ਮੁੱਖ ਮੰਤਰੀ ਵੱਲੋਂ ਫਿਲਮੀ ਹਸਤੀਆਂ ਅਤੇ ਕਲਾਕਾਰਾਂ ਨੂੰ ਨਸ਼ਾ ਵਿਰੋਧੀ ਮੁਹਿੰਮ ‘ਚ ਸ਼ਾਮਲ ਹੋਣ ਦੀ ਅਪੀਲ

ss1

ਮੁੱਖ ਮੰਤਰੀ ਵੱਲੋਂ ਫਿਲਮੀ ਹਸਤੀਆਂ ਅਤੇ ਕਲਾਕਾਰਾਂ ਨੂੰ ਨਸ਼ਾ ਵਿਰੋਧੀ ਮੁਹਿੰਮ ‘ਚ ਸ਼ਾਮਲ ਹੋਣ ਦੀ ਅਪੀਲ

ਚੰਡੀਗੜ, 6 ਜੁਲਾਈ (ਵਿਸ਼ਵ ਵਾਰਤਾ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਪੰਜਾਬੀ ਕਲਾਕਾਰਾਂ, ਗਾਇਕਾਂ, ਨਾਟਕਕਾਰਾਂ ਅਤੇ ਫਿਲਮਕਾਰਾਂ ਨੂੰ ਸੂਬਾ ਸਰਕਾਰ ਵੱਲੋਂ ਨਸ਼ਿਆਂ ਦੀ ਅਲਾਮਤ ਨੂੰ ਜੜਾਂ ਪੁੱਟਣ ਲਈ ਵਿੱਢੇ ਉਪਰਾਲਿਆਂ ਵਿੱਚ ਵਧ-ਚੜ ਕੇ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ।
ਅੱਜ ਇੱਥੇ ਉੱਘੇ ਪੰਜਾਬੀ ਕਾਮੇਡੀਅਨ ਜਸਵਿੰਦਰ ਭੱਲਾ, ਕਰਮਜੀਤ ਅਨਮੋਲ ਅਤੇ ਬਾਲ ਮੁਕੰਦ ਸ਼ਰਮਾ ਨਾਲ ਗੱਲਬਾਤ ਦੌਰਾਨ ਮੁੱਖ ਮੰਤਰੀ ਨੇ ਉਨਾਂ ਨੂੰ ਲੋਕਾਂ ਵਿੱਚ ਆਪਣੀ ਮਕਬੂਲੀਅਤ ਨਾਲ ਨਸ਼ਿਆਂ ਦੇ ਮੁੱਦੇ ‘ਤੇ ਸਮਾਜ ਵਿੱਚ ਲੋੜੀਂਦਾ ਪਰਿਵਰਤਣ ਲਿਆਉਣ ਵਾਸਤੇ ਹੰਭਲਾ ਮਾਰਨ ਲਈ ਆਖਿਆ।
ਮੁੱਖ ਮੰਤਰੀ ਨੇ ਕਿਹਾ ਕਿ ਕਲਾਕਾਰ ਲੱਖਾਂ ਲੋਕਾਂ ਦੇ ਦਿਲਾਂ ਵਿੱਚ ਧੜਕਣ ਹੁੰਦੇ ਹਨ ਜਿਨਾਂ ਨੂੰ ਉਨਾਂ ਦੇ ਪ੍ਰਸੰਸਕ ਫੇਸਬੁੱਕ, ਅਤੇ ਵੈਟਸਅੱਪ ਵਰਗੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਫਾਲੋਅ ਕਰਦੇ ਹਨ ਜਿਸ ਕਰਕੇ ਉਨਾਂ ਵੱਲੋਂ ਆਪਣੀ ਇਸ ਪਹੁੰਚ ਰਾਹੀਂ ਲੋਕਾਂ ਵਿੱਚ ਨਸ਼ਿਆਂ ਪ੍ਰਤੀ ਧਾਰਨਾ ਨੂੰ ਬਦਲਿਆ ਜਾ ਸਕਦਾ ਹੈ।
ਨਸ਼ਿਆਂ ਦੀ ਸਮੱਸਿਆ ਦੀ ਚੁਣੌਤੀ ਨਾਲ ਨਜਿੱਠਣ ਲਈ ਆਪਣੀ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਸ ਮੁੱਦੇ ‘ਤੇ ਕਲਾਕਾਰਾਂ ਦੀ ਭੂਮਿਕਾ ਦੀ ਅਹਿਮੀਅਤ ਬਹੁਤ ਮਾਅਨੇ ਰੱਖਦੀ ਹੈ ਕਿਉਂ ਜੋ ਉਨਾਂ ਦਾ ਭਾਵਨਾਤਮਕ ਅਤੇ ਪ੍ਰੇਰਨਾਮਈ ਅੰਦਾਜ਼ ਆਮ ਲੋਕਾਂ ਨੂੰ ਟੁੰਬਦਾ ਹੈ ਜਿਸ ਕਰਕੇ ਉਨਾ ਵੱਲੋਂ ਇਸ ਵੇਲੇ ਨਸ਼ਿਆਂ ‘ਚ ਫਸੇ ਸਾਡੇ ਭੋਲੇ-ਭਾਲੇ ਨੌਜਵਾਨਾਂ ਨੂੰ ਵਾਪਸ ਮੋੜਣ ਵਿੱਚ ਬਹੁਤ ਅਹਿਮ ਰੋਲ ਅਦਾ ਕੀਤਾ ਜਾ ਸਕਦਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਕਲਾਕਾਰਾਂ ਵਿੱਚ ਅਥਾਹ ਸਮਰਥਾ ਅਤੇ ਲੋਕਾਂ ਨਾਲ ਡੂੰਘੀ ਸਾਂਝ ਦੀ ਵਿਸ਼ੇਸ਼ਤਾ ਹੁੰਦੀ ਹੈ ਜਿਸ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕਤਾ ਪੈਦਾ ਕਰਨ ਅਤੇ ਨੌਜਵਾਨਾਂ ਨੂੰ ਚੰਗੀ ਸੇਧ ਦੇਣ ਵਾਲੇ ਪਾਸੇ ਲਾਇਆ ਜਾ ਸਕਦਾ ਹੈ।
ਪੰਜਾਬੀ ਗੀਤਾਂ ਵਿੱਚ ਹਿੰਸਾ ਨੂੰ ਉਭਾਰਨ ਦੇ ਵਧਦੇ ਰੁਝਾਨ ‘ਤੇ ਚਿੰਤਾ ਜ਼ਾਹਰ ਕਰਦਿਆਂ ਮੁੱਖ ਮੰਤਰੀ ਨੇ ਸੁਝਾਅ ਦਿੱਤਾ ਅਜਿਹੇ ਨਕਾਰਾਤਮਕ ਪ੍ਰਚਾਰ ਨੂੰ ਘਟਾਉਣ ਵਾਸਤੇ ਸੋਸ਼ਲ ਮੀਡੀਆ ‘ਤੇ ਸਿਹਤਮੰਦ ਅਤੇ ਸਕਾਰਾਤਮਕ ਵਿਸ਼ੇ ਨੂੰ ਵੱਧ ਤੋਂ ਵੱਧ ਉਤਸ਼ਾਹਤ ਕੀਤਾ ਜਾਣਾ ਚਾਹੀਦਾ ਹੈ। ਉਨਾ ਨੇ ਕਲਾਕਾਰਾਂ ਅਤੇ ਗਾਇਕਾਂ ਨੂੰ ਗੀਤਾਂ ਅਤੇ ਵੀਡੀਓਜ਼ ਵਿੱਚ ਬੰਦੂਕ ਸੱਭਿਆਚਾਰ ਤੇ ਅਸ਼ਲੀਲਤਾ ਨੂੰ ਉਤਸ਼ਾਹਤ ਨਾ ਕਰਨ ਪ੍ਰਤੀ ਆਪਸੀ ਸਹਿਮਤੀ ਬਣਾਉਣ ਦਾ ਸੱਦਾ ਦਿੱਤਾ ਕਿਉਂ ਜੋ ਅਜਿਹੇ ਗੀਤ ਸੰਵੇਦਨਸ਼ੀਲ ਮਨਾਂ ਨੂੰ ਅਪਰਾਧ ਅਤੇ ਨਫ਼ਰਤ ਪ੍ਰਤੀ ਉਕਸਾਉਂਦੇ ਹਨ।
ਇਸ ਸਮੱਸਿਆ ‘ਤੇ ਕਾਬੂ ਪਾਉਣ ਲਈ ਮੁੱਖ ਮੰਤਰੀ ਨੇ ਕਲਾਕਾਰਾਂ ਨੂੰ ਜਿੰਗਲ, ਪ੍ਰੋਮੋ, ਲਘੂ ਫਿਲਮਾਂ ਅਤੇ ਦਸਤਾਵੇਜ਼ੀ ਫਿਲਮਾਂ ਬਣਾਉਣ ਦੀ ਸਲਾਹ ਦਿੱਤੀ ਜੋ ਸਮਾਜ ਵਿੱਚ ਪਿਆਰ, ਦਇਆ ਅਤੇ ਭਾਈਚਾਰਕ ਸਾਂਝ ਦੇ ਜਜ਼ਬੇ ਨੂੰ ਉਭਾਰਦੀਆਂ ਹੋਣ। ਉਨਾ ਕਿਹਾ ਕਿ ਅਜਿਹਾ ਉਪਰਾਲਾ ਲੋਕਾਂ ਦੇ ਮਨਾਂ ਵਿੱਚ ਲਾਜ਼ਮੀ ਤੌਰ ‘ਤੇ ਤਬਦੀਲੀ ਲਿਆਏਗਾ।
ਵਿਚਾਰ ਚਰਚਾ ਵਿੱਚ ਹਿੱਸਾ ਲੈਂਦੇਆਂ ਬਠਿੰਡਾ ਰੇਂਜ ਦੇ ਆਈ.ਜੀ. ਐਮ. ਐਫ. ਫਰੂਕੀ ਨੇ ਜ਼ਿਲਾ ਪੁਲਿਸ ਵੱਲੋਂ ਨਸ਼ਿਆਂ ਦੀ ਸਮੱਸਿਆ ਖ਼ਿਲਾਫ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਚੁੱਕੇ ਜਾ ਰਹੇ ਕਦਮਾਂ ਬਾਰੇ ਮੁੱਖ ਮੰਤਰੀ ਨੂੰ ਜਾਣੂੰ ਕਰਵਾਇਆ। ਉਨਾਂ ਨੇ ਬੀ.ਐਸ.ਐਫ. ਵਿੱਚ ਡਿਊਟੀ ਨਿਭਾਉਂਦਿਆਂ ਹਾਸਲ ਕੀਤੇ ਤਜਰਬੇ ਅਤੇ ਮੁਹਾਰਤ ਨੂੰ ਸਾਂਝਾ ਕਰਦਿਆਂ ਦੱਸਿਆ ਕਿ ਕਿਸ ਤਰਾਂ ਪ੍ਰੇਰਨਾਮਈ ਕੈਂਪ ਲਾ ਕੇ ਨਸ਼ਿਆਂ ‘ਚ ਗ੍ਰਸਤ ਨੌਜਵਾਨਾਂ ਨੂੰ ਸਨਮਾਨਯੋਗ ਢੰਗ ਨਾਲ ਸਧਾਰਨ ਜੀਵਨ ਬਤੀਤ ਕਰਨ ਦੇ ਰਾਹ ਪਾਇਆ।
ਮੀਟਿੰਗ ਵਿੱਚ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ ਅਤੇ ਸਿਆਸੀ ਸਕੱਤਰ ਕੈਪਟਨ ਸੰਦੀਪ ਸੰਧੂ ਹਾਜ਼ਰ ਸਨ।

Share Button

Leave a Reply

Your email address will not be published. Required fields are marked *