ਮੁੱਖ ਮੰਤਰੀ ਬਾਦਲ ਨੇ ਕੰਡਿਆਲੀ ਤਾਰ ਤੋਂ ਪਾਰ ਜ਼ਮੀਨ ਦੇ ਮਾਲਕ ਕਿਸਾਨਾਂ ਨੂੰ ਚੈਕ ਵੰਡੇ

ss1

ਮੁੱਖ ਮੰਤਰੀ ਬਾਦਲ ਨੇ ਕੰਡਿਆਲੀ ਤਾਰ ਤੋਂ ਪਾਰ ਜ਼ਮੀਨ ਦੇ ਮਾਲਕ ਕਿਸਾਨਾਂ ਨੂੰ ਚੈਕ ਵੰਡੇ

ਸਤਲੁਜ-ਯਮੁਨਾ ਲਿੰਕ ਨਹਿਰ ਦੀ ਉਸਾਰੀ ਕਿਸੇ ਵੀ ਕੀਮਤ ’ਤੇ ਨਹੀਂ ਕਰਨ ਦਿਆਂਗੇ – ਬਾਦਲ

ਬਾਦਲ ਵੱਲੋਂ ਕਾਂਗਰਸ ਦੇ ਪੰਜਾਬ ਤੇ ਕਿਸਾਨ ਵਿਰੋਧੀ ਰੁਖ ਦੀ ਕਰੜੀ ਅਲੋਚਨਾ

untitled-5ਤਰਨ ਤਾਰਨ/ਭਿੱਖੀਵਿੰਡ (ਹਰਜਿੰਦਰ ਸਿੰਘ ਗੋਲ੍ਹਣ)-ਸੂਬੇ ਦੇ ਸਰਹੱਦੀ ਖੇਤਰ ਦੇ ਕਿਸਾਨਾਂ ਨੂੰ ਵੱਡੀ ਰਾਹਤ ਦਿੰਦਿਆਂ ਪੰਜਾਬ ਦੇ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੇ ਸਰਹੱਦੀ ਜ਼ਿਲਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਭਾਰਤ-ਪਾਕਿ ਸਰਹੱਦ ’ਤੇ ਕੰਡਿਆਲੀ ਤਾਰ ਤੋਂ ਪਾਰ ਪੈਂਦੀ ਜ਼ਮੀਨ ਦੇ ਮਾਲਕ ਕਿਸਾਨਾਂ ਨੂੰ ਇਕ ਹਫ਼ਤੇ ਵਿਚ ਮੁਆਵਜ਼ਾ ਰਾਸ਼ੀ ਵੰਡਣ ਦੇ ਹੁਕਮ ਦਿੱਤੇ। ਸਰਹੱਦੀ ਪਿੰਡ ਖਾਲੜਾ ਵਿਖੇ ਕਿਸਾਨਾਂ ਨੂੰ ਮੁਆਵਜ਼ਾ ਰਾਸ਼ੀ ਵੰਡਣ ਦੀ ਸ਼ੁਰੂਆਤ ਕਰਨ ਸਬੰਧੀ ਕਰਵਾਏ ਰਾਜ ਪੱਧਰੀ ਸਮਾਰੋਹ ਦੌਰਾਨ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਆਖਿਆ ਕਿ ਸੂਬਾ ਸਰਕਾਰ ਦੇ ਇਸ ਵਿਸ਼ੇਸ਼ ਉਪਰਾਲੇ ਦਾ ਲਾਭ ਕੰਡਿਆਲੀ ਤਾਰ ਤੋਂ ਪਾਰ 21 ਹਜ਼ਾਰ ਏਕੜ ਜ਼ਮੀਨ ਦੇ ਮਾਲਕ ਸੈਂਕੜੇ ਕਿਸਾਨਾਂ ਨੂੰ ਹੋਵੇਗਾ। ਉਨਾਂ ਕਿਹਾ ਕਿ ਸੂਬਾ ਸਰਕਾਰ ਸਰਹੱਦੀ ਖੇਤਰ ਦੇ ਬਹਾਦਰ ਕਿਸਾਨਾਂ ਦੀ ਮਦਦ ਕਰਨਾ ਆਪਣਾ ਫਰਜ਼ ਸਮਝਦੀ ਹੈ ਕਿਉਂਕਿ ਕੰਡਿਆਲੀ ਤਾਰ ਕਾਰਨ ਇਨਾਂ ਕਿਸਾਨਾਂ ਨੂੰ ਰੋਜ਼ਾਨਾ ਦੁਸ਼ਵਾਰੀਆਂ ਝਲਣੀਆਂ ਪੈਂਦੀਆਂ ਹਨ। ਬਾਦਲ ਨੇ ਕਿਹਾ ਕਿ ਪੰਜਾਬ ਦੇ ਇਨਾਂ ਬਹਾਦਰ ਕਿਸਾਨਾਂ ਦੀ ਮਦਦ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਮੁੱਖ ਮੰਤਰੀ ਨੇ ਆਖਿਆ ਕਿ ਇਨਾਂ ਕਿਸਾਨਾਂ ਨੂੰ ਦਰਪੇਸ਼ ਮੁਸੀਬਤਾਂ ਤੋਂ ਉਹ ਭਲੀ-ਭਾਂਤ ਜਾਣੂ ਹਨ ਜਿਸ ਕਰਕੇ ਉਨਾਂ ਨੇ ਭਾਰਤ ਸਰਕਾਰ ਕੋਲ ਇਸ ਮਸਲੇ ਨੂੰ ਉਠਾਇਆ। ਉਨਾਂ ਕਿਹਾ ਕਿ ਸਾਲ 1997-2002 ਵਿਚ ਅਕਾਲੀ-ਭਾਜਪਾ ਗਠਜੋੜ ਦੀ ਸਰਕਾਰ ਦੌਰਾਨ ਇਨਾਂ ਕਿਸਾਨਾਂ ਨੂੰ 2500 ਰੁਪਏ ਪ੍ਰਤੀ ਏਕੜ ਮੁਆਵਜ਼ਾ ਰਾਸ਼ੀ ਦੇਣ ਲਈ ਸਕੀਮ ਆਰੰਭ ਕੀਤੀ ਗਈ ਸੀ ਅਤੇ ਹੁਣ ਇਹ ਮੁਆਵਜ਼ਾ ਰਾਸ਼ੀ ਵਧਾ ਕੇ ਪ੍ਰਤੀ ਏਕੜ 10 ਹਜ਼ਾਰ ਰੁਪਏ ਕਰ ਦਿੱਤੀ ਗਈ ਹੈ। ਸ. ਬਾਦਲ ਨੇ ਆਖਿਆ ਕਿ ਸਰਹੱਦੀ ਇਲਾਕਿਆਂ ਦੇ ਕਿਸਾਨਾਂ ਨੂੰ ਦਰਪੇਸ਼ ਔਂਕੜਾਂ ਘਟਾਉਣ ਲਈ ਇਹ ਨਿਮਾਣਾ ਜਿਹਾ ਉਪਰਾਲਾ ਆਰੰਭਿਆ ਗਿਆ ਸੀ। ਇਸ ਦੌਰਾਨ ਮੁੱਖ ਮੰਤਰੀ ਨੇ ਆਖਿਆ ਕਿ ਸੂਬਾ ਅਤੇ ਕੇਂਦਰ ਵਿਚ ਕਾਂਗਰਸ ਦੀਆਂ ਸਰਕਾਰਾਂ ਨੇ ਕਿਸਾਨਾਂ ਦੇ ਹਿੱਤਾਂ ਦੀ ਕਦੇ ਵੀ ਪਰਵਾਹ ਨਹੀਂ ਕੀਤੀ। ਉਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ ਤਾਂ ਇਸ ਸਕੀਮ ਨੂੰ ਬੰਦ ਹੀ ਕਰ ਦਿੱਤਾ ਸੀ। ਸੂਬੇ ਦੇ ਕਾਂਗਰਸ ਮੁਖੀ ’ਤੇ ਵਰਦਿਆਂ ਸ. ਬਾਦਲ ਨੇ ਆਖਿਆ ਕਿ ਪੰਜਾਬ ਕਾਂਗਰਸ ਦੀ ਕਰਜ਼ਾ ਮੁਕਤੀ ਮੁਹਿੰਮ ਸਰਾਸਰ ਧੋਖਾ ਹੈ। ਉਨਾਂ ਕਿਹਾ ਕਿ ਮੁੱਖ ਮੰਤਰੀ ਵਜੋਂ ਕੈਪਟਨ ਦਾ ਕਾਰਜਕਾਲ ਕਿਸਾਨ ਵਿਰੋਧੀ ਕਾਰਜਕਾਲ ਵਜੋਂ ਜਾਣਿਆ ਜਾਂਦਾ ਹੈ ਪਰ ਹੁਣ ਸੱਤਾ ਦੀ ਭੁੱਖ ਮਿਟਾਉਣ ਲਈ ਕਾਂਗਰਸ ਅਜਿਹੇ ਝੂਠੇ ਵਾਅਦੇ ਕਰ ਰਹੀ ਹੈ।

          ਕੈਪਟਨ ਅਮਰਿੰਦਰ ਸਿੰਘ ਅਤੇ 42 ਕਾਂਗਰਸੀ ਵਿਧਾਇਕਾਂ ਵੱਲੋਂ ਦਿੱਤੇ ਅਸਤੀਫਿਆਂ ਨੂੰ ਮਹਿਜ਼ ਸਿਆਸੀ ਸਟੰਟ ਕਰਾਰ ਦਿੰਦਿਆਂ ਮੁੱਖ ਮੰਤਰੀ ਨੇ ਕਾਂਗਰਸ ਵੱਲੋਂ ਸੂਬੇ ਦੇ ਦਰਿਆਈ ਪਾਣੀਆਂ ’ਤੇ ਡਾਕਾ ਮਾਰਨ ਲਈ ਘੜੀਆਂ ਗਈਆਂ ਸਿਆਸੀ ਸਾਜਿਸ਼ਾਂ ਨੂੰ ਚੇਤੇ ਕਰਦਿਆਂ ਆਖਿਆ ਕਿ ਪੰਜਾਬ ਦੇ ਸੰਕਟ ਲਈ ਤਤਕਾਲੀ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਸਿੱਧੇ ਤੌਰ ’ਤੇ ਜ਼ਿੰਮੇਵਾਰ ਹੈ। ਉਨਾਂ ਕਿਹਾ ਕਿ ਸ੍ਰੀਮਤੀ ਗਾਂਧੀ ਨੇ ਪੰਜਾਬ ਦੇ ਉਸ ਵੇਲੇ ਦੇ ਮੁੱਖ ਮੰਤਰੀ ਸ੍ਰੀ ਦਰਬਾਰਾ ਸਿੰਘ ਦੀ ਬਾਂਹ ਮਰੋੜ ਕੇ ਪੰਜਾਬ ਦਾ ਪਾਣੀ ਹਰਿਆਣਾ ਨੂੰ ਦੇਣ ਵਾਲੇ ਸਮਝੌਤੇ ’ਤੇ ਹਸਤਾਖਰ ਕਰਵਾਏ ਅਤੇ ਉਨਾਂ ਵੱਲੋਂ ਪੰਜਾਬ ਦੇ ਦਰਿਆਈ ਪਾਣੀਆਂ ਦੀ ਰਾਖੀ ਲਈ ਸੁਪਰੀਮ ਕੋਰਟ ਵਿਚ ਦਾਇਰ ਕੀਤੀ ਪਟੀਸ਼ਨ ਨੂੰ ਵਾਪਸ ਕਰਵਾਇਆ। ਸ. ਬਾਦਲ ਨੇ ਆਖਿਆ ਕਿ ਕੈਪਟਨ ਅਮਰਿੰਦਰ ਸਿੰਘ ਉਸ ਵੇਲੇ ਪਟਿਆਲਾ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਸਨ ਜਿਨਾਂ ਨੇ ਕਪੂਰੀ ਵਿਖੇ ਨਹਿਰ ਦਾ ਟੱਕ ਲਾਉਣ ਲਈ ਇੰਦਰਾ ਗਾਂਧੀ ਦਾ ਸਵਾਗਤ ਕਰਦਿਆਂ ਉਸ ਨੂੰ ਚਾਂਦੀ ਦੀ ਕਹੀ ਵੀ ਪੇਸ਼ ਕੀਤੀ। ਉਨਾਂ ਕਿਹਾ ਕਿ ਜਦੋਂ ਕਾਂਗਰਸ ਨਹਿਰ ਦਾ ਟੱਕ ਲਾਉਣ ਦਾ ਜਸ਼ਨ ਮਨਾ ਰਹੀ ਸੀ ਤਾਂ ਉਸ ਵੇਲੇ ਸ਼ੋ੍ਰਮਣੀ ਅਕਾਲੀ ਦਲ ਨੇ ਪੰਜਾਬ ਦੇ ਹੱਕਾਂ ਲਈ ਲੰਮਾ ਸਮਾਂ ਅਮਨਮਈ ਜਮਹੂਰੀ ਮੋਰਚਾ ਲਾਇਆ ਜਿਸ ਦੇ ਨਤੀਜੇ ਵਜੋਂ ਪੰਜਾਬ ਦਾ ਪਾਣੀ ਬਾਹਰ ਨਹੀਂ ਜਾ ਸਕਿਆ।

        ਮੁੱਖ ਮੰਤਰੀ ਨੇ ਆਖਿਆ ਕਿ ਸਤਲੁਜ-ਯਮੁਨਾ ਲਿੰਕ ਨਹਿਰ ਕਦੇ ਵੀ ਅਮਲੀ ਰੂਪ ਨਹੀਂ ਲੈ ਸਕਦੀ। ਉਨਾਂ ਨੇ ਲੋਕਾਂ ਨੂੰ ਸੂਬੇ ਦੇ ਦਰਿਆਈ ਪਾਣੀਆਂ ਦੀ ਰਾਖੀ ਲਈ ਕਿਸੇ ਵੀ ਤਰਾਂ ਦੀ ਕੁਰਬਾਨੀ ਕਰਨ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ। ਸ. ਬਾਦਲ ਨੇ ਸਪਸ਼ਟ ਸ਼ਬਦਾਂ ਵਿਚ ਆਖਿਆ ਕਿ ਪੰਜਾਬ ਕੋਲ ਕਿਸੇ ਨੂੰ ਦੇਣ ਲਈ ਪਾਣੀ ਦੀ ਇਕ ਬੂੰਦ ਵੀ ਵਾਧੂ ਨਹੀਂ ਹੈ। ਉਨਾਂ ਕਿਹਾ ਕਿ ਸੂਬੇ ਦੀਆਂ ਸਮੇਂ-ਸਮੇਂ ਦੀਆਂ ਕਾਂਗਰਸ ਸਰਕਾਰਾਂ ਨੇ ਸਤਲੁਜ-ਯਮੁਨਾ ਲਿੰਕ ਨਹਿਰ ਦੇ ਮਾਮਲੇ ’ਤੇ ਪੰਜਾਬ ਨਾਲ ਘੋਰ ਅਨਿਆਂ ਕੀਤਾ। ਉਨਾਂ ਕਿਹਾ ਕਿ ਅਕਾਲੀ ਦਲ ਸਤਲੁਜ-ਯਮੁਨਾ ਲਿੰਕ ਨਹਿਰ ਸਮਝੌਤੇ ਦਾ ਡੱਟਵਾਂ ਵਿਰੋਧ ਕਰਦਾ ਹੈ ਅਤੇ ਹੁਣ ਵੀ ਇਸ ਗੱਲ ਲਈ ਦਿ੍ਰੜ ਹੈ ਕਿ ਕਿਸੇ ਵੀ ਕੀਮਤ ’ਤੇ ਇਸ ਨਹਿਰ ਦੀ ਉਸਾਰੀ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।

           ਮੁੱਖ ਮੰਤਰੀ ਨੇ ਆਖਿਆ ਕਿ ਕਾਂਗਰਸੀ ਪਾਰਟੀ ਵੱਲੋਂ ਪੰਜਾਬ ਨਾਲ ਕੀਤੀ ਧੱਕੇਸ਼ਾਹੀ ਤੇ ਬੱਜਰ ਗੁਨਾਹਾਂ ਨੂੰ ਪੰਜਾਬੀ ਕਦੇ ਵੀ ਭੁੱਲ ਨਹੀਂ ਸਕਦੇ। ਉਨਾਂ ਕਿਹਾ ਕਿ ਇੱਕ ਸੱਚਾ ਪੰਜਾਬੀ ਸਾਕਾ ਨੀਲਾ ਤਾਰਾ ਅਤੇ 1984 ’ਚ ਹੋਏ ਹਜ਼ਾਰਾਂ ਬੇਗੁਨਾਹ ਸਿੱਖਾਂ ਦੇ ਕਤਲੇਆਮ ਵਰਗੀਆਂ ਦਿਲ ਕੰਬਾਊ ਘਟਨਾਵਾਂ ਨੂੰ ਕਦੇ ਵੀ ਨਹੀਂ ਭੁੱਲੇਗਾ। ਉਨਾਂ ਕਿਹਾ ਕਿ ਕਾਂਗਰਸ ਦੇ ਇਨਾਂ ਗੁਨਾਹਾਂ ਨੂੰ ਕਦੇ ਵੀ ਮੁਆਫ ਨਹੀਂ ਕੀਤਾ ਜਾ ਸਕਦਾ।

          ਸੂਬਾ ਸਰਕਾਰ ਵੱਲੋਂ ਕੀਤੇ ਲੋਕ ਪੱਖੀ ਕਾਰਜਾਂ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਆਖਿਆ ਕਿ ਅਕਾਲੀ-ਭਾਜਪਾ ਗਠਜੋੜ ਸਰਕਾਰ ਕਿਸਾਨਾਂ ਨੂੰ ਖੇਤੀ ਸੰਕਟ ਵਿਚੋਂ ਕੱਢਣ ਲਈ ਸਾਲਾਨਾ ਪੰਜ ਹਜ਼ਾਰ ਕਰੋੜ ਦੀ ਮੁਫਤ ਬਿਜਲੀ ਟਿਊਬਵੈਲਾਂ ਨੂੰ ਮੁਹੱਈਆ ਕਰਵਾ ਰਹੀ ਹੈ। ਉਨਾਂ ਕਿਹਾ ਕਿ ਮੁਲਕ ਵਿਚ ਪੰਜਾਬ ਹੀ ਅਜਿਹਾ ਸੂਬਾ ਹੈ ਜਿੱਥੇ ਕਮਜ਼ੋਰ ਤਬਕਿਆਂ ਨੂੰ ਆਟਾ-ਦਾਲ ਸਕੀਮ ਦਾ ਲਾਭ ਦੇਣ ਤੋਂ ਇਲਾਵਾ ਕੈਂਸਰ ਤੇ ਹੈਪੇਟਾਈਟਸ-ਸੀ ਵਰਗੀਆਂ ਘਾਤਕ ਬੀਮਾਰੀਆਂ ਲਈ ਮੁਫ਼ਤ ਇਲਾਜ਼ ਯਕੀਨੀ ਬਣਾਇਆ ਜਾ ਰਿਹਾ ਹੈ। ਸ. ਬਾਦਲ ਨੇ ਆਖਿਆ ਕਿ ਇਕ ਹੋਰ ਇਤਿਹਾਸਕ ਫੈਸਲਾ ਵਿਚ ਕਿਸਾਨਾਂ ਨੂੰ 50 ਹਜ਼ਾਰ ਰੁਪਏ ਤੱਕ ਦਾ ਸਿਹਤ ਬੀਮਾ ਅਤੇ ਪਰਿਵਾਰ ਦੇ ਮੁਖੀ ਦੀ ਮੌਤ ਹੋ ਜਾਣ ਜਾਂ ਨਾਕਾਰਾ ਹੋ ਜਾਣ ਦੀ ਸੂਰਤ ਵਿਚ ਪੰਜ ਲੱਖ ਰੁਪਏ ਦਾ ਬੀਮਾ ਦੇਣ ਦੀ ਸਹੂਲਤ ਦਿੱਤੀ ਜਾ ਰਹੀ ਹੈ।

         ਮੁੱਖ ਮੰਤਰੀ ਨੇ ਆਖਿਆ ਕਿ ਪੰਜਾਬ ਤੇ ਪੰਜਾਬੀਆਂ ਦੇ ਹੱਕਾਂ ਦਾ ਅਸਲ ਪਹਿਰੇਦਾਰ ਸ਼੍ਰੋਮਣੀ ਅਕਾਲੀ ਦਲ ਹੀ ਹੈ। ਉਨਾਂ ਕਿਹਾ ਕਿ ਗਠਜੋੜ ਸਰਕਾਰ ਦਾ ਪਿਛਲਾ ਲਗਪਗ 10 ਸਾਲ ਦਾ ਕਾਰਜਕਾਲ ਆਪਣਾ ਹਰੇਕ ਵਾਅਦਾ ਪੁਗਾ ਦੇਣ ਦੀ ਗਵਾਹੀ ਭਰਦਾ ਹੈ। ਸ. ਬਾਦਲ ਨੇ ਕਿਹਾ ਕਿ ਗਠਜੋੜ ਸਰਕਾਰ ਨੇ ਆਪਣੇ ਵਾਅਦੇ ਪੁਗਾ ਦਿੱਤੇ ਜਦਕਿ ਦੂਜੀਆਂ ਸਿਆਸੀ ਪਾਰਟੀਆਂ ਆਪਣੇ ਝੂਠੇ ਪ੍ਰਚਾਰ ਰਾਹੀਂ ਲੋਕਾਂ ਨੂੰ ਗੁਮਰਾਹ ਕਰਦੀਆਂ ਹਨ।

        ਮੁੱਖ ਮੰਤਰੀ ਨੇ ਲੋਕਾਂ ਨੂੰ ਤੀਜੀ ਵਾਰ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗਠਜੋੜ ਦੀ ਸਰਕਾਰ ਬਣਾ ਕੇ ਸਹੀ ਹੱਥਾਂ ਵਿਚ ਸੂਬੇ ਦੀ ਤਕਦੀਰ ਸੌਂਪਣ ਦਾ ਸੱਦਾ ਦਿੱਤਾ। ਉਨਾਂ ਕਿਹਾ ਕਿ ਅਗਾਮੀ ਚੋਣਾਂ ਵਿਚ ਗਠਜੋੜ ਨੂੰ ਪਾਈ ਜਾਣ ਵਾਲੀ ਹਰੇਕ ਵੋਟ ਸੂਬੇ ਵਿਚ ਸਥਿਰਤਾ, ਵਿਕਾਸ, ਅਮਨ-ਸ਼ਾਂਤੀ ਤੇ ਕੁਸ਼ਲ ਸਾਸ਼ਨ ਲਈ ਹੋਵੇਗੀ।

       ਇਸ ਤੋਂ ਪਹਿਲਾਂ ਮਾਲ ਅਤੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਕਿਸਾਨ ਭਾਈਚਾਰੇ ਦੀਆਂ ਦੁਖ-ਤਕਲੀਫਾਂ ਘਟਾਉਣ ਲਈ ਗਹਿਰੀ ਦਿਲਚਸਪੀ ਲੈਣ ’ਤੇ ਮੁੱਖ ਮੰਤਰੀ ਦਾ ਧੰਨਵਾਦ ਕੀਤਾ। ਉਨਾਂ ਕਿਹਾ ਕਿ ਸੂਬਾ ਸਰਕਾਰ ਨੇ ਮੁਫ਼ਤ ਬਿਜਲੀ, ਆਟਾ-ਦਾਲ ਸਕੀਮ, ਟਿਊਬਵੈਲ ਕੁਨੈਕਸ਼ਨ ਦੇਣ ਸਮੇਤ ਸਮਾਜ ਦੇ ਹਰ ਵਰਗ ਦੀ ਭਲਾਈ ਲਈ ਲੀਹੋਂ ਹਟਵੇਂ ਉਪਰਾਲੇ ਕੀਤੇ ਹਨ। ਸ. ਮਜੀਠੀਆ ਨੇ ਸਰਹੱਦੀ ਖੇਤਰਾਂ ਵਿਚ ਵਿਕਾਸ ਲਈ ਫਰਾਖ਼ਦਿਲੀ ਨਾਲ ਫੰਡ ਦੇਣ ਲਈ ਮੁੱਖ ਮੰਤਰੀ ਦੀ ਸ਼ਲਾਘਾ ਕੀਤੀ।

       ਸਤਲੁਜ-ਯਮੁਨਾ ਲਿੰਕ ਨਹਿਰ ਦੀ ਜ਼ਮੀਨ ਡੀ-ਨੋਟੀਫਾਈ ਕਰਕੇ ਕਿਸਾਨਾਂ ਨੂੰ ਵਾਪਸ ਮੋੜ ਕੇ ਇਸ ਮਸਲੇ ਨੂੰ ਸਦਾ ਲਈ ਦਫ਼ਨ ਕਰ ਦੇਣ ਲਈ ਮੁੱਖ ਮੰਤਰੀ ਨੂੰ ਵਧਾਈ ਦਿੰਦਿਆਂ ਮਜੀਠੀਆ ਨੇ ਮੁੱਖ ਮੰਤਰੀ ਨੂੰ ਕਿਸਾਨਾਂ ਦੇ ਹੱਕਾਂ ਦਾ ਅਸਲ ਰਖਵਾਲਾ ਦੱਸਿਆ। ਕਾਂਗਰਸ ਦੇ ਸੂਬਾ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਰਹਿਣ ’ਤੇ ਚੁੱਟਕੀ ਲੈਂਦਿਆਂ ਸ. ਮਜੀਠੀਆ ਨੇ ਆਖਿਆ ਕਿ ਸਾਬਕਾ ਮੁੱਖ ਮੰਤਰੀ ਨੂੰ ਪੰਜਾਬ ਤੇ ਪੰਜਾਬੀਆਂ ਦਾ ਰੱਤੀ ਭਰ ਵੀ ਫਿਕਰ ਨਹੀਂ। ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ’ਤੇ ਨਿਸ਼ਾਨਾ ਸਾਧਦਿਆਂ ਸ. ਮਜੀਠੀਆ ਨੇ ਕੇਜਰੀਵਾਲ ਵੱਲੋਂ ਸਤਲੁਜ-ਯਮੁਨਾ ਲਿੰਕ ਨਹਿਰ ਦੇ ਮਸਲੇ ’ਤੇ ਧਾਰੀ ਚੁੱਪ ਲਈ ਸੁਆਲ ਕਰਦਿਆਂ ਆਖਿਆ ਕਿ ਕੇਜਰੀਵਾਲ ਤੇ ਉਸ ਦੀ ਟੋਲੀ ਸਿਆਸੀ ਗਿਰਗਿਟ ਵਾਂਗ ਹਨ ਜਿਨਾਂ ਨੇ ਸਤਲੁਜ-ਯਮੁਨਾ ਲਿੰਕ ਨਹਿਰ ਦੇ ਮੁੱਦੇ ’ਤੇ ਲਗਾਤਾਰ ਰੰਗ ਬਦਲੇ। ਇਸ ਮੌਕੇ ਮੁੱਖ ਮੰਤਰੀ ਨੇ ਯੋਗ ਲਾਭਪਾਤਰੀਆਂ ਨੂੰ ਮੁਆਵਜ਼ਾ ਰਾਸ਼ੀ ਦੇ ਚੈਕ ਸੌਂਪੇ।

           ਇਸ ਮੌਕੇ ਵਿਧਾਇਕ ਹਲਕਾ ਵਿਧਾਇਕ ਵਿਰਸਾ ਸਿੰਘ ਵਲਟੋਹਾ, ਵਿਧਾਇਕ ਹਰਮੀਤ ਸਿੰਘ ਸੰਧੂ, ਵਿਧਾਇਕ ਬਲਜੀਤ ਸਿੰਘ ਜਲਾਲਉਸਮਾਂ, ਸ੍ਰੀਮਤੀ ਪਰਨੀਤ ਕੌਰ ਕੈਰੋਂ ਧਰਮ ਸੁਪਤਨੀ ਕੈਬਨਿਟ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ, ਮੁੱਖ ਮੰਤਰੀ ਦੇ ਸੰਯੁਕਤ ਵਿਸ਼ੇਸ਼ ਪ੍ਰਮੁੱਖ ਸਕੱਤਰ ਸ੍ਰੀ ਕੁਮਾਰ ਅਮਿਤ, ਡੀ.ਆਈ.ਜੀ. ਸ੍ਰੀ ਏ.ਕੇ. ਮਿੱਤਲ, ਡਿਪਟੀ ਕਮਿਸ਼ਨਰ ਸ੍ਰੀ ਡੀ.ਪੀ.ਐਸ. ਖਰਬੰਦ, ਜ਼ਿਲਾ ਪੁਲਿਸ ਮੁਖੀ ਮਨਮੋਹਨ ਸ਼ਰਮਾ, ਭਾਈ ਮਨਜੀਤ ਸਿੰਘ ਭੂਰਾ ਕੋਹਨਾ, ਇੰਪਰੂਮੈਂਟ ਟਰੱਸਟ ਤਰਨ ਤਾਰਨ ਦੇ ਚੇਅਰਮੈਂਨ ਬੀਬੀ ਸਰਬਜੀਤ ਕੌਰ ਬਾਠ, ਸਿਆਸੀ ਸਕੱਤਰ ਗੁਰਮੁਖ ਸਿੰਘ ਘੁੱਲਾ ਬਲ਼੍ਹੇਰ, ਚੇਅਰਮੈਂਨ ਬਚਿੱਤਰ ਸਿੰਘ ਚੂੰਗ, ਚੇਅਰਮੈਂਨ ਕ੍ਰਿਸ਼ਨਪਾਲ ਜੱਜ, ਬੀ.ਸੀ ਵਿੰਗ ਪ੍ਰਧਾਨ ਠੇਕੇਦਾਰ ਵਿਰਸਾ ਸਿੰਘ, ਸੁਖਵੰਤ ਸਿੰਘ ਚੱਕ ਚੇਅਰਮੈਨ ਬਲਾਕ ਸੰਮਤੀ ਭਿੱਖੀਵਿੰਡ, ਸਰਪੰਚ ਹਰਜੀਤ ਸਿੰਘ ਬਲ੍ਹੇਰ, ਪੀ.ਏ. ਸੁਰਜੀਤ ਸਿੰਘ ਵਲਟੋਹਾ, ਸਰਪੰਚ ਗੁਰਦਿਤਾਰ ਸਿੰਘ ਬੈਂਕਾ, ਚੇਅਰਮੈਂਨ ਸੁਖਵੰਤ ਸਿੰਘ ਮੁਗਲਚੱਕ, ਸਰਪੰਚ ਮੇਜਰ ਸਿੰਘ ਅਲਗੋਂ, ਸਰਪੰਚ ਗੁਰਬੀਰ ਸਿੰਘ ਅਲਗੋਂ, ਐਮ.ਸੀ ਸਤਵਿੰਦਰ ਸਿੰਘ ਪਾਸੀ, ਸਰਪੰਚ ਸਾਹਿਬ ਸਿੰਘ ਅਮੀਸ਼ਾਹ, ਸਰਪੰਚ ਬਾਊ ਪਰਮਜੀਤ ਖਾਲੜਾ, ਐਮ.ਸੀ ਮਨਜੀਤ ਸਿੰਘ, ਵਾਈਸ ਚੇਅਰਮੈਂਨ ਭਾਰਤ ਭੂਸ਼ਣ ਲਾਡੂ, ਪੀ.ਏ ਸੁਰਜੀਤ ਸਿੰਘ, ਪੀ.ਏ ਸੰਦੀਪ ਸਿੰਘ ਸੁੱਗਾ, ਸਰਪੰਚ ਜਸਕਰਨ ਸਿੰਘ ਕਾਜੀਚੱਕ, ਸਰਪੰਚ ਹਰਪਾਲ ਸਿੰਘ ਫਰੰਦੀਪੁਰ, ਸਰਪੰਚ ਹਰਜੀਤ ਸਿੰਘ ਬੂੜਚੰਦ, ਸਰਪੰਚ ਸ਼ਰਨਜੀਤ ਸਿੰਘ, ਸਰਪੰਚ ਅਮਰ ਸਿੰਘ ਸਾਂਧਰਾ, ਸਰਪੰਚ ਹੀਰਾ ਸਿੰਘ ਦੋਧੇ, ਸਰਪੰਚ ਪਲਵਿੰਦਰ ਸਿੰਘ ਕੰਬੋਕੇ, ਸਰਪੰਚ ਅਵਤਾਰ ਸਿੰਘ ਨਾਰਲਾ, ਡੀ.ਐਸ.ਪੀ ਜੈਮਲ ਸਿੰਘ ਨਾਗੋਕੇ, ਦਾਣਾ ਮੰਡੀ ਭਿੱਖੀਵਿੰਡ ਦੇ ਪ੍ਰਧਾਨ ਸਕੱਤਰ ਸਿੰਘ ਡਲੀਰੀ, ਚਾਚਾ ਬਲਵੀਰ ਸਿੰਘ, ਟਰੱਕ ਯੂਨੀਅਨ ਪ੍ਰਧਾਨ ਸਿਤਾਰਾ ਸਿੰਘ ਸੰਧੂ, ਡਾ:ਹਰਜੀਤ ਸਿੰਘ ਡੱਲ, ਬਚਿੱਤਰ ਸਿੰਘ, ਲਖਬੀਰ ਸਿੰਘ, ਹਰਮਿੰਦਰ ਸਿੰਘ ਮਿੰਦ ਪਹੂਵਿੰਡ, ਅਵਕਾਰ ਸਿੰਘ ਭੱਕਾ, ਜਸਵਿੰਦਰ ਸਿੰਘ ਸਰਪੰਚ, ਪ੍ਰਗਟ ਸਿੰਘ ਦਰਾਜਕੇ, ਹਰਪਾਲ ਸਿੰਘ ਭਗਵਾਨਪੁਰਾ, ਹਰਪ੍ਰੀਤ ਸਿੰਘ, ਪਲਵਿੰਦਰ ਸਿੰਘ ਭਗਵਾਨਪੁਰਾ, ਕੁਲਬੀਰ ਸਿੰਘ ਚੂਸਲੇਵੜ, ਬਗੀਚਾ ਸਿੰਘ ਦਰਾਜਕੇ, ਲਖਬੀਰ ਸਿੰਘ ਭੈਣੀ, ਸਰਬਜੀਤ ਸਿੰਘ ਪੂਹਲਾ, ਮਨਜੀਤ ਸਿੰਘ ਪਹਿਲਵਾਨ, ਹਰਦੀਪ ਸਿੰਘ ਪਹਿਲਵਾਨ, ਬਾਬਾ ਬਲਵਿੰਦਰ ਸਿੰਘ, ਬੱਬਾ ਆੜ੍ਹਤੀਆ, ਮਨੀ ਆੜ੍ਹਤੀ, ਆੜ੍ਹਤੀ ਦੀਪਕ ਕੁਮਾਰ, ਬਚਿੱਤਰ ਸਿੰਘ ਡਲੀਰੀ, ਸੁਖਦੇਵ ਸਿੰਘ ਡਲੀਰੀ, ਪਰਮਿੰਦਰ ਸਿੰਘ ਪਹੂਵਿੰਡ, ਮਨਪ੍ਰੀਤ ਸਿੰਘ ਕੰਬੋਕੇ, ਰਣਜੀਤ ਸਿੰਘ, ਮਾਸਟਰ ਬਲਦੇਵ ਸਿੰਘ ਰਾਜੋਕੇ, ਰੇਸ਼ਮ ਸਿੰਘ ਰਾਜੋਕੇ, ਵਧਾਕਾ ਸਿੰਘ ਰਾਜੋਕੇ, ਬਿੱਕਰ ਸਿੰਘ ਰਾਜੋਕੇ, ਨਿੰਦਰ ਸਿੰਘ ਰਾਜੋਕੇ, ਪੱਪੀ ਪਹਿਲਵਾਨ, ਅਮਰਜੀਤ ਸਿੰਘ ਸਰਪੰਚ ਚੂਸਲੇਵੜ੍ਹ, ਸਾਬਕਾ ਐਸ.ਜੀ.ਪੀ.ਸੀ ਮੈਂਬਰ ਹਰਦਿਆਲ ਸਿੰਘ ਸੁਰਸਿੰਘ, ਗੁਰਪ੍ਰੀਤ ਸਿੰਘ ਸੁਰਸਿੰਘ, ਐਸ.ਐਚ.ੳ ਰਾਜਬੀਰ ਸਿੰਘ, ਐਸ.ਐਚ.ੳ ਅਵਤਾਰ ਸਿੰਘ ਕਾਹਲੋਂ ਆਦਿ ਹਾਜ਼ਰ ਸਨ।

Share Button

Leave a Reply

Your email address will not be published. Required fields are marked *