੂਲਾਂ ਨੇ ਗਰੀਬ ਬੱਚਿਆਂ ਲਈ ਨਵੇਂ ਮੌਕੇ ਖੋਲ੍ਹੇ ਹਨ। ਉਨ੍ਹਾਂ ਕਿਹਾ ਕਿ ਇਸ ਸਾਲ ਇਨ੍ਹਾਂ ਸਕੂਲਾਂ ਦੇ 31 ਵਿਦਿਆਰਥੀਆਂ ਨੂੰ ਦੇਸ਼ ਦੀਆਂ ਪ੍ਰਮੁੱਖ ਸੰਸਥਾਵਾਂ ਵਿਚ ਦਾਖਲਾ ਮਿਲਿਆ ਹੈ। ਸ. ਬਾਦਲ ਨੇ ਕਿਹਾ ਕਿ ਮੌਜੂਦਾ ਵਿੱਤੀ ਸਾਲ ਦੌਰਾਨ ਸੂਬਾ ਸਰਕਾਰ ਨੇ ਕਮਜ਼ੋਰ ਵਰਗਾਂ ਦੇ ਵਿਦਿਆਰਥੀਆਂ ਨੂੰ ਆਪਣੀ ਉਚ ਸਿੱਖਿਆ ਜਾਰੀ ਰੱਖਣ ਦੇ ਯੋਗ ਬਨਾਉਣ ਲਈ 15 ਕਰੋੜ ਰੁਪਏ ਦੀ ਬਜਟ ਵਿਵਸਥਾ ਕੀਤੀ ਹੈ।
ਸੂਬਾ ਸਰਕਾਰ ਵੱਲੋਂ ਗਰੀਬਾਂ ਪੱਖੀ ਕੀਤੀਆਂ ਪ੍ਰਮੁੱਖ ਪਹਿਲਕਦਮੀਆਂ ਨੂੰ ਗਿਣਾਉਂਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਸੂਬੇ ਨੂੰ ਵਾਧੂ ਬਿਜਲੀ ਵਾਲਾ ਰਾਜ ਬਣਾਇਆ ਹੈ ਅਤੇ ਕਿਸਾਨਾਂ ਨੂੰ ਮੁਫਤ ਬਿਜਲੀ ਮੁਹੱਈਆ ਕਰਵਾਈ ਹੈ ਜਿਸ ਦੇ ਲਈ 5000 ਕਰੋੜ ਰੁਪਏ ਦੀ ਸਾਲਾਨਾ ਸਬਸਿਡੀ ਦਿੱਤੀ ਜਾ ਰਹੀ ਹੈ। ਸ. ਬਾਦਲ ਨੇ ਕਿਹਾ ਕਿ ਸਰਕਾਰ ਨੂੰ ਕਿਸਾਨਾਂ ਲਈ 50,000 ਰੁਪਏ ਤੱਕ ਬਿਨਾ ਵਿਆਜ ਫਸਲੀ ਕਰਜ਼ਾ ਪ੍ਰਾਪਤ ਕਰਨ ਲਈ ਸਕੀਮ ਸ਼ੁਰੂ ਕੀਤੀ ਹੈ ਅਤੇ ਕਿਸਾਨਾਂ ਨੂੰ 50,000 ਰੁਪਏ ਦਾ ਬੀਮਾ ਮੁਹੱਈਆ ਕਰਵਾਇਆ ਗਿਆ ਹੈ। ਹਾਦਸੇ ਵਿਚ ਪਰਿਵਾਰ ਦੇ ਮੁਖੀ ਦੀ ਮੌਤ ਜਾਂ ਅਸਮਰਥ ਹੋਣ ਦੀ ਸੂਰਤ ਵਿਚ ਪੰਜ ਲੱਖ ਰੁਪਏ ਦਾ ਬੀਮਾ ਮੁਹੱਈਆ ਕਰਵਾਇਆ ਗਿਆ ਹੈ।
ਇਸ ਤੋਂ ਪਹਿਲਾਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਡਾ. ਚਰਨਜੀਤ ਸਿੰਘ ਅਟਵਾਲ, ਕੈਬਨਿਟ ਮੰਤਰੀ ਸ੍ਰੀ ਮਦਨ ਮੋਹਨ ਮਿੱਤਲ, ਸ੍ਰੀ ਸੋਹਨ ਸਿੰਘ ਠੰਡਲ, ਸ੍ਰੀ ਗੁਲਜ਼ਾਰ ਸਿੰਘ ਰਾਣੀਕੇ ਅਤੇ ਲੋਕ ਸਭਾ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਮੁੱਖ ਮੰਤਰੀ ਵੱਲੋਂ ਸੂਬੇ ਦੀ ਅਮੀਰ ਸੱਭਿਆਚਾਰਕ ਵਿਰਾਸਤ ਨੂੰ ਸੰਭਾਲਣ ਲਈ ਕੀਤੀਆਂ ਇਤਿਹਾਸਕ ਪਹਿਲਕਦਮੀਆਂ ਦੀ ਪ੍ਰਸੰਸਾ ਕੀਤੀ।
ਇਸ ਮੌਕੇ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਸਟੇਜ ਦੀ ਕਾਰਵਾਈ ਚਲਾਈ।
ਇਸ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਨੂੰ ਆਪਣੀਆਂ ਗਲਤੀਆਂ ਲਈ ਸ੍ਰੀ ਹਰਿੰਮਦਰ ਸਾਹਿਬ ਵਿਖੇ ਨਤਮਸਤਕ ਹੋ ਕੇ ਸੇਵਾ ਕਰਨ ਵਾਸਤੇ ਉਸ ਦੀ ਰੂਹ ਨੇ ਝੰਜੋੜਿਆ। ਉਨ੍ਹਾਂ ਕਿਹਾ ਕਿ ਸ੍ਰੀ ਕੇਜਰੀਵਾਲ ਖਿਮਾ ਜਾਚਨਾ ਨਾਲ ਆਮ ਆਦਮੀ ਪਾਰਟੀ ਦੇ ਪਾਪ ਨਹੀਂ ਧੋ ਸਕਦੇ। ਸ. ਬਾਦਲ ਨੇ ਕਿਹਾ ਕਿ ਪਾਰਟੀ ਦੇ ਮੈਨੀਫੈਸਟੋ ਦੀ ਤੁਲਨਾ ਪਵਿੱਤਰ ਗ੍ਰੰਥਾਂ ਨਾਲ ਕਰਕੇ ਸ੍ਰੀ ਕੇਜਰੀਵਾਲ ਨੇ ਨਾ-ਮੁਆਫੀਯੋਗ ਗੁਨਾਹ ਕੀਤਾ ਹੈ। ਉਨ੍ਹਾਂ ਕਿਹਾ ਕਿ ਆਪ ਲੀਡਰਸ਼ਿਪ ਦੇ ਇਸ ਬੱਜਰ ਪਾਪ ਨੇ ਸਮੁੱਚੀ ਮਨੁੱਖਤਾ ਦੇ ਹਿਰਦਿਆਂ ਨੂੰ ਗਹਿਰੀ ਠੇਸ ਪਹੁੰਚਾਈ ਹੈ। ਉਨ੍ਹਾਂ ਕਿਹਾ ਕਿ ਆਪ ਲੀਡਰਸ਼ਿਪ ਦੇ ਇਸ ਕਦਮ ਨਾਲ ਇਹ ਸਿੱਧ ਹੋ ਗਿਆ ਕਿ ਇਨ੍ਹਾਂ ਦੇ ਮਨਾਂ ਵਿੱਚ ਕਿਸੇ ਵੀ ਧਰਮ ਦਾ ਸਤਿਕਾਰ ਨਹੀਂ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਸ੍ਰੀ ਕੇਜਰੀਵਾਲ ਕੁਝ ਵੀ ਕਰ ਸਕਦੇ ਹਨ ਪਰ ਸਮੁੱਚੀ ਮਾਨਵਤਾ ਵਿਰੁੱਧ ਕੀਤੇ ਇਸ ਘੋਰ ਪਾਪ ਲਈ ਖਿਮਾ ਨਹੀਂ ਮਿਲ ਸਕਦੀ। ਸ. ਬਾਦਲ ਨੇ ਕਿਹਾ ਕਿ ਭਾਵੇਂ ਆਪ ਦੀ ਲੀਡਰਸ਼ਿਪ ਮੰਨੇ ਜਾਂ ਨਾ ਮੰਨੇ ਪਰ ਉਸ ਨੂੰ ਪਤਾ ਹੈ ਕਿ ਉਨ੍ਹਾਂ ਨੇ ਬਹੁਤ ਵੱਡਾ ਗੁਨਾਹ ਕੀਤਾ ਹੈ ਜਿਸ ’ਤੇ ਪਰਦਾ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਤੇ ਉਸ ਦੀ ਪਾਰਟੀ ਵੱਲੋਂ ਹਰੇਕ ਧਰਮ ਦੇ ਕੀਤੇ ਨਿਰਾਦਰ ਨੂੰ ਲੋਕ ਕਦੇ ਵੀ ਨਹੀਂ ਭੁੱਲਣਗੇ।
ਇਕ ਹੋਰ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਸੂਬੇ ਦੀ ਅਮੀਰ ਵਿਰਸੇ ਦੀ ਸਾਂਭ-ਸੰਭਾਲ ਲਈ ਨਿਮਾਣੇ ਯਤਨ ਕੀਤੇ ਹਨ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਦੇ ਇਨ੍ਹਾਂ ਉਪਰਾਲਿਆਂ ਨਾਲ ਧਾਰਮਿਕ ਸੈਰ-ਸਪਾਟੇ ਨੂੰ ਹੁਲਾਰਾ ਮਿਲਣ ਦੇ ਨਾਲ-ਨਾਲ ਨੌਜਵਾਨਾਂ ਨੂੰ ਆਪਣੇ ਅਮੀਰ ਵਿਰਸੇ ਪ੍ਰਤੀ ਜਾਣੂੰ ਕਰਵਾਉਣ ਲਈ ਸਹਾਈ ਹੋਵੇਗਾ।
ਇਸ ਮੌਕੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਮੱਲ ਸਿੰਘ, ਮੁੱਖ ਸੰਸਦੀ ਸਕੱਤਰ ਬੀਬੀ ਮਹਿੰਦਰ ਕੌਰ ਜੋਸ਼, ਚੌਧਰੀ ਨੰਦ ਲਾਲ, ਸ. ਮਨਜੀਤ ਸਿੰਘ ਮੀਆਂਵਿੰਡ ਤੇ ਸੰਤ ਬਲਬੀਰ ਸਿੰਘ ਘੁੰਨਸ, ਵਿਧਾਇਕ ਸ. ਸਰਵਣ ਸਿੰਘ ਫਿਲੌਰ, ਸ. ਹਰਪ੍ਰੀਤ ਸਿੰਘ ਅਤੇ ਸ. ਜੋਗਿੰਦਰ ਸਿੰਘ ਜਿੰਦੂ, ਸਾਬਕਾ ਮੰਤਰੀ ਸ. ਗੋਬਿੰਦ ਸਿੰਘ ਕਾਂਝਲਾ, ਸਾਬਕਾ ਵਿਧਾਇਕ ਸ੍ਰੀਮਤੀ ਸਤਵੰਤ ਕੌਰ ਸੰਧੂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਜਥੇਦਾਰ ਕਿਰਪਾਲ ਸਿੰਘ ਬਡੂੰਗਰ ਅਤੇ ਡਿਪਟੀ ਕਮਿਸ਼ਨਰ ਸ੍ਰੀ ਕਰਣੇਸ਼ ਸ਼ਰਮਾ ਹਾਜ਼ਰ ਸਨ।

Leave a Reply

Your email address will not be published. Required fields are marked *

%d bloggers like this: