ਮੁੱਖ ਮੰਤਰੀ ਬਾਦਲ ਦਾ ਦਾਅਵਾ, ਸੂਬੇ ਦੇ 30 ਸਾਲ ਤੋਂ ਵੱਧ ਉਮਰ ਵਾਲੇ ਸਾਰੇ ਲੋਕਾਂ ਦੇ ਮੁਫ਼ਤ ਕੀਤੇ ਜਾਣਗੇ ਮੈਡੀਕਲ ਟੈਸਟ

ss1

ਮੁੱਖ ਮੰਤਰੀ ਬਾਦਲ ਦਾ ਦਾਅਵਾ, ਸੂਬੇ ਦੇ 30 ਸਾਲ ਤੋਂ ਵੱਧ ਉਮਰ ਵਾਲੇ ਸਾਰੇ ਲੋਕਾਂ ਦੇ ਮੁਫ਼ਤ ਕੀਤੇ ਜਾਣਗੇ ਮੈਡੀਕਲ ਟੈਸਟ

ਕਿਹਾ, ਸੂਬੇ ਦੇ ਹਰੇਕ ਕਮਿਊਨਿਟੀ ਸਿਹਤ ਕੇਂਦਰ ‘ਚ ਹਰੇਕ ਸ਼ਨੀਵਾਰ ਨੂੰ ਟੈਸਟ ਹੋਣਗੇ

 • ਸ੍ਰੀ ਚਮਕੌਰ ਸਾਹਿਬ, 6 ਦਸੰਬਰ, 2016 : ਪੰਜਾਬ ਦੇ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੇ ਸੂਬੇ ਦੇ ਲੋਕਾਂ ਨੂੰ ਸਿਹਤ ਸਬੰਧੀ ਸੰਵੇਦਨਸ਼ੀਲ ਬਣਾਉਣ ਲਈ ਮੁਫ਼ਤ ਸਾਲਾਨਾ ਹਿਫਾਜ਼ਤੀ ਸਿਹਤ ਚੈਕਅਪ ਪ੍ਰੋਗਰਾਮ (ਐਫ.ਏ.ਪੀ.ਐਚ.ਸੀ.) ਦੀ ਸ਼ੁਰੂਆਤ ਕਰ ਦਿੱਤੀ ਹੈ ਜਿਸ ਦੇ ਹੇਠ 30 ਸਾਲ ਤੋਂ ਜ਼ਿਆਦਾ ਉਮਰ ਵਾਲੇ ਨਾਗਰਿਕਾਂ ਦਾ ਸਿਹਤ ਚੈਕਅਪ ਕੀਤਾ ਜਾਵੇਗਾ ਤਾਂ ਜੋ ਮੁਢਲੇ ਪੜਾਅ ‘ਤੇ ਟੈਸਟਾਂ ਰਾਹੀਂ ਬਿਮਾਰੀਆਂ ਦਾ ਪਤਾ ਲਾ ਕੇ ਇਲਾਜ ਦੀ ਸ਼ੁਰੂਆਤ ਕੀਤੀ ਜਾ ਸਕੇ।
  ਇਸ ਸਕੀਮ ਨੂੰ ਸ਼ੁਰੂ ਕਰਨ ਤੋਂ ਬਾਅਦ ਸਥਾਨਕ ਕਮਿਊਨਿਟੀ ਸਿਹਤ ਕੇਂਦਰ ਵਿਖੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਬਹੁਮਤ ਲੋਕ ਖਾਸ ਕਰਕੇ ਪੰਜਾਬੀ ਸਿਹਤ ਪ੍ਰਤੀ ਜ਼ਿਆਦਾ ਸੁਚੇਤ ਨਹੀਂ ਹਨ ਅਤੇ ਇਸ ਸਕੀਮ ਹੇਠ ਉਨ੍ਹਾਂ ਦਾ ਨਿਯਮਤ ਤੌਰ ‘ਤੇ ਚੈਕਅਪ ਕੀਤਾ ਜਾਵੇਗਾ। ਇਸ ਦਾ ਉਦੇਸ਼ ਡਾਕਟਰੀ ਟੈਸਟ ਕਰਕੇ ਉਨ੍ਹਾਂ ਨੂੰ ਸਿਹਤਮੰਦ ਰੱਖਣ ਲਈ ਉਨ੍ਹਾਂ ਦੀ ਮਾਨਸਿਕਤਾ ਵਿਚ ਤਬਦੀਲੀ ਲਿਆਉਣਾ ਹੈ। ਇਸ ਸਕੀਮ ਦੇ ਹੇਠ 30 ਸਾਲ ਤੋਂ ਵੱਧ ਉਮਰ ਵਾਲੇ ਹਰੇਕ ਨਾਗਰਿਕ ਦੇ ਅਨੀਮੀਆ, ਹਾਈਪਰਟੈਂਸ਼ਨ, ਸ਼ੂਗਰ, ਗੁਰਦੇ, ਜਿਗਰ ਨਾਲ ਸਬੰਧਤ ਬਿਮਾਰੀਆਂ ਦੇ ਟੈਸਟ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਇਹ ਟੈਸਟ ਹਰੇਕ ਸ਼ਨੀਵਾਰ ਨੂੰ ਸੂਬੇ ਭਰ ਦੇ ਕਮਿਊਨਿਟੀ ਸਿਹਤ ਕੇਂਦਰ ਵਿਚ ਕੀਤੇ ਜਾਣਗੇ ਅਤੇ ਲੋਕਾਂ ਨੂੰ ਖੁਰਾਕ ਅਤੇ ਕਸਰਤ ਲਈ ਪ੍ਰੇਰਿਤ ਕੀਤਾ ਜਾਵੇਗਾ।
  ਮੁੱਖ ਮੰਤਰੀ ਨੇ ਦੱਸਿਆ ਕਿ ਸਲਾਹਕਾਰ ਸਿਹਤ ਅਤੇ ਪੀ.ਜੀ.ਆਈ.ਐਮ.ਈ.ਆਰ ਚੰਡੀਗੜ੍ਹ ਦੇ ਸਾਬਕਾ ਡਾਇਰੈਕਟਰ ਡਾ. ਕੇ.ਕੇ. ਤਲਵਾੜ ਅਤੇ ਪੀ.ਜੀ.ਆਈ. ਦੇ ਸਕੂਲ ਆਫ ਪਬਲਿਕ ਹੈਲਥ ਦੇ ਮੁਖੀ ਡਾ. ਰਾਜੇਸ਼ ਕੁਮਾਰ ਦੀ ਅਗਵਾਈ ਵਾਲੇ ਮਾਹਰਾਂ ਦੇ ਇਕ ਗਰੁੱਪ ਨੇ ਇਸ ਪਹਿਲਕਦਮੀ ਦੀ ਯੋਜਨਾ ਬਣਾਈ ਹੈ। ਜਨ ਸਿਹਤ ਮਾਹਰਾਂ ਦੇ ਅਨੁਸਾਰ ਲੋਕਾਂ ਦਾ ਸਿਹਤ ਚੈਕਅਪ ਖਾਸ ਕਰਕੇ 30 ਸਾਲ ਤੋਂ ਉਪਰ ਉਮਰ ਵਾਲਿਆਂ ਲਈ ਨਿਯਮਤ ਤੌਰ ‘ਤੇ ਕਰਨ ਦੀ ਲੋੜ ਹੈ ਤਾਂ ਜੋ ਬਿਮਾਰੀਆਂ ਦੇ ਸਬੰਧ ਵਿਚ ਹਿਫਾਜ਼ਤੀ ਕਦਮ ਚੁੱਕੇ ਜਾ ਸਕਣ ਕਿਉਂਕਿ ਇਹ ਮਿਆਰੀ ਜੀਵਨ ਨੂੰ ਨਿਰਧਾਰਤ ਕਰਨ ਲਈ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਸੂਬੇ ਭਰ ਵਿਚ ਹਾਲ ਹੀ ਵਿਚ ਮੁਫ਼ਤ ਦਵਾਈਆਂ ਅਤੇ ਟੈਸਟ ਸੁਵਿਧਾਵਾਂ ਮੁਹੱਈਆ ਕਰਵਾਉਣ ਲਈ ਪਹਿਲਕਦਮੀ ਸ਼ੁਰੂ ਕੀਤੀ ਗਈ ਹੈ। ਇਸ ਪ੍ਰੋਗਰਾਮ ਦੇ ਘੇਰੇ ਵਿਚ 30 ਸਾਲ ਤੋਂ ਉਪਰ ਉਮਰ ਵਾਲੇ ਸਾਰੇ ਲੋਕਾਂ ਨੂੰ ਲਿਆਂਦਾ ਜਾਵੇਗਾ।
  ਮੁੱਖ ਮੰਤਰੀ ਨੇ ਇਹ ਸਕੀਮ ਸ਼ੁਰੂ ਕਰਨ ਮੌਕੇ ਕੁਝ ਮਰੀਜਾਂ ਨੂੰ ਟੈਸਟ ਅਤੇ ਜਾਂਚ ਰਿਪੋਰਟਾਂ ਵੀ ਦਿੱਤੀਆਂ।
  ਸਿਹਤ ਖੇਤਰ ਵਿਚ ਸੂਬਾ ਸਰਕਾਰ ਵੱਲੋਂ ਕੀਤੀਆਂ ਗਈਆਂ ਪਹਿਲਕਦਮੀਆਂ ਦਾ ਜ਼ਿਕਰ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਇਸ ਖੇਤਰ ਵਿਚ ਦੇਸ਼ ਦਾ ਮੋਹਰੀ ਸੂਬਾ ਹੈ। ਇੱਥੇ ਕੈਂਸਰ, ਹੈਪੇਟਾਈਟਸ-ਸੀ ਅਤੇ ਸਰਵੀਕਲ ਕੈਂਸਰ ਵਰਗੀਆਂ ਮਾਰੂ ਬਿਮਾਰੀਆਂ ਨਾਲ ਪੀੜਤ ਮਰੀਜਾਂ ਦਾ ਮੁਫ਼ਤ ਇਲਾਜ ਕੀਤਾ ਜਾ ਰਿਹਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਸੂਬਾ ਸਰਕਾਰ ਨੇ ਮਰੀਜਾਂ ਨੂੰ ਤਕਰੀਬਨ 250 ਦਵਾਈਆਂ ਮੁਫ਼ਤ ਵਿਚ ਮੁਹੱਈਆ ਕਰਵਾਉਣ ਲਈ ਸਾਰੀਆਂ ਸਰਕਾਰੀ ਸਿਹਤ ਸੰਸਥਾਵਾਂ ਵਿਚ ਮੁਫ਼ਤ ਮੈਡੀਕਲ ਸੈਂਟਰ ਖੋਲ੍ਹੇ ਹਨ ਜਿੱਥੇ ਡਾਕਟਰਾਂ ਵੱਲੋਂ ਲਿਖੀਆਂ ਜਾਣ ਵਾਲੀਆਂ ਦਵਾਈਆਂ ਦਿੱਤੀਆਂ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਕਿਸੇ ਵੀ ਦੇਸ਼ ਜਾਂ ਸੂਬੇ ਦੇ ਸਮੁੱਚੇ ਮਾਨਵੀ ਵਿਕਾਸ ਲਈ ਸਿਹਤ ਅਤੇ ਸਿੱਖਿਆ ਦੋ ਅਹਿਮ ਖੇਤਰ ਹਨ ਅਤੇ ਸਰਕਾਰ ਨੇ ਇਨ੍ਹਾਂ ਦੋਵਾਂ ਖੇਤਰਾਂ ਉੱਤੇ ਖਾਸ ਧਿਆਨ ਦਿੱਤਾ ਹੈ। ਉਨ੍ਹਾਂ ਨੇ ਡਾਕਟਰਾਂ ਨੂੰ ਆਪਣੀ ਡਿਊਟੀ ਸਮਰਪਣ, ਸੰਜੀਦਗੀ ਅਤੇ ਵਚਨਬੱਧਤਾ ਨਾਲ ਨਿਭਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਡਾਕਟਰੀ ਕਿੱਤਾ ਇਕ ਲੋਕ ਸੇਵਾ ਦਾ ਕਾਰਜ ਹੈ ਜਿਸ ਵਿਚ ਡਾਕਟਰਾਂ ਨੂੰ ਦਿਲ-ਜਾਨ ਨਾਲ ਮਾਨਵਤਾ ਦੀ ਸੇਵਾ ਕਰਨੀ ਚਾਹੀਦੀ ਹੈ।
  ਆਪਣੇ ਸੁਆਗਤੀ ਭਾਸ਼ਣ ਵਿਚ ਸਿਹਤ ਅਤੇ ਪਰਿਵਾਰ ਭਲਾਈ ਦੀ ਪ੍ਰਮੁੱਖ ਸਕੱਤਰ ਸ੍ਰੀਮਤੀ ਵਿੰਨੀ ਮਹਾਜਨ ਨੇ ਕਿਹਾ ਕਿ ਇਸ ਨਵੇਂ ਐਫ.ਏ.ਪੀ.ਐਚ.ਸੀ. ਪ੍ਰੋਗਰਾਮ ਦੇ ਹੇਠ ਵੱਖ-ਵੱਖ ਤਰ੍ਹਾਂ ਦੇ ਮੁਫ਼ਤ ਵਿਚ ਟੈਸਟ ਕੀਤੇ ਜਾਣਗੇ ਅਤੇ ਇਸ ਦੇ ਨਾਲ ਹੀ ਡਾਕਟਰਾਂ ਵੱਲੋਂ ਆਪਣਾ ਸਲਾਹ-ਮਸ਼ਵਰਾ ਵੀ ਮੁਫ਼ਤ ਵਿਚ ਦਿੱਤਾ ਜਾਵੇਗਾ। ਗੁਰਦਿਆਂ ਅਤੇ ਜਿਗਰ ਦੀਆਂ ਬਿਮਾਰੀਆਂ ਨਾਲ ਪੀੜਤ ਮਰੀਜਾਂ ਨੂੰ ਨੇੜੇ ਦੀਆਂ ਹੋਰ ਥਾਵਾਂ ‘ਤੇ ਸੁਵਿਧਾਵਾਂ ਪ੍ਰਾਪਤ ਕਰਨ ਲਈ ਭੇਜਿਆ ਜਾਵੇਗਾ। ਉਨ੍ਹਾਂ ਨੇ ਲੋਕਾਂ ਨੂੰ ਇਸ ਸਕੀਮ ਤੋਂ ਵੱਧ ਤੋਂ ਵੱਧ ਲਾਭ ਉਠਾਉਣ ਦੀ ਅਪੀਲ ਕੀਤੀ। ਉਨ੍ਹਾਂ ਨੇ ਲੋਕਾਂ ਨੂੰ ਆਪਣੇ ਸਿਹਤ ਸਬੰਧੀ ਟੈਸਟ ਨਿਯਮਤ ਤੌਰ ‘ਤੇ ਕਰਵਾਉਣ ਲਈ ਵੀ ਆਖਿਆ।
  ਇਸ ਮੌਕੇ ਹਾਜ਼ਰ ਹੋਰਨਾਂ ਵਿਚ ਵਿਧਾਇਕ ਜਸਟਿਸ (ਸੇਵਾ ਮੁਕਤ) ਨਿਰਮਲ ਸਿੰਘ, ਸੀਨੀਅਰ ਅਕਾਲੀ ਆਗੂ ਸਰਦਾਰਨੀ ਸਤਵੰਤ ਕੌਰ ਸੰਧੂ, ਸਕੱਤਰ ਸਿਹਤ ਅਤੇ ਪਰਿਵਾਰ ਭਲਾਈ ਸ੍ਰੀ ਹੁਸਨ ਲਾਲ, ਡਾਇਰੈਕਟਰ ਸਿਹਤ ਡਾ. ਐਚ.ਐਸ. ਬਾਲੀ ਸ਼ਾਮਲ ਸਨ।

Share Button

Leave a Reply

Your email address will not be published. Required fields are marked *